33.5 C
Patiāla
Friday, May 3, 2024

ਮੰਡੀਆਂ ’ਚ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਠੱਪ – punjabitribuneonline.com

Must read


ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 11 ਅਕਤੂਬਰ

ਸ਼ੈਲਰ ਮਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਅਤੇ ਅੱਜ ਪਹਿਲੇ ਦਿਨ ਮਾਛੀਵਾੜਾ ਦਾਣਾ ਮੰਡੀ ਵਿਚ ਖਰੀਦ ਤੇ ਲਿਫਟਿੰਗ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ੈਲਰ ਮਾਲਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਐੱਫਸੀਆਈ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਮੰਡੀਆਂ ’ਚੋਂ ਪਿੜਾਈ ਲਈ ਝੋਨਾ ਨਹੀਂ ਚੁੱਕਣਗੇ। ਅੱਜ ਪਹਿਲੇ ਹੀ ਦਿਨ ਇਸ ਹੜਤਾਲ ਕਾਰਨ ਕਿਸਾਨਾਂ ਦੀ ਫਸਲ ਦਾ ਭਾਅ ਨਹੀਂ ਲੱਗਿਆ। ਇੱਥੋਂ ਤੱਕ ਜੋ ਫਸਲ ਬੋਰੀਆਂ ਵਿਚ ਭਰੀ ਪਈ ਸੀ ਉਸ ਦੀ ਲਿਫਟਿੰਗ ਵੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਆੜ੍ਹਤੀਆਂ ਵੱਲੋਂ ਬੋਰੀਆਂ ਦੀਆਂ ਧਾਕਾਂ ਲਗਾ ਕਿਸਾਨਾਂ ਦੀ ਫਸਲ ਢੇਰੀ ਕਰਨ ਲਈ ਜਗ੍ਹਾ ਬਣਾਈ ਜਾ ਰਹੀ ਹੈ। ਬੇਸ਼ੱਕ ਮੀਂਹ ਪੈਣ ਕਾਰਨ ਮੰਡੀ ਵਿਚ ਫਸਲ ਦੀ ਆਮਦ ਕੁਝ ਘਟੀ ਹੈ ਪਰ ਜੇ ਸ਼ੈਲਰ ਮਾਲਕਾਂ ਦੀ ਹੜਤਾਲ ਲੰਮੀ ਚੱਲੀ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਸਰਕਾਰੀ ਖਰੀਦ ਏਜੰਸੀਆਂ ਵਲੋਂ ਹੁਣ ਤੱਕ ਮਾਛੀਵਾੜਾ ਦਾਣਾ ਮੰਡੀ, ਉਪ ਖਰੀਦ ਕੇਂਦਰ ਲੱਖੋਵਾਲ ਕਲਾਂ, ਹੇਡੋਂ ਬੇਟ, ਸ਼ੇਰਪੁਰ ਬੇਟ ਅਤੇ ਬੁਰਜ ਪਵਾਤ ਮੰਡੀਆਂ ’ਚੋਂ 2 ਲੱਖ 52 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦੀ ਗਈ ਫਸਲ ’ਚੋਂ 1 ਲੱਖ 41 ਹਜ਼ਾਰ ਕੁਇੰਟਲ ਝੋਨਾ ਲਿਫਟਿੰਗ ਹੋ ਚੁੱਕਾ ਹੈ ਜਦਕਿ 1 ਲੱਖ 14 ਹਜ਼ਾਰ ਕੁਇੰਟਲ ਝੋਨਾ ਖੁੱਲ੍ਹੇ ਅਸਮਾਨ ਹੇਠ ਪਿਆ ਹੈ ਜੋ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਇਸ ਦੀ ਢੋਆ-ਢੁਆਈ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਰਕਾਰ ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਤਾਂ ਜੋ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

