41 C
Patiāla
Saturday, May 4, 2024

ਕੁਝ ਦਿਨ ਮੀਜ਼ੋਆਂ ਦੇ ਸੰਗ

Must read


ਰਾਮਚੰਦਰ ਗੁਹਾ

ਪਿਛਲੇ ਮਹੀਨੇ ਮੈਂ ਮਿਜ਼ੋਰਮ ਵਿੱਚ ਕੁਝ ਯਾਦਗਾਰੀ ਦਿਨ ਬਿਤਾਏ। ਸੂਬੇ ਦੇ ਸਿਆਸੀ ਇਤਿਹਾਸ ਬਾਰੇ ਮੈਨੂੰ ਥੋੜ੍ਹਾ-ਬਹੁਤ ਪਹਿਲਾਂ ਵੀ ਪਤਾ ਸੀ ਤੇ ਵੱਖ-ਵੱਖ ਮੌਕਿਆਂ ’ਤੇ ਮੈਨੂੰ ਬਹੁਤ ਸਾਰੇ ਮੀਜ਼ੋ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਪਰ ਕਦੇ ਉੱਥੇ ਜਾਣ ਦਾ ਸਬੱਬ ਨਹੀਂ ਸੀ ਬਣ ਸਕਿਆ।

ਪਹਿਲਾਂ ਮੈਂ ਸਿੱਧਾ ਗੁਹਾਟੀ ਪਹੁੰਚਿਆ ਜਿੱਥੇ ਕੁਝ ਪੁਰਾਣੇ ਦੋਸਤਾਂ ਨਾਲ ਮੁਲਾਕਾਤਾਂ ਕੀਤੀਆਂ, ਬ੍ਰਹਮਪੁੱਤਰ ਨਦੀ ਦੇ ਨਜ਼ਾਰੇ ਮਾਣੇ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗਾਂਧੀ ਬਾਰੇ ਵਿਚਾਰ ਚਰਚਾ ਕੀਤੀ। ਆਇਜ਼ੌਲ ਰਵਾਨਾ ਹੋਣ ਸਮੇਂ ਮੈਂ ਹਵਾਈ ਜਹਾਜ਼ ਵਿੱਚ ਖਿੜਕੀ ਵਾਲੀ ਸੀਟ ਲੈ ਲਈ। ਜਦੋਂ ਜਹਾਜ਼ ਉੱਡਿਆ ਤਾਂ ਇਹ ਤਿੱਤਰ ਖੰਭੇ ਬੱਦਲਾਂ ਦੀ ਪੱਟੀ ਨੂੰ ਚੀਰਦਾ ਹੋਇਆ ਅਤੇ ਪਹਾੜੀਆਂ ਦੇ ਐਨ ਨੇੜਿਓਂ ਗੁਜ਼ਰਿਆ ਤਾਂ ਮਹਿਸੂਸ ਹੋਇਆ ਕਿ ਮੁਰਾਦ ਪੂਰੀ ਹੋ ਗਈ ਹੈ। ਹਵਾਈ ਅੱਡੇ ’ਤੇ ਮੈਨੂੰ ‘ਇਨਰ ਲਾਈਨ ਪਰਮਿਟ’ ਭਰਨਾ ਪਿਆ ਜੋ ਕਿ ਘੱਟੋ-ਘੱਟ ਭਾਰਤੀ ਲੋਕਾਂ ਲਈ ਅੰਗਰੇਜ਼ੀ ਰਾਜ ਦੇ ਦਿਨਾਂ ਦੀ ਨਿਸ਼ਾਨੀ ਦੇ ਤੌਰ ’ਤੇ ਸਾਂਭਿਆ ਹੋਇਆ ਹੈ।

