Sleep Tips : ਅੱਜਕੱਲ੍ਹ ਬਹੁਤ ਸਾਰੇ ਲੋਕ ਰਾਤ ਨੂੰ ਸਮੇਂ ਸਿਰ ਬਿਸਤਰੇ ‘ਤੇ ਤਾਂ ਚਲੇ ਜਾਂਦੇ ਹਨ, ਪਰ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਕਈ ਲੋਕ ਸਾਰੀ ਰਾਤ ਪਾਸੇ ਬਦਲਦੇ ਰਹਿੰਦੇ ਹਨ, ਜਦਕਿ ਕੁਝ ਦੀ ਨੀਂਦ ਵਾਰ-ਵਾਰ ਖੁੱਲ੍ਹਦੀ ਹੈ। ਇਸ ਕਾਰਨ ਸਵੇਰੇ ਉੱਠਣ ਤੋਂ ਬਾਅਦ ਵੀ ਸਰੀਰ ਵਿੱਚ ਥਕਾਵਟ ਅਤੇ ਸੁਸਤੀ ਮਹਿਸੂਸ ਹੁੰਦੀ ਹੈ। ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਸਾਡੀਆਂ ਰੋਜ਼ਾਨਾ ਦੀਆਂ ਕੁਝ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ।
ਦਿੱਲੀ ਦੇ ਸੀਕੇ ਬਿਰਲਾ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਕੇ.ਕੇ. ਜਿੰਦਲ ਮੁਤਾਬਕ ਚੰਗੀ ਨੀਂਦ ਲਈ ਸਰੀਰ ਦੀ ਅੰਦਰੂਨੀ ਘੜੀ ਅਤੇ ਦਿਮਾਗ ਵਿੱਚ ਨੀਂਦ ਨੂੰ ਕੰਟਰੋਲ ਕਰਨ ਵਾਲੇ ਰਸਾਇਣਾਂ ਦਾ ਸਹੀ ਤਾਲਮੇਲ ਹੋਣਾ ਜ਼ਰੂਰੀ ਹੈ।
ਸੌਣ ਤੋਂ ਪਹਿਲਾਂ ਮੋਬਾਈਲ ਚਲਾਉਣਾ
ਰਾਤ ਨੂੰ ਬਿਸਤਰੇ ‘ਤੇ ਲੇਟ ਕੇ ਮੋਬਾਈਲ ਚਲਾਉਣਾ ਨੀਂਦ ਖਰਾਬ ਕਰ ਸਕਦਾ ਹੈ। ਫੋਨ ਦੀ ਤੇਜ਼ ਰੌਸ਼ਨੀ ਸਰੀਰ ਵਿੱਚ ਮੇਲਾਟੋਨਿਨ (Melatonin) ਹਾਰਮੋਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਹਾਰਮੋਨ ਨੀਂਦ ਦੇ ਸਮੇਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਸੌਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਮੋਬਾਈਲ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।
ਸ਼ਾਮ ਨੂੰ ਚਾਹ ਜਾਂ ਕੌਫੀ ਪੀਣਾ
ਜੇਕਰ ਤੁਸੀਂ ਦੇਰ ਸ਼ਾਮ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਇਸ ਨਾਲ ਵੀ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਇਨ੍ਹਾਂ ਵਿੱਚ ਮੌਜੂਦ ਕੈਫੀਨ (Caffeine) ਦਿਮਾਗ ਨੂੰ ਜਾਗਦਾ ਰੱਖ ਸਕਦੀ ਹੈ। ਮਾਹਿਰਾਂ ਮੁਤਾਬਕ ਸੌਣ ਤੋਂ ਘੱਟੋ-ਘੱਟ 6 ਘੰਟੇ ਪਹਿਲਾਂ ਕੈਫੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬਿਸਤਰੇ ‘ਤੇ ਲੇਟ ਕੇ ਜ਼ਿਆਦਾ ਸੋਚਣਾ
