32.9 C
Patiāla
Monday, April 29, 2024

ਖੇਤੀ ਸੈਕਟਰ ’ਚ ਬਿਜਲੀ ਦੇ ਕੱਟ ਲੱਗਣ ਲੱਗੇ

Must read


ਚਰਨਜੀਤ ਭੁੱਲਰ

ਚੰਡੀਗੜ੍ਹ, 5 ਸਤੰਬਰ

ਪੰਜਾਬ ਦੇ ਖੇਤੀ ਸੈਕਟਰ ’ਚ ਕਰੀਬ ਹਫ਼ਤੇ ਭਰ ਤੋਂ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਫ਼ਸਲਾਂ ਪਾਲਣ ਦਾ ਸੰਕਟ ਖੜ੍ਹਾ ਹੋਣ ਲੱਗਾ ਹੈ। ਇਸ ਵੇਲੇ ਜਦੋਂ ਝੋਨੇ ਦੀ ਫ਼ਸਲ ਸਿਖਰ ’ਤੇ ਹੈ ਅਤੇ ਨਰਮਾ ਪੱਟੀ ’ਚ ਪਾਣੀ ਦੀ ਸਖਤ ਲੋੜ ਹੈ ਤਾਂ ਠੀਕ ਉਸ ਵੇਲੇ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਅੱਠ ਘੰਟੇ ਦੀ ਥਾਂ ਟੁੱਟਵੀਂ ਮਿਲਣ ਲੱਗੀ ਹੈ। ਪਤਾ ਲੱਗਾ ਹੈ ਕਿ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੁਆਇਲਰ ਲੀਕ ਹੋਣ ਕਰਕੇ ਬਿਜਲੀ ਪੈਦਾਵਾਰ ਵਿਚ ਕਟੌਤੀ ਹੋ ਗਈ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਦਸੌਂਧੀਆਂ ਦੇ ਕਿਸਾਨ ਲਛਮਣ ਸਿੰਘ ਦਾ ਕਹਿਣਾ ਸੀ ਕਿ ਨਰਮੇ ਦੀ ਫ਼ਸਲ ਨੂੰ ਆਖ਼ਰੀ ਪਾਣੀ ਲੱਗਣਾ ਹੈ ਪ੍ਰੰਤੂ ਬਿਜਲੀ ਸਪਲਾਈ ਸਿਰਫ਼ ਚਾਰ ਘੰਟੇ ਹੀ ਮਿਲਦੀ ਹੈ। ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਬਾਜਕ ਦੇ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਦੋ ਸ਼ਿਫ਼ਟਾਂ ਵਿਚ ਪੂਰੀ ਸਪਲਾਈ ਮਿਲਦੀ ਸੀ ਪਰ ਹੁਣ ਤਿੰਨ-ਤਿੰਨ ਘੰਟੇ ਹੀ ਦੋ ਸ਼ਿਫ਼ਟਾਂ ’ਚ ਬਿਜਲੀ ਮਿਲ ਰਹੀ ਹੈ।

ਦੱਸਣਯੋਗ ਹੈ ਕਿ ਝੋਨੇ ਦੀ ਲੁਆਈ ਸਮੇਂ ਤਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਲੋੜ ਤੋਂ ਵੱਧ ਬਿਜਲੀ ਦਿੱਤੀ ਸੀ। ਹੁਣ ਫ਼ਸਲ ਪੱਕਣ ਸਮੇਂ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਸਰਕਾਰ ਦੇ ਅਕਸ ਨੂੰ ਵੀ ਖੋਰਾ ਲੱਗ ਰਿਹਾ ਹੈ।

ਇਸ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਸਾਧੂ ਵਾਲਾ ਦੇ ਕਿਸਾਨ ਅਮਨਇੰਦਰ ਸਿੰਘ ਦਾ ਕਹਿਣਾ ਸੀ ਕਿ ਬਿਜਲੀ ਸਪਲਾਈ ’ਚ ਹੁਣ ਦੋ ਦਿਨਾਂ ਤੋਂ ਥੋੜ੍ਹਾ ਸੁਧਾਰ ਹੋਣਾ ਸ਼ੁਰੂ ਹੋਇਆ ਹੈ।

ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਸੈਕਟਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਨਿਆਲ ਦੇ ਕਿਸਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਦੋ ਹਫ਼ਤੇ ਤੋਂ ਖੇਤੀ ਮੋਟਰਾਂ ਵਾਲੀ ਬਿਜਲੀ ’ਤੇ ਕੱਟ ਲੱਗੇ ਰਹੇ ਹਨ ਅਤੇ ਪੰਜ ਤੋਂ ਛੇ ਘੰਟੇ ਬਿਜਲੀ ਸਪਲਾਈ ਮਿਲਣ ਲੱਗੀ ਹੈ। ਦੋਆਬੇ ਖੇਤਰ ਵਿਚ ਵੀ ਬਿਜਲੀ ਸਪਲਾਈ ’ਚ ਵਿਘਨ ਪੈਣ ਕਰਕੇ ਗੰਨੇ ਦੀ ਫ਼ਸਲ ਅਤੇ ਆਲੂਆਂ ਦੀ ਬਿਜਾਈ ’ਤੇ ਅਸਰ ਪੈ ਰਿਹਾ ਹੈ। ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਲੂ ਦੀ ਲੁਆਈ ਸ਼ੁਰੂ ਹੋ ਗਈ ਹੈ ਅਤੇ ਇਸੇ ਤਰ੍ਹਾਂ ਗੰਨੇ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸਰਕਾਰ ਫ਼ੌਰੀ ਪੂਰੀ ਸਪਲਾਈ ਬਹਾਲ ਕਰੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਮਿਲ ਰਹੀ ਹੈ।

ਹੁਣ ਕੋਈ ਦਿੱਕਤ ਨਹੀਂ: ਪਾਵਰਕੌਮ

ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ ਬੁਆਇਲਰਾਂ ਵਿਚ ਲੀਕੇਜ ਦੀ ਸਮੱਸਿਆ ਆਈ ਸੀ ਪ੍ਰੰਤੂ ਹੁਣ ਦੋਵੇਂ ਥਰਮਲਾਂ ਤੋਂ ਬਿਜਲੀ ਪੈਦਾਵਾਰ ਹੋ ਰਹੀ ਹੈ। ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਵਿਚ ਹੁਣ ਕੋਈ ਦਿੱਕਤ ਨਹੀਂ ਹੈ।



News Source link

- Advertisement -

More articles

- Advertisement -

Latest article