ਦੇਸ਼ ਵਿੱਚ ਦੂਰ-ਦਰਾਡੇ ਖੇਤਰਾਂ ਦੀ ਤਫ਼ਰੀਹ ਲਈ ਹਵਾਈ ਜਹਾਜ਼ ਨਾਲੋਂ ਰੇਲਗੱਡੀ ਬਿਹਤਰ ਹੁੰਦੀ ਹੈ ਜਾਂ ਜੇ ਕਿਤੇ ਕਾਰ ਦਾ ਸਫ਼ਰ ਹੋਵੇ ਤਾਂ ਕਿਆ ਕਹਿਣੇ। ਲੈਂਗਪੁਈ ਹਵਾਈ ਅੱਡੇ ਤੋਂ ਸੂਬਾਈ ਰਾਜਧਾਨੀ ਆਇਜ਼ੌਲ ਤੱਕ ਪੁੱਜਣ ਲਈ ਡੇਢ ਘੰਟਾ ਲੱਗ ਜਾਂਦਾ ਹੈ ਜੋ ਲੈਂਡਸਕੇਪ ਦੇ ਲਿਹਾਜ਼ ਤੋਂ ਕਾਫ਼ੀ ਲੰਬਾ ਸਫ਼ਰ ਹੈ। ਪਹਾੜੀਆਂ ਦਾ ਆਕਾਰ ਦੇਖ ਕੇ ਮੈਨੂੰ ਹਿਮਾਲਿਆ ਦੇ ਤਰਾਈ ਖੇਤਰ ਦੇ ਜ਼ਿਲ੍ਹੇ ਦਾ ਚੇਤਾ ਆ ਗਿਆ ਜੋ ਕਿਸੇ ਸਮੇਂ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਹੁਣ ਉਤਰਾਖੰਡ ਦਾ ਹਿੱਸਾ ਹੈ। ਉੱਥੇ ਮੇਰਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ। ਤੰਗ ਅਤੇ ਸਿਰੇ ’ਤੇ ਬੰਦ ਹੋਣ ਵਾਲੀਆਂ ਸੜਕਾਂ ਤੇ ਵਗਦੀਆਂ ਜਲ ਧਾਰਾਵਾਂ ਵੀ ਉਵੇਂ ਦੇ ਭੁਲੇਖੇ ਪਾਉਂਦੀਆਂ ਹਨ। ਬਨਸਪਤੀ ਵਿੱਚ ਕੁਝ ਵੱਖਰਾਪਣ ਸੀ; ਬਾਂਸ ਅਤੇ ਇਹੋ ਜਿਹੇ ਦਰੱਖ਼ਤਾਂ ਦੀ ਭਰਮਾਰ ਨਜ਼ਰ ਆਈ ਪਰ ਉੱਤਰਾਖੰਡ ਤੋਂ ਉਲਟ ਦਿਓਦਾਰ ਜਿਹੇ ਨੁਕੀਲੇ ਦਰੱਖ਼ਤ ਦੀ ਕੋਈ ਕਿਸਮ ਨਹੀਂ ਦਿਸੀ। ਇਨਸਾਨੀ ਵਸੋਂ ਵੀ ਕਾਫ਼ੀ ਛਿੱਦੀ ਨਜ਼ਰ ਆਈ। ਉਂਝ, ਵਸੋਂ ਨੂੰ ਲੈ ਕੇ ਮੇਰਾ ਸ਼ਾਇਦ ਇਹ ਭਰਮ ਹੀ ਹੋਵੇ ਕਿਉਂਕਿ ਆਇਜ਼ੌਲ ਸ਼ਹਿਰ ਵਿੱਚ ਪਹਾੜ ਦੇ ਹਰੇਕ ਪੜਾਅ ’ਤੇ ਸਟਵੇਂ ਮਕਾਨ ਬਣੇ ਹੋਏ ਹਨ ਜੋ ਨੈਨੀਤਾਲ ਅਤੇ ਮਸੂਰੀ ਦਾ ਭੁਲੇਖਾ ਪਾਉਂਦੇ ਹਨ। ਉਂਝ, ਉੱਤਰ ਦੇ ਪਹਾੜੀ ਸ਼ਹਿਰਾਂ ਤੋਂ ਉਲਟ ਆਵਾਜਾਈ ਬਹੁਤ ਸਹਿਜ ਭਾਅ ਨਾਲ ਚਲਦੀ ਹੈ। ਕਾਰ ਚਾਲਕ ਤਨਦੇਹੀ ਨਾਲ ਲੇਨ ਦੇ ਅਨੁਸ਼ਾਸਨ ਦਾ ਪਾਲਣ ਕਰਦੇ ਹਨ। ਜੇ ਕਿਤੇ ਜਾਮ ਲੱਗ ਵੀ ਜਾਵੇ ਤਾਂ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਬਜਾਏ ਠੰਢੇ ਮਤੇ ਨਾਲ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਹਨ।

