36.5 C
Patiāla
Sunday, May 19, 2024

ਅਕਾਲੀ ਦਲ ਹੀ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜ ਰਿਹੈ: ਹਰਸਿਮਰਤ

Must read


ਮਨੋਜ ਸ਼ਰਮਾ

ਬਠਿੰਡਾ, 7 ਮਈ

ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਪ੍ਰਤੀਨਿਧ ਚੁਣਨ ਜੋ ਸੰਸਦ ਵਿੱਚ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਅਕਾਲੀ ਦਲ ਹੀ ਉਨ੍ਹਾਂ ਦੇ ਹੱਕਾਂ ਵਾਸਤੇ ਲੜ ਰਿਹਾ ਹੈ ਤੇ ਦਿੱਲੀ ਆਧਾਰਤ ਪਾਰਟੀਆਂ ਪੰਜਾਬ ਦੇ ਹੱਕਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨਾਲ ਮਿਲ ਕੇ ਮੌੜ ਹਲਕੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਲੋਕਾਂ ਦੇ ਹੱਕਾਂ ਲਈ ਡਟਦਾ ਰਿਹਾ ਹੈ, ਭਾਵੇਂ ਉਹ ਕਿਸਾਨਾਂ ਲਈ ਐੱਮਐੱਸਪੀ ਯਕੀਨੀ ਬਣਾਉਣ ਦਾ ਮਾਮਲਾ ਹੋਵੇ, ਦਰਿਆਈ ਪਾਣੀਆਂ ਦੀ ਰਾਖੀ ਹੋਵੇ, ਪੰਜਾਬ ਲਈ ਰਾਜਧਾਨੀ ਦੀ ਮੰਗ ਜ਼ੋਰਦਾਰ ਢੰਗ ਨਾਲ ਚੁੱਕਣੀ ਹੋਵੇ ਅਤੇ ਭਾਵੇਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ। ਉਨ੍ਹਾਂ ਕਿਹਾ ਕਿ ਸਾਰੀਆਂ ਦਿੱਲੀ ਆਧਾਰਤ ਪਾਰਟੀਆਂ ਇਨ੍ਹਾਂ ਮਸਲਿਆਂ ’ਤੇ ਚੁੱਪ ਹਨ ਕਿਉਂਕਿ ਪੰਜਾਬ ਤੇ ਦਿੱਲੀ ਵਿੱਚ ਇੱਕੋ ਵਿਸ਼ੇ ’ਤੇ ਉਨ੍ਹਾਂ ਦੇ ਸਟੈਂਡ ਵੱਖੋ-ਵੱਖ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਜ਼ਰੂਰੀ ਹੈ ਕਿ ਉਹ ਸੂਬੇ ਦੀ ਵਾਗਡੋਰ ਇੱਕ ਖੇਤਰੀ ਪਾਰਟੀ ਨੂੰ ਦੇਣ ਜੋ ਉਨ੍ਹਾਂ ਦੀਆਂ ਆਸਾਂ ’ਤੇ ਖਰੀ ਉਤਰੇ।

ਐੱਮਪੀ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਔਰਤਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਤੇ ਨਸ਼ੇ ਉਨ੍ਹਾਂ ਦੀ ਪੀੜੀ ਖ਼ਤਮ ਕਰਨ ’ਤੇ ਉਤਾਰੂ ਹਨ। ਉਨ੍ਹਾਂ ‘ਆਪ’ ਸਰਕਾਰ ਨੂੰ ਸੂਬੇ ਵਿੱਚ ਨਸ਼ਿਆਂ ਦੇ ਪਸਾਰ ਦੇ ਮਸਲੇ ’ਤੇ ਵੀ ਘੇਰਿਆ।

ਬੀਬਾ ਬਾਦਲ ਨੇ ਅਪੀਲ ਕੀਤੀ ਕਿ ਉਹ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਨਾ ਫਸ ਜਾਣ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਤੇ ਘਰ ਘਰ ਨੌਕਰੀ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਨੂੰ 25-25 ਸੌ ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕਰ ਕੇ ਗੁਮਰਾਹ ਕੀਤਾ ਤੇ ਫਿਰ ‘ਆਪ’ ਨੇ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕੀਤਾ, ਪਰ ਹਾਲੇ ਤੱਕ ਦੁੱਕੀ ਵੀ ਨਹੀਂ ਦਿੱਤੀ। ਉਨ੍ਹਾਂ ਔਰਤਾਂ ਨੂੰ ਆਖਿਆ ਕਿ ਜਦੋਂ ‘ਆਪ’ ਆਗੂ ਉਨ੍ਹਾਂ ਕੋਲ ਵੋਟਾਂ ਮੰਗਣ ਆਉਣ ਤਾਂ ਉਹ ਪਹਿਲਾਂ ਉਨ੍ਹਾਂ ਦੇ ਦੋ ਸਾਲਾਂ ਦੇ 24-24 ਹਜ਼ਾਰ ਰੁਪਏ ਦੇ ਬਕਾਏ ਦੇਣ ਵਾਸਤੇ ਆਖਣ।



News Source link

- Advertisement -

More articles

- Advertisement -

Latest article