34.5 C
Patiāla
Thursday, May 9, 2024

ਪਹਾੜਾਂ ਤੋਂ ਖੁਰ ਰਹੀ ਬਰਫ਼

Must read


ਡਾ. ਰਵੀ ਸ਼ੇਰਗਿੱਲ

ਅੱਜ ਬੁੱਧਵਾਰ ਦਾ ਦਿਨ ਹੈ ਤੇ ਮੇਰਾ ਵੀਕਐਂਡ : ਬਾਹਰਲੇ ਮੁਲਕਾਂ ਵਿੱਚ ਸਭ ਦੇ ਆਪੋ ਆਪਣੇ ਵੀਕਐਂਡ ਹੁੰਦੇ ਹਨ ਜਿਸ ਨੂੰ ਜਿਸ ਦਿਨ ਕੰਮ ਤੋਂ ਛੁੱਟੀ, ਉਸ ਦਿਨ ਉਸ ਦਾ ਵੀਕਐਂਡ। ਭਾਰਤ ਵਾਂਗ ਨਹੀਂ ਕਿ ਸਭ ਨੂੰ ਐਤਵਾਰ ਵਾਲੇ ਦਿਨ ਹੀ ਛੁੱਟੀ ਹੋਵੇਗੀ| ਬੱਚੇ ਸਕੂਲ ਗਏ ਹੋਏ ਨੇ ਤੇ ਘਰਵਾਲੀ ਕੰਮ ’ਤੇ। ਸਿਰਫ਼ ਮੈਂ ਇਕੱਲਾ ਹੀ ਘਰ ਹਾਂ। ਪਹਿਲਾਂ ਮੈਂ ਤੇ ਮੇਰੀ ਘਰਵਾਲੀ ਨੂੰ ਇੱਕ ਦਿਨ ਹੀ ਛੁੱਟੀ ਹੁੰਦੀ ਸੀ, ਪਰ ਕੁਝ ਕੁ ਮਹੀਨਿਆਂ ਤੋਂ ਮੇਰੇ ਮੈਨੇਜਰ ਨੇ ਮੇਰੀ ਸਿਫਟ ਬਦਲ ਦਿੱਤੀ, ਜਿਸ ਕਰਕੇ ਹੁਣ ਮੈਂ ਬੁੱਧਵਾਰ ਤੇ ਵੀਰਵਾਰ ਨੂੰ ਘਰ ਹੁੰਦਾ ਹਾਂ।

ਨਵੰਬਰ ਅੱਧਾ ਪਾਰ ਹੋ ਗਿਆ। ਮੱਠੀ ਮੱਠੀ ਠੰਢ ਉਤਰ ਆਈ ਹੈ, ਪਰ ਹਾਲੇ ਤੱਕ ਕੋਈ ਮੀਂਹ ਨਹੀਂ ਪਿਆ| ਪਹਿਲਾਂ ਤਾਂ ਨਵੰਬਰ ਦੇ ਸ਼ੁਰੂ ਵਿੱਚ ਹੀ ਕਾਲੀਆਂ ਘਟਾਵਾਂ ਛਾ ਜਾਂਦੀਆਂ ਸਨ ਤੇ ਹਰ ਪਾਸੇ ਜਲ ਥਲ ਹੋ ਜਾਂਦਾ ਸੀ। ਹੁਣ ਤੱਕ ਤਾਂ ਮੌਸਮ ਸ਼ੀਤ ਲਹਿਰ ਬਣ ਜਾਂਦਾ ਸੀ। ਸਾਡੇ ਸ਼ਹਿਰ ਦੇ ਇੱਕ ਪਾਸੇ ਪਹਾੜੀਆਂ ਤੋਂ ਦੂਜੇ ਪਾਸੇ ਸਮੁੰਦਰ ਨੇੜੇ ਹੋਣ ਕਾਰਨ ਸ਼ਾਮ ਨੂੰ ਚੱਲਣ ਵਾਲੀ ਹਵਾ ਕਾਫ਼ੀ ਠੰਢੀ ਹੋ ਜਾਂਦੀ ਹੈ। ਚੰਗੇ ਭਲੇ ਬੰਦੇ ਨੂੰ ਕੰਬਣੀ ਛੇੜ ਦੇਣ ਵਾਲੀਆਂ ਠੰਢੀਆਂ ਪੌਣਾਂ ਰੁਮਕਦੀਆਂ ਰਹਿੰਦੀਆਂ ਹਨ ਤੇ ਸ਼ਹਿਰ ਦਾ ਮਾਹੌਲ ਬਹੁਤ ਹੀ ਖੁਸ਼ਗਵਾਰ ਬਣ ਜਾਂਦਾ ਹੈ।

ਗੈਸਟ ਰੂਮ ਦੀ ਕੰਧ ’ਤੇ ਲੱਗੀ ਘੜੀ ਦੀਆਂ ਸੂਈਆਂ ਮੁਤਾਬਿਕ ਸਵਾ ਨੌਂ ਹੋ ਗਏ ਹਨ। ਭਾਵੇਂ ਮੈਂ ਸਵੇਰੇ ਛੇ ਵਜੇ ਦਾ ਜਾਗਿਆ ਹੋਇਆ ਹਾਂ, ਪਰ ਸਵੇਰ ਦੀ ਸੈਰ ਤੇ ਨਹਾਉਣ ਦੇ ਚੱਕਰਾਂ ਵਿੱਚ ਇੰਨ ਸਮਾਂ ਬੀਤ ਗਿਆ। ਜਿਸ ਦਿਨ ਕੰਮ ’ਤੇ ਜਾਣਾ ਹੋਵੇ, ਚਾਹ ਦਾ ਕੱਪ ਸਵੇਰੇ ਸੱਤ ਵਜੇ ਮੂੰਹ ਨੂੰ ਲਾ ਲਈਦਾ ਹੈ, ਪਰ ਛੁੱਟੀ ਵਾਲੇ ਦਿਨ ਸਰੀਰ ਆਪਣੇ ਆਪ ਹੀ ਧੀਮੀ ਰਫ਼ਤਾਰ ਕਰ ਲੈਂਦਾ ਹੈ| ਚਾਹ ਦਾ ਕੱਪ ਲੈ ਕੇ ਡਰਾਇੰਗ ਰੂਮ ਵਿੱਚ ਪਏ ਸੋਫੇ ’ਤੇ ਆ ਬੈਠਦਾ ਹਾਂ। ਅੰਗਰੇਜ਼ੀ ਦਾ ਲੋਕਲ ਅਖ਼ਬਾਰ, ਸ਼ਾਇਦ ਕੱਲ੍ਹ ਦਾ ਹੋਵੇ, ਚੁੱਕ ਕੇ ਪੜ੍ਹਨ ਲੱਗਦਾ ਹਾਂ। ਸਿਟੀ ਮੇਅਰ ਦੀਆਂ ਚੋਣਾਂ ਨੇੜੇ ਹੋਣ ਕਾਰਨ ਅਖ਼ਬਾਰ ਦੇ ਬਹੁਤੇ ਪੰਨੇ ਲੋਕਲ ਰਾਜਨੀਤੀ ਨਾਲ ਹੀ ਭਰੇ ਪਏ ਹਨ। ਕੁਝ ਕੁ ਤਸਵੀਰਾਂ ਵਿੱਚ ਗੋਰੇ ਲੀਡਰਾਂ ਨਾਲ ਪੱਗਾਂ ਵਾਲੇ ਸਰਦਾਰ ਵੀ ਵਿਖਾਈ ਦੇ ਰਹੇ ਹਨ, ਜੋ ਦੇਸ਼ ਦੀ ਰਾਜਨੀਤੀ ਵਿੱਚ ਪੰਜਾਬੀਆਂ ਦੀ ਆਮਦ ਦਾ ਸੰਕੇਤ ਦੇ ਰਹੀਆਂ ਹਨ। ਮੈਨੂੰ ਅਜਿਹੀਆਂ ਖ਼ਬਰਾਂ ਵਿੱਚ ਭੋਰਾ ਵੀ ਦਿਲਚਸਪੀ ਨਹੀਂ ਹੈ। ਕਾਹਲੀ ਨਾਲ ਪੰਨੇ ਦਰ ਪੰਨਾ ਪਲਟਦਾ ਜਾ ਰਿਹਾ ਹਾਂ ਜਿਵੇਂ ਅਖ਼ਬਾਰ ਪੜ੍ਹਨ ਦੀ ਥਾਂ ਸਕੈਨ ਕਰ ਰਿਹਾ ਹੋਵਾਂ| ਲੋਕਲ ਰਾਜਨੀਤੀ ਤੋਂ ਬਾਅਦ ਨੈਸ਼ਨਲ ਰਾਜਨੀਤੀ ਦੀਆਂ ਖ਼ਬਰਾਂ ਦਾ ਪਸਾਰਾ ਹੈ। ਦੇਸ਼ ਦਾ ਮੁਖੀ ਅੱਜਕੱਲ੍ਹ ਬਹੁਤੀਆਂ ਸੁਰਖੀਆਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਆਪਣੇ ਬੜਬੋਲੇਪਣ ਕਰਕੇ ਉਹ ਹਮੇਸ਼ਾਂ ਖ਼ਬਰਾਂ ਵਿੱਚ ਛਾਇਆ ਰਹਿੰਦਾ ਹੈ| ਉੱਡਵੀਂ ਜਿਹੀ ਨਜ਼ਰ ਨਾਲ ਖ਼ਬਰਾਂ ਦਾ ਮੁਆਇਨਾ ਲੈਂਦਾ ਹਾਂ, ਇੱਕ ਖ਼ਬਰ ’ਤੇ ਆ ਕੇ ਨਿਗ੍ਹਾ ਟਿਕ ਜਾਂਦੀ ਹੈ।