ਮੈਂ ਰਾਜ ਦੇ ਸਭ ਤੋਂ ਪੁਰਾਣੇ ਤੇ ਸੰਨ 1958 ’ਚ ਸਥਾਪਿਤ ਪਚੁੰਗਾ ਯੂਨੀਵਰਸਿਟੀ ਕਾਲਜ ਦੇ ਇੱਕ ਸੈਮੀਨਾਰ ’ਚ ਹਿੱਸਾ ਲੈਣ ਲਈ ਆਇਜ਼ੌਲ ਆਇਆ ਸੀ। ਕਾਲਜ ਵਿੱਚ ਕਈ ਲੜਕੇ-ਲੜਕੀਆਂ ਬਿਨਾਂ ਰੋਕ-ਟੋਕ ਜਿਸ ਢੰਗ ਨਾਲ ਇੱਕ-ਦੂਜੇ ਨਾਲ ਮਿਲ-ਜੁਲ ਰਹੇ ਸਨ, ਉਸ ਤਰ੍ਹਾਂ ਦਾ ਸ਼ਾਇਦ ਉੱਤਰ ਪ੍ਰਦੇਸ਼ ਦੇ ਹਿੰਦੂ ਬਹੁਤਾਤ ਵਾਲੇ ਕੁਝ ਖੇਤਰਾਂ ਜਾਂ ਕੇਰਲਾ ਦੇ ਇਸਲਾਮਿਕ ਬਹੁਤਾਤ ਵਾਲੇ ਕਈ ਜ਼ਿਲ੍ਹਿਆਂ ’ਚ ਦੇਖਣ ਨੂੰ ਨਾ ਮਿਲੇ। ਮੈਂ ਇਨ੍ਹਾਂ ਇਲਾਕਿਆਂ ਵਿੱਚ ਕਈ ਸਮਾਗਮਾਂ ’ਚ ਹਿੱਸਾ ਲਿਆ ਹੈ ਤੇ ਦੇਖਿਆ ਹੈ ਕਿ ਤਕਨੀਕੀ ਸਹਿ-ਵਿਦਿਅਕ ਸੰਸਥਾਵਾਂ ’ਚ ਵੀ ਲੜਕਿਆਂ ਤੇ ਲੜਕੀਆਂ ਨੂੰ ਇੱਕ-ਦੂਜੇ ਨਾਲ ਦੋਸਤੀ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਤੇ ਉਹ ਕਲਾਸਰੂਮ ਤੇ ਸੈਮੀਨਾਰ ਹਾਲਾਂ ਵਿੱਚ ਵੱਖ-ਵੱਖ ਬੈਠੇ ਨਜ਼ਰ ਆਉਂਦੇ ਹਨ।

ਸਬਜ਼ੀਆਂ ਵੇਚਦੀ ਮੀਜ਼ੋ ਔਰਤ।

ਇਸ ਮਾਮਲੇ ’ਚ ਪਚੁੰਗਾ ਯੂਨੀਵਰਸਿਟੀ ਕਾਲਜ ਸੰਪੂਰਨ ਤੌਰ ’ਤੇ ਆਪਣੇ ਪੂਰੇ ਰਾਜ ਦੀ ਪ੍ਰਤੀਨਿਧਤਾ ਕਰ ਰਿਹਾ ਸੀ। ਗਲੀਆਂ ’ਚ ਘੁੰਮਦਿਆਂ, ਦੁਕਾਨਾਂ ’ਤੇ ਜਾਂਦਿਆਂ, ਕਿਸੇ ਕੈਫੇ ’ਚ ਗੱਲਬਾਤ ਆਰੰਭਦਿਆਂ, ਹਰ ਜਗ੍ਹਾ ਰਾਜ ਵਿੱਚ ਔਰਤਾਂ ਦੀ ਤਰੱਕੀ ਦਿਸਦੀ ਹੈ। ਅੰਕੜੇ ਵੀ ਇਹੀ ਕਹਿੰਦੇ ਹਨ। ਔਰਤਾਂ ਦੀ ਸਿੱਖਿਆ ਦਰ ਦੇ ਮਾਮਲੇ ’ਚ ਮਿਜ਼ੋਰਮ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਦੂਜੇ ਨੰਬਰ ’ਤੇ ਹੈ; ਇੱਥੇ ਕੰਮਕਾਜੀ ਥਾਵਾਂ ’ਤੇ ਔਰਤਾਂ ਦੀ ਹਿੱਸੇਦਾਰੀ ਦੀ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਤਕਰੀਬਨ 60 ਫ਼ੀਸਦੀ ਮੀਜ਼ੋ ਔਰਤਾਂ ਘਰਾਂ ਤੋਂ ਬਾਹਰ ਕੰਮ ਕਰਦੀਆਂ ਹਨ। ਇਹ ਦਰ ਪੂਰੇ ਭਾਰਤ ਦੀ ਦਰ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ। ਭਾਰਤ ਵਿੱਚ ਇਹ ਦਰ 30 ਫ਼ੀਸਦੀ ਤੋਂ ਵੀ ਘੱਟ ਹੈ। ਮੀਜ਼ੋ ਔਰਤਾਂ ਬਾਕੀ ਪੂਰੇ ਭਾਰਤ ਦੀਆਂ ਮਹਿਲਾਵਾਂ ਨਾਲੋਂ ਸੰਭਾਵੀ ਤੌਰ ’ਤੇ ਬਿਹਤਰ ਤਨਖ਼ਾਹਾਂ ਜਾਂ ਜ਼ਿੰਮੇਵਾਰ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ। ‘ਪ੍ਰੈੱਸ ਟਰੱਸਟ ਆਫ ਇੰਡੀਆ’ ਦੀ ਜੁਲਾਈ 2022 ਦੀ ਇੱਕ ਰਿਪੋਰਟ ਦਾ ਜ਼ਿਕਰ ਕਰ ਰਿਹਾ ਹਾਂ: ਮਿਜ਼ੋਰਮ ਵਿੱਚ ਕਾਮਿਆਂ ਦੇ ਪੱਖ ਤੋਂ ਮਹਿਲਾਵਾਂ ਤੇ ਪੁਰਸ਼ਾਂ ਦਾ ਅਨੁਪਾਤ ਸਭ ਤੋਂ ਵੱਧ 70.9 ਫ਼ੀਸਦੀ ਹੈ ਜਿਨ੍ਹਾਂ ਵਿੱਚੋਂ ਕਈ ਵਿਧਾਇਕ, ਸੀਨੀਅਰ ਅਧਿਕਾਰੀ ਤੇ ਮੈਨੇਜਰ ਹਨ। ਇਸ ਤੋਂ ਬਾਅਦ ਸਿੱਕਿਮ (48.2 ਫ਼ੀਸਦੀ) ਤੇ ਫਿਰ ਮਨੀਪੁਰ (45.1 ਫ਼ੀਸਦੀ) ਦਾ ਨੰਬਰ ਆਉਂਦਾ ਹੈ।

