27.4 C
Patiāla
Thursday, May 9, 2024

ਦੋਮੇਲ – Punjabi Tribune

Must read


ਸ਼ਮਸ਼ੇਰ ਸਿੰਘ ਡੂਮੇਵਾਲ

ਬਸੋਏ ਦੇ ਨਾਮ ਹੇਠ ਪ੍ਰਚੱਲਿਤ ਵਿਸਾਖੀ ਦੇ ਮੁਕੱਦਸ ਦਿਹਾੜੇ ਦੋਮੇਲ ਦੇ ਪੱਤਣ ’ਤੇ ਪੁਆਧ ਦਾ ਭਾਰੀ ਮੇਲਾ ਭਰਿਆ ਹੋਇਆ ਸੀ। ਤੜਕਸਾਰ ਤੋਂ ਮੇਲੇ ਜਾਣ ਲਈ ਤਿਆਰ ਹੋਈ ਪੱਕੋ ਨੂੰ ਉਸ ਦੀ ਮਾਂ ਨੇ ਤਮਾਮ ਕੁੜੀਆਂ ’ਚੋਂ ਸਭ ਤੋਂ ਵੱਡੀ ਕੁੜੀ ਨਸੀਬੋ ਨਾਲ ਇਹ ਕਹਿ ਕੇ ਤੋਰਿਆ ਸੀ ਕਿ ਉਹ ਮੇਲੇ ’ਚ ਨਸੀਬੋ ਦੇ ਨਾਲ ਹੀ ਰਹੇ। ਮਾਂ ਨੇ ਨਸੀਬੋ ਨੂੰ ਕਿਹਾ ਸੀ ਕਿ ਉਹ ਪਹਿਲੀ ਵਾਰ ਬਸੋਏ ਦੇ ਮੇਲੇ ’ਤੇ ਜਾ ਰਹੀ ਸ਼ਰਮੀਲੀ ਪੱਕੋ ਦਾ ਉਚੇਚਾ ਧਿਆਨ ਰੱਖੇ। ਭਰੇ ਮੇਲਿਆਂ ’ਚੋਂ ਸਾਥ ਤੋਂ ਵਿਛੜੇ ਸੌਖੇ ਕੀਤਿਆਂ ਮੁੜ ਨਾਲ ਨਹੀਂ ਮਿਲਦੇ। ਨਸੀਬੋ ਦੇ ਕਾਫ਼ਲੇ ’ਚ ਪੱਕੋ ਤੋਂ ਬਿਨਾਂ ਬੰਤੋ, ਛਿੰਦੋ, ਜੀਤੋ, ਮੀਤੋ, ਕ੍ਰਿਸ਼ਨਾ ਆਦਿ ਸਣੇ ਦਰਜਨ ਭਰ ਸੁੱਘੜ ਸਿਆਣੀਆਂ ਕੁੜੀਆਂ ਸ਼ਾਮਿਲ ਸਨ ਪਰ ਅੱਲ੍ਹੜ ਤੇ ਮਲੂਕੜੀ ਜਿਹੀ ਪੱਕੋ ਸਭਨਾਂ ਤੋਂ ਛੋਟੀ ਸੀ।

ਰਾਤ ਭਰ ਤੋਂ ਢਾਣੀਆਂ ਬੰਨ੍ਹ-ਬੰਨ੍ਹ ਆ ਰਹੇ ਲੋਕਾਂ ਨਾਲ ਮੇਲਾ ਪੂਰਾ ਭਰ ਚੁੱਕਿਆ ਸੀ। ਸੱਜ ਵਿਆਹੀ ਦੇ ਡੋਲੇ ਵਾਂਗੂੰ ਸ਼ਿੰਗਾਰੀਆਂ ਬੈਲ ਗੱਡੀਆਂ ’ਚ ਬੈਠ ਕੇ ਔਰਤਾਂ ਗੀਤ ਗਾਉਂਦੀਆਂ ਆ ਰਹੀਆਂ ਸਨ। ਗੀਤਾਂ ਦੇ ਨਾਲ ਨਾਲ ਬੱਲਦਾਂ ਦੇ ਗਲ ਪਈਆਂ ਘੰਟੀਆਂ ਦੀ ਛਣਕਾਰ ਸੁਰ-ਸੰਗੀਤ ਦੇ ਸਾਂਝੇ ਤੇ ਨਵੇਂ ਨਗਮੇਂ ਸਿਰਜ ਰਹੀ ਸੀ। ਕੁੰਢੀਆਂ ਮੁੱਛਾਂ ਤੇ ਧੂਹਵੇਂ ਚਾਦਰਿਆਂ ਵਾਲੇ ਗੱਭਰੂਆਂ ਦੇ ਜੁੱਟ ਬੋਲੀਆਂ ਪਾਉਂਦੇ ਤੇ ਦਮਾਮੇ ਮਾਰਦੇ ਮੇਲੇ ਵੱਲ ਨੂੰ ਵਧ ਰਹੇ ਸਨ। ਕੋਈ ਟਾਵਾਂ-ਟਾਵਾਂ ਗੱਭਰੂ ਬੋਤੇ ਨੂੰ ਸ਼ਿੰਗਾਰ ਕੇ ਮੇਲੇ ਜਾ ਰਿਹਾ ਸੀ। ਲੰਮਾ ਪੰਧ ਪੈਦਲ ਸਰ ਕਰਕੇ ਨਸੀਬੋ ਦੀ ਅਗਵਾਈ ਵਾਲਾ ਕੁੜੀਆਂ ਦਾ ਇਹ ਕਾਫ਼ਲਾ ਵੀ ਮੇਲੇ ’ਚ ਆ ਸ਼ਾਮਿਲ ਹੋਇਆ।