ਦੇਸ਼ ਦੇ ਰਾਸ਼ਟਰਪਤੀ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ ਛਪੇ ਹਨ। ਮੁਲਾਕਾਤ ਕਰਨ ਵਾਲੇ ਪੱਤਰਕਾਰ ਨੇ ਕਈ ਭਖਦੇ ਮੁੱਦਿਆਂ ’ਤੇ ਉਸ ਦੀ ਨਿੱਜੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਗੁਆਂਢੀ ਮੁਲਕ ਵੱਲ ਕੰਧ ਦੀ ਉਸਾਰੀ, ਕਈ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ’ਤੇ ਸਖ਼ਤ ਪਾਬੰਦੀਆਂ ਲਾਉਣ ਬਾਰੇ ਇਮੀਗ੍ਰੇਸ਼ਨ ਨੀਤੀ ਹੋਰ ਮਜ਼ਬੂਤ ਕਰਨ ਆਦਿ ਮੁੱਦਿਆਂ ’ਤੇ ਉਹ ਖੁੱਲ੍ਹ ਕੇ ਗੱਲ ਕਰਦਾ ਹੈ ਤੇ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਾਜ਼ਿਦ ਹੈ ਭਾਵੇਂ ਉਸ ਦੀ ਆਪਣੀ ਪਾਰਟੀ ਦੇ ਲੋਕ ਹੀ ਇਨ੍ਹਾਂ ਮੁੱਦਿਆਂ ’ਤੇ ਉਸ ਦੇ ਨਾਲ ਨਹੀਂ ਹਨ। ਪਰ ਜਦੋਂ ਪੱਤਰਕਾਰ ਦੇਸ਼ ਵਿੱਚ ਵਧ ਰਹੀ ਗੰਨ ਵਾਇਲੈਂਸ, ਉੱਪਰਲੇ ਪੱਧਰ ’ਤੇ ਹੋ ਰਹੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ, ਵੋਟਾਂ ਵਿੱਚ ਦੁਸ਼ਮਣ ਦੇਸ਼ ਵੱਲੋਂ ਕੀਤੀ ਗੜਬੜ ਬਾਰੇ ਸਵਾਲ ਕਰਦਾ ਹੈ ਤਾਂ ਉਹ ਗੋਲਮੋਲ ਗੱਲਾਂ ਕਰਕੇ ਪੱਲਾ ਝਾੜਦਾ ਨਜ਼ਰ ਆਉਂਦਾ ਹੈ।

ਦੋ ਚਾਰ ਪੰਨੇ ਹੋਰ ਪਲਟਦਾ ਹਾਂ। ਮੁਲਕ ਵਿੱਚ ਵਧ ਰਹੇ ਅਪਰਾਧ ਕਾਰਨ ਬਹੁਤੀਆਂ ਖ਼ਬਰਾਂ ਵਿੱਚ ਇਸੇ ਦਾ ਬੋਲਬਾਲਾ ਹੈ। ਮਨ ਹੁਣ ਇਨ੍ਹਾਂ ਖ਼ਬਰਾਂ ਤੋਂ ਉਚਾਟ ਹੋ ਗਿਆ ਹੈ। ਕਿਸ ਨੇ ਕਿਸ ਦੇ ਗੋਲੀ ਮਾਰੀ, ਸਵੇਰੇ ਸਵੇਰੇ ਇਹ ਪੜ੍ਹ ਕੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੁੰਦਾ| ਅਖ਼ਬਾਰ ਦੀ ਤਹਿ ਮਾਰ ਕੇ ਮੇਜ਼ ਦੇ ਹੇਠਲੇ ਖਾਨੇ ਵਿੱਚ ਰੱਖ ਦਿੰਦਾ ਹਾਂ| ਚਾਹ ਦੀਆਂ ਚੁਸਕੀਆਂ ਭਰਦਾ ਬਾਰੀ ਵਿੱਚੋਂ ਬਾਹਰ ਨਜ਼ਰ ਮਾਰਦਾ ਹਾਂ। ਸਾਹਮਣੇ ਘਰ ’ਤੇ ਪੈ ਰਹੀ ਸੂਰਜ ਦੀ ਲਿਸ਼ਕੋਰ ਖੂਬਸੂਰਤ ਦਿਨ ਹੋਣ ਦਾ ਇਸ਼ਾਰਾ ਕਰ ਰਹੀ ਹੈ। ਅੱਜ ਕਈ ਦਿਨਾਂ ਬਾਅਦ ਧੁੱਪ ਨੂੰ ਮਾਣਨ ਦਾ ਮੌਕਾ ਮਿਲੇਗਾ, ਸੋਚ ਕੇ ਮਨ ਬਾਗੋਬਾਗ ਹੋ ਗਿਆ।

ਚਾਹ ਦਾ ਕੱਪ ਖਾਲੀ ਕਰ ਰਸੋਈ ਵਾਲੇ ਸਿੰਕ ਵਿੱਚ ਰੱਖਦਾ ਹਾਂ। ਸਿੰਕ ਦੇ ਹੇਠਾਂ ਪਿਆ ਗਾਰਬੇਜ ਵਾਲਾ ਕੈਨ ਨੱਕੋ ਨੱਕ ਭਰਿਆ ਪਿਆ ਹੈ| ਕੱਪ ਪਾਣੀ ਨਾਲ ਧੋਣ ਤੋਂ ਬਾਅਦ ਗਾਰਬੇਜ ਵਾਲੇ ਬੈਗ ਦੀ ਗੰਢ ਮਾਰ ਉਸ ਨੂੰ ਬਾਹਰ ਵਾਲੇ ਵੱਡੇ ਗਾਰਬੇਜ ਵਿੱਚ ਸੁੱਟਣ ਚੱਲ ਪੈਂਦਾ ਹਾਂ।

ਬਾਹਰ ਗਲੀ ਵਿੱਚ ਸੁੰਨਸਾਨ ਹੋਈ ਪਈ ਹੈ, ਜਿਵੇਂ ਕਰਫਿਊ ਲੱਗਿਆ ਹੋਵੇ। ਇਹ ਨਹੀਂ ਕਿ ਸਾਰੇ ਲੋਕ ਹੀ ਕੰਮਾਕਾਰਾਂ ’ਤੇ ਗਏ ਹੋਏ ਹਨ। ਬਸ ਹੁਣ ਲੋਕ ਘਰਾਂ ’ਚੋਂ ਬਾਹਰ ਹੀ ਨਹੀਂ ਨਿਕਲਦੇ। ਹਰ ਵਕਤ ਅੰਦਰ ਵੜੇ ਰਹਿੰਦੇ ਹਨ। ਵੱਡਾ ਛੋਟਾ ਹਰ ਕੋਈ ਮੋਬਾਈਲ ਜਾਂ ਕੰਪਿਊਟਰ ਨਾਲ ਜੁੜਿਆ ਬੈਠਾ ਹੈ। ਆਸ ਪਾਸ ਕੀ ਚੱਲ ਰਿਹਾ? ਕੋਈ ਖ਼ਬਰ ਨਹੀਂ। ਸ਼ਾਇਦ ਹੁਣ ਜ਼ਮਾਨਾ ਬਦਲ ਗਿਆ ਹੈ। ਜਦੋਂ ਅਸੀਂ ਦਸ ਕੁ ਸਾਲ ਪਹਿਲਾਂ ਇਸ ਘਰ ਵਿੱਚ ਨਵੇਂ ਨਵੇਂ ਆਏ ਸੀ ਤਾਂ ਆਂਢ ਗੁਆਂਢ ’ਚ ਬਹੁਤ ਰੌਣਕ ਹੁੰਦੀ ਸੀ। ਕੋਈ ਨਾ ਕੋਈ ਬਾਹਰ ਤੁਰਿਆ ਫਿਰਦਾ ਟੱਕਰ ਹੀ ਜਾਂਦਾ ਤੇ ਗੱਲਾਂ-ਬਾਤਾਂ ਹੁੰਦੀਆਂ ਰਹਿੰਦੀਆਂ। ਇੱਕ ਦੂਜੇ ਦੇ ਘਰ ਵੀ ਆਉਂਦੇ ਜਾਂਦੇ ਰਹਿੰਦੇ ਸੀ। ਸਾਡੀ ਇੱਕ ਗੁਆਂਢਣ ਸਾਊਥ ਕੋਰੀਆ ਦੀ ਸੀ। ਉਸ ਨੂੰ ਪੰਜਾਬੀ ਖਾਣੇ ਬਹੁਤ ਪਸੰਦ ਸਨ। ਉਹ ਅਕਸਰ ਹੀ ਸਾਡੇ ਘਰੋਂ ਦਾਲ ਰੋਟੀ ਲੈ ਜਾਂਦੀ ਤੇ ਸਾਨੂੰ ਕੋਰੀਅਨ ਥਾਣਾ ਦੇ ਜਾਂਦੀ। ਨਿੱਕੇ ਨਿਆਣੇ ਵੀ ਇਕੱਠੇ ਹੋ ਕੇ ਗਲੀ ਵਿੱਚ ਬਾਸਕਟਬਾਲ ਜਾਂ ਹੋਰ ਖੇਡਾਂ ਖੇਡਦੇ ਰਹਿੰਦੇ ਸਨ। ਪੰਜਾਬ ਦੇ ਪਿੰਡਾਂ ਵਾਂਗ ਖ਼ੂਬ ਮਿਲਵਰਤਨ ਦਾ ਮਾਹੌਲ ਸੀ। ਬਿਗਾਨੇ ਮੁਲਕ ਵਿੱਚ ਰਹਿਣ ਦਾ ਅਹਿਸਾਸ ਨਹੀਂ ਸੀ ਹੁੰਦਾ, ਪਰ ਸਮੇਂ ਨਾਲ ਸਭ ਕੁਝ ਬਦਲ ਗਿਆ ਹੈ| ਪੁਰਾਣੇ ਗੁਆਂਢੀ ਚਲੇ ਗਏ ਤੇ ਬਹੁਤੇ ਨਵੇਂ ਆ ਗਏ| ਹੁਣ ਆਪਸ ਵਿੱਚ ਕੋਈ ਬੋਲਚਾਲ ਨਹੀਂ ਹੁੰਦੀ। ਕੋਈ ਲੜਾਈ ਝਗੜਾ ਵੀ ਨਹੀਂ ਹੋਇਆ ਕਿਸੇ ਨਾਲ। ਬਸ ਹੁਣ ਰਹਿਣ ਸਹਿਣ ਦਾ ਤਰੀਕਾ ਹੀ ਬਦਲ ਗਿਆ। ਸਭ ਆਪਣੇ ਆਪ ਨਾਲ ਹੀ ਮਤਲਬ ਰੱਖਣ ਲੱਗ ਪਏ ਨੇ। ਗਲੀ ਦੇ ਕੁਝ ਘਰਾਂ ਬਾਰੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਉੱਥੇ ਰਹਿੰਦਾ ਕੌਣ ਹੈ?

