Provident Fund: ਪੀਐਫ (PF) ਨੂੰ ਆਮ ਭਾਸ਼ਾ ਵਿੱਚ ਬੁਢਾਪੇ ਦਾ ਸਹਾਰਾ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਰਿਟਾਇਰਮੈਂਟ ਤੋਂ ਬਾਅਦ ਕੰਮ ਆਉਂਦਾ ਹੈ। ਨੌਕਰੀਪੇਸ਼ਾ ਲੋਕਾਂ ਲਈ ਇਹ ਇੱਕ ਗੁੱਲਕ ਵਾਂਗ ਹੈ, ਜਿਸ ਵਿੱਚ ਤੁਹਾਡੀ ਤਨਖ਼ਾਹ ਵਿੱਚੋਂ ਪੈਸੇ ਕੱਟੇ ਜਾਂਦੇ ਹਨ ਅਤੇ ਲੋੜ ਪੈਣ ‘ਤੇ ਤੁਸੀਂ ਇਸ ਵਿੱਚੋਂ ਰਕਮ ਕੱਢ ਵੀ ਸਕਦੇ ਹੋ। ਹਾਲਾਂਕਿ, PF ਕੱਢਣ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਹੁੰਦੇ ਹਨ ਅਤੇ ਇਹ ਪ੍ਰਕਿਰਿਆ ਕੁਝ ਹੱਦ ਤੱਕ ਉਲਝੀ ਹੋਈ ਵੀ ਲੱਗ ਸਕਦੀ ਹੈ। ਇੱਥੇ ਅਸੀਂ PF ਨਾਲ ਜੁੜੇ ਕੁਝ ਬੁਨਿਆਦੀ ਅਤੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਦੇ ਰਹੇ ਹਾਂ।
ਇੱਕ ਮਹੀਨੇ ਵਿੱਚ ਕਿੰਨੀ ਵਾਰ PF ਕੱਢ ਸਕਦੇ ਹੋ?
EPFO ਦੇ ਨਿਯਮਾਂ ਅਨੁਸਾਰ ਵੱਖ-ਵੱਖ ਲੋੜਾਂ ਲਈ ਐਡਵਾਂਸ PF ਕੱਢਿਆ ਜਾ ਸਕਦਾ ਹੈ। ਇੱਕ ਮਹੀਨੇ ਵਿੱਚ ਕਿੰਨੀ ਵਾਰ PF ਕੱਢਣ ਲਈ ਅਰਜ਼ੀ ਦੇ ਸਕਦੇ ਹੋ, ਇਸ ਦੀ ਕੋਈ ਨਿਰਧਾਰਤ ਸੀਮਾ ਨਹੀਂ ਹੈ। ਹਾਲਾਂਕਿ ਹਰ ਵਾਰ PF ਕੱਢਣ ਦਾ ਕਾਰਨ ਵੱਖਰਾ ਹੋਣਾ ਚਾਹੀਦਾ ਹੈ।
ਇੱਕ ਵਾਰ PF ਕੱਢਣ ਤੋਂ ਬਾਅਦ ਦੁਬਾਰਾ ਕਦੋਂ ਕੱਢ ਸਕਦੇ ਹੋ?
ਨੌਕਰੀ ਦੌਰਾਨ PF ਵਿੱਚੋਂ ਪੈਸਾ ਕੱਢਣ ਤੋਂ ਬਾਅਦ ਤੁਸੀਂ ਕਿਸੇ ਹੋਰ ਕਾਰਨ ਲਈ ਘੱਟੋ-ਘੱਟ ਇੱਕ ਮਹੀਨੇ ਦੇ ਅੰਤਰਾਲ ਤੋਂ ਬਾਅਦ ਦੁਬਾਰਾ ਐਡਵਾਂਸ ਕੱਢ ਸਕਦੇ ਹੋ।
ਕੀ 100% PF ਕੱਢਿਆ ਜਾ ਸਕਦਾ ਹੈ?