ਮੀਜ਼ੋ ਲੋਕਾਂ ਦੀ ਸਮਾਜਿਕ ਤਰੱਕੀ ਕਈ ਪੈਮਾਨਿਆਂ ਤੋਂ ਹੈਰਾਨੀਜਨਕ ਹੈ ਜੋ ਕਿ ਉਨ੍ਹਾਂ ਦੀ ਭੂਗੋਲਿਕ ਸਥਿਤੀ ਦੇ ਵੀ ਉਲਟ ਹੈ ਅਤੇ ਬਾਗ਼ੀਆਂ ਤੇ ਰਾਜ ਦਰਮਿਆਨ ਕਈ ਸਾਲਾਂ ਦੀ ਵਹਿਸ਼ੀ ਹਿੰਸਾ ਦੇ ਬਾਵਜੂਦ ਅਜਿਹਾ ਹੋਇਆ ਹੈ। ਜਿਸ ਚਹਿਲ-ਪਹਿਲ ਵਾਲੇ ਤੇ ਸ਼ਾਂਤੀਪੂਰਨ ਆਇਜ਼ੌਲ ਸ਼ਹਿਰ ’ਚ ਮੈਂ ਹੁਣ ਘੁੰਮਦਿਆਂ ਗੱਲਾਂ-ਬਾਤਾਂ ਕਰ ਰਿਹਾ ਹਾਂ, ਉਹ ਕਿਸੇ ਵੇਲੇ ਅਜਿਹਾ ਪਹਿਲਾ ਭਾਰਤੀ ਕਸਬਾ ਸੀ ਜਿੱਥੇ ਭਾਰਤੀ ਹਵਾਈ ਸੈਨਾ ਨੇ ਹੱਲਾ ਬੋਲਿਆ ਸੀ।

ਇਹ 1966 ਦੀ ਬਸੰਤ ’ਚ ਹੋਇਆ, ਜਦ ਇੱਕ ਹਥਿਆਰਬੰਦ ਸੰਗਠਨ, ਮੀਜ਼ੋ ਨੈਸ਼ਨਲ ਫਰੰਟ (ਐੱਮਐੱਨਐਫ) ਨੇ ਭਾਰਤ ਸਰਕਾਰ ਵਿਰੁੱਧ ਬਗ਼ਾਵਤ ਕਰ ਦਿੱਤੀ। ਫਰੰਟ ਦੀ ਅਗਵਾਈ ਕਿਸੇ ਵੇਲੇ ਅਕਾਊਂਟੈਂਟ ਰਹਿ ਚੁੱਕੇ ਲਾਲਡੇਂਗਾ ਕਰ ਰਹੇ ਸਨ ਜੋ ਮਿਜ਼ੋਰਮ ਦੇ ਪਹਾੜੀ ਇਲਾਕਿਆਂ ’ਚ ਕੁਝ ਸਾਲ ਪਹਿਲਾਂ ਪਏ ਕਾਲ ਤੋਂ ਕਾਫ਼ੀ ਦੁਖੀ ਸਨ, ਜਦ ਵਿਆਪਕ ਪੱਧਰ ’ਤੇ ਫੈਲ ਚੁੱਕੀ ਭੁੱਖਮਰੀ ਪ੍ਰਤੀ ਨਵੀਂ ਦਿੱਲੀ ’ਚ ਬੈਠੀ ਸਰਕਾਰ ਨੇ ਕੋਈ ਢੁੱਕਵਾਂ ਹੁੰਗਾਰਾ ਨਹੀਂ ਸੀ ਭਰਿਆ। ਇਹ ਸੋਚ ਕੇ, ਕਿ ਭਾਰਤ ’ਚ ਰਹਿੰਦਿਆਂ ਮੀਜ਼ੋ ਲੋਕਾਂ ਦਾ ਭਵਿੱਖ ਰੌਸ਼ਨ ਨਹੀਂ ਹੈ, ਲਾਲਡੇਂਗਾ ਨੇ ਪੂਰਬੀ ਪਾਕਿਸਤਾਨ ਦੀ ਫ਼ੌਜੀ ਸਰਕਾਰ ਨਾਲ ਹੱਥ ਮਿਲਾ ਲਿਆ ਜਿਸ ਨੇ ਉਸ ਨੂੰ ਹਥਿਆਰ ਤੇ ਹੋਰ ਵਿੱਤੀ ਮਦਦ ਦਾ ਭਰੋਸਾ ਦਿੱਤਾ। ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਕੈਂਪ ਤਿਆਰ ਕੀਤੇ ਗਏ ਜਿੱਥੇ ਨੌਜਵਾਨ ਮੀਜ਼ੋ ਬਾਗ਼ੀਆਂ ਨੂੰ ਆਧੁਨਿਕ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਗਈ।

