27.4 C
Patiāla
Wednesday, May 1, 2024

ਵਖਰੇਵੇਂ ਖ਼ਤਮ ਕਰਨ ਲਈ ਯੋਗ ਜ਼ਰੂਰੀ: ਮੋਦੀ

Must read


ਸੰਯੁਕਤ ਰਾਸ਼ਟਰ, 21 ਜੂਨ

ਮੁੱਖ ਅੰਸ਼

  • ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਬਣਿਆ
  • ਯੋਗ ਨੂੰ ‘ਸਰਬਵਿਆਪਕ’ ਤੇ ‘ਕਾਪੀਰਾਈਟਸ ਤੇ ਪੇਟੈਂਟ ਤੋਂ ਮੁਕਤ’ ਕਰਾਰ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ਵਿਚ  9ਵੇਂ ਕੌਮਾਂਤਰੀ ਯੋਗ ਦਿਹਾੜੇ ਮੌਕੇ ਇਤਿਹਾਸਕ ਸਮਾਗਮ ਦੀ ਅਗਵਾਈ ਕਰਦਿਆਂ ਯੋਗ ਨੂੰ ‘ਸੱਚਮੁਚ ਸਰਬਵਿਆਪਕ’ ਤੇ ‘ਕਾਪੀਰਾਈਟਸ ਤੇ ਪੇਟੈਂਟ ਤੋਂ ਮੁਕਤ’ ਕਰਾਰ ਦਿੱਤਾ। ਯੂਐੱਨ ਹੈੱਡਕੁਆਰਟਰਜ਼ ਵਿੱਚ ਸ੍ਰੀ ਮੋਦੀ ਦੀ ਅਗਵਾਈ ਹੇਠ ਮਨਾੲੇ ਗਏ ਕੌਮਾਂਤਰੀ ਯੋਗ ਦਿਹਾੜੇ ਨੇ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਸਿਰਜਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਭਾਰਤ ਵਾਸੀਆਂ ਦੇ ਨਾਮ ਵੀਡੀਓ ਸੁਨੇਹੇ ’ਚ ਕਿਹਾ ਕਿ ਮੁਲਕ ਨੇ ਹਮੇਸ਼ਾ ਜੋੜਨ, ਅਪਣਾਉਣ ਅਤੇ ਉਸ ਨੂੰ ਜਜ਼ਬ ਕਰਨ ਵਾਲੀਆਂ ਰਵਾਇਤਾਂ ਦਾ ਪਾਲਣ ਕੀਤਾ ਹੈ। ਮੋਦੀ ਨੇ ਕਿਹਾ,‘‘ਅਸੀਂ ਯੋਗ ਰਾਹੀਂ ਮੱਤਭੇਦਾਂ, ਅੜਿੱਕਿਆਂ ਅਤੇ ਟਾਕਰੇ ਨੂੰ ਖ਼ਤਮ ਕਰਨਾ ਹੈ। ਅਸੀਂ ਦੁਨੀਆ ਅੱਗੇ ‘ਇਕ ਭਾਰਤ, ਸਰਵਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਿਸਾਲ ਵਜੋਂ ਪੇਸ਼ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਇਸ ਵਾਰ ਦਾ ਯੋਗ ਦਿਵਸ ਕੁਝ ਖਾਸ ਹੈ ਕਿਉਂਕਿ ਆਰਕਟਿਕ ਅਤੇ ਅੰਟਾਰਟਿਕ ਸਥਿਤ ਭਾਰਤ ਦੇ ਖੋਜ ਕੇਂਦਰਾਂ ’ਤੇ ਵੀ ਰਿਸਰਚਰਾਂ ਨੇ ਪ੍ਰੋਗਰਾਮ ’ਚ ਹਿੱਸਾ ਲਿਆ।

 ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ’ਤੇ ਆਪਣੇ ਪਲੇਠੇ ਸਰਕਾਰੀ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਉੱਤਰੀ ਲਾਅਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਮੱਥਾ ਟੇਕ ਕੇ ਸਮਾਗਮ ਦਾ ਆਗਾਜ਼ ਕੀਤਾ। ਸ੍ਰੀ ਮੋਦੀ, ਜਿਨ੍ਹਾਂ ਸਫ਼ੇਦ ਰੰਗ ਦੀ ਯੋਗਾ ਟੀ-ਸ਼ਰਟ ਤੇ ਪਜਾਮਾ ਪਾਇਆ ਹੋਇਆ ਸੀ, ਨੇ ‘ਨਮਸਤੇ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤੇ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਲਈ ਦੂਰ-ਦੁਰੇਡਿਓਂ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।

