32.9 C
Patiāla
Monday, April 29, 2024

ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੋਂ ਜਬਰਨ ਕਬਜ਼ਾ ਛੁਡਾਇਆ

Must read


ਸੰਜੀਵ ਹਾਂਡਾ

ਫ਼ਿਰੋਜ਼ਪੁਰ, 23 ਮਾਰਚ

ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਅੱਜ ਸ਼ਹਿਰ ਦੇ ਤੂੜੀ ਬਾਜ਼ਾਰ ਅੰਦਰ ਸਥਿਤ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੋਂ ਜਬਰਨ ਕਬਜ਼ਾ ਛੁਡਵਾਇਆ। ਇਸ ਦੀ ਅਗਵਾਈ ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਤੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਕਰ ਰਹੇ ਸਨ। ਇਹ ਇਮਾਰਤ 1928 ਤੋਂ 1929 ਤੱਕ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਕ੍ਰਾਂਤੀਕਾਰੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਇਨਕਲਾਬ ਐਸੋਸੀਏਸ਼ਨ ਦਾ ਅਹਿਮ ਟਿਕਾਣਾ ਰਹਿ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਸਾਂਡਰਸ ਨੂੰ ਮਾਰਨ ਦੀ ਵਿਉਂਤਬੰਦੀ ਵੀ ਇਸ ਟਿਕਾਣੇ ਤੋਂ ਬਣਾਈ ਗਈ ਸੀ। ਪਾਰਟੀ ਦੇ ਕ੍ਰਾਂਤੀਕਾਰੀ ਭਗਤ ਸਿੰਘ, ਸੁਖਦੇਵ, ਮਹਾਵੀਰ, ਸ਼ਿਵ ਵਰਮਾ, ਜੈ ਗੋਪਾਲ ਤੇ ਬੀਐੱਸ ਨਿਗਮ ਇਥੇ ਰਹਿੰਦੇ ਰਹੇ ਹਨ। ਭਗਤ ਸਿੰਘ ਦਾ ਭੇਸ ਇਸ ਟਿਕਾਣੇ ’ਤੇ ਹੀ ਬਦਲਿਆ ਗਿਆ ਸੀ। ਕ੍ਰਾਂਤੀਕਾਰੀ ਸ਼ਿਵ ਵਰਮਾ ਨੇ 53 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਇਥੇ ਲਿਖੀਆਂ ਸਨ, ਜਿਹੜੀਆਂ ਚਾਂਦ ਮੈਗਜ਼ੀਨ ’ਚ ਛਪੀਆਂ ਸਨ। ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕਿਹਾ ਕਿ ਇਸ ਯਾਦਗਾਰ ’ਤੇ ਕੀਤਾ ਹੋਇਆ ਕਥਿਤ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਉਹ ਇੱਕ ਦਹਾਕੇ ਤੋਂ ਸੰਘਰਸ਼ ਕਰ ਰਹੇ ਹਨ। ਸਭਾ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਘਰ ਤੇ ਦਫ਼ਤਰ ਦਾ ਦੋ ਵਾਰ ਘਿਰਾਓ ਵੀ ਕੀਤਾ ਸੀ। ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮੰਗ ਪੱਤਰ ਦੇ ਕੇ ਇਸ ਯਾਦਗਾਰ ਨੂੰ ਖਾਲੀ ਕਰਵਾਉਣ ਦੀ ਮੰਗ ਵੀ ਕੀਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਵੱਡੀ ਗਿਣਤੀ ’ਚ ਇਕੱਤਰ ਹੋਏ ਨੌਜਵਾਨ ਸਭਾ ਦੇ ਕਾਰਕੁਨਾਂ ਨੇ ਇਸ ਇਮਾਰਤ ਦੇ ਹੇਠਲੇ ਹਿੱਸੇ ਵਿਚ ਚੱਲ ਰਹੇ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਰਾ ਸਾਮਾਨ ਬਾਹਰ ਸੜਕ ’ਤੇ ਰੱਖ ਦਿੱਤਾ ਤੇ ਦੁਕਾਨ ਨੂੰ ਆਪਣੇ ਤਾਲੇ ਮਾਰ ਕੇ ਕਬਜ਼ੇ ਹੇਠ ਲੈ ਲਿਆ। ਮੌਕੇ ’ਤੇ ਮੌਜੂਦ ਪੁਲੀਸ ਦੇ ਕੁਝ ਮੁਲਾਜ਼ਮਾਂ ਸਾਹਮਣੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਸਭਾ ਦੀ ਇਸ ਕਾਰਵਾਈ ਨੂੰ ਇਲਾਕੇ ਦੇ ਲੋਕਾਂ ਵੱਲੋਂ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ,ਦੀਪ ਸਿੰਘ ਵਾਲਾ ਅਤੇ ਦਵਿੰਦਰ ਸਿੰਘ ਛਬੀਲਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਦੁਕਾਨ ਦੇ ਮਾਲਕ ਨੂੰ ਦੁਬਾਰਾ ਕਬਜ਼ਾ ਕਰਵਾਇਆ ਤਾਂ ਉਹ ਇਸੇ ਤਰੀਕੇ ਨਾਲ ਖਾਲੀ ਕਰਵਾਉਣਗੇ।



News Source link

- Advertisement -

More articles

- Advertisement -

Latest article