ਸਮਰਾਲਾ (ਡੀਪੀਐੱਸ ਬਤਰਾ): ਆੜ੍ਹਤੀਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਅੱਜ ਪਹਿਲੇ ਦਿਨ ਸਥਾਨਕ ਅਨਾਜ ਮੰਡੀ ਦੇ ਆੜਤੀਆਂ ਨੇ ਮੁਕੰਮਲ ਹੜਤਾਲ ਰੱਖੀ, ਜਿਸ ਕਾਰਨ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਕੰਮ ਬਿਲਕੁਲ ਠੱਪ ਰਿਹਾ। ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲਮਾਜਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਦੀ ਆੜਤ ਦੇ ਬਣਦੇ 55 ਰੁਪਏ ਕੁਇੰਟਲ ਦੀ ਬਜਾਏ 45 ਰੁਪਏ ਕੁਇੰਟਲ ਤਕ ਹੀ ਫਰੀਜ਼ ਕਰਨ, ਆੜ੍ਹਤੀਆਂ ਵੱਲੋਂ ਸਾਈਲੋ ਭੰਡਾਰਾਂ ’ਤੇ ਭੇਜੀ ਫਸਲ ਦੀ ਆੜ੍ਹਤ ਨਾ ਦੇਣ, ਈਪੀਐੱਸ ਸੰਬਧੀ ਮੁਸ਼ਕਲਾਂ ਅਤੇ ਅਨਾਜ ਮੰਡੀ ਦੇ ਮਜ਼ਦੂਰਾਂ ਦੀ ਮਜ਼ਦੂਰੀ ਅੱਧੀ ਹੀ ਦਿੱਤੇ ਜਾਣ ਕਾਰਨ ਆੜ੍ਹਤੀਆਂ ਨੂੰ ਹੋ ਰਹੇ ਆਰਥਿਕ ਨੁਕਸਾਨ ਤੋਂ ਰਾਹਤ ਦੇਣ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਮਜਬੂਰਨ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀ ਮਜ਼ਦੂਰਾਂ ਦੀ ਲੇਬਰ ਦੋ ਰੁਪਏ ਪ੍ਰਤੀ ਥੈਲਾ ਨਿਸ਼ਚਿਤ ਕੀਤੀ ਹੋਈ ਹੈ, ਜਦਕਿ ਇਸ ਮਹਿੰਗਾਈ ਦੇ ਦੌਰ ਵਿੱਚ ਅਨਾਜ ਮੰਡੀ ਦੇ ਪੱਲੇਦਾਰਾਂ ਤੇ ਮਜਦੂਰਾਂ ਨੂੰ ਘੱਟੋ- ਘੱਟ ਚਾਰ ਜਾਂ ਪੰਜ ਰੁਪਏ ਪ੍ਰਤੀ ਥੈਲਾ ਮਜ਼ਦੂਰੀ ਦੇਣੀ ਪੈ ਰਹੀ ਹੈ। ਇਸ ਲਈ ਆੜ੍ਹਤੀਏ ਦੋ ਤੋਂ ਤਿੰਨ ਰੁਪਏ ਪ੍ਰਤੀ ਥੈਲਾ ਮਜ਼ਦੂਰੀ ਆਪਣੇ ਪੱਲਿਓਂ ਮਜ਼ਦੂਰਾਂ ਨੂੰ ਦੇ ਰਹੇ ਹਨ ਤਾਂ ਜੋ ਫਸਲ ਦਾ ਕੰਮ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਿਆ ਜਾ ਸਕੇ। ਸਰਕਾਰ ਆੜ੍ਹਤੀਆਂ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਭਲੀ-ਭਾਂਤ ਜਾਣੂ ਹੋਣ ਦੇ ਬਾਵਜੂਦ ਜਾਣ-ਬੁਝ ਕੇ ਮੰਗਾਂ ਲਾਗੂ ਕੀਤੇ ਜਾਣ ਲਈ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਥਾਨਕ ਅਨਾਜ ਮੰਡੀ ਵਿੱਚ ਕਰੀਬ 50 ਹਜ਼ਾਰ ਬੋਰੀ ਝੋਨਾ ਵਿਕਣ ਲਈ ਆਇਆ ਹੈ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਫਸਲਾਂ ਦੀ ਬੋਲੀ ਦਾ ਬਾਈਕਾਟ ਰਿਹਾ ਤੇ ਹੜਤਾਲ ਦੇ ਪਹਿਲੇ ਦਿਨ ਹੀ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਮੱਲਮਾਜਰਾ ਅਤੇ ਤੇਜੀ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੂੰ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮੰਡੀ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਵਾ ਕੇ ਮੰਡੀਆਂ ਵਿੱਚ ਫਸਲਾਂ ਦੀ ਖਰੀਦ ਦਾ ਕੰਮ ਨੇਪਰੇ ਚੜ੍ਹਾਉਣਾ ਚਾਹੀਦਾ ਹੈ। ਉਨ੍ਹਾਂ ਮੰਗਾਂ ਮੰਨੀਆਂ ਜਾਣ ਤੱਕ ਆਪਣੀ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ।