ਹਾਂ। ਜੇ ਕੋਈ ਕਰਮਚਾਰੀ ਰਿਟਾਇਰ ਹੋ ਜਾਂਦਾ ਹੈ ਜਾਂ ਨੌਕਰੀ ਛੱਡਣ ਤੋਂ ਬਾਅਦ 2 ਮਹੀਨੇ ਤੱਕ ਬੇਰੁਜ਼ਗਾਰ ਰਹਿੰਦਾ ਹੈ, ਤਾਂ ਉਹ ਆਪਣੇ PF ਦੀ ਪੂਰੀ ਰਕਮ ਕੱਢ ਸਕਦਾ ਹੈ।
ਨੌਕਰੀ ਛੱਡਣ ਤੋਂ ਬਾਅਦ ਪੈਨਸ਼ਨ (EPS) ਕਦੋਂ ਕੱਢ ਸਕਦੇ ਹੋ?
ਨੌਕਰੀ ਛੱਡਣ ਤੋਂ ਬਾਅਦ ਕਰਮਚਾਰੀ EPS ਦੀ ਰਕਮ ਨਿਯਮਾਂ ਅਨੁਸਾਰ ਕਲੇਮ ਕਰ ਸਕਦਾ ਹੈ। ਆਮ ਤੌਰ ‘ਤੇ 58 ਸਾਲ ਦੀ ਉਮਰ ਤੋਂ ਪਹਿਲਾਂ ਨੌਕਰੀ ਛੱਡਣ ‘ਤੇ Form 10C ਰਾਹੀਂ ਅਰਜ਼ੀ ਦਿੱਤੀ ਜਾਂਦੀ ਹੈ।
ਨੌਕਰੀ ਛੱਡਣ ਤੋਂ ਕਿੰਨੇ ਦਿਨ ਬਾਅਦ PF ਕੱਢ ਸਕਦੇ ਹੋ?
ਪੂਰੀ PF ਰਕਮ ਕੱਢਣ ਲਈ ਨੌਕਰੀ ਛੱਡਣ ਤੋਂ ਬਾਅਦ ਘੱਟੋ-ਘੱਟ 2 ਮਹੀਨੇ ਤੱਕ ਬੇਰੁਜ਼ਗਾਰ ਰਹਿਣਾ ਜ਼ਰੂਰੀ ਹੈ। ਜੇ ਤੁਸੀਂ ਕਿਸੇ ਹੋਰ ਨੌਕਰੀ ਵਿੱਚ ਸ਼ਾਮਲ ਹੋ ਜਾਂਦੇ ਹੋ ਤਾਂ PF ਨਹੀਂ ਕੱਢ ਸਕਦੇ।
ਵਿਆਹ ਲਈ PF ਵਿੱਚੋਂ ਕਿੰਨਾ ਪੈਸਾ ਕੱਢ ਸਕਦੇ ਹੋ?
ਕਰਮਚਾਰੀ ਆਪਣੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਆਹ ਲਈ ਆਪਣੇ ਯੋਗਦਾਨ ਵਾਲੇ ਹਿੱਸੇ ਦਾ 50% ਤੱਕ PF ਕੱਢ ਸਕਦਾ ਹੈ। ਇਸ ਲਈ ਘੱਟੋ-ਘੱਟ 7 ਸਾਲ ਦੀ ਮੈਂਬਰਸ਼ਿਪ ਲਾਜ਼ਮੀ ਹੈ।
ਘਰ ਖਰੀਦਣ ਜਾਂ ਮੈਡੀਕਲ ਐਮਰਜੈਂਸੀ ਲਈ PF ਵਿੱਚੋਂ ਪੈਸਾ ਕੱਢ ਸਕਦੇ ਹੋ?
