30.5 C
Patiāla
Thursday, May 2, 2024

ਇਪਸਾ ਵੱਲੋਂ ਕਿਸਾਨੀ ਬਾਰੇ ਸੈਮੀਨਾਰ

Must read


ਸਰਬਜੀਤ ਸਿੰਘ

ਆਸਟਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ ਵੱਲੋਂ ਇੱਥੇ ਇਪਸਾ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸਾਹਿਤਕ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਭਾਰਤ ਅਤੇ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ ਪ੍ਰੋਗਰਾਮ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਕਵੀ ਦਰਬਾਰ ਦਾ ਆਗਾਜ਼ ਕੀਤਾ। ਇਸ ਵਿੱਚ ਗੀਤਕਾਰ ਸੁਰਜੀਤ ਸੰਧੂ, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਜਰਨੈਲ ਬਾਸੀ, ਮੈਲਬੌਰਨ ਤੋਂ ਬਿੱਕਰ ਬਾਈ, ਸ਼ਾਇਰ ਆਰਟਿਸਟ ਰਾਜੀ ਮੁਸੱਵਰ, ਪਾਲ ਰਾਊਕੇ, ਆਤਮਾ ਸਿੰਘ ਹੇਅਰ, ਇਕਬਾਲ ਸਿੰਘ ਧਾਮੀ, ਹਰਜੀਤ ਕੌਰ ਸੰਧੂ, ਅਮਨਪ੍ਰੀਤ ਕੌਰ ਟੱਲੇਵਾਲ, ਤਜਿੰਦਰ ਭੰਗੂ, ਨਿਰਮਲ ਸਿੰਘ ਦਿਓਲ, ਸੈਮੀ ਸਿੱਧੂ ਸਮੇਤ ਨਾਮਵਰ ਕਵੀਆਂ ਅਤੇ ਗੀਤਕਾਰ/ਗਾਇਕਾਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ।

ਪ੍ਰੋਗਰਾਮ ਦੇ ਦੂਸਰੇ ਸ਼ੈਸਨ ਵਿੱਚ ਸਰਬਜੀਤ ਸੋਹੀ ਨੇ ਗੀਤਕਾਰ ਨਿਰਮਲ ਦਿਓਲ ਦੀ ਵਾਰਤਕ ਪੁਸਤਕ ‘ਮਨ ਦੇ ਵਰਕੇ’ ਬਾਰੇ ਬੋਲਦਿਆਂ ਇਸ ਨੂੰ ਸਿਮਰਤੀਆਂ ਵਿਚਲੇ ਯਾਦਗਾਰੀ ਪਲਾਂ ਦਾ ਖ਼ੂਬਸੂਰਤ ਦਸਤਾਵੇਜ਼ ਕਿਹਾ। ਇਸ ਵਿੱਚ ਰਿਸ਼ਤਿਆਂ ਅਤੇ ਰਾਬਤਿਆਂ ਵਿੱਚ ਆ ਰਹੇ ਨਿਘਾਰ ਨੂੰ ਪੇਸ਼ ਕਰਦਿਆਂ ਲੇਖਕ ਬਹੁਤ ਸਟੀਕ ਵਿਚਾਰ ਪੇਸ਼ ਕਰਦਾ ਹੈ। ਇਸ ਸੈਸ਼ਨ ਵਿੱਚ ਲੇਖਕ/ਪੱਤਰਕਾਰ ਯਸ਼ਪਾਲ ਗੁਲਾਟੀ ਦੀ ਪੁਸਤਕ ‘ਸੱਜਰੇ ਸੂਰਜ ਦੀ ਲਾਲੀ’ ਲੋਕ ਅਰਪਣ ਕੀਤੀ ਗਈ। ਇਸ ਬਾਰੇ ਬੋਲਦਿਆਂ ਰੁਪਿੰਦਰ ਸੋਜ਼ ਨੇ ਕਿਹਾ ਕਿ ਯਸ਼ਪਾਲ ਗੁਲਾਟੀ ਨਿੱਕੀ ਕਹਾਣੀ ਵਿੱਚ ਗਹਿਰੀ ਗੱਲ ਕਰਨ ਵਾਲਾ ਕਹਾਣੀਕਾਰ ਹੈ, ਉਹ ਸਮਾਜ ਵਿਚਲੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ ਆਪਣੇ ਚਿੰਤਨ ਅਤੇ ਸੰਵੇਦਨਾ ਦਾ ਆਧਾਰ ਬਣਾਉਂਦਾ ਹੈ।