ਪਾਇਲ ਵਿੱਚ ਝੋਨੇ ਦੀਆਂ 40 ਹਜ਼ਾਰ ਬੋਰੀਆਂ ਦੇ ਲੱਗੇ ਅੰਬਾਰ

ਪਾਇਲ ਦਾਣਾ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ।

ਪਾਇਲ (ਦੇਵਿੰਦਰ ਸਿੰਘ ਜੱਗੀ): ਝੋਨੇ ਦਾ ਸੀਜ਼ਨ ਪੂਰੇ ਜੋਬਨ ’ਤੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਪਾਇਲ ਦਾਣਾ ਮੰਡੀ ਵਿੱਚ ਸ਼ੈਲਰ ਮਾਲਕਾਂ ਦੀ ਹੜਤਾਲ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਹੜਤਾਲ ਕਾਰਨ ਝੋਨੇ ਦੀਆਂ ਬੋਰੀਆਂ ਨਾਲ ਲੋਡ ਕੀਤੇ ਟਰੱਕਾਂ ਨੂੰ ਵੀ ਮੰਡੀ ਵਿੱਚ ਹੀ ਰੁਕਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਝੋਨੇ ਦੀ ਚੁਕਾਈ ਨਾ ਹੋਣ ਕਰਕੇ ਪਾਇਲ ਦਾਣਾ ਮੰਡੀ ਵਿਚ 40 ਹਜ਼ਾਰ ਬੋਰੀ ਜਮ੍ਹਾਂ ਹੋ ਚੁੱਕੀ ਤੇ ਕਿਸਾਨਾਂ ਨੂੰ ਆਪਣਾ ਝੋਨਾ ਮੰਡੀ ਵਿੱਚ ਉਤਾਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਹਰੀਸ਼ ਕੁਮਾਰ ਨੋਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਇੱਕ ਕੁਇੰਟਲ ਝੋਨੇ ਪਿੱਛੇ 1 ਕਿਲੋ ਫੋਰਟੀਫਾਈਡ ਰਾਈਸ ਕਰਨਲਜ਼ ਮਿਕਸ ਕੀਤਾ ਜਾਣ ਦੀ ਹਿਦਾਇਤ ਕੀਤੀ ਗਈ ਅਤੇ ਉਨ੍ਹਾਂ ਵੱਲੋ ਐੱਫਆਰਕੇ ਪੰਜਾਬ ਸਰਕਾਰ ਵੱਲੋ ਅਲਾਟ ਕੀਤੇ ਟੈਂਡਰਾਂ ਤੋਂ ਖਰੀਦ ਕੇ ਮਿਕਸ ਕੀਤਾ ਜਾਂਦਾ ਹੈ ਪਰ ਕੇਂਦਰ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਮੁਤਾਬਕ ਜੇ ਇਸ ਵਿਚ ਕੋਈ ਊਣਤਾਈ ਪਾਈ ਗਈ ਤਾਂ ਉਹ ਚੌਲ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿਆਰਾਂ ਸਬੰਧੀ ਜ਼ਿੰਮੇਵਾਰੀ ਸ਼ੈਲਰ ਮਾਲਕਾਂ ’ਤੇ ਨਹੀਂ ਥੋਪੀ ਜਾਣੀ ਚਾਹੀਦੀ।

ਮੰਡੀ ਅਹਿਮਦਗੜ੍ਹ ਵਿੱਚ ਵੀ ਖਰੀਦ ਦਾ ਕੰਮ ਠੱਪ ਰਿਹਾ

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸਥਾਨਕ ਦਾਣਾ ਮੰਡੀ ਅਤੇ ਲਾਗਲੇ ਪਿੰਡਾਂ ਦੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਦੀ ਪ੍ਰਕਿਰਿਆ ਇੱਕ ਵਾਰ ਫੇਰ ਉਦੋਂ ਲੜਖੜਾ ਗਈ ਜਦੋਂ ਆੜ੍ਹਤੀਆਂ ਨੇ ਸੂਬਾ ਪੱਧਰੀ ਸੱਦੇ ’ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ। ਇਸ ਤੋਂ ਪਹਿਲਾਂ ਗੱਲਾ ਮਜ਼ਦੂਰ ਯੂਨੀਅਨ ਦੀ ਹੜਤਾਲ ਅਤੇ ਕੱਲ੍ਹ ਅਚਾਨਕ ਪਈ ਬਰਸਾਤ ਤੋਂ ਬਾਅਦ ਖਰੀਦ ਪ੍ਰਕਿਰਿਆ ਪਹਿਲਾਂ ਹੀ ਲੀਹ ਤੋਂ ਲਹਿ ਗਈ ਸੀ। ਦਾਮੀ ਦੇ ਨਾਂ ਹੇਠ ਮਿਲਣ ਵਾਲਾ ਢਾਈ ਫੀਸਦੀ ਕਮਿਸ਼ਨ ਮੁੜ ਚਾਲੂ ਕਰਨਾ, ਐੱਫਸੀਆਈ ਵੱਲੋਂ ਲੇਬਰ ਅਤੇ ਈਪੀਐੱਫ ਦਾ ਭੁਗਤਾਨ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਆੜ੍ਹਤੀਏ ਬੀਤੇ ਕਣਕ ਦੇ ਸੀਜ਼ਨ ਦੌਰਾਨ ਡਗਰੂ ਸੀਲੋ ਵਿੱਚ ਖਰੀਦੀ ਗਈ ਫਸਲ ’ਤੇ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਕਮਿਸ਼ਨ ਵੀ ਮੰਗ ਰਹੇ ਹਨ। ਆੜ੍ਹਤੀਆ ਯੂਨੀਅਨ ਅਹਿਮਦਗੜ੍ਹ ਦੇ ਪ੍ਰਧਾਨ ਸੁਰਿੰਦਰ ਕੁਮਾਰ ਕੁਰੜਛਾਪਾ ਅਤੇ ਚੇਅਰਮੈਨ ਬਲਦੇਵ ਕ੍ਰਿਸ਼ਨ ਮਲੌਦੀਆ ਦੀ ਅਗਵਾਈ ਹੇਠ ਦੁਕਾਨਾਂ ਬੰਦ ਕਰ ਕੇ ਇਕੱਠੇ ਹੋਏ ਆੜ੍ਹਤੀਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰ ਵੀ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨ ਵਿੱਚ ਨਾਕਾਮਯਾਬ ਰਹੀਆਂ ਹਨ। ਹਰਪ੍ਰੀਤ ਸਿੰਘ ਅਤੇ ਪਰਮਦੀਪ ਸਿੰਘ ਡੇਹਲੋਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਕਦੇ ਵੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਆੜ੍ਹਤੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਕਾਸ਼ਤਕਾਰਾਂ ਨਾਲ ਮੀਟਿੰਗਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।



News Source link

- Advertisement -

More articles

- Advertisement -

Latest article