27.2 C
Patiāla
Sunday, May 5, 2024

ਕਿਸਾਨ ਅੰਦੋਲਨ: ਟਟਿਆਣਾ ਹੱਦ ’ਤੇ ਪੁਲੀਸ ਦਾ ਸਖ਼ਤ ਪਹਿਰਾ – Punjabi Tribune

Must read


ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ, 15 ਫਰਵਰੀ

ਘੱਗਰ ਦਰਿਆ ’ਤੇ ਲੱਗੇ ਨਾਕੇ ਉੱਤੇ ਅੱਜ ਪੂਰੀ ਤਰ੍ਹਾਂ ਤੋਂ ਸ਼ਾਂਤੀ ਰਹੀ ਅਤੇ ਇੱਕ ਵੀ ਕਿਸਾਨ ਨਾਕੇ ਤੱਕ ਨਹੀਂ ਅੱਪੜਿਆ। ਹਾਲਾਂਕਿ ਪ੍ਰਸ਼ਾਸਨ ਪਹਿਲਾਂ ਦੀ ਹੀ ਤਰ੍ਹਾਂ ਮੁਸਤੈਦ ਹੈ ਅਤੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੀ ਉਸੇ ਤਰ੍ਹਾਂ ਬਰਕਰਾਰ ਹਨ। ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਤੇ ਕਿਸਾਨਾਂ ਦੀ ਗੱਲਬਾਤ ਸਿਰੇ ਹੋ ਨਿਬੜੇਗੀ ਅਤੇ ਸਮੱਸਿਆਵਾਂ ਹੱਲ ਹੋ ਜਾਣਗੀਆਂ। ਟਟਿਆਣਾ ਹੱਦ ’ਤੇ ਕਿਸਾਨਾਂ ਦੀ ਕੋਈ ਵੀ ਗਤੀਵਿਧੀ ਨਾ ਹੋਣ ਦੇ ਬਾਵਜੂਦ ਪੁਲੀਸ ਅਤੇ ਪ੍ਰਸ਼ਾਸਨ ਦੀ ਜਬਰਦਸਤ ਨਾਕਾਬੰਦੀ ਅੱਜ ਤੀਸਰੇ ਦਿਨ ਵੀ ਜਾਰੀ ਰਹੀ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਅਤੇ ਪੈਰਾ ਮਿਲਟਰੀ ਫੋਰਸ ਨੇ ਜਵਾਨ 24 ਘੰਟੇ ਤੋਂ ਡੇਰੇ ਲਾਈ ਬੈਠੇ ਹਨ। ਇਸ ਮੌਕੇ ਨਾਕੇ ’ਤੇ ਤਾਇਨਾਤ ਡੀਸੀਪੀ ਗੋਹਾਨਾ ਐੱਮਐੱਸ ਤੋਮਰ, ਆਈਟੀਬੀਪੀ ਫੋਰਸ ਦੇ ਡੀਐੱਸਪੀ ਅਰਵਿੰਦ ਕੁਮਾਰ ਅਤੇ ਡੀਐੱਸਪੀ ਗੂਹਲਾ ਕੁਲਦੀਪ ਬੈਨੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਕਾ ਖੋਲ੍ਹਣ ਦਾ ਫ਼ੈਸਲਾ ਸਰਕਾਰ ਦਾ ਹੈ ਅਤੇ ਜਦੋਂ ਤੱਕ ਨਾਕੇ ਖੋਲ੍ਹਣ ਬਾਰੇ ਸਰਕਾਰ ਦਾ ਕੋਈ ਹੁਕਮ ਨਹੀਂ ਆਉਂਦਾ ਤੱਦ ਤੱਕ ਨਾਕੇ ਜਾਰੀ ਰਹਿਣਗੇ। ਉਥੇ ਹੀ ਦੂਜੇ ਪਾਸੇ ਇਸ ਅੰਦੋਲਨ ਕਾਰਨ ਚੀਕਾ ਸ਼ਹਿਰ ਤੋਂ ਟਟਿਆਣਾ ਹੱਦ ਅਤੇ ਉੱਥੇ ਤੋਂ ਪੰਜਾਬ ਦੇ ਰਾਮਨਗਰ ਤੱਕ ਤਿੰਨ ਪਹੀਆ ਆਟੋ ਚਾਲਕਾਂ ਨੇ ਇੱਕ ਸਵਾਰੀ ਤੋਂ 20 ਰੁਪਏ ਵਸੂਲਣਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਆਮ ਦਿਨਾਂ ਵਿੱਚ ਇਹ ਰੇਟ 5 ਰੁਪਏ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੂਹਲਾ ਦੇ ਪਿੰਡ ਕੰਹੇਡੀ ਦਾ ਇੱਕ ਆਟੋ ਚਾਲਕ ਰਾਮ ਲਾਲ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ, ਜੋ ਹੱਦ ਤੋਂ ਸਵਾਰੀਆਂ ਨੂੰ ਰਾਮ ਨਗਰ ਤੱਕ ਫ੍ਰੀ ਪਹੁੰਚਾਉਣ ਦਾ ਕਾਰਜ ਕਰ ਰਿਹਾ ਹੈ।