ਕਦੇ ਕੋਈ ਆਉਂਦਾ ਜਾਂਦਾ ਹੀ ਨਹੀਂ ਦੇਖਿਆ। ਸਿਰਫ਼ ਬਾਹਰ ਘਰ ਦੀਆਂ ਲਾਈਟਾਂ ਜਗਣ ਬੁਝਣ ਤੋਂ ਹੀ ਅੰਦਾਜ਼ਾ ਲਗਾਉਂਦੇ ਹਾਂ ਕਿ ਇੱਥੇ ਕੋਈ ਰਹਿੰਦਾ ਹੋਣੈ। ਸਮੇਂ ਸਮੇਂ ਦੀ ਗੱਲ ਐ ਸਭ ਕੁਝ ਬਦਲ ਰਿਹਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ, ਪਰ ਕਦੇ ਕਦੇ ਜਾਪਦੇ ਸਾਡੇ ਬਦਲਣ ਦੀ ਰਫ਼ਤਾਰ ਸਮੇਂ ਨਾਲੋਂ ਵੀ ਜ਼ਿਆਦਾ ਹੈ। ਸਾਡੀ ਇਸ ਗਲੀ ਵਿੱਚ ਕਦੇ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਵੀ ਨਹੀਂ ਸੀ ਹੋਈ ਹੁਣ ਤੱਕ। ਪਰ ਪਿਛਲੇ ਮਹੀਨੇ ਨੁੱਕਰ ਵਾਲੇ ਗੋਰੇ ਗੁਆਂਢੀ ਸਾਹਮਣੇ ਵਾਲੇ ਚੀਨੇ ਨਾਲ ਕਾਰ ਦੀ ਪਾਰਕਿੰਗ ਨੂੰ ਲੈ ਕੇ ਬਹਿਸ ਪਏ ਤੇ ਗੱਲ ਗਾਲੀ ਗਲੋਚ ਤੋਂ ਧੱਕਾ ਮੁੱਕੀ ਤੇ ਫੇਰ ਪੁਲੀਸ ਤੱਕ ਪਹੁੰਚ ਗਈ। ਛੋਟੀ ਜਿਹੀ ਗੱਲ ਕਾਰਨ ਪੁਲੀਸ ਦੀਆਂ ਤਿੰਨ ਚਾਰ ਗੱਡੀਆਂ ਆ ਗਈਆਂ ਜਿਵੇਂ ਕੋਈ ਅਤਿਵਾਦੀ ਹਮਲਾ ਹੋ ਗਿਆ ਹੋਵੇ। ਦਸ ਕੁ ਸਾਲ ਪਹਿਲਾਂ ਗਲੀਆਂ ਵਿੱਚ ਪੁਲੀਸ ਦੀਆਂ ਕਾਰਾਂ ਕਦੇ ਕਦੇ ਹੀ ਦਿਖਾਈ ਦਿੰਦੀਆਂ ਸਨ। ਇਹ ਸਭ ਬਦਲੇ ਜ਼ਮਾਨੇ ਦੇ ਰੰਗ ਹਨ। ਅੰਦਰ ਰਹਿ ਰਹਿ ਕੇ ਲੋਕਾਂ ਦੀ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ।

ਗਾਰਬੇਜ ਵਾਲਾ ਬੈਗ ਵੱਡੇ ਡੱਬੇ ਵਿੱਚ ਸੁੱਟ ਕੇ ਅੰਦਰ ਪਰਤਦਾ ਹਾਂ| ਡਰਾਇੰਗ ਰੂਮ ਵਾਲੇ ਸੋਫੇ ’ਤੇ ਬੈਠ ਕੇ ਟੀਵੀ ਵਾਲੇ ਰਿਮੋਟ ਦੀ ਸਵਿੱਚ ਨੱਪ ਦਿੱਤੀ, ਕਾਹਲੀ ਨਾਲ ਚੈਨਲ ਬਦਲ ਰਿਹਾ ਹਾਂ। ਕਿਸੇ ਚੈਨਲ ’ਤੇ ਮਨ ਨਹੀਂ ਟਿਕ ਰਿਹਾ| ਮਨ ਵਿੱਚ ਇਹ ਅਜੀਬ ਜਿਹੀ ਕਾਹਲ ਹਮੇਸ਼ਾਂ ਬਣੀ ਰਹਿੰਦੀ ਹੈ। ਕਿਉਂ ਮਨ ਹਰ ਵੇਲੇ ਭਜੂੰ ਭਜੂੰ ਕਰਦਾ ਰਹਿੰਦਾ ਹੈ, ਸਮਝ ਨਹੀਂ ਆਉਂਦੀ।

ਆਖਿਰ ਸੀਬੀਸੀ ਨਿਊਜ਼ ’ਤੇ ਆ ਕੇ ਰੁਕ ਜਾਂਦਾ ਹਾਂ। ਦੇਸ਼ ਦੇ ਭਖਦੇ ਮੁੱਦਿਆਂ ’ਤੇ ਬਹਿਸ ਚੱਲ ਰਹੀ ਹੈ। ਅੱਜਕੱਲ੍ਹ ਕੁਝ ਮੁੱਦੇ ਇਸ ਮੁਲਕ ਲਈ ਬਹੁਤ ਹੀ ਜ਼ਿਆਦਾ ਵੱਡੀ ਚੁਣੌਤੀ ਬਣ ਕੇ ਖੜ੍ਹੇ ਹਨ। ਜਦੋਂ ਮੈਂ ਨਵਾਂ ਨਵਾਂ ਅਮਰੀਕਾ ਆਇਆ ਸੀ ਤਾਂ ਉਸ ਸਮੇਂ ਸਭ ਤੋਂ ਵੱਡਾ ਮੁੱਦਾ ਰੰਗ ਦੇ ਭੇਦ ਭਾਵ ਵਾਲਾ ਹੁੰਦਾ ਸੀ। ਕਦੇ ਕਦਾਈਂ ਨਸਲੀ ਹਿੰਸਾ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਅੱਜਕੱਲ੍ਹ ਤਾਂ ਇਹ ਮੁੱਦਾ ਕੋਈ ਮੁੱਦਾ ਹੀ ਨਹੀਂ ਰਿਹਾ| ਹੋਰ ਹੀ ਮੁੱਦਿਆਂ ਨੇ ਅੱਤ ਚੁੱਕੀ ਹੋਈ ਹੈ। ਇੰਜ ਜਾਪ ਰਿਹੈ ਜਿਵੇਂ ਸਾਰਾ ਮੁਲਕ ਬਰੂਦ ਦੇ ਢੇਰ ’ਤੇ ਬੈਠਾ ਹੋਵੇ। ਹਰ ਪਾਸੇ ਬੰਦੂਕਾਂ ਦੀ ਤਾੜ ਤਾੜ ਹੋ ਰਹੀ ਹੈ| ਪਹਿਲਾਂ ਗੋਲੀਬਾਰੀ ਦੀ ਇੱਕਾ ਦੁੱਕਾ ਘਟਨਾ ਬਾਰੇ ਸੁਣਦੇ ਹੁੰਦੇ ਸੀ, ਪਰ ਹੁਣ ਤਾਂ ਗੋਲੀ ਕਿੱਧਰੋਂ ਆ ਕੇ ਤੁਹਾਡੇ ਸੀਨੇ ’ਚੋਂ ਪਾਰ ਹੋ ਜਾਵੇ ਪਤਾ ਹੀ ਨਹੀਂ ਲੱਗਦਾ। ਕਈ ਵਾਰ ਤਾਂ ਇਹ ਦਹਿਸ਼ਤ ਏਨੀ ਵਧੀ ਜਾਪਦੀ ਹੈ ਕਿ ਐਂ ਲਗਦੈ ਜਿਵੇਂ ਅਮਰੀਕਾ ਨਹੀਂ ਬਲਕਿ ਜੰਮੂ ਕਸ਼ਮੀਰ ਦੇ ਬਾਰਡਰ ’ਤੇ ਬੈਠੇ ਹੋਈਏ। ਘਰੋਂ ਸਕੂਲ ਗਏ ਬੱਚਿਆਂ ਬਾਰੇ ਵੀ ਇਹੋ ਤੌਖਲਾ ਰਹਿੰਦਾ ਹੈ ਕਿ ਪਤਾ ਨਹੀਂ ਸ਼ਾਮ ਨੂੰ ਘਰ ਆਉਣਗੇ ਵੀ ਜਾਂ ਨਹੀਂ। ਮਾਹੌਲ ਹੀ ਇਸ ਤਰ੍ਹਾਂ ਦਾ ਬਣਿਆ ਪਿਆ ਹੈ। ਬੰਦੂਕਾਂ ਤਾਂ ਇਸ ਤਰ੍ਹਾਂ ਵਿਕ ਰਹੀਆਂ ਹਨ ਜਿਵੇਂ ਕਿਸੇ ਨੇ ਖਿੱਲਾਂ ਦੀ ਰੇਹੜੀ ਲਾਈ ਹੋਵੇ। ਬਿਨਾਂ ਕਿਸੇ ਰੋਕ ਜਾਂ ਪਾਬੰਦੀ ਦੇ ਹਥਿਆਰਾਂ ਦੀ ਇਹ ਮਾਰੂ ਖੇਡ ਅੱਜ ਮੁਲਕ ਲਈ ਚੱਟਾਨ ਜਿੱਡੀ ਚੁਣੌਤੀ ਬਣੀ ਹੋਈ ਹੈ। ਦੁਸ਼ਮਣ ਦੇਸ਼ਾਂ ਨਾਲੋਂ ਜ਼ਿਆਦਾ ਖ਼ਤਰਾ ਆਪਣੇ ਹੀ ਲੋਕਾਂ ਤੋਂ ਬਣਿਆ ਹੋਇਆ ਹੈ।