ਫਰਵਰੀ 1966 ’ਚ ਐੱਮਐੱਨਐਫ ਨੇ ਸਰਕਾਰੀ ਦਫ਼ਤਰਾਂ ’ਤੇ ਹੱਲਾ ਬੋਲ ਦਿੱਤਾ ਅਤੇ ਸੰਚਾਰ ਸੇਵਾਵਾਂ ’ਚ ਵਿਘਨ ਪਾਇਆ। ਉਨ੍ਹਾਂ ਐਲਾਨ ਕੀਤਾ ਕਿ ਮੀਜ਼ੋ ਲੋਕਾਂ ਨੇ ਆਪਣਾ ਇੱਕ ‘ਆਜ਼ਾਦ’ ਗਣਤੰਤਰ ਬਣਾ ਲਿਆ ਹੈ। ਬਾਗ਼ੀਆਂ ਨੇ ਇੱਕ ਕਸਬੇ ਲੰਗਲੇਹ ਉੱਤੇ ਕਬਜ਼ਾ ਕਰ ਲਿਆ ਤੇ ਆਇਜ਼ੌਲ ’ਤੇ ਵੀ ਕਬਜ਼ੇ ਦੀ ਜ਼ੋਰਦਾਰ ਕੋਸ਼ਿਸ਼ ਹੋਣ ਲੱਗੀ। ਭਾਰਤ ਸਰਕਾਰ ਨੇ ਵੱਡੀ ਗਿਣਤੀ ’ਚ ਫ਼ੌਜ ਭੇਜੀ ਤੇ ਨਾਲ ਹੀ ਹਵਾਈ ਫ਼ੌਜ ਵੀ। ਇਸ ਦੇ ਬਾਵਜੂਦ ਬਾਗ਼ੀ ਜੰਮ ਕੇ ਲੜੇ ਤੇ ਆਖ਼ਰ ਟਕਰਾਅ ਖ਼ਤਮ ਕਰਾਉਣ ਤੇ ਸਮਝੌਤਾ ਹੋਣ ਵਿੱਚ ਦੋ ਦਹਾਕੇ ਲੱਗ ਗਏ ਜਿਸ ’ਚ ਲਾਲਡੇਂਗਾ ਖ਼ੁਦਮੁਖਤਿਆਰ ਮੀਜ਼ੋ ਮੁਲਕ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨ ਦੀ ਬਜਾਏ ਆਖ਼ਰ ਭਾਰਤ ਦੇ ਮਿਜ਼ੋਰਮ ਸੂਬੇ ਦੇ ਮੁੱਖ ਮੰਤਰੀ ਬਣ ਗਏ। ਆਇਜ਼ੌਲ ’ਚ ਵਿਦਿਆਰਥੀਆਂ ਦੇ ਜਿਨ੍ਹਾਂ ਬਜ਼ੁਰਗਾਂ ਅਤੇ ਮਾਪਿਆਂ ਨਾਲ ਮੇਰੀ ਗੱਲਬਾਤ ਹੋਈ, ਉਨ੍ਹਾਂ ਵਿੱਚੋਂ ਕਈਆਂ ਨੇ ਹਿੰਸਾ ਦਾ ਉਹ ਦੌਰ ਦੇਖਿਆ ਹੋਵੇਗਾ, ਘਰੋਂ ਭੱਜੇ ਹੋਣਗੇ ਤੇ ਜੰਗਲਾਂ ਵਿੱਚ ਸ਼ਰਨ ਲਈ ਹੋਵੇਗੀ। ਇਨ੍ਹਾਂ ਵਿੱਚੋਂ ਕਈ ਬਾਗ਼ੀਆਂ ਤੇ ਸਰਕਾਰ ਵਿਚਾਲੇ ਚੱਲੀ ਗੋਲੀ ’ਚ ਵੀ ਫਸੇ ਹੋਣਗੇ। ਸਮਝੌਤੇ ਤੋਂ ਬਾਅਦ ਜਿਸ ਤਰ੍ਹਾਂ ਮੀਜ਼ੋ ਲੋਕਾਂ ਨੇ ਤੇਜ਼ੀ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਨਵੇਂ ਸਿਰਿਓਂ ਸੰਵਾਰਿਆ, ਇਹ ਉਨ੍ਹਾਂ ਦੀ ਲਿਆਕਤ ਤੇ ਦਲੇਰੀ ਦਾ ਸਬੂਤ ਹੈ।

