39.2 C
Patiāla
Thursday, May 9, 2024

ਹਾਕੀ: 2022 ਵਿੱਚ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

Must read


ਨਵੀਂ ਦਿੱਲੀ, 26 ਦਸੰਬਰ

ਭਾਰਤੀ ਹਾਕੀ ਲਈ ਸਾਲ 2022 ਵੀ ਚੰਗਾ ਰਿਹਾ। ਇਸ ਦੌਰਾਨ ਮਹਿਲਾ ਟੀਮ ਨੇ 16 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਪੁਰਸ਼ ਟੀਮ ਨਾਲੋਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕੀਤਾ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਤਗਮੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਜਿੱਥੇ ਚਾਂਦੀ ਦਾ ਤਗਮਾ ਜਿੱਤਿਆ, ਉਥੇ ਹੀ ਮਹਿਲਾ ਟੀਮ 16 ਸਾਲ ਬਾਅਦ ਪੋਡੀਅਮ ’ਤੇ ਪਹੁੰਚਣ ਵਿੱਚ ਕਾਮਯਾਬ ਰਹੀ। ਸਾਲ ਦੇ ਅੰਤ ਵਿੱਚ ਮਹਿਲਾ ਟੀਮ ਨੇ ਵੈਲੇਂਸੀਆ ਵਿੱਚ ਐੱਫਆਈਐੱਚ ਨੇਸ਼ਨਜ਼ ਕੱਪ ਜਿੱਤ ਕੇ ਸਾਬਤ ਕਰ ਦਿੱਤਾ ਕਿ ਰਾਸ਼ਟਰਮੰਡਲ ਖੇਡਾਂ ਦਾ ਤਗਮਾ ਮਹਿਜ਼ ਇਤਫਾਕ ਨਹੀਂ ਸੀ। ਮਹਿਲਾ ਟੀਮ ਨੇਸ਼ਨਜ਼ ਕੱਪ ਵਿੱਚ ਕੋਈ ਮੈਚ ਨਹੀਂ ਹਾਰੀ ਅਤੇ ਖਿਤਾਬ ਜਿੱਤ ਕੇ ਪ੍ਰੋ ਲੀਗ ਵਿੱਚ ਵੀ ਥਾਂ ਬਣਾਈ। ਇਸ ਤੋਂ ਪਹਿਲਾਂ ਮਹਿਲਾ ਟੀਮ ਏਸ਼ੀਆ ਕੱਪ ’ਚ ਤੀਜੇ ਸਥਾਨ ’ਤੇ ਰਹੀ। ਹਾਲਾਂਕਿ ਵਿਸ਼ਵ ਕੱਪ ਵਿੱਚ ਮਹਿਲਾ ਟੀਮ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਇਸ ਵਿੱਚ ਉਹ ਨੌਵੇਂ ਸਥਾਨ ’ਤੇ ਰਹੀ ਸੀ।

ਉਧਰ ਪੁਰਸ਼ ਟੀਮ ਨੇ ਏਸ਼ੀਆ ਕੱਪ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਸਾਲ ਦੀ ਸ਼ੁਰੂਆਤ ਕੀਤੀ। ਫਿਰ ਉਸ ਨੇ ਲੁਸਾਨੇ ਵਿੱਚ ਪਹਿਲਾ ‘ਫਾਈਵ ਏ ਸਾਈਡ’ ਟੂਰਨਾਮੈਂਟ ਜਿੱਤਿਆ। ਇਸ ਦੌਰਾਨ ਭਾਰਤ ਦੀ ਅੰਡਰ-21 ਟੀਮ ਨੇ ਸੁਲਤਾਨ ਜੌਹਰ ਕੱਪ ਵਿੱਚ ਆਸਟਰੇਲੀਆ ਨੂੰ ਹਰਾ ਕੇ ਖਿਤਾਬ ਜਿੱਤਿਆ। ਭਾਰਤੀ ਟੀਮ ਨੇ ਪ੍ਰੋ ਲੀਗ ਵਿੱਚ ਤਿੰਨ ਮੈਚ ਖੇਡੇ, ਜਿਨ੍ਹਾਂ ’ਚੋਂ ਦੋ ਮੈਚਾਂ ਵਿੱਚ ਉਸ ਨੇ ਨਿਊਜ਼ੀਲੈਂਡ ਨੂੰ ਹਰਾਇਆ ਪਰ ਸਪੇਨ ਤੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ ਦੇ ਅੰਤ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਖੇਡੀ, ਜਿਸ ਵਿੱਚ ਆਸਟਰੇਲੀਆ ਨੇ ਭਾਰਤ ਨੂੰ 4-1 ਨਾਲ ਮਾਤ ਦਿੱਤੀ। ਭਾਰਤੀ ਟੀਮ ਹੁਣ 13 ਤੋਂ 29 ਜਨਵਰੀ ਤੱਕ ਖੇਡੇ ਜਾਣ ਵਾਲੇ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। -ਪੀਟੀਆਈ





News Source link

- Advertisement -

More articles

- Advertisement -

Latest article