32.3 C
Patiāla
Sunday, April 28, 2024

ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਜ਼ਾਰਾਂ ਕਿਸਾਨਾਂ ਵਲੋਂ ਮੋਦੀ ਦੀ ਅਰਥੀ ਫ਼ੂਕਦਿਆਂ ਜ਼ੋਰਦਾਰ ਮੁਜ਼ਾਹਰਾ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 11 ਮਈ

ਦੇਸ਼ ਦੀਆਂ ਪਹਿਲਵਾਨ ਧੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਔਰਤਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫ਼ੂਕਦਿਆਂ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਅਨਾਜ ਮੰਡੀ ਵਿਚ ਰੈਲੀ ਕੀਤੀ ਗਈ, ਜਿਸ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ’ਤੇ ਜਿਨਸੀ ਸੋਸ਼ਣ ਦੇ ਮੁਲਜ਼ਮ ਦੀ ਪਿੱਠ ਥਾਪੜਨ ਦਾ ਦੋਸ਼ ਲਾਉਂਦਿਆਂ ਉਸ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲੀ ਦੀ ਅਗਵਾਈ ਹੇਠ ਅਨਾਜ ਮੰਡੀ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿਚ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵਲੋਂ ਦੇਸ਼ ਦੀਆਂ ਪਹਿਲਵਾਨ ਧੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।

ਇਸ ਮਗਰੋਂ ਰੋਸ ਮਾਰਚ ਕਰਦਿਆਂ ਕਿਸਾਨਾਂ ਦਾ ਕਾਫ਼ਲਾ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਮਹਾਂਵੀਰ ਚੌਕ ਪੁੱਜਿਆ ਜਿਥੇ ਆਵਾਜਾਈ ਠੱਪ ਕਰਦਿਆਂ ਪ੍ਰਧਾਨ ਮੰਤਰੀ ਦੀ ਅਰਥੀ ਫ਼ੂਕਦਿਆਂ ਜ਼ੋਰਦਾਰ ਪਿੱਟ ਸਿਆਪਾ ਕੀਤਾ। ਰੈਲੀ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਅਤੇ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਚੁੱਪ ਨੂੰ ਢੀਠਪੁਣਾ ਕਰਾਰ ਦਿੰਦਿਆਂ ਜ਼ੋਰਦਾਰ ਨਿਖੇਧੀ ਕੀਤੀ। ਸ੍ਰੀ ਉਗਰਾਹਾਂ ਨੇ ਕੁਸ਼ਤੀ ਮੁਕਾਬਲਿਆਂ ’ਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨ ਧੀਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਖ਼ਿਲਾਫ਼ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਹਨ ਅਤੇ ਇਨਸਾਫ਼ ਲਈ ਜੰਤਰ ਮੰਤਰ ਦਿੱਲੀ ਵਿਖੇ ਧਰਨੇ ’ਤੇ ਬੈਠੀਆਂ ਹਨ ਪਰ ਕੇਂਦਰ ਸਰਕਾਰ ਵਲੋਂ ਗੈਰਜ਼ਿੰਮੇਵਾਰ ਵਤੀਰਾ ਅਪਣਾਉਂਦਿਆਂ ਇਨਸਾਫ਼ ਦੇਣ ਦੀ ਬਜਾਏ ਉਲਟਾ ਪੁਲੀਸ ਵਲੋਂ ਜਬਰ ਰਾਹੀਂ ਸੰਘਰਸ਼ ਨੂੰ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਦਿੱਲੀ ਦੇ ਜੰਤਰ ਮੰਤਰ ’ਤੇ ਪੁੱਜ ਕੇ ਜੁਝਾਰੂ ਪਹਿਲਵਾਨਾਂ ਦੀ ਡਟਵੀਂ ਹਮਾਇਤ ਕਰ ਚੁੱਕੀ ਹੈ ਅਤੇ ਲਗਾਤਾਰ ਆਵਾਜ਼ ਬੁਲੰਦ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੋਂ ਤੁਰੰਤ ਅਸਤੀਫਾ ਲੈ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ, ਜੰਤਰ ਮੰਤਰ ਵਿਖੇ ਧਰਨਾਕਾਰੀਆਂ ਦੀ ਪੁਲੀਸ ਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੀ ਗਈ ਘੇਰਾਬੰਦੀ ਤੁਰੰਤ ਖਤਮ ਕੀਤੀ ਜਾਵੇ, ਪੁਲੀਸ ਜਬਰ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਦਾ ਸਰਕਾਰੀ ਤੌਰ ’ਤੇ ਇਲਾਜ ਕਰਵਾਇਆ ਜਾਵੇ, ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਮਹਿਲਾ ਕਿਸਾਨ ਆਗੂ ਬਲਜੀਤ ਕੌਰ ਖਡਿਆਲ, ਕਰਮਜੀਤ ਕੌਰ ਭਿੰਡਰਾਂ, ਸੁਖਵਿੰਦਰ ਕੌਰ ਚੱਠੇ ਨੰਨਹੇੜਾ, ਸ਼ਿੰਦਰ ਕੌਰ ਗੰਢੂਆਂ, ਮਨਜੀਤ ਕੌਰ ਤੋਲਾਵਾਲ, ਪਰਮਜੀਤ ਕੌਰ ਜਵੰਧਾ, ਅਮਰਜੀਤ ਕੌਰ ਬਾਲੀਆਂ, ਮਨਜੀਤ ਕੌਰ ਗੰਢੂਆਂ, ਜਸਮੇਲ ਕੌਰ, ਸਰਬਜੀਤ ਕੌਰ ਝਾੜੂ, ਚਰਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਵੀਰ ਕੌਰ ਉਗਰਾਹਾਂ ਵਲੋਂ ਨਿਭਾਈ ਗਈ।





News Source link

- Advertisement -

More articles

- Advertisement -

Latest article