ਦੁੱਖ ਲੋਕਾਂ ਨੂੰ ਬਦਲੇਖੋਰ ਬਣਾ ਸਕਦਾ ਹੈ, ਆਪਣੇ ’ਤੇ ਝੱਲੀਆਂ ਤਕਲੀਫ਼ਾਂ ਦਾ ਉਹ ਦੂਜਿਆਂ ਤੋਂ ਬਦਲਾ ਲੈਣ ਬਾਰੇ ਸੋਚ ਸਕਦੇ ਹਨ। ਵੰਡ ਦੇ ਸ਼ਰਨਾਰਥੀਆਂ ਅਤੇ ਯਹੂਦੀ ਪੀੜਤਾਂ ਦੀਆਂ ਕਈ ਪੀੜ੍ਹੀਆਂ ਦਾ ਲੰਮਾ ਸਮਾਂ ਇਹੀ ਸੱਚ ਰਿਹਾ ਹੈ ਪਰ ਮੀਜ਼ੋ ਲੋਕਾਂ ਦੇ ਆਪਣੇ ਇਤਿਹਾਸ ਨੇ ਹੀ ਉਨ੍ਹਾਂ ਨੂੰ ਦੂਜਿਆਂ ਦੇ ਦੁੱਖ ਪ੍ਰਤੀ ਡੂੰਘੀ ਹਮਦਰਦੀ ਵਾਲਾ ਨਜ਼ਰੀਆ ਦਿੱਤਾ ਹੈ। ਜਿਸ ਢੰਗ ਨਾਲ ਉਨ੍ਹਾਂ ਨੇ ਮਿਆਂਮਾਰ ਤੇ ਬੰਗਲਾਦੇਸ਼ ’ਚ ਦਮਨ ਦੇ ਪੀੜਤਾਂ, ਆਪਣੇ ਵਰਗੇ ਕਈ ਇਸਾਈਆਂ, ਪਰ ਨਾਲ ਹੀ ਕੁਝ ਬੋਧੀਆਂ ਦਾ ਵੀ ਸਵਾਗਤ ਕੀਤਾ, ਉਹ ਇਸ ਦੀ ਮੂੰਹੋਂ ਬੋਲਦੀ ਮਿਸਾਲ ਹੈ। ਹਾਲ ਹੀ ਵਿੱਚ ਮੀਜ਼ੋ ਲੋਕਾਂ ਨੇ ਮਨੀਪੁਰ ’ਚ ਜਾਤੀ ਹਿੰਸਾ ਤੋਂ ਬਚ ਕੇ ਆਏ ਕੁਕੀ ਸਮਾਜ ਦੇ ਮੈਂਬਰਾਂ ਦਾ ਬੋਝ ਵੀ ਉਦਾਰਤਾ ਨਾਲ ਢੋਹਿਆ ਹੈ ਅਤੇ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਸਨ ਉਨ੍ਹਾਂ ਨੂੰ ਆਪਣੇ ਸਿਰ ਲਿਆ ਹੈ।