ਸ੍ਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਲਾਅਨ ’ਚ ਇਕੱਤਰ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਦੇਖ ਕੇ ਪ੍ਰਸੰਨਤਾ ਹੋਈ। ਇਥੇ ਆਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਦੋਸਤੋ ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇਥੇ ਤਕਰੀਬਨ ਹਰੇਕ ਦੇਸ਼ ਦਾ ਨੁਮਾਇੰਦਾ ਪੁੱਜਾ ਹੈ।’’ ਇਸ ਮੌਕੇ ਯੂਐੱਨ ਜਨਰਲ ਅਸੈਂਬਲੀ ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰਿਸੀ, ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ, ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼, ਹੌਲੀਵੁੱਡ ਅਦਾਕਾਰ ਰਿਚਰਡ ਗੇਅਰ, ਆਇੰਗਰ ਯੋਗਾ ਐਕਸਪੋਨੈਂਟ ਦੇਦਰਾ ਡੈਮਨਜ਼ ਤੇ ਉੱਘੀ ਅਮਰੀਕੀ ਗਾਇਕ ਮੈਰੀ ਮਿਲਬਨ ਸਣੇ ਹੋਰ ਉੱਘੀਆਂ ਹਸਤੀਆਂ ਪ੍ਰਧਾਨ ਮੰਤਰੀ ਮੋਦੀ ਨਾਲ ਮੌਜੂਦ ਸਨ। ਸ੍ਰੀ ਮੋਦੀ ਨੇ ਕਿਹਾ, ‘‘ਮੈਨੂੰ ਨੌਂ ਸਾਲ ਪਹਿਲਾਂ ਇਥੇ ਯੂਐੱਨ ਵਿਚ ਉਹ ਪਲ ਯਾਦ ਆਉਂਦਾ ਹੈ ਜਦੋਂ ਮੈਨੂੰ ਕੌਮਾਂਤਰੀ ਯੋਗ ਦਿਹਾੜਾ 21 ਜੂਨ ਨੂੰ ਮਨਾਏ ਜਾਣ ਸਬੰਧੀ ਤਜਵੀਜ਼ ਰੱਖਣ ਦਾ ਮਾਣ ਮਿਲਿਆ ਸੀ। ਉਦੋਂ ਕੁੱਲ ਆਲਮ ਨੇ ਇਕਜੁੱਟ ਹੋ ਕੇ ਇਸ ਵਿਚਾਰ ਦੀ ਹਮਾਇਤ ਕੀਤੀ ਤੇ ਇਹ ਦੇਖਣਾ ਆਪਣੇ ਆਪ ਵਿੱਚ ਸ਼ਾਨਦਾਰ ਸੀ।’’ ਯੋਗਾ ਲਈ ਕੁੱਲ ਆਲਮ ਨੂੰ ਇਕ ਵਾਰ ਫਿਰ ਇਕੱਠਿਆਂ ਦੇਖਣਾ ਸ਼ਾਨਦਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਯੋਗ ਦੀ ਉੱਤਪਤੀ ਭਾਰਤ ਤੋਂ ਹੋਈ ਤੇ ਇਹ ਬਹੁਤ ਪੁਰਾਣੀ ਰਵਾਇਤ ਹੈ। ਪਰ ਸਾਰੀਆਂ ਪੁਰਾਣਿਕ ਭਾਰਤੀ ਰਵਾਇਤਾਂ ਮੁਤਾਬਕ    ਇਹ ਵੀ ਸਜੀਵ ਤੇ ਗਤੀਸ਼ੀਲ ਹੈ। ਯੋਗਾ ਕਾਪੀਰਾਈਟ, ਪੇਟੈਂਟਾਂ ਤੇ ਰੌਇਲਟੀ ਦੀ ਅਦਾਇਗੀ ਤੋਂ ਮੁਕਤ ਹੈ। ਯੋਗ ਤੁਹਾਡੀ ਉਮਰ, ਲਿੰਗ ਤੇ ਫਿਟਨੈੱਸ ਪੱਧਰ ਦੇ ਅਨੁਕੂਲ ਹੈ। ਯੋਗ ਪੋਰਟੇਬਲ ਤੇ ਸੱਚਮੁੱਚ ਸਰਬਵਿਆਪਕ ਹੈ।’’ ਹੈੱਡਕੁਆਰਟਰਜ਼ ਵਿੱਚ ਯੋਗ ਲਈ ਆਏ ਲੋਕਾਂ, ਜਿਨ੍ਹਾਂ ਯੋਗਾ ਟੀ-ਸ਼ਰਟਾਂ ਪਾਈਆਂ ਸਨ, ਲਈ ਲਾਅਨ ਵਿੱਚ ਪੀਲੇ ਰੰਗ ਦੇ ਸੈਂਕੜੇ ਮੈਟ ਰੱਖੇ ਗੲੇ ਸਨ। ਇਸ ਦੌਰਾਨ ਵੱਖ ਵੱਖ ਥਾਈਂ ਲੱਗੀਆਂ ਐੱਲਈਡੀ ਸਕਰੀਨਾਂ ’ਤੇ ਭਾਰਤੀ ਸਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ। ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਅਸੀਂ ਯੋਗਾ ਕਰਦੇ ਹਾਂ, ਅਸੀਂ ਸਰੀਰਕ ਤੌਰ ’ਤੇ ਤੰਦਰੁਸਤ ਤੇ ਮਾਨਸਿਕ ਸ਼ਾਂਤੀ ਮਹਿਸੂਸ ਕਰਦੇ ਹਾਂ। ਆਓ ਯੋਗ ਦੀ ਤਾਕਤ ਦਾ ਇਸਤੇਮਾਲ ਕਰੀਏ, ਨਾ ਸਿਰਫ਼ ਸਿਹਤਮੰਦ ਤੇ ਖ਼ੁਸ਼ ਰਹਿਣ ਲਈ ਬਲਕਿ ਦੋਸਤੀ ਦੇ ਨਵੇਂ ਸੇਤੂਆਂ, ਸ਼ਾਂਤੀਪੂਰਨ ਕੁੱਲ ਆਲਮ ਅਤੇ ਸਾਫ਼ ਤੇ ਹਰੇ-ਭਰੇ ਭਵਿੱਖ ਦਾ ਨਿਰਮਾਣ ਕਰਨ ਲਈ।’’

ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਯੋਗ ਸਰੀਰ ਤੇ ਦਿਮਾਗ, ਮਨੁੱਖਤਾ ਤੇ ਕੁਦਰਤ ਅਤੇ ਕੁੱਲ ਆਲਮ ਦੇ ਲੋਕਾਂ ਨੂੰ ਜੋੜਦਾ ਹੈ, ਜਿਨ੍ਹਾਂ ਲਈ ਯੋਗ ਤਾਕਤ, ਸਦਭਾਵਨਾ ਤੇ ਸ਼ਾਂਤੀ ਦਾ ਸਰੋਤ ਹੈ। ਗੁਟੇਰੇਜ਼ ਨੇ ਕਿਹਾ, ‘‘ਇਸ ਖ਼ਤਰਨਾਕ ਤੇ ਵੰਡੇ ਹੋੲੇ ਕੁੱਲ ਆਲਮ ਵਿੱਚ ਇਸ ਪੁਰਾਤਨ ਰਵਾਇਤ ਦੇ ਫਾਇਦੇ ਬਹੁਤ ਕੀਮਤੀ ਹਨ। -ਪੀਟੀਆਈ

ਮੋਦੀ ਨੂੰ ਮਨੁੱਖੀ ਅਧਿਕਾਰਾਂ ਬਾਰੇ ‘ਉਪਦੇਸ਼’ ਨਹੀਂ ਦੇਣਗੇ ਬਾਇਡਨ: ਵ੍ਹਾਈਟ ਹਾਊਸ

ਵਾਸ਼ਿੰਗਟਨ: ਕੁਝ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਪ੍ਰਗਟਾਏ ਫ਼ਿਕਰਾਂ ਦਰਮਿਆਨ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਜਾਣ ਵਾਲੀ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਕੋਈ ‘ਉਪਦੇਸ਼’ ਨਹੀਂ ਦੇਣਗੇ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਰਤ ਵਿੱਚ ਜਮਹੂਰੀਅਤ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਬਾਰੇ ਫਿਕਰ ਜਤਾ ਸਕਦੇ ਹਨ, ਪਰ ਉਹ ਇਸ ਵਿਸ਼ੇ ’ਤੇ ਮੋਦੀ ਨੂੰ ਕੋਈ ਸਖ਼ਤ ਟੀਕਾ-ਟਿੱਪਣੀ ਨਹੀਂ ਕਰਨਗੇ। ਸੁਲੀਵਾਨ ਨੇ ਕਿਹਾ ਕਿ ਅਮਰੀਕਾ ਜਦੋਂ ਪ੍ਰੈੱਸ ਤੇ ਧਾਰਮਿਕ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਨੂੰ ਵੇਖਦਾ ਹੈ ਤਾਂ ‘ਅਸੀਂ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਕਿਸੇ ਨੂੰ ਭਾਸ਼ਣ ਜਾਂ ਉਪਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਇਹ ਦਾਅਵਾ ਵੀ ਨਹੀਂ ਕਰਦੇ ਕਿ ਸਾਨੂੰ ਖੁ਼ਦ ਨੂੰ ਚੁਣੌਤੀਆਂ ਦਰਪੇਸ਼ ਨਹੀਂ ਹਨ। ਜਿੱਥੋਂ ਤੱਕ ਭਾਰਤ ਵਿੱਚ ਸਿਆਸਤ ਤੇ ਜਮਹੂਰੀ ਸੰਸਥਾਵਾਂ ਬਾਰੇ ਸਵਾਲ ਹੈ ਤਾਂ ਆਖਿਰ ਨੂੰ ਇਸ ਦਾ ਫੈਸਲਾ ਭਾਰਤੀਆਂ ਵੱਲੋਂ ਭਾਰਤ ਵਿੱਚ ਹੀ ਕੀਤਾ ਜਾਣਾ ਹੈ। ਅਮਰੀਕਾ ਨੇ ਫੈਸਲਾ ਨਹੀਂ ਕਰਨਾ।’’ -ਰਾਇਟਰਜ਼

ਨਿਊਯਾਰਕ ਦੇ ਯੂਐੱਨ ਹੈੱਡਕੁਆਰਟਰ ਵਿੱਚ ਬੁੱਧਵਾਰ ਨੂੰ ਯੋਗ ਦਿਵਸ ਦੌਰਾਨ ਆਸਣ ਕਰਦੇ ਹੋਏ ਲੋਕ। -ਫੋਟੋ: ਪੀਟੀਆਈ

