ਅਮਰੀਕਾ ਨਾਲ ਜਾਰੀ ਤਣਾਅ ਦਰਮਿਆਨ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਸ਼ਨੀਵਾਰ ਯਾਨੀਕਿ 3 ਜਨਵਰੀ ਦੀ ਸਵੇਰੇ ਕਈ ਵੱਡੇ ਧਮਾਕਿਆਂ ਨਾਲ ਦਹਿਸ਼ਤ ਫੈਲ ਗਈ। ਵੈਨੇਜ਼ੁਏਲਾ ਸਰਕਾਰ ਨੇ ਅਮਰੀਕਾ ‘ਤੇ ਆਪਣੇ ਨਾਗਰਿਕ ਅਤੇ ਸੈਨਿਕ ਠਿਕਾਣਿਆਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਉਂਦਿਆਂ ਇਸ ਦੀ ਕੜੀ ਨਿੰਦਾ ਕੀਤੀ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਹੁਣ ਅਮਰੀਕਾ ਦੇ ਕਬਜ਼ੇ ਵਿੱਚ ਹਨ।
ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਵੈਨੇਜ਼ੁਏਲਾ ਅਤੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਖ਼ਿਲਾਫ਼ ਵੱਡੇ ਪੱਧਰ ‘ਤੇ ਹਮਲਾ ਸਫ਼ਲਤਾਪੂਰਕ ਕੀਤਾ ਹੈ। ਟਰੰਪ ਮੁਤਾਬਕ, ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਪਰੇਸ਼ਨ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਯੂਐੱਸ ਲਾ ਐਨਫੋਰਸਮੈਂਟ) ਦੇ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ। ਟਰੰਪ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਬਾਰੇ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਵੈਨੇਜ਼ੁਏਲਾ ‘ਚ ਗਰਾਊਂਡ ਆਪਰੇਸ਼ਨ ਦੀ ਟਰੰਪ ਪਹਿਲਾਂ ਹੀ ਦੇ ਚੁੱਕੇ ਸਨ ਚੇਤਾਵਨੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਰਣਨੀਤੀ ਤਹਿਤ ਪਹਿਲਾਂ ਹੀ ਵੈਨੇਜ਼ੁਏਲਾ ‘ਚ ਗਰਾਊਂਡ ਆਪਰੇਸ਼ਨ ਦੀ ਸੰਭਾਵਨਾ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਸੀ। ਇਨ੍ਹਾਂ ਚੇਤਾਵਨੀਆਂ ਤੋਂ ਬਾਅਦ ਹੀ ਵੈਨੇਜ਼ੁਏਲਾ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਦਬਾਅ ਬਣਾਉਣ ਲਈ ਅਮਰੀਕੀ ਰਾਸ਼ਟਰਪਤੀ ਨੇ ਵੈਨੇਜ਼ੁਏਲਾ ‘ਤੇ ਪਾਬੰਦੀਆਂ ਹੋਰ ਸਖ਼ਤ ਕੀਤੀਆਂ, ਇਲਾਕੇ ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਵਧਾਈ ਅਤੇ ਕੈਰੀਬੀਅਨ ਤੇ ਪੈਸਿਫਿਕ ਦੋਹਾਂ ਸਮੁੰਦਰੀ ਖੇਤਰਾਂ ਵਿੱਚ ਜਹਾਜ਼ ਤਾਇਨਾਤ ਕਰਕੇ ਡਰੱਗ ਟ੍ਰੈਫਿਕਿੰਗ ਦੇ ਦੋਸ਼ ਵੀ ਲਗਾਏ।
ਅਮਰੀਕਾ ਵੈਨੇਜ਼ੁਏਲਾ ‘ਚ ਸਰਕਾਰ ਬਦਲਣਾ ਚਾਹੁੰਦਾ ਹੈ: ਮਾਦੁਰੋ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਵੀਰਵਾਰ (1 ਦਸੰਬਰ 2025) ਨੂੰ ਰਿਕਾਰਡ ਕੀਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਮਰੀਕਾ ਵੈਨੇਜ਼ੁਏਲਾ ਵਿੱਚ ਸਰਕਾਰ ਬਦਲਣ ਲਈ ਦਬਾਅ ਬਣਾਉਣਾ ਅਤੇ ਦੇਸ਼ ਦੇ ਵਿਸ਼ਾਲ ਤੇਲ ਭੰਡਾਰਾਂ ਤੱਕ ਪਹੁੰਚ ਹਾਸਲ ਕਰਨਾ ਚਾਹੁੰਦਾ ਹੈ। ਉਨ੍ਹਾਂ ਅਨੁਸਾਰ ਇਹ ਦਬਾਅ ਬਣਾਉਣ ਵਾਲਾ ਅਭਿਆਨ ਅਗਸਤ ਮਹੀਨੇ ਕੈਰੀਬੀਆਈ ਸਮੁੰਦਰ ਵਿੱਚ ਅਮਰੀਕੀ ਫੌਜ ਦੀ ਵੱਡੇ ਪੱਧਰ ‘ਤੇ ਤਾਇਨਾਤੀ ਨਾਲ ਸ਼ੁਰੂ ਹੋਇਆ ਸੀ ਅਤੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।
ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਵੈਨੇਜ਼ੁਏਲਾ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵੈਨੇਜ਼ੁਏਲਾ ਨਾ ਜਾਓ ਅਤੇ ਨਾ ਹੀ ਉੱਥੇ ਰਹੋ, ਨਹੀਂ ਤਾਂ ਤੁਹਾਨੂੰ ਗਲਤ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਅਤੇ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਅਗਵਾ ਹੋਣ ਦਾ ਖ਼ਤਰਾ ਵੀ ਦੱਸਿਆ ਗਿਆ ਹੈ। ਐਡਵਾਈਜ਼ਰੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉੱਥੇ ਸਥਾਨਕ ਕਾਨੂੰਨਾਂ ਦਾ ਤੁਹਾਡੇ ਖ਼ਿਲਾਫ਼ ਗਲਤ ਇਸਤੇਮਾਲ ਵੀ ਹੋ ਸਕਦਾ ਹੈ।
ਹੋਰ ਪੜ੍ਹੋ