ਪਿਛਲੇ ਹਫ਼ਤੇ ਇੱਕ ਸਿਰਫਿਰੇ ਨੇ ਲਾਸ ਵੈਗਾਸ ਦੇ ਓਪਨ ਗਰਾਊਂਡ ਵਿੱਚ ਚੱਲ ਰਹੀ ਇੱਕ ਸੰਗੀਤਕ ਮਹਿਫ਼ਲ ਦਾ ਆਨੰਦ ਮਾਣ ਰਹੀ ਭੀੜ ਉੱਪਰ ਅੰਨ੍ਹੇਵਾਹ ਗੋਲੀਆਂ ਦਾਗ ਕੇ ਸੌ ਦੇ ਕਰੀਬ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਇੱਕ ਗੋਲੀ ਆਪਣੀ ਪੁੜਪੁੜੀ ’ਚੋਂ ਪਾਰ ਕਰ ਲਈ। ਮੁਲਕ ਦੀਆਂ ਸਾਰੀਆਂ ਏਜੰਸੀਆਂ ਨੇ ਪੂਰੀ ਘੋਖ ਪੜਤਾਲ ਕੀਤੀ ਕਿ ਸ਼ਾਇਦ ਇਸ ਵਰਤਾਰੇ ਪਿੱਛੇ ਕਿਸੇ ਦੁਸ਼ਮਣ ਤਾਕਤ ਦਾ ਹੱਥ ਹੋਵੇ, ਪਰ ਜਾਂਚ ਵਿੱਚ ਅਜਿਹਾ ਕੁਝ ਵੀ ਨਹੀਂ ਨਿਕਲਿਆ। ਗੋਲੀਆਂ ਚਲਾਉਣ ਵਾਲਾ ਬਿਲਕੁਲ ਸਾਫ਼ ਕਿਰਦਾਰ ਵਾਲਾ ਇਸ ਮੁਲਕ ਦਾ ਨਾਗਰਿਕ ਸੀ। ਹਾਲੇ ਤੱਕ ਕਿਸੇ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਹੋਇਆ ਕਿ ਉਸ ਨੇ ਇਹ ਕਾਰਾ ਕੀਤਾ ਕਿਉਂ? ਨਾ ਉਹ ਕਿਸੇ ਕਿਸਮ ਦੀ ਦਵਾਈ ਲੈ ਰਿਹਾ ਸੀ, ਨਾ ਹੀ ਉਸ ਦਾ ਕਿਸੇ ਨਾਲ ਕੋਈ ਝਗੜਾ ਸੀ। ਉਹ ਤਾਂ ਸ਼ਰਾਬ ਤੱਕ ਦਾ ਵੀ ਸੇਵਨ ਨਹੀਂ ਸੀ ਕਰਦਾ| ਫਿਰ ਆਖਿਰ ਕਿਹੜੀ ਵਜ੍ਹਾ ਸੀ ਕਿ ਉਸ ਨੇ ਇੰਨੇ ਬੇਕਸੂਰ ਲੋਕਾਂ ਦੀ ਜਾਨ ਲੈ ਲਈ। ਇਹ ਗੱਲ ਸਾਰੇ ਮੁਲਕ ਲਈ ਰਹੱਸ ਬਣ ਕੇ ਰਹਿ ਗਈ|

ਇਹ ਕੋਈ ਇੱਕਾ ਦੁੱਕਾ ਘਟਨਾ ਨਹੀਂ ਸੀ। ਪਿਛਲੇ ਕੁਝ ਸਮੇਂ ਤੋਂ ਇਹ ਵਰਤਾਰਾ ਲਗਾਤਾਰ ਵਰਤ ਰਿਹਾ ਸੀ। ਹਰ ਵਾਰ ਬੰਦੂਕ ਦਾ ਮੂੰਹ ਆਮ ਲੋਕਾਂ ਦੇ ਸਿਰਾਂ ਵੱਲ ਹੀ ਹੁੰਦਾ ਸੀ। ਆਮ ਜਨਤਾ ਦਾ ਖੂਨ ਪਾਣੀ ਵਾਂਗ ਵਹਿ ਰਿਹਾ ਸੀ। ਛੇ ਕੁ ਮਹੀਨੇ ਪਹਿਲਾਂ ਇੱਕ ਮੁਸਲਿਮ ਮੁੰਡੇ ਨੇ ਨਾਈਟ ਕਲੱਬ ਵਿੱਚ ਏ.ਕੇ. ਸੰਤਾਲੀ ਨਾਲ ਛਾਣਾ ਦੇ ਦਿੱਤਾ ਸੀ ਤੇ ਸੌ ਤੋਂ ਵੀ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਵੇਲੇ ਸਾਰੇ ਮੁਲਕ ਵਿੱਚ ਹਾਹਾਕਾਰ ਮੱਚ ਗਈ ਸੀ। ਹਰ ਕੋਈ ਇਸ ਪਿੱਛੋਂ ਆਈਐੱਸਆਈ ਨਾਮੀਂ ਅਤਿਵਾਦੀ ਗਰੁੱਪ ਦਾ ਹੱਥ ਮੰਨ ਰਿਹਾ ਸੀ ਕਿਉਂਕਿ ਗੋਲੀ ਚਲਾਉਣ ਵਾਲਾ ਮੁਸਲਮਾਨ ਸੀ, ਪਰ ਉਸ ਦੀ ਏ.ਕੇ. ਸੰਤਾਲੀ ’ਚੋਂ ਨਿਕਲੀ ਗੋਲੀ ਨੇ ਕਿਸੇ ਦਾ ਧਰਮ ਜਾਂ ਜਾਤ ਨਹੀਂ ਸੀ ਪੁੱਛੀ| ਮਰਨ ਵਾਲਿਆਂ ਵਿੱਚ ਹਰ ਫਿਰਕੇ ਦੇ ਲੋਕ ਸਨ, ਗੋਰੇ, ਕਾਲੇ, ਭਾਰਤੀ, ਪਾਕਿਸਤਾਨੀ, ਚੀਨੀ ਆਦਿ। ਏਜੰਸੀਆਂ ਦੀ ਜਾਂਚ ਵੀ ਉਸ ਮੁੰਡੇ ਦੇ ਕਿਸੇ ਦੁਸ਼ਮਣ ਗੁੱਟ ਨਾਲ ਜੁੜੇ ਹੋਣ ਦਾ ਸੁਰਾਗ ਨਹੀਂ ਸੀ ਲੱਭ ਸਕੀ। ਇਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਸੀ।

ਚਾਰੇ ਪਾਸੇ ਗੋਲੀਆਂ ਦੀ ਬੁਛਾੜ ਸੀ। ਮੌਲ ਵਿੱਚ, ਕਲੱਬਾਂ ਵਿੱਚ, ਖੁੱਲ੍ਹੀ ਸੜਕ ’ਤੇ, ਧਾਰਮਿਕ ਸਥਾਨਾਂ, ਸਿਨਮਾ ਹਾਲ ਵਿੱਚ| ਇੱਥੋਂ ਤੱਕ ਕਿ ਸਕੂਲਾਂ ਵਿੱਚ ਵੀ ਬੰਦੂਕਾਂ ਦਾ ਬੋਲਬਾਲਾ ਹੋ ਗਿਆ ਸੀ| ਕੈਲੀਫੋਰਨੀਆ ਦੇ ਇੱਕ ਪ੍ਰਾਇਮਰੀ ਸਕੂਲ ਦੇ ਦਸ ਸਾਲਾ ਬੱਚੇ ਨੇ ਆਟੋਮੈਟਿਕ ਰਾਈਫਲ ਨਾਲ ਆਪਣੀ ਅਧਿਆਪਕ ਸਮੇਤ ਸੱਤ ਵਿਦਿਆਰਥੀਆਂ ਦੀ ਜਾਨ ਲੈ ਲਈ ਸੀ। ਇਸ ਘਟਨਾ ਨੇ ਦੇਸ਼ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਛੋਟੇ ਨਿਆਣੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ, ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ| ਸਾਨੂੰ ਤਾਂ ਸਾਡੇ ਮਾਂ-ਬਾਪ ਕਦੇ ਨਕਲੀ ਬੰਦੂਕਾਂ ਨਾਲ ਵੀ ਨਹੀਂ ਸੀ ਖੇਡਣ ਦਿੰਦੇ ਕਿ ਇਨ੍ਹਾਂ ’ਤੇ ਮਾੜਾ ਅਸਰ ਪਵੇਗਾ। ਪਰ ਅੱਜਕੱਲ੍ਹ ਤਾਂ ਖੁੱਲ੍ਹੀ ਖੇਡ ਹੋਈ ਪਈ ਐ| ਨਿੱਕੇ ਨਿੱਕੇ ਜੁਆਕ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਉੱਠਣਾ ਬੈਠਣਾ ਵੀ ਨਹੀਂ ਆਉਂਦਾ, ਉਹ ਬੰਦੂਕਾਂ ਦੇ ਘੋੜੇ ਦੱਬੀ ਜਾ ਰਹੇ ਹਨ| ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਾਰੇ ਪਾਸੇ ਰੌਲਾ ਪਾ ਦਿੱਤਾ ਸੀ। ਥਾਂ ਥਾਂ ’ਤੇ ਸਰਕਾਰ ਖਿਲਾਫ਼ ਧਰਨੇ ਮੁਜ਼ਾਹਰੇ ਹੋ ਰਹੇ ਸਨ| ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਗੂੰਜ ਸ਼ਾਇਦ ਮੀਡੀਆ ਤੱਕ ਵੀ ਪਹੁੰਚ ਗਈ ਸੀ। ਇਹੀ ਕਾਰਨ ਹੈ ਕਿ ਦੇਸ਼ ਦਾ ਪ੍ਰਮੁੱਖ ਨਿਊਜ਼ ਚੈਨਲ ਅੱਜ ਇਸ ਮੁੱਦੇ ’ਤੇ ਬਹਿਸ ਕਰਵਾ ਰਿਹਾ ਸੀ।