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ-ਪੰਜਾਬ ਹੱਦ ’ਤੇ ਲੱਗੇ ਨਾਕੇ ’ਤੇ ਕਿਸਾਨਾਂ ਦੇ ਨਾ ਆਉਣ ਅਤੇ ਇਲਾਕਾ ਵਾਸੀਆਂ ਦੀ ਰਸਤਾ ਖੋਲ੍ਹਣ ਦੀ ਮੰਗ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਅੱਜ ਦੇਰ ਸ਼ਾਮ ਸਿਹਾਲੀ ਪਿੰਡ ਸਥਿਤ ਘੱਗਰ ਦਰਿਆ ਉੱਤੇ ਲਾਏ ਨਾਕੇ ’ਤੇ ਆਵਾਜਾਈ ਲਈ ਅੱਧਾ ਰਾਸਤਾ ਖੋਲ੍ਹ ਦਿੱਤਾ ਹੈ। ਹਾਲਾਂਕਿ ਵੱਡੇ ਵਾਹਨਾਂ ਲਈ ਹਾਲੇ ਵੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਿਹਾਲੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਅਣਗਿਣਤ ਕਿਸਾਨ ਅਤੇ ਆਮ ਲੋਕ ਨਾਕੇ ਉੱਤੇ ਆ ਗਏ ਸਨ, ਜਿਨ੍ਹਾਂ ਨੇ ਬੇਵਜ੍ਹਾ ਨਾਕੇ ਲਾਉਣ ’ਤੇ ਰੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਜਦੋਂ ਇੱਥੇ ਕਿਸਾਨ ਅੰਦੋਲਨ ਦਾ ਕੋਈ ਅਸਰ ਹੀ ਨਹੀਂ ਹੈ ਤਾਂ ਨਾਕੇ ਲਾਉਣ ਦਾ ਕੋਈ ਮਤਲਬ ਨਹੀਂ ਬਣਦਾ।

ਉਨ੍ਹਾਂ ਰੋਸ ਪ੍ਰਗਟਾਇਆ ਕਿ ਨਾਕਿਆਂ ਦੇ ਚਲਦਿਆਂ ਰੋਜ਼ਮਰਾ ਦੇ ਕੰਮਕਾਰ ਤੇ ਖਾਸਕਰ ਆਪਣੇ ਪਸ਼ੂਆਂ ਦਾ ਚਾਰਾ ਲਿਆਉਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅੱਜ ਸ਼ਾਮ ਤੱਕ ਪ੍ਰਸ਼ਾਸਨ ਦੁਆਰਾ ਨਾਕੇ ਨੂੰ ਨਾ ਖੋਲ੍ਹਿਆ ਗਿਆ ਤਾਂ ਸਵੇਰੇ ਉਹ ਖੁਦ ਨਾਕੇ ਨੂੰ ਉਖਾੜ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਲੋਕਾਂ ਦੀ ਜਾਇਜ਼ ਮੰਗ ਨੂੰ ਵੇਖਦਿਆਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਰਸਤੇ ਨੂੰ ਖੋਲ੍ਹ ਦਿੱਤਾ ਹੈ।