ਨਸੀਬੋ ਸਮੁੱਚੀ ਵਾਟ ਕੁੜੀਆਂ ਨੂੰ ਮੇਲੇ ਦਾ ਮਹਾਤਮ ਸਮਝਾਉਂਦਿਆਂ ਇਹ ਦੱਸਦੀ ਆਈ ਸੀ ਕਿ ਹਿਮਾਲਿਆ ਦੇ ਪਰਬਤਾਂ ਦੀ ਕੁੱਖੋਂ ਜੰਮੀ ਸੁਆਂ ਨਦੀ ਜਿਸ ਥਾਂ ’ਤੇ ਆ ਕੇ ਸਤਲੁਜ ਦਰਿਆ ਵਿੱਚ ਮਿਲਦੀ ਹੈ, ਉਸ ਨੂੰ ਦੋਮੇਲ ਆਖਿਆ ਜਾਂਦਾ ਹੈ। ਹਰ ਵਰ੍ਹੇ ਵਿਸਾਖੀ ਦੇ ਦਿਨ ਇੱਥੇ ਭਰਨ ਵਾਲੇ ਮੇਲੇ ਨੂੰ ਲੋਕ ਬਸੋਆ ਆਖਦੇ ਹਨ ਅਤੇ ਦੋਮੇਲ ਦੇ ਪਾਣੀ ’ਚ ਇਸ਼ਨਾਨ ਕਰਦੇ ਹਨ। ਕਹਿੰਦੇ ਹਨ ਜੋ ਪਾਣੀ ਹਿਮਾਲਿਆ ਦੇ ਪਹਾੜਾਂ ’ਚੋਂ ਨਿਕਲਦਾ ਹੈ, ਉਹ ਅਨੇਕ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਦਾ ਅਸਰ ਆਪਣੇ ਨਾਲ ਲੈ ਕੇ ਆਉਂਦਾ ਹੈ। ਇਸ ਮਿੱਟੀ ਰੰਗੇ ਪਾਣੀ ਨਾਲ ਨਹਾਉਣ ’ਤੇ ਅਨੇਕਾਂ ਸਰੀਰਕ ਰੋਗਾਂ, ਖ਼ਾਸ ਕਰਕੇ ਖੁਰਕ ਤੋਂ ਮੁਕਤੀ ਮਿਲਦੀ ਹੈ। ਸਿਆਣੇ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਬਸੋਏ ’ਤੇ ਦੋਮੇਲ ਨਹਾ ਕੇ ਗੰਗਾ ਇਸ਼ਨਾਨ ਦੇ ਬਰਾਬਰ ਫਲ ਪ੍ਰਾਪਤ ਹੁੰਦਾ ਹੈ।

