ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਪਰੈਲ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਦੇ ਹਮਲੇ ਦੇ ਵਿਰੋਧ ਅਤੇ ਮ੍ਰਿਤਕਾਂ ਦੀ ਸ਼ਾਂਤੀ ਲਈ ਅੱਜ ਮਾਨਸਾ ਸ਼ਹਿਰ ਵਿੱਚ ਵੁਆਇਸ ਆਫ ਮਾਨਸਾ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਆਮ ਲੋਕਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਮਾਰਚ ਦੌਰਾਨ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰਦਿਆਂ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ।ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਹ ਹਮਲਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸ਼ਾਂਤ ਅਤੇ ਸੈਰ-ਸਪਾਟਾ ਦਾ ਕੇਂਦਰ ਬਣਿਆ ਹੋਇਆ ਸੀ, ਜੋ ਹੁਣ ਇਸ ਹਮਲੇ ਨਾਲ ਦੁਬਾਰਾ ਅਸ਼ਾਂਤੀ ਵੱਲ ਵੱਧ ਸਕਦਾ ਹੈ, ਜਿਸ ਨਾਲ ਉਥੋਂ ਦੇ ਵਪਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।ਕੈਂਡਲ ਮਾਰਚ ਦੌਰਾਨ ਲੋਕਾਂ ਨੇ ਸ਼ਾਂਤੀ ਪੂਰਵਕ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ। ਅਤਿਵਾਦੀ ਹਮਲੇ ਦੀ ਸਖ਼ਤ ਨਿੰਦਿਆ ਕਰਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਇਸ ਘਟਨਾ ਨੂੰ ਨਫ਼ਰਤ, ਕੱਟੜਤਾ ਅਤੇ ਇਨਸਾਨੀਅਤ ਵਿਰੋਧੀ ਕਰਾਰ ਦਿੱਤਾ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਆਰਗੇਨਾਈਜੇਸਨ (ਐਪਸੋ) ਨੇ ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ’ਤੇ ਹੋਏ ਕਾਇਰਾਨਾ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਹਮਲੇ ਵਿਚ 26 ਮਾਸੂਮ ਲੋਕਾਂ ਦੀ ਮੌਤ ਅਤੇ ਹੋਰ ਜਖ਼ਮੀ ਹੋ ਗਏ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਤੇ ਕੇਂਦਰੀ ਕਮੇਟੀ ਮੈਂਬਰ ਡਾ. ਇੰਦਰਵੀਰ ਗਿੱਲ, ਜ਼ਿਲ੍ਹਾ ਪ੍ਰਧਾਨ ਡਾ. ਪਵਨ ਥਾਪਰ, ਜ਼ਿਲ੍ਹਾ ਸਕੱਤਰ, ਸਵਰਨ ਸਿੰਘ ਖੋਸਾ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਪੂਰਨ ਸਿੰਘ, ਸਟੇਟ ਕਮੇਟੀ ਮੈਂਬਰ, ਗਗਨਦੀਪ ਸਿੰਘ ਅਤੇ ਤਰਸੇਮ ਸਿੰਘ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਉਸ ਥਾਂ ’ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵਿੱਚ ਕਮੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਬਠਿੰਡਾ (ਪੱਤਰ ਪ੍ਰੇਰਕ): ਭਾਜਪਾ ਆਗੂ ਅਤੇ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਦੀ ਵਧ ਰਹੀ ਆਰਥਿਕ ਅਤੇ ਰਾਸ਼ਟਰੀ ਤਾਕਤ ਵਿਰੋਧੀ ਤਾਕਤਾਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਕਾਰਨ ਉਹ ਅਤਿਵਾਦੀ ਹਮਲੇ ਕਰਵਾ ਕੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਬਠਿੰਡਾ ਦੇ ਬੀਜੇਪੀ ਆਗੂਆਂ ਨੇ ਸ਼ਹਿਰ ਦੇ ਫ਼ਾਇਰ ਬਰਗੇਡ ਚੌਕ ਵਿੱਚ ਇਕੱਠੇ ਹੋ ਕੇ ਪਾਕਸਿਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਤਿਵਾਦੀ ਹਮਲੇ ਦੀ ਨਿਖੇਧੀ ਕਰਦੇ ਹੋਏ ਪੁਤਲਾ ਸਾੜਿਆ ਗਿਆ।
ਅਬੋਹਰ (ਪੱਤਰ ਪ੍ਰੇਰਕ): ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਮਨੁੱਖਤਾ ਦੇ ਵਿਰੁੱਧ ਕਾਰਾ ਦੱਸਿਆ। ਉਨ੍ਹਾਂ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।