ਹਾਂ। ਘਰ ਖਰੀਦਣ, ਬਣਾਉਣ ਜਾਂ ਹੋਮ ਲੋਨ ਦੀ ਅਦਾਇਗੀ ਲਈ EPFO ਕੁਝ ਸ਼ਰਤਾਂ ਦੇ ਨਾਲ PF ਕੱਢਣ ਦੀ ਇਜਾਜ਼ਤ ਦਿੰਦਾ ਹੈ। ਇਸੇ ਤਰ੍ਹਾਂ ਗੰਭੀਰ ਬਿਮਾਰੀ ਜਾਂ ਇਲਾਜ ਦੀ ਲੋੜ ਪੈਣ ‘ਤੇ ਵੀ ਕਰਮਚਾਰੀ ਆਪਣੇ PF ਖਾਤੇ ਵਿੱਚੋਂ ਰਕਮ ਕੱਢ ਸਕਦਾ ਹੈ। ਇਸ ਲਈ ਨੌਕਰੀ ਦੀ ਘੱਟੋ-ਘੱਟ ਮਿਆਦ ਦੀ ਕੋਈ ਸ਼ਰਤ ਨਹੀਂ ਹੁੰਦੀ।
PF ਦੀ ਰਕਮ ਖਾਤੇ ਵਿੱਚ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਆਨਲਾਈਨ ਕਲੇਮ ਮਨਜ਼ੂਰ ਹੋਣ ਤੋਂ ਬਾਅਦ ਆਮ ਤੌਰ ‘ਤੇ 7 ਤੋਂ 15 ਕਾਰਜਕਾਰੀ ਦਿਨਾਂ ਵਿੱਚ ਰਕਮ ਬੈਂਕ ਖਾਤੇ ਵਿੱਚ ਪਹੁੰਚ ਜਾਂਦੀ ਹੈ।
PF ਕੱਢਣ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ?
PF ਕੱਢਣ ਲਈ UAN ਐਕਟਿਵ ਹੋਣਾ ਚਾਹੀਦਾ ਹੈ। ਇਸ ਦੇ ਨਾਲ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਖਾਤਾ EPFO ਰਿਕਾਰਡ ਵਿੱਚ ਅਪਡੇਟ ਅਤੇ KYC ਵੇਰੀਫਾਈ ਹੋਣਾ ਲਾਜ਼ਮੀ ਹੈ।
ਕੀ ਨੌਕਰੀ ਬਦਲਣ ‘ਤੇ PF ਕੱਢਣਾ ਜ਼ਰੂਰੀ ਹੈ?
ਨਹੀਂ। ਨੌਕਰੀ ਬਦਲਣ ‘ਤੇ PF ਕੱਢਣ ਦੀ ਲੋੜ ਨਹੀਂ ਹੁੰਦੀ। ਕਰਮਚਾਰੀ ਆਪਣੇ ਪੁਰਾਣੇ PF ਖਾਤੇ ਨੂੰ ਨਵੇਂ ਨਿਯੋਗਕਰਤਾ ਦੇ PF ਖਾਤੇ ਵਿੱਚ ਟ੍ਰਾਂਸਫਰ ਕਰ ਸਕਦਾ ਹੈ।
ਕੀ PF ਕੱਢਣ ‘ਤੇ ਟੈਕਸ ਲੱਗਦਾ ਹੈ?
ਜੇ ਕੋਈ ਕਰਮਚਾਰੀ ਲਗਾਤਾਰ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਪਹਿਲਾਂ PF ਕੱਢਦਾ ਹੈ, ਤਾਂ ਕੁਝ ਮਾਮਲਿਆਂ ਵਿੱਚ TDS ਅਤੇ ਟੈਕਸ ਲਾਗੂ ਹੋ ਸਕਦਾ ਹੈ। ਜਦਕਿ 5 ਸਾਲ ਬਾਅਦ PF ਦੀ ਨਿਕਾਸੀ ਆਮ ਤੌਰ ‘ਤੇ ਟੈਕਸ-ਮੁਕਤ ਹੁੰਦੀ ਹੈ।
ਧਿਆਨ ਦਿਓ: PF ਕੱਢਣ ਦੇ ਨਿਯਮ ਸਮੇਂ-ਸਮੇਂ ‘ਤੇ ਬਦਲ ਸਕਦੇ ਹਨ। ਕਲੇਮ ਕਰਨ ਤੋਂ ਪਹਿਲਾਂ EPFO ਦੇ ਤਾਜ਼ਾ ਨਿਯਮ ਜ਼ਰੂਰ ਚੈੱਕ ਕਰ ਲਓ।
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