ਕਈ ਲੋਕ ਸੌਣ ਵੇਲੇ ਵੀ ਦਫ਼ਤਰ ਦੇ ਕੰਮ, ਘਰ ਦੀਆਂ ਪਰੇਸ਼ਾਨੀਆਂ ਜਾਂ ਅਗਲੇ ਦਿਨ ਦੀ ਯੋਜਨਾ ਬਾਰੇ ਸੋਚਦੇ ਰਹਿੰਦੇ ਹਨ। ਇਸ ਨਾਲ ਦਿਮਾਗ ਸ਼ਾਂਤ ਨਹੀਂ ਹੋ ਪਾਉਂਦਾ। ਅਜਿਹੇ ਵਿੱਚ ਸੌਣ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਗੱਲਾਂ ਕਾਗਜ਼ ‘ਤੇ ਲਿਖਣਾ ਅਤੇ ਕੁਝ ਮਿੰਟ ਹੌਲੀ-ਹੌਲੀ ਸਾਹ ਲੈਣ ਦੀ ਕਸਰਤ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਰਾਤ ਨੂੰ ਭਾਰੀ ਖਾਣਾ ਖਾਣਾ
ਸੌਣ ਤੋਂ ਠੀਕ ਪਹਿਲਾਂ ਜ਼ਿਆਦਾ ਜਾਂ ਭਾਰੀ ਖਾਣਾ ਖਾਣ ਨਾਲ ਪੇਟ ਵਿੱਚ ਗੈਸ, ਬਦਹਜ਼ਮੀ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਰਾਤ ਦਾ ਖਾਣਾ ਸੌਣ ਤੋਂ 2 ਤੋਂ 3 ਘੰਟੇ ਪਹਿਲਾਂ ਖਾ ਲਿਆ ਜਾਵੇ। ਸ਼ਰਾਬ ਵੀ ਰਾਤ ਦੀ ਨੀਂਦ ਦੀ ਗੁਣਵੱਤਾ ਖਰਾਬ ਕਰ ਸਕਦੀ ਹੈ।
ਹਰ ਰੋਜ਼ ਵੱਖਰੇ ਸਮੇਂ ‘ਤੇ ਸੌਣਾ
ਕਦੇ ਜਲਦੀ ਅਤੇ ਕਦੇ ਬਹੁਤ ਦੇਰ ਨਾਲ ਸੌਣ ਕਾਰਨ ਸਰੀਰ ਦੀ ਅੰਦਰੂਨੀ ਘੜੀ ਵਿਗੜ ਸਕਦੀ ਹੈ। ਇਸ ਲਈ ਹਰ ਰੋਜ਼ ਲਗਭਗ ਇੱਕੋ ਸਮੇਂ ਸੌਣ ਅਤੇ ਉੱਠਣ ਦੀ ਆਦਤ ਬਣਾਉਣੀ ਚਾਹੀਦੀ ਹੈ। ਜ਼ਿਆਦਾਤਰ ਬਾਲਗਾਂ ਲਈ ਰੋਜ਼ਾਨਾ 7 ਤੋਂ 9 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ।
ਕਦੋਂ ਲੈਣੀ ਚਾਹੀਦੀ ਹੈ ਡਾਕਟਰ ਦੀ ਸਲਾਹ?
ਜੇਕਰ ਆਦਤਾਂ ਬਦਲਣ ਦੇ ਬਾਵਜੂਦ ਨੀਂਦ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ, ਰਾਤ ਨੂੰ ਬਹੁਤ ਜ਼ਿਆਦਾ ਘੁਰਾੜੇ ਆਉਂਦੇ ਹਨ, ਸੌਂਦੇ ਸਮੇਂ ਸਾਹ ਰੁਕਦਾ ਹੈ ਜਾਂ ਦਿਨ ਵੇਲੇ ਬਹੁਤ ਨੀਂਦ ਆਉਂਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾਕਟਰਾਂ ਦੀ ਸਲਾਹ ਹੈ ਕਿ ਸੌਣ ਤੋਂ ਪਹਿਲਾਂ ਦੇ ਆਖਰੀ 30 ਮਿੰਟ ਦਿਮਾਗ ਨੂੰ ਸ਼ਾਂਤ ਕਰਨ ਲਈ ਰੱਖੋ। ਮੋਬਾਈਲ ਤੋਂ ਦੂਰੀ, ਸਮੇਂ ਸਿਰ ਖਾਣਾ ਅਤੇ ਨਿਯਮਤ ਨੀਂਦ ਦਾ ਸਮਾਂ ਤੁਹਾਨੂੰ ਚੰਗੀ ਅਤੇ ਗੂੜ੍ਹੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator