ਅੰਤਾਲਿਆ (ਤੁਰਕੀ), 15 ਜੂਨ
ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਓਲੰਪਿਕ ਦੇ ਆਖਰੀ ਕੁਆਲੀਫਾਇਰ ਤੋਂ ਕੋਟਾ ਹਾਸਲ ਕਰਨ ’ਚ ਅਸਫਲ ਰਹਿਣ ਮਗਰੋਂ ਮਹਿਲਾ ਟੀਮ ਵਾਂਗ ਹੁਣ ਪੈਰਿਸ ਖੇਡਾਂ ਵਾਸਤੇ ਟਿਕਟ ਕਟਾਉਣ ਲਈ ਦਰਜਬੰਦੀ ’ਤੇ ਨਿਰਭਰ ਰਹੇਗੀ। ਵਿਸ਼ਵ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਕਾਬਜ਼ ਭਾਰਤੀ ਟੀਮ ਖ਼ਿਲਾਫ਼ ਅੱਜ ਇੱਥੇ ਕੁਆਰਟਰ ਫਾਈਨਲ ’ਚ ਮੈਕਸੀਕੋ ਦੀ ਟੀਮ ਨੇ ਉਲਟਫੇਰ ਕੀਤਾ। ਉੱਚ ਦਰਜਾਬੰਦੀ ਹਾਸਲ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਇੱਕ ਵਾਰ ਲੀਡ ਹਾਸਲ ਕਰਨ ਮਗਰੋਂ 4-5 (57-56, 57-53, 55-56, 55-58) (26-26*) ਨਾਲ ਹਾਰ ਗਈ। ਪੁਰਸ਼ ਵਰਗ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਉਲੰਪਿਕ ਕੋਟਾ ਮਿਲੇਗਾ। ਹਾਲਾਂਕਿ ਪੁਰਸ਼ ਤੇ ਮਹਿਲਾ ਟੀਮ ਹੁਣ ਵੀ ਪੈਰਿਸ ਓਲੰਪਿਕ ਦੀ ਕੱਟ-ਆਫ ਤਰੀਕ ਤੋਂ ਪਹਿਲਾਂ ਆਪਣੀ ਆਪਣੀ ਦਰਜਾਬੰਦੀ ਦੇ ਆਧਾਰ ’ਤੇ ਕੁਆਲੀਫਾਈ ਕਰ ਸਕਦੀ ਹੈ। -ਪੀਟੀਆਈ