ਨਸੀਬੋ ਦੀ ਜ਼ੁਬਾਨੀ ਸੁਣੀਆਂ ਇਨ੍ਹਾਂ ਗੱਲਾਂ ਬਾਰੇ ਸੋਚਦਿਆਂ ਦੋਮੇਲ ਦੇ ਪੱਤਣ ’ਤੇ ਖੜ੍ਹੀ ਪੱਕੋ ਸਮੁੱਚਾ ਨਜ਼ਾਰਾ ਅੱਖਾਂ ਸਾਹਵੇਂ ਪ੍ਰਤੱਖ ਤੱਕ ਰਹੀ ਸੀ। ਸੱਚਮੁੱਚ ਹੀ ਇੱਕ ਕੂਟ ’ਚੋਂ ਵਗਦੀ ਆਉਂਦੀ ਮਿੱਟੀ ਰੰਗੀ ਸੁਆਂ ਨਦੀ ਆ ਕੇ ਦੂਜੀ ਕੂਟ ’ਚੋਂ ਵਹਿੰਦੇ ਆਉਂਦੇ ਸਤਲੁਜ ਦੇ ਚਾਂਦੀ ਰੰਗੇ ਪਾਣੀ ਦੇ ਆਗੋਸ਼ ’ਚ ਅਭੇਦ ਹੋ ਰਹੀ ਸੀ। ਬੜਾ ਅਜੀਬ ਤੇ ਗਨੀਵ ਨਜ਼ਾਰਾ ਸੀ ਕਿ ਦੋ ਪ੍ਰਕਾਰ ਦੇ ਪਾਣੀਆਂ ਦਾ ਦੋਮੇਲ ਹੋਣ ਦੇ ਬਾਵਜੂਦ ਦੂਰ-ਦੁਰਾਡੇ ਤੱਕ ਇੱਕ ਕਿਨਾਰੇ ਚਾਂਦੀ ਰੰਗਾ ਤੇ ਦੂਜੇ ਕਿਨਾਰੇ ਮਿੱਟੀ ਰੰਗਾ ਪਾਣੀ ਆਪੋ-ਆਪਣੀ ਮੜ੍ਹਕ ਨਾਲ ਸਾਂਝੇ ਰੂਪ ’ਚ ਵਗ ਰਿਹਾ ਸੀ।

ਭਰੇ ਮੇਲੇ ਅੰਦਰ ਦੋਮੇਲ ਕਿਨਾਰੇ ਵੰਨ-ਸੁਵੰਨੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੇ ਆਰਜ਼ੀ ਬਾਜ਼ਾਰ ਸਥਾਪਤ ਕੀਤਾ ਹੋਇਆ ਸੀ। ਉਨ੍ਹਾਂ ਆਪੋ-ਆਪਣੀ ਵਿਕਰੀ ਦੀ ਪ੍ਰਸਿੱਧੀ ਕਰਨ ਲਈ ਪੂਰਾ ਸ਼ੋਰ ਮਚਾਇਆ ਹੋਇਆ ਸੀ। ਰੁੱਤ ਦਾ ਮੇਵਾ ਲੁਕਾਟ ਟੋਕਰੇ ਭਰ-ਭਰ ਵਿਕ ਰਿਹਾ ਸੀ। ਪਿਉਂਦੀ ਬੇਰਾਂ ਦੇ ਢੇਰ ਲੱਗੇ ਸਨ। ਮੇਲੇ ਤੋਂ ਮੁੜਦੇ ਲੋਕ ਘੁਮਿਆਰਾਂ ਦੇ ਤਾਜ਼ੇ ਬਣਾਏ ਮਿੱਟੀ ਦੇ ਘੜਿਆਂ ਦੇ ਲੱਗੇ ਢੇਰਾਂ ਤੋਂ ਖਰੀਦਦਾਰੀ ਕਰ ਰਹੇ ਸਨ। ਅਤਿ ਗਰਮੀ ਦੇ ਅਗਲੇ ਚਾਰ ਮਹੀਨਿਆਂ ਦੀ ਤਪਸ਼ ’ਚ ਹਿਰਦਾ ਠਾਰਨ ਲਈ ਇਨ੍ਹਾਂ ਕੋਰੇ ਤੇ ਕੱਚੇ ਘੜਿਆਂ ਨੇ ਹੀ ਲੋਕਾਂ ਲਈ ਸਹਾਈ ਹੋਣਾ ਸੀ। ਇੱਕ ਬੰਨੇ ਬੈਲ ਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਸਨ ਤੇ ਦੂਜੇ ਬੰਨੇ ਹਾੜੀ ਸੰਭਾਲ ਕੇ ਮੇਲੇ ਪੁੱਜੇ ਜੱਟ

ਢੋਲ ਦੇ ਡਗੇ ’ਤੇ ਭੰਗੜੇ ਅਤੇ ਪੁਆਧੀ ਭਾਸ਼ਾ ’ਚ ਬੋਲੀਆਂ ਪਾ ਰਹੇ ਸਨ। ਕੁਝ ਲੋਕ ਇੱਕ ਬੰਦੇ ਕੋਲੋਂ ਬਾਹਾਂ ’ਤੇ ਨਾਂ ਖੁਣਵਾ ਰਹੇ ਸਨ। ਉਸ ਦੇ ਨਾਲ ਬੈਠਾ ਦੂਜਾ ਬੰਦਾ ਸੋਨੇ ਦੇ ਦੰਦ ਚੜ੍ਹਾਉਣ ਦਾ ਹੋਕਾ ਦੇ ਕੇ ਦੰਦਾਂ ’ਚ ਪਿੱਤਲ ਚੜ੍ਹਾ ਕੇ ਕੁਫ਼ਰ ਦੀਆਂ ਮੇਖਾਂ ਜੜ੍ਹ ਰਿਹਾ ਸੀ।