ਇੱਕ ਉਮਦਾ ਰਸਾਲੇ ‘ਗਰਾਸਰੂਟਜ਼ ਔਪਸ਼ਨਜ਼’ ’ਚ ਹਾਲ ਹੀ ਵਿੱਚ ਛਪੇ ਲੇਖ ’ਚ ਮੀਜ਼ੋ ਜੀਵਨ ਦੀ ਭਾਈਚਾਰਕ ਭਾਵਨਾ ਦਾ ਸਿਹਰਾ ਰਵਾਇਤੀ ‘ਝੂਮ’ ਖੇਤੀਬਾੜੀ ਦੀ ਵਿਰਾਸਤ ਨੂੰ ਦਿੱਤਾ ਗਿਆ ਹੈ ਜਿਸ ਵਿੱਚ ਪਹਿਲਾਂ ਦਰੱਖਤਾਂ ਤੇ ਹੋਰ ਬਨਸਪਤੀਆਂ ਨੂੰ ਕੱਟ ਕੇ ਸਾੜ ਦਿੱਤਾ ਜਾਂਦਾ ਹੈ ਤੇ ਸਾਫ਼ ਕੀਤੀ ਗਈ ਭੂਮੀ ਨੂੰ ਪੁਰਾਣੇ ਸੰਦਾਂ ਨਾਲ ਵਾਹ ਕੇ ਬਿਜਾਈ ਕਰ ਦਿੱਤੀ ਜਾਂਦੀ ਹੈ। ਇਹ ਖੇਤੀ ਇੱਕ ਨਿਰਧਾਰਿਤ ਸਮੇਂ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਦੀ ਇਹ ਪ੍ਰਕਿਰਿਆ ਉਨ੍ਹਾਂ ਲਈ ਗੁਜ਼ਾਰੇ ਤੇ ਰੁਜ਼ਗਾਰ ਦਾ ਮੁੱਖ ਸਾਧਨ ਹੈ। ਇਸ ’ਚ ਪਰਿਵਾਰ ਇੱਕ-ਦੂਜੇ ਦਾ ਸਾਥ ਦਿੰਦੇ ਹਨ, ‘ਝੂਮ’ ਖੇਤੀ ਦੀ ਪ੍ਰਕਿਰਿਆ ਨੇ ਲੋਕਾਂ ਦੀ ਇੱਕ-ਦੂਜੇ ਤੇ ਕੁਦਰਤ ਨਾਲ ਸਮਾਜਿਕ ਨੇੜਤਾ ਕਾਇਮ ਕੀਤੀ ਹੈ। ਇਹ ਸਾਰੀਆਂ ਸਾਂਝੀਆਂ ਕਦਰਾਂ-ਕੀਮਤਾਂ ਤੇ ਵਿਚਾਰ ਆਖ਼ਰਕਾਰ ਸਮਾਜਿਕ ਵਿਹਾਰ ਦੇ ਜ਼ਾਬਤੇ ’ਚ ਬਦਲ ਗਏ ਹਨ। ਇਸ ਜ਼ਾਬਤੇ ਲਈ ਮੀਜ਼ੋ ਸ਼ਬਦ ‘ਤਲਵਮਨਗੈਹਨਾ’ ਵਰਤਿਆ ਜਾਂਦਾ ਹੈ, ‘ਗਰਾਸਰੂਟ ਔਪਸ਼ਨਜ਼’ ਰਸਾਲੇ ਮੁਤਾਬਿਕ ਇਸ ਦਾ ਤਰਜਮਾ ਹੈ- ‘ਸੇਵਾ ਕਰਦਿਆਂ ਹਰ ਹਾਲ ਕਿਸੇ ਵੀ ਸਥਿਤੀ ਵਿੱਚ ਨਿਮਰਤਾ ਰੱਖਣੀ, …ਵਿਸ਼ੇਸ਼ ਤੌਰ ’ਤੇ ਲੋੜਵੰਦ, ਬਿਮਾਰ, ਅਪੰਗ ਤੇ ਕਿਸੇ ਵਿਧਵਾ ਦੀ ਮਦਦ ਕਰਦਿਆਂ।’

ਮੀਜ਼ੋ ਲੋਕਾਂ ਦਾ ਭਾਈਚਾਰਕ ਚਰਿੱਤਰ ਖੇਤਰ ’ਚ ਇਸਾਈ ਮੱਤ ਦੇ ਆਉਣ ਤੋਂ ਪਹਿਲਾਂ ਦਾ ਹੈ। ਮਗਰੋਂ ਜ਼ਿਆਦਾਤਰ ਚਰਚ ਨੇ ਮਿਲ ਕੇ ਕੰਮ ਕਰਨ ਦੀ ਇਸ ਭਾਵਨਾ ਨੂੰ ਪਕੇਰਾ ਹੀ ਕੀਤਾ। ਹਾਲਾਂਕਿ ਇਹ ਸਲਾਹੁਣਯੋਗ ਨਿਸਵਾਰਥ ਭਾਵਨਾ ਕਈ ਮੌਕਿਆਂ ’ਤੇ ਬੇਲੋੜੇ ਨੈਤਿਕਤਾਵਾਦ ਵਿੱਚ ਵੀ ਬਦਲ ਗਈ। ਪਾਦਰੀਆਂ ਦੇ ਗੁੱਸੇ ਤੋਂ ਡਰਦਿਆਂ ਕਈ ਰਾਜ ਸਰਕਾਰਾਂ ਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕੀਤੀਆਂ ਜਿਸ ਨੇ ਨਾਜਾਇਜ਼ ਤੇ ਨਕਲੀ ਸ਼ਰਾਬ ਦੀ ਮਹਾਮਾਰੀ ਨੂੰ ਜਨਮ ਦਿੱਤਾ। ਅਜਿਹੇ ਸੱਭਿਆਚਾਰ ’ਚ, ਜਿੱਥੇ ਰਵਾਇਤੀ ਤੌਰ ’ਤੇ ਘਰਾਂ ਵਿੱਚ ਹੀ ਸ਼ਰਾਬ ਕੱਢੀ ਜਾਂਦੀ ਸੀ, ਤੇ ਪਰਹੇਜ਼ ਨੂੰ ਨੈਤਿਕ ਜਾਂ ਅਧਿਆਤਮਕ ਸੁਧਾਰ ਨਾਲ ਬਹੁਤ ਘੱਟ ਜੋੜਿਆ ਜਾਂਦਾ ਸੀ, ਉੱਥੇ ਸਰਕਾਰ ਵੱਲੋਂ ਸੰਕੋਚ ਦੇ ਹੁਕਮ ਜਾਰੀ ਕਰਨਾ ਪੁੱਠਾ ਸਾਬਿਤ ਹੋਇਆ। ਇਸ ਨੇ ਸਰਕਾਰੀ ਖ਼ਜ਼ਾਨੇ ਦਾ ਵੀ ਵੱਡਾ ਨੁਕਸਾਨ ਕੀਤਾ। ਕਾਨੂੰਨੀ ਢੰਗ ਨਾਲ ਕੱਢੀ ਜਾਂ ਪੀਤੀ ਸ਼ਰਾਬ ’ਤੇ ਲਾਇਆ ਟੈਕਸ ਮਿਜ਼ੋਰਮ ਦੀਆਂ ਖ਼ਸਤਾਹਾਲ ਸੜਕਾਂ ਨੂੰ ਸੁਧਾਰਨ ’ਚ ਸ਼ਾਇਦ ਹੀ ਕੋਈ ਵੱਡੀ ਭੂਮਿਕਾ ਅਦਾ ਕਰ ਸਕੇ।