ਯੂਨਾਈਟਿਡ ਸਟੂਡੈਂਟਸ ਆਫ ਇੰਡੀਆ ਵੱਲੋਂ ਕਿਸਾਨ ਅੰਦੋਲਨ ਨੂੰ ਹਮਾਇਤ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ਭਰ ਦੀਆਂ 16 ਵਿਦਿਆਰਥੀ ਜਥੇਬੰਦੀਆਂ ਦੇ ਸਾਂਝਾ ਪਲੇਟਫਾਰਮ ਯੂਨਾਈਟਿਡ ਸਟੂਡੈਂਟਸ ਆਫ਼ ਇੰਡੀਆ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਉਹ 16 ਫਰਵਰੀ ਨੂੰ ਇਤਿਹਾਸਕ ਦੇਸ਼ ਵਿਆਪੀ ‘ਭਾਰਤ ਬੰਦ’ ਮਨਾਉਣ ਦੀ ਤਿਆਰੀ ਕਰ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਕਿ ‘ਭਾਰਤ ਬੰਦ’ ਮੋਰਚੇ ਵੱਲੋਂ ਪ੍ਰਾਪਤ ਕੀਤੀ ਇਤਿਹਾਸਕ ਜਿੱਤ ਦੀ ਇੱਕ ਪ੍ਰਭਾਵਸ਼ਾਲੀ ਯਾਦ ਦਿਵਾਉਂਦਾ ਹੈ, ਜਿਸ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਹੱਦਾਂ ’ਤੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ। ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੇ ਦ੍ਰਿੜ ਸੰਕਲਪ ਅਤੇ ਵਚਨਬੱਧਤਾ ਨੇ ਸਮੂਹਿਕ ਕਾਰਵਾਈ ਅਤੇ ਲੋਕਾਂ ਦੀ ਲਾਮਬੰਦੀ ਦੀ ਸ਼ਕਤੀ ਨੂੰ ਦਰਸਾਉਂਦੇ ਹੋਏ, ਦੇਸ਼ ਅਤੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੋਰਚੇ ਨੇ ਬੇਇਨਸਾਫ਼ੀ ਨੀਤੀਆਂ ਵਿਰੁੱਧ ਲੜ ਰਹੇ ਸਾਰੇ ਨਾਗਰਿਕਾਂ ਲਈ ਉਮੀਦ ਦੀ ਕਿਰਨ ਵਜੋਂ ਵੀ ਕੰਮ ਕੀਤਾ ਹੈ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਾਰਪੋਰੇਟ ਪੱਖੀ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਐੱਸਕੇਐੱਮ ਦਾ ਸੰਘਰਸ਼ ਦੇਸ਼ ਭਰ ਦੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨਾਲ ਗੂੰਜਿਆ ਹੈ। ਇਹ ਸਿਰਫ ਕਿਸਾਨਾਂ ਦੇ ਮੁੱਦੇ ਨਹੀਂ ਹਨ, ਉਹ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਨਿਰੰਤਰ ਬੇਇਨਸਾਫ਼ੀ ਅਤੇ ਅਸਮਾਨਤਾ ਦੇ ਇੱਕ ਵੱਡੇ ਪੈਟਰਨ ਦੇ ਪ੍ਰਤੀਕ ਵੀ ਹਨ।

ਹਿਸਾਰ-ਫਤਿਹਾਬਾਦ ਤੋਂ ਚੰਡੀਗੜ੍ਹ ਜਾਣ ਲਈ ਐਡਵਾਈਜ਼ਰੀ ਜਾਰੀ

ਟੋਹਾਣਾ (ਪੱਤਰ ਪ੍ਰੇਰਕ): ਹਿਸਾਰ ਤੇ ਫਤਿਹਾਬਾਦ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਜਾਣ ਵਾਲੇ ਮੁਸਾਫ਼ਿਰਾਂ ਲਈ ਹਰਿਆਣਾ ਪੁਲੀਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਹਿਸਾਰ, ਫਤਿਹਾਬਾਦ, ਭੂਨਾ, ਰਤੀਆ, ਟੋਹਾਣਾ ਤੋਂ ਜਾਣ ਵਾਲੇ ਲੋਕ ਕੈਥਲ 132-ਡੀ, ਫ਼ਿਰ ਪਿਹੋਵਾ ਤੋਂ ਕੁਰੂਕਸ਼ੇਤਰ, ਬਾਬੈਨ ਦੇ ਰਸਤੇ ਪੰਚਕੂਲਾਂ ਤੋਂ ਚੰਡੀਗੜ੍ਹ ਜਾਣ। ਕਿਸਾਨ ਅੰਦੋਲਨ ਖਤਮ ਹੋਣ ’ਤੇ ਲੋਕ ਚੰਡੀਗੜ੍ਹ ਦੇ ਮੁੱਖ ਰਸਤੇ ’ਤੇ ਜਾ ਸਕਣਗੇ।



News Source link

- Advertisement -

More articles

- Advertisement -

Latest article