ਇਸ ਮੌਕੇ ਨਸੀਬੋ ਨਾਲ ਆਈਆਂ ਕੁਝ ਕੁ ਕੁੜੀਆਂ ਤਾਂ ਦੋਮੇਲ ਵੱਲ ਹੱਥ ਮੂੰਹ ਧੋਣ ਚਲੀਆਂ ਗਈਆਂ ਤੇ ਬਾਕੀਆਂ ’ਚੋਂ ਕੁਝ ਬਲਦਾਂ ਦੀਆਂ ਦੌੜਾਂ ਵੇਖਣ ਲੱਗੀਆਂ ਅਤੇ ਰਹਿੰਦੀਆਂ ਆਲੇ-ਦੁਆਲੇ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰਨ ਬਹਿ ਗਈਆਂ। ਇੱਕ ਵਣਜਾਰੇ ਦੀਆਂ ਸਜਾਈਆਂ ਚੂੜੀਆਂ ਵੇਖਣ ਦੀ ਚਾਹਤ ਪੱਕੋ ਨੂੰ ਵੀ ਧਿੰਙੋਜ਼ੋਰੀ ਉਸ ਵੱਲ ਖਿੱਚ ਕੇ ਲੈ ਗਈ, ‘‘ਵੇ ਭਾਈ, ਕਿਵੇਂ ਲਗਾਈਆਂ ਨੇ ਆਹ ਨੀਲੀਆਂ ਚੂੜੀਆਂ ਤੂੰ?’’ ਉਸ ਨੇ ਵੰਗਾਂ ਵੱਲ ਬਾਂਹ ਵਧਾਉਂਦਿਆਂ ਵਣਜਾਰੇ ਨੂੰ ਪੁੱਛਿਆ।

‘‘ਬੀਬਾ ਸੱਤ ਰੁਪਏ ਦਰਜਣ।’’

‘‘ਵੇ ਚੜ੍ਹਾਏਂਗਾ ਦੱਸ ਕਿਵੇਂ?’’

‘‘ਛੇ ਰੁਪਏ।’’

‘‘ਨਾ ਵੇ ਭਾਈ, ਪੰਜ ਰੁਪਏ।’’

‘‘ਪੰਜ ਵਾਰਾ ਨਹੀਂ ਖਾਂਦੀਆਂ ਭੈਣੇ।’’ ਵਣਜਾਰੇ ਨੇ ਤਰਲਾ ਜਿਹਾ ਲੈਂਦਿਆਂ ਕਿਹਾ। ‘‘ਤਾਂ ਫਿਰ ਤੇਰੀ ਮਰਜ਼ੀ।’’ ਕਹਿ ਕੇ ਪੱਕੋ ਉੱਠਣ ਹੀ ਲੱਗੀ ਸੀ ਕਿ ਪਿੱਛੋਂ ਕਿਸੇ ਨੇ ਮਰਦਾਊ ਆਵਾਜ਼ ’ਚ ਕਿਹਾ, ‘‘ਉਏ ਛੇ ਹੀ ਮਿਲਜੂੰ ਗੇ ਪਰ ਚੜ੍ਹਾ ਤਾਂ ਦੇ।’’ ਪੱਕੋ ਨੇ ਪਿੱਛੇ ਮੁੜ ਕੇ ਤੱਕਿਆ ਤਾਂ ਇੱਕ ਛੈਲ ਛਬੀਲਾ ਗੱਭਰੂ। ਗਲ਼ ਕੈਂਠਾ, ਚਿੱਟਾ ਚਾਦਰਾ ਤੇ ਹੱਥ ’ਚ ਰੇਸ਼ਮੀ ਰੁਮਾਲ ਬੱਝਿਆ ਖੂੰਡਾ। ਉਹ ਸੂਹੇ ਬੁੱਲਾਂ ’ਚੋਂ ਮੁਸਕਰਾ ਰਿਹਾ ਸੀ।