ਰੋਕਾਂ ਤੋਂ ਵੱਖ, ਮਿਜ਼ੋਰਮ ਦੇ ਮੇਰੇ ਦੌਰੇ ਨੇ ਉਸ ਰਾਜ ਦੇ ਲੋਕਾਂ ਲਈ ਮੇਰੇ ਸਨੇਹ ਨੂੰ ਨਵਾਂ ਅਰਥ ਦਿੱਤਾ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਮੈਂ ਸਿਰਫ਼ ਇਸ ਦੇ ਇਤਿਹਾਸ ਤੇ ਪਰਵਾਸੀਆਂ ਰਾਹੀਂ ਹੀ ਜਾਣਦਾ ਸੀ। ਦੁੱਖ ਦੀ ਗੱਲ ਹੈ ਕਿ ਉੱਤਰ-ਪੂਰਬ ਦੇ ਬਾਕੀ ਰਾਜਾਂ ਵਾਂਗ ਮਿਜ਼ੋਰਮ ਨੂੰ ਵੀ ਸਾਡੇ ਗਣਤੰਤਰ ਦੇ ਇਤਿਹਾਸ ’ਚ ਬਹੁਤ ਘੱਟ ਕਰਕੇ ਗਿਣਿਆ ਜਾਂਦਾ ਹੈ। ਨਵੀਂ ਦਿੱਲੀ ’ਚ ਰਹੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਅਣਗੌਲਿਆਂ ਹੀ ਕੀਤਾ ਜਿਸ ਦਾ ਅੰਸ਼ਕ ਜਾਂ ਵੱਡੇ ਰੂਪ ’ਚ ਕਾਰਨ ਇੱਥੇ ਬਹੁਤ ਘੱਟ ਲੋਕ ਸਭਾ ਸੀਟਾਂ ਦਾ ਹੋਣਾ ਹੈ। ਫਿਰ ਵੀ ‘ਮੁੱਖ ਭੂ-ਭਾਗ’ ’ਚ ਰਹਿੰਦੇ ਸਾਡੇ ਵਰਗੇ, ਮੀਜ਼ੋ ਲੋਕਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ- ਜਿਵੇਂ ਕਿ ਉਨ੍ਹਾਂ ਦੀ ਭਾਈਚਾਰਕ ਭਾਵਨਾ, ਹਾਰ ਤੇ ਹਤਾਸ਼ਾ ’ਚੋਂ ਉੱਭਰਨ ਦੀ ਸਮਰੱਥਾ, ਜਾਤੀ ਭੇਦ-ਭਾਵ ਤੋਂ ਦੂਰੀ ਅਤੇ ਆਪਣੀਆਂ ਮਹਿਲਾਵਾਂ ਲਈ ਮੁਕਾਬਲਤਨ ਉੱਚਾ ਦਰਜਾ, ਜ਼ਿੰਦਗੀ ਤੇ ਸੰਗੀਤ ਲਈ ਉਨ੍ਹਾਂ ਦਾ ਪਿਆਰ।

ਈ-ਮੇਲ: ramchandraguha@yahoo.in



News Source link
#ਕਝ #ਦਨ #ਮਜਆ #ਦ #ਸਗ

- Advertisement -

More articles

- Advertisement -

Latest article