Early Menopause May Increase Heart Attack Risk: ਔਰਤਾਂ ਲਈ ਮੇਨੋਪੌਜ਼ ਜੀਵਨ ਦਾ ਇੱਕ ਆਮ ਸਟੇਜ ਮੰਨਿਆ ਜਾਂਦਾ ਹੈ, ਪਰ ਜੇਕਰ ਇਹ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਵੇ ਤਾਂ ਇਸ ਦੇ ਗੰਭੀਰ ਸਿਹਤ ਪ੍ਰਭਾਵ ਹੋ ਸਕਦੇ ਹਨ। ਹਾਲ ਹੀ ਵਿੱਚ ਮੈਡੀਕਲ ਜਰਨਲ *ਦ ਲੈਂਸੇਟ ਆਬਸਟੈਟ੍ਰਿਕਸ, ਗਾਇਨਕੋਲੋਜੀ ਐਂਡ ਵੂਮੈਨਜ਼ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 40 ਸਾਲ ਦੀ ਉਮਰ ਤੋਂ ਪਹਿਲਾਂ ਮੇਨੋਪੌਜ਼ ਦਾ ਅਨੁਭਵ ਕਰਨ ਵਾਲੀਆਂ ਔਰਤਾਂ ਵਿੱਚ ਦਿਲ ਦੇ ਦੌਰੇ, ਸਟ੍ਰੋਕ ਅਤੇ ਹੋਰ ਦਿਲ ਸੰਬੰਧੀ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ।
ਇਹ ਅਧਿਐਨ 26 ਦੇਸ਼ਾਂ ਦੀਆਂ 1.11 ਲੱਖ ਤੋਂ ਵੱਧ ਔਰਤਾਂ ਦੇ ਅੰਕੜਿਆਂ ‘ਤੇ ਆਧਾਰਿਤ ਹੈ। ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਵਿੱਚ 40 ਤੋਂ 44 ਸਾਲ ਦੀ ਉਮਰ ਦੇ ਵਿਚਕਾਰ ਮੇਨੋਪੌਜ਼ ਹੋਇਆ, ਉਨ੍ਹਾਂ ਵਿੱਚ ਆਮ ਉਮਰ ਵਿੱਚ ਮੇਨੋਪੌਜ਼ ਹੋਣ ਵਾਲੀਆਂ ਔਰਤਾਂ ਦੇ ਮੁਕਾਬਲੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 30 ਤੋਂ 40 ਫ਼ੀਸਦੀ ਤੱਕ ਵੱਧ ਸੀ।
ਭਾਰਤ ਵਿੱਚ ਕੀ ਹੈ ਸਥਿਤੀ?
ਭਾਰਤ ਨਾਲ ਜੁੜੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। ਅਧਿਐਨ ਵਿੱਚ ਸ਼ਾਮਲ 7,872 ਭਾਰਤੀ ਔਰਤਾਂ ਵਿੱਚੋਂ 1,445 ਔਰਤਾਂ, ਯਾਨੀ 18.4 ਫ਼ੀਸਦੀ ਨੇ ਸਮੇਂ ਤੋਂ ਪਹਿਲਾਂ ਮੇਨੋਪੌਜ਼ ਦਾ ਅਨੁਭਵ ਕੀਤਾ ਸੀ। ਇਸ ਤੋਂ ਇਲਾਵਾ 25.3 ਫ਼ੀਸਦੀ ਔਰਤਾਂ ਵਿੱਚ 40 ਤੋਂ 44 ਸਾਲ ਦੀ ਉਮਰ ਦੇ ਵਿਚਕਾਰ ਮੇਨੋਪੌਜ਼ ਹੋਇਆ। ਕੁੱਲ ਮਿਲਾ ਕੇ 43.6 ਫ਼ੀਸਦੀ ਭਾਰਤੀ ਔਰਤਾਂ ਵਿੱਚ ਜਾਂ ਤਾਂ ਪ੍ਰੀਮੈਚਿਊਰ ਜਾਂ ਅਰਲੀ ਮੇਨੋਪੌਜ਼ ਦੇਖਿਆ ਗਿਆ।
ਕਿਹੜੀਆਂ ਸਮੱਸਿਆਵਾਂ ਦਾ ਖ਼ਤਰਾ ਵੱਧਦਾ ਹੈ?