ਵੇਖਦਿਆਂ ਹੀ ਪੱਕੋ ਦਾ ਗੁਲਾਬ ਵਰਗਾ ਖਿੜਿਆ ਸੂਹਾ ਚਿਹਰਾ ਕੇਸੂ ਦੇ ਫੁੱਲ ਜਿਹਾ ਪੀਲਾ ਹੋ ਗਿਆ। ਗੱਭਰੂ ਲਾਗਲੇ ਪਿੰਡ ਦਾ ਜਗਸੀਰ ਸੀ ਤੇ ਪੱਕੋ ਨੇ ਉਸ ਨੂੰ ਕਈ ਵਾਰ ਤੱਕਿਆ ਸੀ ਪਰ ਅੱਜ ਉਸ ਦੀ ਮੁਸਕਾਨ ਵੀ ਵੱਖਰੀ ਸੀ ਤੇ ਮਸ਼ਾਲ ਵਾਂਗੂੰ ਬਲਦੀਆਂ ਅੱਖਾਂ ਦਾ ਤੇਜ ਵੀ ਅਜੀਬ। ਦਿਲ ਦੀ ਤੇਜ਼ ਧੜਕਣ ਨਾਲ ਪੱਕੋ ਅਧਮੋਈ ਜਿਹੀ ਹੋ ਗਈ ਤੇ ਅਣਕਿਆਸੇ ਖ਼ੌਫ਼ ਦਾ ਸਾਇਆ ਉਸ ਦੇ ਜੇਠੀ ਪੁੰਨਿਆਂ ਵਰਗੇ ਚਿਹਰੇ ’ਤੇ ਕਾਲਖ਼ ਰੰਗੇ ਪਰਛਾਵੇਂ ਬਿਖੇਰ ਗਿਆ।

‘‘ਲਿਆ ਬੀਬੀ ਕਰ ਬਾਂਹ ਤੇਰੇ ਵੰਗਾਂ ਚੜ੍ਹਾ ਦਿਆਂ।’’ ਵਣਜਾਰੇ ਨੇ ਕਿਹਾ ਤੇ ਪੱਕੋ ਨੇ ਨਾ ਚਾਹੁੰਦਿਆਂ ਵੀ ਕੰਬਦੀ ਕਲਾਈ ਉਸ ਦੇ ਅੱਗੇ ਕਰ ਦਿੱਤੀ। ਵਣਜਾਰੇ ਨੇ ਦਰਜਣ ਵੰਗਾਂ ਦੋਹਾਂ ਬਾਹਵਾਂ ’ਚ ਚੜ੍ਹਾਈਆਂ ਤੇ ਗੱਭਰੂ ਨੇ ਕੁੜਤੇ ਦੀ ਜੇਬ ’ਚੋਂ ਛੇ ਚਾਂਦੀ ਦੇ ਸਿੱਕੇ ਕੱਢ ਕੇ ਵਣਜਾਰੇ ਦੀ ਤਲੀ ’ਤੇ ਧਰ ਦਿੱਤੇ। ਪੱਕੋ ਦੇ ਦਿਲ ਦੀ ਧੜਕਣ ਕਾਫ਼ੀ ਤੇਜ਼ ਹੋ ਗਈ ਤੇ ਉਸ ਦੀਆਂ ਬਾਹਵਾਂ ਵੰਗਾਂ ਦਾ ਵਜ਼ਨ ਸਹਿਣ ਤੋਂ ਅਸਮਰੱਥ ਸਨ।

‘‘ਕੁੜੇ ਪੱਕੋ, ਨੀ ਕਿੱਥੇ ਰਹਿ ਗਈ ਐਂ ਤੂੰ ਨਖਸਮੀਏ? ਮੈਂ ਅੱਧਾ ਮੇਲਾ ਛਾਣ ਮਾਰਿਆ ਤੂੰ ਲੱਭੀ ਕਿਤੇ ਨਾ।’’

