20 C
Patiāla
Wednesday, May 1, 2024

ਐੱਮਵੀਏ ਵਿਚਾਲੇ ਸੀਟਾਂ ਦੀ ਵੰਡ ਲਈ ਸਮਝੌਤਾ

Must read


ਮੁੰਬਈ, 9 ਅਪਰੈਲ

ਮਹਾਰਾਸ਼ਟਰ ’ਚ ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮਵੀਏ) ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਸੀਟ ਵੰਡ ਸਮਝੌਤੇ ਦਾ ਐਲਾਨ ਕੀਤਾ ਹੈ ਜਿਸ ਤਹਿਤ ਸੂੁਬੇ ਵਿੱਚ ਸ਼ਿਵ ਸੈਨਾ (ਯੂਬੀਟੀ) 21, ਕਾਂਗਰਸ 17 ਤੇ ਐੱਨਸੀਪੀ 10 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਸੂਬੇ ’ਚ 19 ਅਪਰੈਲ ਤੋਂ 20 ਮਈ ਦੌਰਾਨ ਪੰਜ ਗੇੜਾਂ ’ਚ ਵੋਟਾਂ ਪੈਣੀਆਂ ਹਨ।

ਕਾਂਗਰਸ ਵਿਵਾਦਤ ਸਾਂਗਲੀ ਤੇ ਭਿਵੰਡੀ ਸੀਟਾਂ ’ਤੇ ਆਪਣਾ ਦਾਅਵਾ ਛੱਡ ਦਿੱਤਾ ਅਤੇ ਉਥੋਂ ਹੁਣ ਕ੍ਰਮਵਾਰ ਸ਼ਿਵ ਸੈਨਾ (ਯੂਬੀਟੀ) ਅਤੇ ਐੱਨਸੀਪੀ (ਐੱਸਪੀ) ਚੋਣ ਲੜੇਗੀ। ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਹਿਯੋਗੀ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਮਤਭੇਦ ਨਹੀਂ ਹੈ ਅਤੇ ਸੂਬੇ ਦੀਆਂ 48 ਸੀਟਾਂ ਦੀ ਵੰਡ ਸਰਬਸੰਮਤੀ ਨਾਲ ਕੀਤੀ ਗਈ ਹੈ। ਜਦਕਿ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਬਾਲ ਠਾਕਰੇ ਨੇ ਕਿਹਾ ਕਿ ਗੱਠਜੋੜ ਦਾ ਸਭ ਤੋਂ ਵੱਡਾ ਮਕਸਦ ਭਾਜਪਾ ਨੂੰ ਹਰਾਉਣਾ ਹੈ ਅਤੇ ਸੂਬਾ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਆਖਿਆ ਕਿ ਪਾਰਟੀ ਨੇ ਇਸ ਉਦੇਸ਼ ਦੀ ਪੂਰਤੀ ਲਈ ‘‘ਖੁੱਲ੍ਹ-ਦਿਲੀ’’ ਦਿਖਾਉਣ ਦਾ ਫ਼ੈਸਲਾ ਕੀਤਾ ਹੈ।

ਪਵਾਰ, ਠਾਕਰੇ ਤੇ ਪਟੋਲੇ ਨੇ ਕਈ ਹਫ਼ਤਿਆਂ ਦੀ ਗੱਲਬਾਤ ਮਗਰੋਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੀਆਂ 48 ਸੰਸਦੀ ਸੀਟਾਂ ਲਈ ਚੋਣ ਸਮਝੌਤੇ ਦਾ ਐਲਾਨ ਕੀਤਾ ਹੈ। ਦੱਖਣੀ ਮੁੰਬਈ ਸਥਿਤ ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਦਫ਼ਤਰ ‘‘ਸ਼ਿਵਾਲਿਆ’’ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਮੁਖੀ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਗੱਠਜੋੜ ’ਚ ਜਿੱਤ ਅਹਿਮ ਹੈ ਅਤੇ ਭਾਜਪਾ ਨੂੰ ਹਰਾਉਣ ਦਾ ਟੀਚਾ ਹੈ। ਸ਼ਿਵ ਸੈਨਾ ਵੱਲੋਂ ਕਾਂਗਰਸ ਨੂੰ ਸਾਂਗਲੀ ਸੀਟ ਦੇਣ ਤੋਂ ਨਾਂਹ ਕਰਨ ਸਬੰਧੀ ਸਵਾਲ ’ਤੇ ਊਧਵ ਨੇ ਕਿਹਾ, ‘‘ਵੱਡਾ ਟੀਚਾ ਭਾਜਪਾ ਖ਼ਿਲਾਫ਼ ਜਿੱਤਣਾ ਹੈ, ਤਾਂ ਅਜਿਹੇ ’ਚ ਸਾਨੂੰ ਕੁਝ ਮਤਭੇਦਾਂ ਨੂੰ ਲਾਂਭੇ ਰੱਖਣਾ ਪਵੇਗਾ।’’ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ‘‘ਨਕਲੀ ਸ਼ਿਵਸੈਨਾ’’ ਆਖੇ ਜਾਣ ਸਬੰਧੀ ਸਵਾਲ ’ਤੇ ਊਧਵ ਠਾਕਰੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ੍ਹ ਵਾਲਾ ਭਾਸ਼ਣ ਕਿਸੇ ਪ੍ਰਧਾਨ ਮੰਤਰੀ ਦਾ ਭਾਸ਼ਣ ਨਹੀਂ ਸੀ। ਜਦੋਂ ਅਸੀਂ ਇਸ ਦਾ ਜਵਾਬ ਦੇਵਾਂਗੇ ਤਾਂ ਕ੍ਰਿਪਾ ਕਰ ਕੇ ਇਸ ਨੂੰ ਪ੍ਰਧਾਨ ਮੰਤਰੀ ਦੇ ਅਪਮਾਨ ਵਜੋਂ ਨਾ ਲਿਓ। ਸਾਡੇ ਵੱਲੋਂ ਕੀਤੀ ਆਲੋਚਨਾ ਇੱਕ ਭ੍ਰਿਸ਼ਟ ਪਾਰਟੀ ਦੇ ਨੇਤਾ ਦੀ ਆਲੋਚਨਾ ਹੋਵੇਗੀ।’’ ਉਨ੍ਹਾਂ ਕਿਹਾ, ‘‘ਵਸੂਲੀ ਕਰਨ ਵਾਲਿਆਂ ਦੀ ਪਾਰਟੀ ਦੇ ਕਿਸੇ ਨੇਤਾ ਵੱਲੋਂ ਸਾਨੂੰ ਨਕਲੀ ਕਹਿਣਾ ਵਾਜਬ ਨਹੀਂ ਹੈ।’’ ਨਾਨਾ ਪਟੋਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੂੰ ਹਰਾਉਣ ਦਾ ਅੰਤਿਮ ਟੀਚਾ ਹਾਸਲ ਕਰਨ ਲਈ ਕਾਂਗਰਸ ਨੇ ‘‘ਦਰਿਆ ਦਿਲੀ’’ ਦਿਖਾਉਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article