ਬਹਿਸ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਪ੍ਰਮੁੱਖ ਪੱਤਰਕਾਰ, ਨੇਤਾ, ਸਮਾਜ ਸੇਵੀ ਤੇ ਕੁਝ ਬੱਚਿਆਂ ਦੇ ਮਾਪਿਆਂ ਨੂੰ ਸੱਦਿਆ ਗਿਆ ਸੀ। ਹਰ ਕੋਈ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ ਤੇ ਇਹ ਮੰਨ ਰਿਹਾ ਸੀ ਕਿ ਹਥਿਆਰਾਂ ਦੀ ਇਹ ਖੇਡ ਦੇਸ਼ ਲਈ ਘਾਤਕ ਹੈ ਤੇ ਇਸ ਨੂੰ ਠੱਲ੍ਹ ਪੈਣੀ ਚਾਹੀਦੀ ਹੈ।

‘‘ਸਰਕਾਰ ਨੂੰ ਹਥਿਆਰਾਂ ਦੀ ਬੇਰੋਕ ਹੋ ਰਹੀ ਵਿਕਰੀ ’ਤੇ ਸ਼ਿਕੰਜਾ ਕਸਣਾ ਚਾਹੀਦਾ ਹੈ। ਕੋਈ ਵਧੀਆ ਤੇ ਸਖ਼ਤ ਲਾਇਸੰਸਿੰਗ ਪ੍ਰਣਾਲੀ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਜ਼ਰੂਰਤਮੰਦ ਵਿਅਕਤੀ ਹੀ ਹਥਿਆਰ ਖਰੀਦ ਸਕੇ।’’ ਇਹ ਸਮਾਜ ਸੇਵੀ ਦਾ ਸੁਝਾਅ ਸੀ।

‘‘ਮੈਨੂੰ ਲੱਗਦੇ ਇਸ ਮੁਸੀਬਤ ਨਾਲ ਨਜਿੱਠਣ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਅਜਿਹੀ ਘਟਨਾ ਵਾਪਰਨ ਸਮੇਂ ਗੋਲੀ ਚਲਾਉਣ ਵਾਲੇ ਦਾ ਸਹੀ ਤਰੀਕੇ ਨਾਲ ਟਾਕਰਾ ਕੀਤਾ ਜਾ ਸਕੇ। ਅਜਿਹੇ ਵਿੱਚ ਸਕੂਲ ਵਿੱਚ ਵਿਦਿਆਰਥੀ ਵੀ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ।’’ ਇਹ ਨੇਤਾ ਜੀ ਦਾ ਵਿਚਾਰ ਸੀ।

‘‘ਹਥਿਆਰਾਂ ’ਤੇ ਸੰਪੂਰਨ ਪਾਬੰਦੀ ਹੀ ਇਸ ਮਸਲੇ ਦਾ ਸਹੀ ਹੱਲ ਹੈ। ਅਧਿਆਪਕਾਂ ਦੇ ਹੱਥ ਹਥਿਆਰ ਦੇਣ ਨਾਲ ਤਾਂ ਤਾਣੀ ਹੋਰ ਉਲਝ ਜਾਵੇਗੀ।’’ ਇਹ ਇੱਕ ਮਾਪੇ ਦਾ ਖਦਸ਼ਾ ਸੀ।

‘‘ਬੱਚਿਆਂ ਨੂੰ ਘਰਾਂ ਵਿੱਚ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਉਚੇਰੀ ਸਿੱਖਿਆ ਇਸ ਮਸਲੇ ਨੂੰ ਜੜੋਂ ਖ਼ਤਮ ਕਰ ਸਕਦੀ ਹੈ|’’ ਇਹ ਅਧਿਆਪਕ ਸਾਹਿਬਾਨ ਦੇ ਵਿਚਾਰ ਸਨ।

‘‘ਹਥਿਆਰ ਖਰੀਦਣ ਤੋਂ ਪਹਿਲਾਂ ਹਰ ਇੱਕ ਦਾ ਬੈਕਗਰਾਊਂਡ ਚੈੱਕ ਹੋਣਾ ਲਾਜ਼ਮੀ ਬਣਾਉਣਾ ਚਾਹੀਦਾ ਹੈ| ਜੋ ਵੀ ਦੁਕਾਨਦਾਰ ਅਜਿਹਾ ਨਹੀਂ ਕਰਦਾ, ਉਸ ਦਾ ਹਥਿਆਰ ਵੇਚਣ ਦਾ ਲਾਇਸੈਂਸ ਰੱਦ ਕਰਨ ਦਾ ਕਾਨੂੰਨ ਬਣੇ।’’ ਪੱਤਰਕਾਰ ਨੇ ਆਪਣੇ ਵਿਚਾਰ ਪੇਸ਼ ਕੀਤੇ।

‘‘ਪਰ ਕੋਈ ਆਰ. ਐੱਨ. ਏ. (ਨੈਸ਼ਨਲ ਰਾਇਫਲ ਐਸੋਸੀਏਸ਼ਨ) ਦੀ ਲਗਾਮ ਕਿਉਂ ਨਹੀਂ ਕਸਦਾ। ਸਾਰੇ ਪੁਆੜੇ ਦੀ ਜੜ ਉਹੀ ਹੈ। ਉਨ੍ਹਾਂ ਕਰਕੇ ਦੇਸ਼ ਵਿੱਚ ਹਥਿਆਰਾਂ ਦੀ ਵਿਕਰੀ ’ਤੇ ਰੋਕ ਨਹੀਂ ਲੱਗ ਰਹੀ।’’ ਇੱਕ ਆਦਮੀ ਦਰਸ਼ਕਾਂ ਵਿੱਚੋਂ ਹੀ ਬੋਲਣ ਲੱਗ ਪਿਆ, ਪਰ ਚੈਨਲ ਵਾਲਿਆਂ ਨੇ ਉਸ ਦੀ ਗੱਲ ਵਿੱਚ ਵਿਚਾਲੇ ਦੀ ਕੱਟ ਦਿੱਤੀ ਤੇ ਇਸ਼ਤਿਹਾਰ ਚਲਾ ਦਿੱਤਾ।

ਦਰਸ਼ਕ ਦੀ ਗੱਲ ਵਿੱਚ ਵਜ਼ਨ ਸੀ, ਪਰ ਸ਼ਾਇਦ ਚੈਨਲ ਵਾਲਿਆਂ ਨੇ ਵੀ ਆਰ.ਐੱਨ.ਏ. ਦੇ ਪ੍ਰਭਾਵ ਹੇਠ ਹੋਣ ਕਾਰਨ ਉਸ ਦੀ ਗੱਲ ਪੂਰੀ ਨਹੀਂ ਸੀ ਹੋਣ ਦਿੱਤੀ। ਅਸਲ ਵਿੱਚ ਜਦੋਂ ਦੀ ਗੰਨ ਵਾਇਲੈਂਸ ਵਧੀ ਹੈ, ਉਸ ਸਮੇਂ ਤੋਂ ਹੀ ਆਰ.ਐੱਨ.ਏ. ’ਤੇ ਸਵਾਲ ਉੱਠ ਰਹੇ ਹਨ| ਹਥਿਆਰਾਂ ਨੂੰ ਕੰਟਰੋਲ ਕਰਨ ਵਾਲੀ ਉਹ ਦੇਸ਼ ਦੀ ਇੱਕੋ ਇੱਕ ਸੰਸਥਾ ਹੈ ਤੇ ਜੇ ਚਾਹੇ ਤਾਂ ਹਥਿਆਰਾਂ ਦੀ ਵਿਕਰੀ ਨੂੰ ਲੀਹ ’ਤੇ ਲਿਆਉਣ ਵਿੱਚ ਸਰਕਾਰ ਦੀ ਮਦਦ ਕਰ ਸਕਦੀ ਹੈ। ਪਰ ਉਹ ਅਜਿਹਾ ਕਦੇ ਨਹੀਂ ਹੋਣ ਦਿੰਦੀ| ਆਰ.ਐੱਨ.ਏ. ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੀ ਸੰਸਥਾ ਹੈ ਤੇ ਕਦੇ ਵੀ ਨਹੀਂ ਚਾਹੇਗੀ ਉਨ੍ਹਾਂ ਦੇ ਮਾਲ ਦੀ ਵਿਕਰੀ ਘਟੇ, ਅਜਿਹਾ ਹੋਣ ਨਾਲ ਉਨ੍ਹਾਂ ਨੂੰ ਕਾਰੋਬਾਰ ਵਿੱਚ ਘਾਟਾ ਪੈ ਸਕਦਾ ਹੈ। ਹੁਣ ਤੱਕ ਕੋਈ ਵੀ ਸਰਕਾਰ ਇਸ ਸੰਸਥਾ ਨੂੰ ਹੱਥ ਨਹੀਂ ਪਾ ਸਕੀ ਕਿਉਂਕਿ ਇਹ ਸੰਸਥਾ ਹਰ ਪਾਰਟੀ ਨੂੰ ਮੋਟੀ ਰਕਮ ਚੋਣ ਫੰਡ ਦੇ ਰੂਪ ਵਿੱਚ ਦਿੰਦੀ ਹੈ| ਪਿਛਲੇ ਰਾਸ਼ਟਰਪਤੀ ਨੇ ਹਥਿਆਰਾਂ ਦੀ ਵਿਕਰੀ ਸਬੰਧੀ ਕਈ ਸਖ਼ਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਆਰ.ਐੱਨ.ਏ. ਨੇ ਉਹ ਕਾਨੂੰਨ ਕਿਸੇ ਤਣ ਪੱਤਣ ਨਹੀਂ ਸਨ ਲੱਗਣ ਦਿੱਤੇ।