ਪ੍ਰੋਗਰਾਮ ਦੇ ਤੀਸਰੇ ਸੈਸ਼ਨ ਵਿੱਚ ਕਿਸਾਨੀ ਨਾਲ ਸਬੰਧਿਤ ਵਿਸ਼ੇ ‘ਕਾਰਪੋਰੇਟ ਸੰਸਾਰ ਵਿੱਚ ਕਿਸਾਨੀ ਦਾ ਭਵਿੱਖ’ ਬਾਰੇ ਵਿਚਾਰ ਚਰਚਾ ਕੀਤੀ। ਵਿਚਾਰ ਗੋਸ਼ਟੀ ਦੀ ਸ਼ੁਰੂਆਤ ਸਰਬਜੀਤ ਸੋਹੀ ਦੀ ਭੂਮਿਕਾ ਨਾਲ ਹੋਈ, ਜਿਸ ਵਿੱਚ ਉਸ ਨੇ ਕਾਰਪੋਰੇਟ ਸੈਕਟਰ ਦੇ ਉਥਾਨ ਅਤੇ ਵਿਸ਼ਵੀਕਰਨ ਦੀ ਪ੍ਰਕਿਰਿਆ ਬਾਰੇ ਚਾਨਣਾ ਪਿਆ। ਸਮਾਜ ਸੇਵੀ ਅਤੇ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਨੇ ਆਸਟਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਵਿਕਾਸ ਅਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾ. ਦਰਸ਼ਨਪਾਲ) ਦੇ ਬੁਲਾਰੇ ਬਲਵੰਤ ਸਾਨੀਪੁਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਾਰਪੋਰੇਟ ਸੰਸਾਰ ਵਿੱਚ ਕਿਸਾਨੀ ਦਾ ਭਵਿੱਖ ਧੁੰਦਲਾ ਹੈ। ਹੌਲੀ ਹੌਲੀ ਛੋਟੀ ਕਿਸਾਨੀ ਖਤਮ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰੈੱਸ ਸਕੱਤਰ ਬੂਟਾ ਸਿੰਘ ਬਰਾੜ ਨੇ ਆਪਣੇ ਭਾਸ਼ਨ ਵਿੱਚ ਕਿਸਾਨ ਯੂਨੀਅਨ ਦੇ ਇਤਿਹਾਸ ਅਤੇ ਕਾਰਪੋਰੇਟ ਸੈਕਟਰ ਦੁਆਰਾ ਕੀਤੀ ਜਾ ਰਹੀ ਲੁੱਟ ਬਾਰੇ ਗੱਲਬਾਤ ਕੀਤੀ। ਇਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾਈ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਅੰਕੜਿਆਂ ਸਹਿਤ ਪਿਛਲੇ ਦੋ ਦਹਾਕਿਆਂ ਵਿੱਚ ਕਿਸਾਨੀ ਛੱਡਣ ਵਾਲੇ ਪਰਿਵਾਰਾਂ ਦੀ ਗਿਣਤੀ ਅਤੇ ਕਾਰਪੋਰੇਟ ਦੁਆਰਾ ਮੰਡੀ ’ਤੇ ਹੋ ਰਹੇ ਕਬਜ਼ੇ ਬਾਰੇ ਬਹੁਤ ਵਧੀਆ ਹਵਾਲਿਆਂ ਨਾਲ ਆਪਣੇ ਵਿਚਾਰ ਰੱਖੇ। ਵਿਚਾਰ ਚਰਚਾ ਨੂੰ ਸਮੇਟਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਤੀਨਿਧ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੁਬਾਈ ਸਕੱਤਰ ਰਹੇ ਹਰਚਰਨ ਸਿੰਘ ਚੰਨਾ ਨੇ ਵੱਡੇ ਕਾਰਪੋਰੇਟ, ਗੈਟ ਸਮਝੌਤੇ, ਨਿੱਜੀਕਰਨ ਦੀਆਂ ਵਿਸ਼ਵ ਵਿਆਪੀ ਨੀਤੀਆਂ ਬਾਰੇ ਭਰਪੂਰ ਚਾਨਣਾ ਪਾਇਆ। ਤਰਕਸ਼ੀਲ ਆਗੂ ਜਸਵੰਤ ਜ਼ੀਰਖ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਿਸਾਨ ਅੰਦੋਲਨ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਹਿਤ ਵੰਡਣ ਅਤੇ ਚੇਤਨਾ ਸੈਮੀਨਾਰ ਕਰਵਾਉਣ ਲਈ ਕੀਤੇ ਗਏ ਯਤਨਾਂ ਦਾ ਵੇਰਵਾ ਸਾਂਝਾ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਮੈਲਬੌਰਨ ਤੋਂ ਆਏ ਸਾਹਿਤਕ ਸੱਥ ਮੈਲਬੌਰਨ ਦੇ ਸੰਸਥਾਪਕ ਬਿੱਕਰ ਬਾਈ ਨੂੰ ਪੰਜਾਬੀਅਤ ਦੇ ਮਾਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਪਸਾ ਵੱਲੋਂ ਹਰਚਰਨ ਸਿੰਘ ਚੰਨਾ, ਬੂਟਾ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਜਸਵੰਤ ਜ਼ੀਰਖ ਅਤੇ ਬਲਵੰਤ ਸਿੰਘ ਉੱਪਲੀ ਨੂੰ ਇਪਸਾ ਸੋਵੀਨਾਰ ਭੇਂਟ ਕੀਤਾ ਗਿਆ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਬਲਜੀਤ ਸਿੰਘ ਬਾਠ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸੰਧੂ, ਦੀਵਾਨ ਸਿੰਘ, ਦੀਪਇੰਦਰ ਸਿੰਘ, ਗੁਰਜੀਤ ਸਿੰਘ ਉੱਪਲ, ਯਸ਼ਪਾਲ ਗੁਲਾਟੀ, ਬਿਕਰਮਜੀਤ ਸਿੰਘ ਚੰਦੀ, ਗੁਰਜੀਤ ਬਾਰੀਆ, ਅਰਸ਼ਦੀਪ ਦਿਓਲ, ਕਮਲਪ੍ਰੀਤ ਬਰਾੜ ਚਿਮਨੇਵਾਲ ਆਦਿ ਨਾਮਵਰ ਹਸਤੀਆਂ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਰੁਪਿੰਦਰ ਸੋਜ਼ ਅਤੇ ਸਰਬਜੀਤ ਸੋਹੀ ਵੱਲੋਂ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ ਗਈ। 



News Source link
#ਇਪਸ #ਵਲ #ਕਸਨ #ਬਰ #ਸਮਨਰ

- Advertisement -

More articles

- Advertisement -

Latest article