20 C
Patiāla
Wednesday, May 1, 2024

ਸਰਹੱਦੀ ਜ਼ਿਲ੍ਹੇ ’ਚ ‘ਕਿਸਾਨ ਬ੍ਰਿਗੇਡ’ ਨੇ ਸੰਭਾਲਿਆ ਮੋਰਚਾ

Must read


ਚਰਨਜੀਤ ਭੁੱਲਰ

ਚੰਡੀਗੜ੍ਹ, 22 ਮਈ

ਮੁੱਖ ਅੰਸ਼

  • ਛੋਟੇ ਕਿਸਾਨਾਂ ਤੋਂ ਮਿਰਚ ਖ਼ਰੀਦਣ ਲਈ ਸਹਿਕਾਰੀ ਉਪਰਾਲਾ

ਫ਼ਿਰੋਜ਼ਪੁਰ ਜ਼ਿਲ੍ਹੇ ਦੀ ‘ਕਿਸਾਨ ਬ੍ਰਿਗੇਡ’ ਦਾ ਇਹ ਨਵਾਂ ਉੱਦਮ ਹੈ ਕਿ ਉਸ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜੀ ਜਾ ਰਹੀ ਹੈ। ਜਦੋਂ ਹੁਣ ਬਾਜ਼ਾਰ ’ਚ ਿਸ਼ਮਲਾ ਮਿਰਚਾਂ ਦੇ ਭਾਅ ਹੇਠਾਂ ਡਿੱਗੇ ਹਨ ਤਾਂ ਇਹ ਕਿਸਾਨ ਬ੍ਰਿਗੇਡ ਯਕਦਮ ਖੜ੍ਹੀ ਹੋਈ ਹੈ ਤਾਂ ਜੋ ਕਿਸਾਨਾਂ ਦਾ ਢਾਰਸ ਬਣਿਆ ਜਾ ਸਕੇ। ਸਰਹੱਦੀ ਜ਼ਿਲ੍ਹੇ ਦੇ ਕਰੀਬ 20 ਿਸ਼ਮਲਾ ਮਿਰਚ ਉਤਪਾਦਕਾਂ ਨੇ ਇੱਕ ਸਮੂਹ ਬਣਾਇਆ ਹੈ ਜਿਸ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਤੋਂ ਵਪਾਰੀ ਨਾਲੋਂ ਉੱਚੇ ਭਾਅ ’ਤੇ ਮਿਰਚ ਖ਼ਰੀਦ ਕੀਤੀ ਜਾ ਰਹੀ ਹੈ। ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਹਰੀ ਮਿਰਚ ਤੇ ਸ਼ਿਮਲਾ ਮਿਰਚ ਦੇ ਭਾਅ ਡਿੱਗੇ ਹੋਏ ਹਨ। ਅਜਿਹੇ ਸਮੂਹ ਰਾਜਸਥਾਨ ਵਿਚ ਬਣੇ ਹੋਣ ਦੀ ਵੀ ਖ਼ਬਰ ਹੈ। ਮਾਨਸਾ ਜ਼ਿਲ੍ਹੇ ਵਿਚ ਪਿਛਲੇ ਦਿਨਾਂ ’ਚ ਕਿਸਾਨਾਂ ਨੂੰ ਮਜਬੂਰੀ ’ਚ ਫ਼ਸਲ ਸੜਕਾਂ ’ਤੇ ਸੁੱਟਣੀ ਪਈ ਸੀ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਵਪਾਰੀ ਕਿਸਾਨਾਂ ਨੂੰ ਮਿਰਚਾਂ ਦਾ ਭਾਅ 21 ਰੁਪਏ ਦੇ ਰਹੇ ਹਨ ਜਦੋਂ ਕਿ 20 ਕਿਸਾਨਾਂ ਦਾ ਸਮੂਹ ਮੌਜੂਦਾ ਬਾਜ਼ਾਰ ਮੁੱਲ ਦੇ ਮੁਕਾਬਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਕਿਸਮ ਦੇ ਹਿਸਾਬ ਨਾਲ 28 ਰੁਪਏ ਅਤੇ 34 ਰੁਪਏ ਪ੍ਰਤੀ ਕਿਲੋ ਦਾ ਭਾਅ ਦੇ ਰਿਹਾ ਹੈ। ਇਸ ਕਿਸਾਨ ਸਮੂਹ ਦੇ ਮੈਂਬਰ ਅਤੇ ਫ਼ਿਰੋਜ਼ਪੁਰ ਦੇ ਪਿੰਡ ਮਾਹਲਣ ਦੇ ਬਲਵਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਸਮੂਹ ਨੇ ਮਾਰਕੀਟਿੰਗ ਦਾ ਕੰਮ ਸੰਭਾਲਿਆ ਹੈ ਕਿਉਂਕਿ ਛੋਟੇ ਉਤਪਾਦਕਾਂ ਨੂੰ ਮਾਰ ਪੈ ਰਹੀ ਸੀ ਅਤੇ ਵਪਾਰੀ ਮੁਨਾਫ਼ਾ ਖੱਟ ਰਹੇ ਸਨ। ਬਲਵਿੰਦਰ ਸਿੰਘ ਨੇ ਕਿਹਾ ਕਿ ਅਬੋਹਰ ਦਾ ਇੱਕ ਸਰਕਾਰੀ ਪਲਾਂਟ ਵੀ ਮਿਰਚਾਂ ਲਈ ਸਿਰਫ਼ 24 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕਰ ਰਿਹਾ ਹੈ। ਮਿਰਚ ਉਤਪਾਦਕਾਂ ਨੂੰ ਇਸ ਸਮੂਹ ਦੇ ਦਖਲ ਨੇ ਠੁੰਮ੍ਹਣਾ ਦਿੱਤਾ ਹੈ। ਦੂਸਰੇ ਪਾਸੇ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਜੀਵਨ ਸਿੰਘ ਨੂੰ ਸ਼ਿਮਲਾ ਮਿਰਚ ਦੇ ਡਿੱਗੇ ਭਾਅ ਨੇ ਏਨਾ ਨਿਰਾਸ਼ ਕਰ ਦਿੱਤਾ ਕਿ ਉਸ ਨੇ ਆਪਣੀ ਫ਼ਸਲ ਨੂੰ ਵਾਹੁਣ ਵਿਚ ਹੀ ਭਲਾਈ ਸਮਝੀ। ਉਨ੍ਹਾਂ ਕਿਹਾ ਕਿ ਵਪਾਰੀ ਇੱਕ ਰੁਪਏ ਕਿਲੋ ਦੀ ਕੀਮਤ ਦੇ ਰਹੇ ਸਨ। ਉਸ ਦਾ ਕਹਿਣਾ ਸੀ ਕਿ ਉਹ ਅਗਲੇ ਵਰ੍ਹੇ ਸ਼ਿਮਲਾ ਮਿਰਚ ਦੀ ਕਾਸ਼ਤ ਨਹੀਂ ਕਰੇਗਾ।

ਕਈ ਹੋਰਨਾਂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਬਜ਼ੀਆਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਨਹੀਂ ਬਣਾਇਆ ਜਾਂਦਾ, ਓਨੀ ਦੇਰ ਸਬਜ਼ੀ ਕਾਸ਼ਤਕਾਰਾਂ ਨੂੰ ਮਾਰ ਝੱਲਣੀ ਪੈਣੀ ਹੈ। ਸੰਗਰੂਰ ਜ਼ਿਲ੍ਹੇ ਵਿਚ ਸ਼ਿਮਲਾ ਮਿਰਚ ਕਿਸਾਨਾਂ ਤੋਂ ਵਪਾਰੀ 4 ਤੋਂ 6 ਰੁਪਏ ਪ੍ਰਤੀ ਕਿਲੋ ਅਤੇ ਫ਼ਰੀਦਕੋਟ ਵਿਚ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦ ਰਹੇ ਹਨ। ਲੰਘੇ ਵਰ੍ਹੇ ਸ਼ਿਮਲਾ ਮਿਰਚ ਦਾ ਭਾਅ ਚੰਗਾ ਮਿਲਿਆ ਸੀ। ਸੁਲਤਾਨਪੁਰ ਲੋਧੀ ਦੇ ਇਲਾਕੇ ਵਿਚ ਸ਼ਿਮਲਾ ਮਿਰਚ ਦੀ ਕਾਫ਼ੀ ਬਿਜਾਂਦ ਹੈ। ਜਲੰਧਰ ਦੇ ਸਬਜ਼ੀ ਵਪਾਰੀ ਡਿੰਪੀ ਸਚਦੇਵਾ ਨੇ ਕਿਹਾ ਕਿ ਡੇਢ ਹਫ਼ਤੇ ਦੌਰਾਨ ਸ਼ਿਮਲਾ ਮਿਰਚ ਦੇ ਭਾਅ ਕਾਫ਼ੀ ਹੇਠਾਂ ਚਲੇ ਗਏ ਸਨ ਅਤੇ ਦੋ ਦਿਨਾਂ ਤੋਂ ਕੀਮਤ ਵਿਚ ਥੋੜ੍ਹਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਕਾਸ਼ਤ ਹੋਣ ਕਰਕੇ ਅਜਿਹਾ ਵਾਪਰ ਜਾਂਦਾ ਹੈ ਅਤੇ ਲੋਕਲ ਸ਼ਿਮਲਾ ਮਿਰਚ ਦਾ ਸੀਜ਼ਨ ਹੁਣ ਅਖੀਰ ’ਤੇ ਹੈ। ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਵਿਚ ਸਬਜ਼ੀ ਵਿਕਰੇਤਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਾਰ ਪੈਂਦੀ ਹੀ ਰਹਿੰਦੀ ਹੈ। ‘ਆਪ’ ਸਰਕਾਰ ਨੇ ਫ਼ਸਲੀ ਵਿਭਿੰਨਤਾ ਦੇ ਮੱਦੇਨਜ਼ਰ ਕੁਝ ਕਦਮ ਚੁੱਕੇ ਸਨ, ਜੋ ਕਾਫ਼ੀ ਨਹੀਂ ਹਨ।