ਟੀਵੀ ਦੀ ਸਵਿੱਚ ਆਫ ਕਰਕੇ ਮੈਂ ਬਾਹਰ ਬੈਕਯਾਰਡ ਵਿੱਚ ਪਈ ਕੁਰਸੀ ’ਤੇ ਜਾ ਬੈਠਦਾ ਹਾਂ। ਕੋਸੀ ਕੋਸੀ ਧੁੱਪ ਨਾਲ ਸਰੀਰ ਨੂੰ ਆਰਾਮ ਜਿਹਾ ਆ ਗਿਆ| ਘਰ ਦੇ ਪਿਛਵਾੜੇ ’ਚੋਂ ਬਰਫ਼ ਲੱਦੇ ਪਹਾੜਾਂ ਦੀਆਂ ਚੋਟੀਆਂ ਸਾਫ਼ ਦਿਖਾਈ ਦਿੰਦੀਆਂ ਹਨ| ਸੂਰਜ ਦੀਆਂ ਕਿਰਨਾਂ ਪੈਣ ਨਾਲ ਇਹ ਬਰਫ਼ ਲੱਦੀਆਂ ਚੋਟੀਆਂ ਸੋਨੇ ਰੰਗੀ ਭਾਹ ਮਾਰ ਰਹੀਆਂ ਹਨ। ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ।

ਇਹ ਪਹਾੜੀਆਂ ਹਮੇਸ਼ਾਂ ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ। ਜਿਸ ਦਿਨ ਦੇ ਅਸੀਂ ਇਸ ਘਰ ਵਿੱਚ ਰਹਿਣ ਲੱਗੇ ਹਾਂ, ਮੈਂ ਕਦੇ

ਇਨ੍ਹਾਂ ਨੂੰ ਬਿਨਾਂ ਬਰਫ਼ ਦੇ ਨਹੀਂ ਦੇਖਿਆ। ਬਰਫ਼ ਹੇਠਲਾ ਇਨ੍ਹਾਂ ਪਹਾੜਾਂ ਦਾ ਅਸਲ ਚਿਹਰਾ ਕਦੇ ਵੀ ਦਿਖਾਈ ਨਹੀਂ ਦਿੱਤਾ। ਇਹ ਦ੍ਰਿਸ਼ ਮੈਨੂੰ ਹਮੇਸ਼ਾਂ ਹੀ ਸ਼ਾਂਤ ਅਤੇ ਮਨਮੋਹਕ ਲੱਗਦਾ ਹੈ। ਜਦੋਂ ਵੀ ਮੈਨੂੰ ਕੋਈ ਟੈਨਸ਼ਨ ਹੋਵੇ ਤਾਂ ਮੈਂ ਬੈਕਯਾਰਡ ਵਿੱਚ ਬੈਠ ਕੇ ਇਨ੍ਹਾਂ ਪਹਾੜੀਆਂ ਦੀਆਂ ਟੀਸੀਆਂ ਨੂੰ ਨਿਹਾਰਦਾ ਹਾਂ। ਕੁਝ ਸਮਾਂ ਲਗਾਤਾਰ ਇਨ੍ਹਾਂ ਵੱਲ ਵੇਖਦਾ ਹਾਂ ਤਾਂ ਮੇਰੀ ਟੈਨਸ਼ਨ ਘਟ ਜਾਂਦੀ ਹੈ ਤੇ ਮਨ ਨੂੰ ਸਕੂਨ ਜਿਹਾ ਮਿਲਦਾ ਹੈ। ਜਦੋਂ ਮੈਂ ਨਵਾਂ ਨਵਾਂ ਅਮਰੀਕਾ ਆਇਆ ਸੀ ਤਾਂ ਆਪਣੇ ਸਹੁਰਿਆਂ ਦੀ ਮਦਦ ਨਾਲ ਇਹ ਛੋਟਾ ਜਿਹਾ ਘਰ ਖ਼ੁਦ ਲਿਆ ਸੀ। ਉਦੋਂ ਮੈਂ ਜਿਸ ਨੂੰ ਵੀ ਪੰਜਾਬ ਵੱਲ ਚਿੱਠੀ ਲਿਖਣੀ ਤਾਂ ਹਮੇਸ਼ਾਂ ਇਨ੍ਹਾਂ ਬਰਫ਼ ਲੱਦੀਆਂ ਪਹਾੜੀਆਂ ਦਾ ਜ਼ਿਕਰ ਜ਼ਰੂਰ ਕਰਨਾ। ਇਨ੍ਹਾਂ ਦੀ ਗੱਲ ਮੇਰੇ ਹਰ ਖੇਤ ਵਿੱਚ ਹੁੰਦੀ| ਬਾਪੂ ਜੀ ਤਾਂ ਕਈ ਵਾਰ ਮਖੌਲ ਵੀ ਕਰਦੇ, ‘‘ਬਾਕੀ ਅਮਰੀਕਾ ਨੇ ਤਾਂ ਖਾਧੀ ਕੜ੍ਹੀ, ਪਰ ਆਹ ਤੇਰੀਆਂ ਬਰਫ਼ ਵਾਲੀਆਂ ਪਹਾੜੀਆਂ ਦੇ ਦਰਸ਼ਨ ਜ਼ਰੂਰ ਕਰਨੇ ਐ ਮਰਨ ਤੋਂ ਪਹਿਲਾਂ।’’ ਫੇਰ ਜਦੋਂ ਬਾਪੂ ਜੀ ਮੇਰੇ ਕੋਲ ਆਏ ਤਾਂ ਉਨ੍ਹਾਂ ਨੇ ਵੀ ਮੇਰੀਆਂ ਗੱਲਾਂ ਦੀ ਤਸਦੀਕ ਕੀਤੀ, ‘‘ਵਾਕਿਆ ਯਾਰ, ਇਹ ਤਾਂ ਬੜਾ ਵਧੀਆ ਨਜ਼ਾਰਾ, ਤੂੰ ਤਾਂ ਸੁਰਗਾਂ ਦਾ ਆਨੰਦ ਮਾਣ ਰਿਹਾ ਏ। ਤੇਰਾ ਦੇਸ਼ ਤਾਂ ਸੋਹਣਾ ਹੈ ਹੀ, ਪਰ ਇਨ੍ਹਾਂ ਪਹਾੜੀਆਂ ਦੇ ਤਾਂ ਕੀ ਕਹਿਣੇ।’’

ਪਰ ਹੌਲੀ ਹੌਲੀ ਉਨ੍ਹਾਂ ਦੇ ਵਿਚਾਰ ਬਦਲਣੇ ਸ਼ੁਰੂ ਹੋ ਗਏ ਤੇ ਹੁਣ ਤਾਂ ਉਹ ਅਮਰੀਕਾ ਆਉਣ ਦੇ ਨਾਂ ਤੋਂ ਹੀ ਕੰਨੀ ਕਤਰਾਉਣ ਲੱਗੇ ਸਨ।

‘‘ਹੁਣ ਨ੍ਹੀਂ ਬੁੱਢੇ ਵਾਰੇ ਜਹਾਜ਼ਾਂ ’ਚ ਚੜ੍ਹ ਹੁੰਦਾ। ਨਾਲੇ ਤੇਰੇ ਮੁਲਕ ਦਾ ਮਾਹੌਲ ਵੀ ਹੁਣ ਠੀਕ ਨਹੀਂ ਰਿਹਾ। ਅਸੀਂ ਤਾਂ ਹੁਣ ਪਿੰਡ ਹੀ ਪਰਾਣ ਤਿਆਗਾਂਗੇ। ਬਸ ਤੁਸੀਂ ਸਾਲ ਛਿਮਾਹੀ ਗੇੜਾ ਮਾਰਦੇ ਰਿਹਾ ਕਰੋ।’’ ਪਿਛਲੇ ਸਾਲ ਉਨ੍ਹਾਂ ਨੇ ਗੱਲ ਹੀ ਮੁਕਾ ਦਿੱਤੀ ਸੀ।

ਆਸ ਪਾਸ ਭਾਵੇਂ ਕਿੰਨੀ ਹੀ ਤਬਦੀਲੀ ਹੋ ਗਈ ਸੀ। ਕਿੰਨੀ ਨਵੀਂ ਆਬਾਦੀ ਹੋ ਚੁੱਕੀ ਸੀ। ਨਵੀਆਂ ਨਵੀਆਂ ਉੱਚੀਆਂ ਇਮਾਰਤਾਂ ਉਸਰ ਗਈਆਂ ਸਨ। ਛੋਟਾ ਜਿਹਾ ਸ਼ਹਿਰ ਵੱਡ ਆਕਾਰੀ ਬਣਦਾ ਜਾ ਰਿਹਾ ਸੀ। ਪਰ ਇਨ੍ਹਾਂ ਪਹਾੜੀਆਂ ’ਚ ਕੋਈ ਬਹੁਤ ਬਦਲਾਅ ਨਹੀਂ ਸੀ ਆਇਆ| ਹਮੇਸ਼ਾਂ ਖਿੜੀਆਂ ਖਿੜੀਆਂ ਰਹਿੰਦੀਆਂ|