ਅਚਾਨਕ ਆਈ ਨਸੀਬੋ ਦੀ ਬਾਜ਼ ਵਰਗੀ ਤੱਕਣੀ ਅਤੇ ਪੱਕੋ ਤੋਂ ਇਸ ਅੰਦਾਜ਼ ’ਚ ਪੁੱਛਣਾ ਆਮ ਜਿਹਾ ਨਹੀਂ ਸੀ। ਜਿਉਂ ਹੀ ਨਸੀਬੋ ਦੀਆਂ ਤੇਜ਼ਧਾਰ ਨਜ਼ਰਾਂ ਕੈਂਠੇ ਵਾਲੇ ਗੱਭਰੂ ’ਤੇ ਪਈਆਂ, ਉਹ ਮੌਕਾ ਤਾੜ ਕੇ ਇੱਕ ਬੰਨੇ ਖਿਸਕ ਗਿਆ। ਨਸੀਬੋ ਇਸ ਮੌਕੇ ਭਾਵੇਂ ਖ਼ਾਮੋਸ਼ ਸੀ ਪਰ ਉਸ ਦੀ ਖ਼ਾਮੋਸ਼ੀ ’ਚ ਵੀ ਕਈ ਤਿੱਖੇ ਸਵਾਲ ਸਨ। ਕੁਝ ਕੁ ਵਿੱਥ ਅੱਗੇ ਜਾ ਕੇ ਉਸ ਨੇ ਪੱਕੋ ਨੂੰ ਘੂਰਦਿਆਂ ਪੁੱਛਿਆ, ‘‘ਭਲਾ ਕੀ ਚੱਲ ਰਿਹਾ ਸੀ ਨੀ ਉੱਥੇ?’’

ਪੱਕੋ ਨੇ ਕੰਬਦੇ ਬੁੱਲ੍ਹਾਂ ਤੇ ਬੇਵੱਸੀ ਭਰੇ ਮਨ ਨਾਲ ਸਮੁੱਚਾ ਬਿਰਤਾਂਤ ਨਸੀਬੋ ਨੂੰ ਕਹਿ ਸੁਣਾਇਆ। ਸਾਰੀ ਵਿਥਿਆ ਧਿਆਨ ਨਾਲ ਸੁਣ ਕੇ ਉਹ ਬੋਲੀ, ‘‘ਤੂੰ ਆਹ ਕਿਉਂ ਭੁੱਲ ਗਈ ਸੀ ਕਿ ਤੇਰੀ ਬੇਬੇ ਨੇ ਤੇਰੀ ਬਾਂਹ ਮੇਰੇ ਵਿਸ਼ਵਾਸ ਦੇ ਹੱਥ ਫੜਾ ਕੇ ਤੈਨੂੰ ਮੇਲੇ ਤੋਰਿਆ ਸੀ? ਝੱਲੀਏ ਨਾ ਤਾਂ ਮੇਲੇ ਦੀਆਂ ਮੁਫ਼ਤ ਚੜ੍ਹਾਈਆਂ ਵੰਗਾਂ ਦਾ ਭਾਰ ਉਮਰ ਭਰ ਸਿਰੋਂ ਲੱਥਦਾ ਐ ਤੇ ਨਾ ਹੀ ਜ਼ਿੰਦਗੀ ਦੇ ਕੁਆਰੇ ਜਿਸਮ ’ਤੇ ਖੁੱਭੇ ਇਨ੍ਹਾਂ ਵੰਗਾਂ ਦੇ ਤਿੱਖੇ ਟੋਟਿਆਂ ਕਰਕੇ ਹੋਏ ਜ਼ਖ਼ਮਾਂ ’ਚੋਂ ਲਹੂ ਰਿਸਣੋਂ ਹਟਦੈ। ਤੂੰ ਹੋਵੇ ਜਾਂ ਮੈਂ, ਅਸੀਂ ਪੇਕਿਆਂ ਦੇ ਘਰ ਪਰਾਈਆਂ ਅਮਾਨਤਾਂ ਆਂ ਤੇ ਬਾਬਲੇ ਦੇ ਘਰ ਦੀ ਆਨ ਉੱਚੀ ਰੱਖਣਾ ਸਾਡਾ ਸਾਂਝਾ ਫਰਜ਼ ਐ। ਕੁਆਰੀ ਰੁੱਤੇ ਅੱਲ੍ਹੜਾਂ ਦੇ ਸਿਰ ਪਈ ਸੁਆਹ ਮਾਂਗ ’ਚ ਸੰਧੂਰ ਪੁਆ ਕੇ ਵੀ ਨਹੀਂ ਲੱਥਦੀ। ਸੋ ਭਾਈ, ਮੇਰੀ ਗੱਲ ਦਾ ਬੁਰਾ ਤਾਂ ਨਾ ਮਨਾਈ ਅਤੇ ਲਾਡੋ ਬਣ ਕੇ ਦੁਮੇਲ ਦੇ ਪੱਤਣ ’ਤੇ ਤੱਕੇ ਇਸ ਕੁਆਰੇ ਸੁਪਨੇ ਨੂੰ ਦੁਮੇਲ ਦੇ ਪਾਣੀ ’ਚ ਹੀ ਰੋੜ੍ਹ ਦੇ, ਜੇ ਜ਼ਿੰਦਗੀ ਦੀ ਭਲਾਈ ਚਾਹੁੰਨੀ ਐ ਤਾਂ… ਖ਼ੈਰ, ਸੂਰਜ ਡੁੱਬ ਰਿਹੈ! ਤੂੰ ਏਥੇ ਈ ਖੜੋ ਜ਼ਰਾ। ਮੈਂ ਬਾਕੀਆਂ ਨੂੰ ਲੱਭ ਕੇ ਲਿਆਉਨੀ ਆ ਹੁਣੇ।’’

ਇਹ ਕਹਿ ਕੇ ਨਸੀਬੋ ਮੁੜ ਭਰੇ ਮੇਲੇ ’ਚ ਲੋਪ ਹੋ ਗਈ। ਪੱਕੋ ਦੇ ਕੰਬਦੇ ਜਿਸਮ ਨੂੰ ਅਜੇ ਤੱਕ ਕੰਬਣੀ ਨਹੀਂ ਸੀ ਛੱਡ ਰਹੀ ਪਰ ਦਿਲ ਤੋਂ ਖ਼ੌਫ਼ ਕਾਫ਼ੂਰ ਹੋ ਚੁੱਕਾ ਸੀ। ਉਸ ਦੀ ਚੁੱਪ ਹੀ ਉਸ ਲਈ ਵੱਡੀ ਭੁੱਲ ਹੋ ਨਿੱਬੜੀ ਸੀ ਜਿਸ ਦਾ ਅਹਿਸਾਸ ਉਹ ਦਿਲੋਂ ਕਰ ਰਹੀ ਸੀ। ਇੱਕ ਪਲ ਉਸ ਨੂੰ ਪ੍ਰਤੀਤ ਹੋਇਆ ਜਿਵੇਂ ਤੇਜ਼ ਤੂਫ਼ਾਨ ਉਸ ਦੇ ਸਿਰੋਂ ਚੁੰਨੀ ਲਾਹ ਕੇ ਪੱਤਣ ਵੱਲ ਲਿਜਾ ਰਿਹਾ ਹੈ ਤੇ ਉਹ ਚੁੰਨੀ ਨੂੰ ਫੜਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਅਗਲੇ ਪਲ ਉਸ ਨੇ ਕਾਹਲੀ-ਕਾਹਲੀ ਆਪਣੀਆਂ ਬਾਹਵਾਂ ’ਚੋਂ ਵੰਗਾਂ ਉਤਾਰੀਆਂ ਤੇ ਵਗਦੇ ਡੂੰਘੇ ਪਾਣੀ ’ਚ ਵਗਾਹ ਮਾਰੀਆਂ। ਫਿਰ ਮਹਿਸੂਸ ਹੋਇਆ ਕਿ ਉਸ ਦੀ ਜ਼ਿੰਦਗੀ ਤੋਂ ਵੱਡਾ ਗੁਨਾਹ ਦਾ ਬੋਝ ਲੱਥ ਚੁੱਕਿਆ ਹੈ। ਅਚਨਚੇਤ ਹੀ ਉਹ ਕੈਂਠੇ ਵਾਲਾ ਗੱਭਰੂ ਪੱਕੋ ਨੂੰ ਉੱਥੇ ਮੁੜ ਮਿਲ ਪਿਆ ਤੇ ਬੁੱਲ੍ਹਾਂ ’ਚ ਮੁਸਕਾਉਂਦਾ ਬੋਲਿਆ, ‘‘ਅੱਜ ਦਾ ਬਸੋਆ ਤੈਨੂੰ ਮੁਬਾਰਕ ਹੋਵੇ ਪੱਕੋ! ਲੱਗਦੈ ਇਹ ਮੇਰੇ ਵਾਂਗੂੰ ਤੈਨੂੰ ਵੀ ਜ਼ਿੰਦਗੀ ਭਰ ਯਾਦ ਰਹੇਗਾ! ਤੂੰ ਯਾਦ ਰੱਖੇਂਗੀ ਨਾ? ਵਾਅਦਾ ਕਰ।’’

ਪੱਕੋ ਨੇ ਉਸ ਦੀ ਗੱਲ ਦਾ ਜੁਆਬ ਨਾ ਦਿੱਤਾ। ਗੱਭਰੂ ਉਸ ਦੀਆਂ ਸੱਖਣੀਆਂ ਬਾਹਵਾਂ ਵੱਲ ਝਾਕਦਿਆਂ ਬੋਲਿਆ, ‘‘ਕੀ ਗੱਲ ਵੰਗਾਂ ਲਾਹ ਦਿੱਤੀਆਂ, ਰੰਗ ਪਸੰਦ ਨਹੀਂ ਆਇਆ?’’