ਕਾਸ਼ਤਕਾਰਾਂ ਨੂੰ ਮਾਰਕੀਟਿੰਗ ਦਾ ਹੁਨਰ ਸਿਖਾ ਰਿਹੈ ਬਾਗ਼ਬਾਨੀ ਵਿਭਾਗ

ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸੂਬੇ ਵਿਚ ਬਾਗ਼ਬਾਨੀ ਅਧੀਨ ਕਰੀਬ 3.80 ਲੱਖ ਹੈਕਟੇਅਰ ਰਕਬਾ ਹੈ। ਕਾਸ਼ਤਕਾਰਾਂ ਨੂੰ ਮਾਰਕੀਟਿੰਗ ਦਾ ਹੁਨਰ ਸਿਖਾਇਆ ਜਾ ਰਿਹਾ ਹੈ ਅਤੇ ਫ਼ਿਰੋਜ਼ਪੁਰ ਵਿਚ ਕਿਸਾਨਾਂ ਦਾ ਬਣਿਆ ਸਮੂਹ ਵੀ ਸਰਕਾਰ ਵੱਲੋਂ ਦਿੱਤੀ ਪ੍ਰੇਰਨਾ ਸਦਕਾ ਹੈ। ਸਰਕਾਰ ਕਿਸਾਨਾਂ ਨੂੰ ਅਜਿਹੇ ਉੱਦਮ ਕਰਨ ਦੇ ਰਾਹ ਪਾ ਰਹੀ ਹੈ।





News Source link

- Advertisement -

More articles

- Advertisement -

Latest article