ਪਰ ਮੁਲਕ ਵਿੱਚ ਚੱਲ ਰਹੇ ਮਾਰੂ ਵਰਤਾਰੇ ਤੋਂ ਮੇਰਾ ਧਿਆਨ ਨਹੀਂ ਸੀ ਹਟ ਰਿਹਾ। ਮੈਂ ਇਨ੍ਹਾਂ ਪਹਾੜੀਆਂ ਵੱਲ ਕਿੰਨੇ ਸਮੇਂ ਤੋਂ ਲਗਾਤਾਰ ਦੇਖ ਰਿਹਾ ਹਾਂ, ਮਨ ਨੂੰ ਸਹਿਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਬੰਦੂਕਾਂ ਦੀ ਤਾੜ ਤਾੜ ਹਾਲੇ ਵੀ ਸਿਰ ਵਿੱਚ ਵੱਜ ਰਹੀ ਹੈ। ਕੀ ਤੋਂ ਕੀ ਬਣ ਗਿਆ ਇਹ ਮੁਲਕ? ਸਾਰਾ ਦੇਸ਼ ਬੇਆਰਾਮ ਹੋਇਆ ਪਿਆ ਹੈ। ਇਸ ਤਰ੍ਹਾਂ ਦੇ ਅਮਰੀਕਾ ਦੀ ਮੈਂ ਕਦੇ ਕਲਪਨੀ ਵੀ ਨਹੀਂ ਸੀ ਕੀਤੀ| ਪਤਾ ਨਹੀਂ ਕਿਉਂ ਹੁਣ ਇਹ ਮੁਲਕ ਮੈਨੂੰ ਸੁਰੱਖਿਅਤ ਨਹੀਂ ਸੀ ਜਾਪ ਰਿਹਾ ਤੇ ਬਾਪੂ ਜੀ ਦੀ ਕਹੀ ਗੱਲ ਦਰੁਸਤ ਜਾਪਦੀ। ਸਰਕਾਰਾਂ ਚਾਹੁਣ ਤਾਂ ਇਸ ਵਰਤਾਰੇ ਨੂੰ ਸੌਖਿਆਂ ਠੱਲ੍ਹ ਪਾਈ ਜਾ ਸਕਦੀ ਹੈ, ਪਰ ਸ਼ਾਇਦ ਆਰ.ਐੱਨ.ਏ. ਨੇ ਬਹੁਤ ਤਕੜੀ ਲਾਬੀ ਕਾਇਮ ਕਰ ਰੱਖੀ ਹੈ। ਉਸ ਨੇ ਸਰਕਾਰ ਦੇ ਹੱਥ ਬੰਨ੍ਹ ਕੇ ਰੱਖੇ ਹਨ। ਕੋਈ ਵੀ ਅਜਿਹਾ ਕਾਨੂੰਨ ਜਿਸ ਨਾਲ ਹਥਿਆਰਾਂ ਦੀ ਵਿਕਰੀ ’ਤੇ ਕੋਈ ਅਸਰ ਪਵੇ, ਸਰਕਾਰ ਚਾਹੁੰਦਿਆਂ ਹੋਇਆਂ ਵੀ ਪਾਸ ਨਹੀਂ ਕਰ ਸਕਦੀ। ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੀਆਂ ਜੜਾਂ ਉੱਪਰਲੇ ਪੱਧਰ ਤੱਕ ਫੈਲ ਚੁੱਕੀਆਂ ਹਨ। ਇਹੀ ਵੱਡਾ ਕਾਰਨ ਹੈ ਕਿ ਹਰ ਪਾਸੇ ਗੋਲੀਆਂ ਦਾ ਸ਼ੋਰ ਹੈ। ਮੈਂ ਬੈਠਾ ਸੋਚੀ ਜਾ ਰਿਹਾ ਹਾਂ। ਦਿਮਾਗ਼ ਦੀਆਂ ਨਸਾਂ ਟੱਸ ਟੱਸ ਕਰ ਰਹੀਆਂ ਹਨ|

ਟਰਨ… ਟਰਨ… ਟਰਨ ਫੋਨ ਦੀ ਘੰਟੀ ਨੇ ਮੇਰੀ ਬਿਰਤੀ ਤੋੜੀ।

‘‘ਹੈਲੋ।’’ ਪਰਮ ਦਾ ਫੋਨ ਹੈ, ਮੇਰੀ ਘਰਵਾਲੀ ਦਾ।

‘‘ਹਾਂ, ਜੀ। ਅੱਜ ਤੁਸੀਂ ਸੋਨੀ ਦੇ ਸਕੂਲ ਅਰਲੀ ਜਾਣਾ ਹੈ, ਉਸ ਨੂੰ ਪਿੱਕ ਕਰਨ| ਅੱਜ ਮੰਥਲੀ ਪੇਰੈਂਟ ਟੀਚਰ ਮੀਟਿੰਗ ਹੈ। ਯੂ ਹੈਵ ਟੂ ਅਟੈਂਡ ਦੈਟ।’’ ਘਰਵਾਲੀ ਨੇ ਹਦਾਇਤ ਕੀਤੀ।

ਉਸ ਨੂੰ ਓਕੇ ਆਖ ਕੇ ਬੋਝਲ ਮਨ ਨਾਲ ਅੰਦਰ ਪਰਤਦਾ ਹਾਂ। ਡਰਾਇੰਗ ਰੂਮ ਵਿੱਚ ਲੱਗੀ ਘੜੀ ’ਤੇ ਦੋ ਵੱਜਣ ਵਿੱਚ ਵੀਹ ਮਿੰਟ ਰਹਿੰਦੇ ਹੋਣ ਦਾ ਸੰਕੇਤ ਸੀ। ਸੋਨੀ ਨੂੰ ਹਰ ਰੋਜ਼ ਤਿੰਨ ਵਜੇ ਸਕੂਲੇ ਲੈਣ ਜਾਈਦਾ ਹੈ| ਅੱਜ ਅੱਧਾ ਘੰਟਾ ਪਹਿਲਾਂ ਜਾਣਾ ਪੈਣਾ। ਕੱਪੜੇ ਬਦਲ ਕੇ ਕਾਰ ਸਟਾਰਟ ਕਰ ਕੇ ਸੋਨੀ ਦੇ ਸਕੂਲ ਵੱਲ ਚੱਲ ਪੈਂਦਾ ਹਾਂ। ਕਾਰ ਅੱਗੇ ਵੱਲ ਵਧ ਰਹੀ ਹੈ ਤੇ ਮੇਰੀ ਸੋਚ ਹਾਲੇ ਵੀ ਪਿੱਛੇ ਹੀ ਅੜੀ ਹੋਈ ਹੈ।

ਜਦੋਂ ਸ਼ੁਰੂ ਸ਼ੁਰੂ ਵਿੱਚ ਮੇਰੇ ਇੱਕ ਪੰਜਾਬ ਰਹਿੰਦੇ ਦੋਸਤ ਨੇ ਮੈਨੂੰ ਪੁੱਛਿਆ ਸੀ ਬਈ ਕਿਵੇਂ ਐ ਤੇਰਾ ਅਮਰੀਕਾ ਤਾਂ ਮੈਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ ਸਨ। ਮੈਨੂੰ ਉਦੋਂ ਇਹ ਮੁਲਕ ਸਰਵ ਕਲਾ ਸੰਪੂਰਨ ਲੱਗਦਾ ਸੀ| ਕਿਸੇ ਪਾਸੇ ਕੋਈ ਖਰਾਬੀ ਨਹੀਂ ਸੀ ਦਿਖਾਈ ਦਿੰਦੀ। ਲੋਕ ਅਮਨ ਅਮਾਨ ਨਾਲ ਵਸਦੇ ਸਨ| ਮੈਂ ਉਸ ਨੂੰ ਹੁੱਬ ਹੁੱਬ ਕੇ ਦੱਸਿਆ ਸੀ ਕਿ ਏਥੇ ਕਿਸੇ ਕੰਮ ਲਈ ਮੰਤਰੀਆਂ ਦੀ ਸਿਫਾਰਿਸ਼ ਜਾਂ ਰਿਸ਼ਵਤਾਂ ਦੀ ਲੋੜ ਨਹੀਂ ਪੈਂਦੀ। ਭ੍ਰਿਸ਼ਟਾਚਾਰ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਇੱਧਰ। ਸਭ ਸਾਫ਼ ਸੁਥਰਾ ਹੈ| ਚੰਗੇ ਸਿਸਟਮ ਸਦਕਾ ਹੀ ਇਹ ਦੇਸ਼ ਤਰੱਕੀਆਂ ਕਰ ਰਿਹਾ ਹੈ ਤੇ ਹਰ ਕੋਈ ਇਸ ਦੇਸ਼ ਵਿੱਚ ਰਹਿਣ ਦਾ ਸੁਪਨਾ ਦੇਖਦਾ ਹੈ। ਪਰ ਹੁਣ ਜਦੋਂ ਖ਼ਬਰਾਂ ਵਿੱਚ ਅਮਰੀਕਾ ਦਾ ਹੋਰ ਦੇਸ਼ਾਂ ਨੂੰ ਮੰਡੀ ਬਣਾ ਕੇ ਆਪਣੇ ਹਥਿਆਰ ਵੇਚਣ ਬਾਰੇ ਪੜ੍ਹੀਦਾ ਤੇ ਸੁਣੀਦਾ ਹੈ ਤਾਂ ਲੱਗਦੈ ਕਿ ਹੁਣ ਸਭ ਠੀਕ ਨਹੀਂ। ਆਪਣੇ ਧੰਦੇ ਲਈ ਕਿੰਨੇ ਹੀ ਦੇਸ਼ਾਂ ਨੂੰ ਆਪਸ ਵਿੱਚ ਲੜਾਉਣ ਲਈ ਅਮਰੀਕਾ ਸਭ ਤੋਂ ਮੋਹਰੀ ਬਣਿਆ ਹੋਇਆ ਹੈ। ਇਸ ਨਾਲ ਕਿੰਨੇ ਹੀ ਦੇਸ਼ਾਂ ਦੇ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਸੇ ਕਰਕੇ ਦੁਨੀਆ ਦੇ ਬਹੁਤੇ ਲੋਕ ਅਮਰੀਕਾ ਨੂੰ ਨਫ਼ਰਤ ਨਾਲ ਵੇਖਦੇ ਹਨ। ਹੌਲੀ ਹੌਲੀ ਮੇਰੇ ਅੰਦਰ ਵੀ ਅਮਰੀਕਾ ਦਾ ਅਸਲ ਚਿਹਰਾ ਨੰਗਾ ਹੁੰਦਾ ਜਾ ਰਿਹਾ ਸੀ।