ਮੋਦੀ ਨਾਲ ਮਨੁੱਖੀ ਅਧਿਕਾਰਾਂ ਦਾ ਮੁੱਦਾ ਵਿਚਾਰਨ ਬਾਇਡਨ: ਅਮਰੀਕੀ ਸੰਸਦ ਮੈਂਬਰ

ਨਵੀਂ ਦਿੱਲੀ (ਸੰਦੀਪ ਦੀਕਸ਼ਿਤ): ਅਮਰੀਕੀ ਪ੍ਰਤੀਨਿਧ ਪ੍ਰਮਿਲਾ ਜੈਪਾਲ ਤੇ ਸੈਨੇਟਰ ਕ੍ਰਿਸ ਵੈਨ ਹੋਲੈੱਨ (ਦੋਵੇਂ ਡੈਮੋਕਰੈਟ) ਨੇ ਆਪਣੇ 70 ਤੋਂ ਵੱਧ ਸਹਿਯੋਗੀਆਂ ਨਾਲ ਮਿਲ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਸੁਰੱਖਿਆ ਦੀ ਲੋੜ ਨੂੰ ਲੈ ਕੇ ਵਿਚਾਰ ਚਰਚਾ ਕਰਨ। ਬਾਇਡਨ ਪ੍ਰਧਾਨ ਮੰਤਰੀ ਮੋਦੀ ਨਾਲ ਵੀਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਰਸਮੀ ਮੁਲਾਕਾਤ ਕਰਨਗੇ। ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ, ‘‘ਦੋਵਾਂ ਮੁਲਕਾਂ ਦੇ ਮਜ਼ਬੂਤ ਰਿਸ਼ਤਿਆਂ ਦੇ ਲੰਮੇਂ ਸਮੇਂ ਤੋਂ ਹਮਾਇਤੀ ਹੋਣ ਦੇ ਨਾਤੇ, ਅਸੀਂ ਇਹ ਮੰਨਦੇ ਹਾਂ ਕਿ ਦੋਸਤ ਆਪਣੇ ਵੱਖਰੇਵਿਆਂ ਨੂੰ ਇਮਾਨਦਾਰੀ ਅਤੇ ਬੇਝਿਜਕ ਹੋ ਕੇ ਵਿਚਾਰ ਸਕਦੇ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਵੀ ਹੈ। ਇਸ ਲਈ ਅਸੀਂ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਵੱਖ ਵੱਖ ਖੇਤਰਾਂ ਵਿੱਚ ਭਾਰਤ ਤੇ ਅਮਰੀਕਾ ਦੇ ਸਾਂਝੇ ਹਿੱਤਾਂ ਤੋਂ ਇਲਾਵਾ ਉਹ ਵਿਸ਼ੇ ਵੀ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਕੋਲ ਰੱਖੇ ਜਾਣ, ਜਿਨ੍ਹਾਂ ਬਾਰੇ ਫਿਕਰ ਜ਼ਾਹਿਰ ਕੀਤੇ ਗਏ ਹਨ।’’ ਸੰਸਦ ਮੈਂਬਰਾਂ ਨੇ ਲੜੀਵਾਰ ਨਿਰਪੱਖ ਤੇ ਭਰੋਸੇਯੋਗ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ, ਜੋ ਭਾਰਤ ਵਿੱਚ ਸਿਆਸੀ ਖਲਾਅ ਦੇ ਸੁੰਗੜਨ, ਧਾਰਮਿਕ ਅਸਹਿਣਸ਼ੀਲਤਾ ਦੇ ਉਭਾਰ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ, ਅਤੇ ਪ੍ਰੈੱਸ ਦੀ ਆਜ਼ਾਦੀ ਅਤੇ ਇੰਟਰਨੈਟ ਪਹੁੰਚ ’ਤੇ ਵੱਧ ਰਹੀਆਂ ਪਾਬੰਦੀਆਂ ਨੂੰ ਦਰਸਾਉਂਦੀਆਂ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਜੀ ਆਇਆਂ ਕਹਿਣ ਲਈ ਉਨ੍ਹਾਂ (ਬਾਇਡਨ) ਦੇ ਨਾਲ ਖੜ੍ਹਨਗੇੇ। ਉਨ੍ਹਾਂ ਜ਼ੋਰ ਦੇ ਆਖਿਆ ਕਿ ਉਹ ਨੇੜਲੇ ਤੇ ਨਿੱਘੇ ਦੁਵੱਲੇ ਸਬੰਧਾਂ ਦੀ ਇੱਛਾ ਰੱਖਦੇ ਹਨ, ਪਰ ਇਹ ਦੋਸਤੀ ਸਾਂਝੇ ਹਿੱਤਾਂ ’ਤੇ ਹੀ ਨਹੀਂ ਬਲਕਿ ਸਾਂਝੀਆਂ ਕਦਰਾਂ-ਕੀਮਤਾਂ ’ਤੇ ਵੀ ਅਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਲਿਖਿਆ, ‘‘ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਭਾਰਤੀ ਆਗੂ ਜਾਂ ਸਿਆਸੀ ਪਾਰਟੀ ਦੀ ਤਾਈਦ ਨਹੀਂ ਕਰਦੇ…ਇਹ ਭਾਰਤ ਦੇ ਲੋਕਾਂ ਦਾ ਫੈਸਲਾ ਹੈ…ਪਰ ਅਸੀਂ ਉਨ੍ਹਾਂ ਅਹਿਮ ਸਿਧਾਂਤਾਂ ਦੀ ਹਮਾਇਤ ’ਚ ਜ਼ਰੂਰ ਖੜ੍ਹਾਂਗੇ, ਜੋ ਅਮਰੀਕਾ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੋਣਾ ਚਾਹੀਦੇ ਹਨ। ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਤੁਹਾਡੀ ਮੁਲਾਕਾਤ ਦੌਰਾਨ, ਤੁਸੀਂ ਦੋ ਮਹਾਨ ਮੁਲਕਾਂ ਦਰਮਿਆਨ ਸਫਲ, ਮਜ਼ਬੂਤ ਅਤੇ ਲੰਬੇ ਸਮੇਂ ਦੇ ਸਬੰਧਾਂ ਲਈ ਅਹਿਮ ਮੁੱਦਿਆਂ ’ਤੇ ਚਰਚਾ ਕਰੋ।’’ ਅਮਰੀਕੀ ਸੈਨੇਟ ਵਿਚ ਸੌ ਮੈਂਬਰ ਹਨ ਜਦੋਂਕਿ ਪ੍ਰਤੀਨਿਧ ਸਦਨ ਦੇ ਮੈਂਬਰਾਂ ਦੀ ਗਿਣਤੀ 435 ਦੇ ਕਰੀਬ ਹੈ। ਲਿਹਾਜ਼ਾ ਉਪਰੋਕਤ 70 ਸੰਸਦ ਮੈਂਬਰ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਦਾ 12 ਫੀਸਦ ਹਨ।





News Source link

- Advertisement -

More articles

- Advertisement -

Latest article