32.9 C
Patiāla
Monday, April 29, 2024

ਸ਼ਿਕਾਇਤਾਂ ਦੇ ਨਿਪਟਾਰੇ ’ਚ ਪੱਛੜਿਆ ਚੰਡੀਗੜ੍ਹ

Must read


ਆਤਿਸ਼ ਗੁਪਤਾ

ਚੰਡੀਗੜ੍ਹ, 11 ਅਕਤੂਬਰ

ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਵਿੱਚ ਚੰਡੀਗੜ੍ਹ ਸਿਖ਼ਰਲੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀ ਸੂਚੀ ’ਚ ਥਾਂ ਬਣਾਉਣ ’ਚ ਨਾਕਾਮ ਰਿਹਾ ਹੈ। ਜਦਕਿ ਲਕਸ਼ਦੀਪ ਪਹਿਲੇ, ਅੰਡੇਮਾਨ-ਨਿਕੋਬਾਰ ਦੂਜੇ ਅਤੇ ਲੱਦਾਖ ਤੀਜੇ ਸਥਾਨ ’ਤੇ ਰਿਹਾ ਹੈ। ਇਹ ਰਿਪੋਰਟ ਭਾਰਤ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।

ਇਸ ਰਿਪੋਰਟ ਅਨੁਸਾਰ ਦਿੱਲੀ ਚੌਥੇ ਅਤੇ ਚੰਡੀਗੜ੍ਹ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੇਂਦਰ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਚੰਡੀਗੜ੍ਹ ’ਚ 3633 ਸ਼ਿਕਾਇਤਾਂ ਪਹੁੰਚੀਆਂ ਸਨ, ਜਿਸ ਵਿੱਚੋਂ 46.13 ਫ਼ੀਸਦ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਚੰਡੀਗੜ੍ਹ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਲਕਸ਼ਦੀਪ ’ਚ 208 ਵਿੱਚੋਂ 69 ਫ਼ੀਸਦ, ਅੰਡੇਮਾਨ ਨਿਕੋਬਾਰ ਵਿੱਚ 938 ਵਿੱਚੋਂ 64 ਫੀਸਦ ਅਤੇ ਲੱਦਾਖ ਨੇ 188 ਵਿੱਚੋਂ 60 ਫ਼ੀਸਦ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਨੇ 24803 ਸ਼ਿਕਾਇਤਾਂ ਵਿੱਚੋਂ 52 ਫ਼ੀਸਦ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪੁੱਡੂਚੇਰੀ ਨੇ 1636 ਵਿੱਚੋਂ 45 ਫ਼ੀਸਦ, ਜੰਮੂ ਤੇ ਕਸ਼ਮੀਰ ਨੇ 10085 ਵਿੱਚੋਂ 41 ਫ਼ੀਸਦ ਸ਼ਿਕਾਇਤਾ ਦਾ ਨਿਪਟਾਰਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਹ ਰਿਪੋਰਟ ਦੇਸ਼ ਦੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 1 ਜਨਵਰੀ 2023 ਤੋਂ 30 ਸਤੰਬਰ 2023 ਤੱਕ ਦੀ ਕਾਰਗੁਜ਼ਾਰੀ ’ਤੇ ਆਧਾਰਿਤ ਹੈ। ਵਿਭਾਗ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਇਸ ਰੈਂਕਿਗ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆ ਦਾ ਸਮੇਂ ਸਿਰ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਹੇਠਲੇ ਅਧਿਕਾਰੀਆਂ ਕੋਲ ਪਈਆਂ ਬਕਾਇਆ ਸ਼ਿਕਾਇਤਾਂ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਉਸ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਹੋਰਾਂ ਤੋਂ ਪੱਛੜ ਗਿਆ ਹੈ।



News Source link

- Advertisement -

More articles

- Advertisement -

Latest article