ਸੋਚਦਿਆਂ ਸੋਚਦਿਆਂ ਕਦੋਂ ਸੋਨੀ ਦੇ ਸਕੂਲ ਪਹੁੰਚ ਗਿਆ। ਪਤਾ ਹੀ ਨਹੀਂ ਲੱਗਿਆ। ਸਕੂਲ ਦੇ ਦੋਵੇਂ ਗੇਟਾਂ ’ਤੇ ਪੁਲੀਸ ਦੀਆਂ ਕਾਰਾਂ ਖੜ੍ਹੀਆਂ ਹਨ। ਸਕੂਲਾਂ ਵਿੱਚ ਸਾਡੇ ਬੱਚੇ ਕਿੰਨੇ ਕੁ ਸੁਰੱਖਿਅਤ ਹਨ, ਇਸ ਗੱਲ ਦਾ ਅੰਦਾਜ਼ਾ ਇਨ੍ਹਾਂ ਕਾਰਾਂ ਦੀ ਹੋਂਦ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਪਾਰਕਿੰਗ ਵਿੱਚ ਕਾਰ ਖੜ੍ਹੀ ਕਰਕੇ ਮੈਂ ਮੀਟਿੰਗ ਹਾਲ ਵਿੱਚ ਚਲਿਆ ਜਾਂਦਾ ਹਾਂ ਜਿੱਥੇ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਸੰਵਾਦ ਰਚਾ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਹਮੇਸ਼ਾਂ ਬੱਚਿਆਂ ਦੇ ਪੜ੍ਹਾਈ ਦੇ ਪੱਧਰ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ, ਇਸ ਬਾਰੇ ਵਿਚਾਰ ਮਸ਼ਵਰਾ ਹੁੰਦਾ ਸੀ| ਪਰ ਹੁਣ ਤਾਂ ਪੜ੍ਹਾਈ ਨਾਲੋਂ ਜ਼ਿਆਦਾ ਬੰਦੂਕਾਂ ਦਾ ਮੁੱਦਾ ਭਾਰੀ ਸੀ। ਦੋਵੇਂ ਧਿਰਾਂ ਹੀ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ। ਸਿੱਖਿਆ ਸਬੰਧੀ ਤਾਂ ਕੋਈ ਕੁਝ ਬੋਲ ਹੀ ਨਹੀਂ ਸੀ ਰਿਹਾ। ਬੰਦੂਕਾਂ ਦੀ ਮਾਰ ਤੋਂ ਕਿਵੇਂ ਆਪਣੇ ਬੱਚਿਆਂ ਅਤੇ ਸਕੂਲ ਨੂੰ ਬਚਾਉਣਾ, ਇਸੇ ਗੱਲ ’ਤੇ ਚਰਚਾ ਹੋ ਰਹੀ ਹੈ। ਮੈਂ ਹਾਜ਼ਰੀ ਰਜਿਸਟਰ ’ਤੇ ਸਹੀ ਪਾ ਕੇ ਸਭ ਤੋਂ ਅਖੀਰਲੀ ਕਤਾਰ ਵਿੱਚ ਬੈਠ ਗਿਆ। ਮੇਰੇ ਕੰਨਾਂ ਵਿੱਚ ਵਾਰ ਵਾਰ ਸਟਾਪ ਗੰਨ ਵਾਇਲੈਂਸ ਦਾ ਸ਼ੋਰ ਪੈ ਰਿਹਾ ਹੈ। ਪਰ ਮੇਰਾ ਦਿਮਾਗ਼ ਕਿਤੇ ਹੋਰ ਹੀ ਜੁੜਿਆ ਹੋਇਐ।

ਜਦੋਂ ਛੋਟੇ ਹੁੰਦੇ ਸੀ ਤਾਂ ਬੇਬੇ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਨਾ ਕੋਈ ਬਾਤ ਜਾਂ ਕਹਾਣੀ ਸੁਣਾਉਂਦੀ ਹੁੰਦੀ ਸੀ। ਹਰ ਵਾਰ ਅੰਤ ਵਿੱਚ ਸਾਨੂੰ ਇੱਕ ਸਿੱਖਿਆ ਦਿੰਦੀ ਹੁੰਦੀ ਸੀ ਕਿ ਕਦੇ ਕਿਸੇ ਦਾ ਬੁਰਾ ਨਾ ਸੋਚੋ ਤੇ ਨਾ ਬੁਰਾ ਕਰੋ। ਜੇ ਕਿਸੇ ਲਈ ਕੰਡੇ ਬੀਜੋਗੇ ਤਾਂ ਇੱਕ ਦਿਨ ਤੁਹਾਨੂੰ ਵੀ ਉਨ੍ਹਾਂ ਹੀ ਕੰਡਿਆਂ ਤੋਂ ਲੰਘਣਾ ਪਵੇਗਾ। ਹੋਰਾਂ ਲਈ ਪੁੱਟਿਆ ਟੋਆ, ਤੁਹਾਡੇ ਲਈ ਖਾਈ ਬਣ ਜਾਵੇਗਾ। ਸ਼ਾਇਦ ਅਮਰੀਕਾ ਨਾਲ ਵੀ ਅੱਜ ਇਹ ਵਾਪਰ ਰਿਹਾ ਹੈ। ਜਿਹੜੇ ਮਾਰੂ ਹਥਿਆਰਾਂ ਨਾਲ ਹੋਰਾਂ ਮੁਲਕਾਂ ਦੀ ਅਮਨ ਸ਼ਾਂਤੀ ਭੰਗ ਕੀਤੀ ਹੋਈ ਐ, ਉਹੀ ਹਥਿਆਰ ਅੱਜ ਖ਼ੁਦ ਲਈ ਮੁਸੀਬਤ ਬਣ ਖੜ੍ਹੇ ਹਨ। ਹੱਥਾਂ ਨਾਲ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ।

‘‘ਹੈਲੋ ਪਾਪਾ! ਲੈਟਸ ਗੋ ਹੋਮ।’’ ਪਤਾ ਨਹੀਂ ਮੀਟਿੰਗ ਕਦੋਂ ਸਮਾਪਤ ਹੋ ਗਈ। ਸੋਨੀ ਨੇ ਆ ਕੇ ਮੇਰਾ ਮੋਢਾ ਹਲੂਣਿਆ ਤਾਂ ਸੋਚਾਂ ਦੀ ਲੜੀ ਟੁੱਟੀ।

‘‘ਹੋਰ ਬੇਟਾ, ਅੱਜ ਸਕੂਲ ਦਾ ਦਿਨ ਕਿਵੇਂ ਰਿਹਾ?’’ ਮੈਂ ਕਾਰ ਵਿੱਚ ਬੈਠਦਿਆਂ ਰਸਮੀ ਜਿਹਾ ਸਵਾਲ ਕੀਤਾ।

‘‘ਕੋਈ ਖਾਸ ਨਹੀਂ ਪਾਪਾ। ਨੋ ਸਟੱਡੀਜ਼ ਟੂਡੇ।’’ ਉਸ ਨੇ ਸੀਟ ਬੈਲਟ ਬੰਨ੍ਹਦਿਆਂ ਢਿੱਲਾ ਜਿਹਾ ਉੱਤਰ ਦਿੱਤਾ|

‘‘ਵਾਏ ਨੋ ਸਟੱਡੀਜ਼|’’ ਮੈਂ ਮੋੜਵਾਂ ਸਵਾਲ ਕੀਤਾ।

‘‘ਟੂਡੇ ਵਾਜ ਮੌਕ ਡਰਿੱਲ ਫਾਰ ਐਮਰਜੈਂਸੀ ਸਿਚੁਏਸ਼ਨ ਲਾਇਕ ਗੰਨ ਫਾਇਰ ਔਰ ਸਮਥਿੰਗ ਲਾਇਕ ਦੈਟ| ਇਟ ਲਾਸਟਡ ਹੋਲ ਡੇਅ।’’ ਉਸ ਨੇ ਪੂਰੀ ਗੱਲ ਦੱਸੀ। ਇਹ ਪੜ੍ਹਾਈਆਂ ਦੀ ਥਾਂ ਸਕੂਲਾਂ ਵਿੱਚ ਕੀ ਹੋਣ ਲੱਗ ਪਿਐ। ਕੀ ਇਹ ਸਭ ਪਹਿਲਾਂ ਵਾਂਗ ਹੋ ਜਾਵੇਗਾ| ਕੀ ਬਣੇਗਾ ਇਸ ਮੁਲਕ ਦਾ। ਮੇਰੀ ਸੋਚ ਦੇ ਘੋੜੇ ਹਾਲੇ ਵੀ ਦੌੜ ਰਹੇ ਹਨ।

ਹਾਈਵੇ ਤੋਂ ਐਗਜ਼ਿਟ ਕੱਢ ਕੇ ਜਦੋਂ ਕਾਰ ਘਰ ਵੱਲ ਮੋੜੀ ਤਾਂ ਨਜ਼ਰ ਬਰਫ਼ ਲੱਦੀਆਂ ਪਹਾੜੀਆਂ ’ਤੇ ਜਾ ਪਈ। ਅੱਜ ਇਹ ਪਹਿਲਾਂ ਵਾਂਗ ਮਨਮੋਹਕ ਨਹੀਂ ਸਨ ਲੱਗ ਰਹੀਆਂ। ਥੋੜ੍ਹਾ ਗਹੁ ਨਾਲ ਦੇਖਿਆ ਤਾਂ ਪਹਾੜਾਂ ਦੀਆਂ ਟੀਸੀਆਂ ’ਤੇ ਬਰਫ਼ ਖੁਰਦੀ ਨਜ਼ਰ ਆ ਰਹੀ ਹੈ ਤੇ ਬਰਫ਼ ਹੇਠਲਾ ਪਹਾੜਾਂ ਦਾ ਅਸਲ ਚਿਹਰਾ ਨੰਗਾ ਹੋ ਰਿਹਾ ਹੈ। ਬਰਫ਼ ਤੋਂ ਬਿਨਾਂ ਇਹ ਟੀਸੀਆਂ ਬਿਲਕੁਲ ਵੀ ਸੋਹਣੀਆਂ ਨਹੀਂ ਲੱਗ ਰਹੀਆਂ ਜਿਉਂ ਜਿਉਂ ਬਰਫ਼ ਖੁਰ ਰਹੀ ਹੈ, ਤਿਉਂ ਤਿਉਂ ਪਹਾੜਾਂ ਦੀ ਕਰੂਪਤਾ ਵਧਦੀ ਜਾ ਰਹੀ ਹੈ।

ਮੈਂ ਕਾਰ ਦੀ ਰੇਸ ਹੋਰ ਵਧਾ ਦਿੱਤੀ ਤੇ ਕਾਰ ਹੁਣ ਹੋਰ ਵੀ ਤੇਜ਼ੀ ਨਾਲ ਘਰ ਵੱਲ ਵਧ ਰਹੀ ਸੀ।



News Source link
#ਪਹੜ #ਤ #ਖਰ #ਰਹ #ਬਰਫ

- Advertisement -

More articles

- Advertisement -

Latest article