ਪੱਕੋ ਨੇ ਮੂੰਹੋਂ ਕੁਝ ਬੋਲਣ ਦੀ ਥਾਂ ਨਾਂਹ ’ਚ ਸਿਰ ਹਿਲਾਇਆ।

‘‘ਪਰ ਕਿਉਂ? ਰੰਗ ਤਾਂ ਤੂੰ ਖ਼ੁਦ ਪਸੰਦ ਕੀਤਾ ਸੀ।’’

‘‘ਰੰਗ ਤਾਂ ਉਹ ਗੂੜ੍ਹਾ ਤੇ ਪਸੰਦ ਸੀ ਪਰ ਉਹ ਬਾਪੂ ਦੀ ਪੱਗ ਤੋਂ ਫਿੱਕਾ ਸੀ। ਨਾਲੇ ਬਿਨਾਂ ਮੁੱਲ ਤਾਰਿਆਂ ਵੰਗਾਂ ਚੜ੍ਹਾਉਣੀਆਂ ਮੇਰੇ ਪਿੰਡ ਦਾ ਰਵਾਜ ਨਹੀਂ।’’ ਸੱਖਣੀਆਂ ਬਾਹਵਾਂ ਵਾਲੀ ਪੱਕੋ ਦੀ ਗੱਲ ’ਚ ਕੱਚ ਦੀਆਂ ਵੰਗਾਂ ਜਿਹੀ ਟੁਣਕਾਰ ਸੀ।

ਫਿਰ ਪੱਕੋ ਨੇ ਰੁਮਾਲ ਦੀ ਗੰਢ ਖੋਲ੍ਹੀ ਤੇ ਛੇ ਰੁਪਏ ਕੱਢ ਉਸ ਗੱਭਰੂ ਦੀ ਤਲੀ ’ਤੇ ਧਰ ਦਿੱਤੇ ਤੇ ਬੋਲੀ, ‘‘ਲੈ ਭਰਾ, ਆਹ ਸਾਂਭ ਆਪਣਾ ਕਰਜ਼। ਬੰਨੇ-ਚੰਨੇ ਮੁੰਡੇ-ਕੁੜੀਆਂ ਦੇ ਨਾਤੇ ਭੈਣ-ਭਰਾਵਾਂ ਜਿਹੇ ਹੁੰਦੇ ਐ ਪਰ ਲੇਖਾ-ਜੋਖਾ ਮਾਵਾਂ ਧੀਆਂ ਜਿਹਾ।’’ ਪੈਸੇ ਫੜਦੇ ਗੱਭਰੂ ਦੀ ਬਾਂਹ ਐਨ ਉਸੇ ਤਰ੍ਹਾਂ ਕੰਬ ਰਹੀ ਸੀ ਜਿਵੇਂ ਕੁਝ ਸਮਾਂ ਪਹਿਲਾਂ ਪੱਕੋ ਦੀ ਵੰਗਾਂ ਚੜ੍ਹਾਉਣ ਵੇਲੇ। ਉਸ ਗੱਭਰੂ ਦੇ ਮੁੱਖੜੇ ’ਤੇ ਉਹੀ ਪਰਛਾਵੇਂ ਸਨ ਜੋ ਕੁਝ ਕੁ ਪਲ ਪਹਿਲਾਂ ਪੱਕੋ ਦੇ ਮੁੱਖੜੇ ’ਤੇ ਸਨ। ਉਸ ਕੋਲ ਪੱਕੋ ਦੀ ਗੱਲ ਦਾ ਕੋਈ ਜੁਆਬ ਨਹੀਂ ਸੀ ਪਰ ਉਸ ਦੇ ਦਿਲ ਦੀ ਹਰਕਤ ਭਾਂਪਦਿਆਂ ਉਹ ਗੱਲ ਖ਼ਤਮ ਕਰ ਕੇ ਸਾਹਮਣੇ ਆ ਰਹੀਆਂ ਸਖੀਆਂ ਦੇ ਸੰਗ ਹੋ ਤੁਰੀ।

ਉਹ ਸੋਚ ਰਹੀ ਸੀ, ‘ਏਸ ਪੱਤਣ ’ਤੇ ਸੁਆਂ ਨਦੀ ਤੇ ਸਤਲੁਜ ਦਾ ਦੋਮੇਲ ਤਾਂ ਹੋ ਸਕਦੈ, ਭਰਾਵਾ ਪਰ ਤੇਰਾ ਤੇ ਮੇਰਾ ਨਹੀਂ।’

ਸੰਪਰਕ: 98723-31999



News Source link

- Advertisement -

More articles

- Advertisement -

Latest article