ਅਧਿਐਨ ਦੀ ਮੁੱਖ ਖੋਜਕਰਤਾ ਡਾ. ਸਿਮੋਨ ਮਾਰਸ਼ਨਰ, ਜੋ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ਼ ਸਿਡਨੀ ਦੇ ਵੈਸਟਮੀਡ ਐਪਲਾਈਡ ਰਿਸਰਚ ਸੈਂਟਰ ਨਾਲ ਜੁੜੀ ਹੋਈ ਹਨ, ਦਾ ਕਹਿਣਾ ਹੈ ਕਿ ਜਲਦੀ ਮੇਨੋਪੌਜ਼ ਹੋਣ ਨਾਲ ਔਰਤਾਂ ਵਿੱਚ ਭਵਿੱਖ ਵਿੱਚ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਇਸ ਵਿਸ਼ੇ ‘ਤੇ ਡਾ. ਕੇ. ਸ੍ਰੀਨਾਥ ਰੈੱਡੀ ਨੇ ਦੱਸਿਆ ਕਿ ਮੇਨੋਪੌਜ਼ ਤੋਂ ਪਹਿਲਾਂ ਔਰਤਾਂ ਨੂੰ ਐਸਟ੍ਰੋਜਨ ਵਰਗੇ ਹਾਰਮੋਨ ਦਿਲ ਅਤੇ ਖੂਨ ਦੀਆਂ ਨਲੀਆਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਕੁਝ ਹੱਦ ਤੱਕ ਸੁਰੱਖਿਆ ਦਿੰਦੇ ਹਨ। ਪਰ ਮੇਨੋਪੌਜ਼ ਤੋਂ ਬਾਅਦ ਇਹ ਸੁਰੱਖਿਆ ਹੌਲੀ-ਹੌਲੀ ਘਟ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਮਰਦਾਂ ਦੇ ਬਰਾਬਰ ਪੱਧਰ ਤੱਕ ਪਹੁੰਚ ਸਕਦਾ ਹੈ।
ਦੱਖਣੀ ਏਸ਼ੀਆ ਵਿੱਚ ਸਥਿਤੀ ਹੋਰ ਗੰਭੀਰ
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੱਖਣੀ ਏਸ਼ੀਆ ਅਤੇ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਦੀਆਂ ਔਰਤਾਂ ਵਿੱਚ ਮੇਨੋਪੌਜ਼ ਤੁਲਨਾਤਮਕ ਤੌਰ ‘ਤੇ ਘੱਟ ਉਮਰ ਵਿੱਚ ਹੁੰਦਾ ਹੈ। ਜਿੱਥੇ ਵਿਸ਼ਵ ਪੱਧਰ ‘ਤੇ ਮੇਨੋਪੌਜ਼ ਦੀ ਔਸਤ ਉਮਰ 47.4 ਸਾਲ ਰਹੀ, ਉੱਥੇ ਦੱਖਣੀ ਏਸ਼ੀਆ ਵਿੱਚ ਇਹ ਸਿਰਫ਼ 44.7 ਸਾਲ ਦਰਜ ਕੀਤੀ ਗਈ।
ਕਿਹੜੇ ਕਾਰਨਾਂ ਕਰਕੇ ਵੱਧ ਰਹੀ ਹੈ ਮੇਨੋਪੌਜ਼ ਦੀ ਸਮੱਸਿਆ?
ਡਾ. ਕੇ. ਸ੍ਰੀਨਾਥ ਰੈੱਡੀ ਦੇ ਅਨੁਸਾਰ ਤਣਾਅ, ਧੂਮਰਪਾਨ, ਖ਼ਰਾਬ ਖਾਣ-ਪੀਣ ਦੀਆਂ ਆਦਤਾਂ, ਪੂਰੀ ਨੀਂਦ ਨਾ ਲੈਣਾ, ਸ਼ੂਗਰ, ਵਾਤਾਵਰਣ ਪ੍ਰਦੂਸ਼ਣ ਅਤੇ ਇੱਥੋਂ ਤੱਕ ਕਿ ਸੈਕਿੰਡ ਹੈਂਡ ਸਮੋਕਿੰਗ ਵੀ ਸਮੇਂ ਤੋਂ ਪਹਿਲਾਂ ਮੇਨੋਪੌਜ਼ ਦਾ ਕਾਰਨ ਬਣ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਰਦਾਂ ਦੇ ਧੂਮਰਪਾਨ ਤੋਂ ਨਿਕਲਣ ਵਾਲਾ ਧੂੰਆ ਵੀ ਔਰਤਾਂ ਵਿੱਚ ਅਰਲੀ ਮੇਨੋਪੌਜ਼ ਦਾ ਖ਼ਤਰਾ ਵਧਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਖੂਨ ਦੀ ਕਮੀ (ਐਨੀਮੀਆ), ਘੱਟ ਉਮਰ ਵਿੱਚ ਵਿਆਹ, ਵਾਰ-ਵਾਰ ਗਰਭਧਾਰਣ ਅਤੇ ਪੋਸ਼ਣ ਸੰਬੰਧੀ ਸਮੱਸਿਆਵਾਂ ਵੀ ਮੇਨੋਪੌਜ਼ ਦੀ ਉਮਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਦੇ ਨਾਲ ਮੇਨੋਪੌਜ਼ ਸਕ੍ਰੀਨਿੰਗ ਨੂੰ ਵੀ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਖ਼ਤਰੇ ਵਾਲੀਆਂ ਔਰਤਾਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ।
(Disclaimer): ਇਹ ਜਾਣਕਾਰੀ ਖੋਜ ਅਧਿਐਨਾਂ ਅਤੇ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ। ਇਸ ਨੂੰ ਡਾਕਟਰੀ ਸਲਾਹ ਦਾ ਬਦਲ ਨਾ ਸਮਝਿਆ ਜਾਵੇ। ਕਿਸੇ ਵੀ ਨਵੀਂ ਗਤੀਵਿਧੀ ਜਾਂ ਕਸਰਤ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਵੋ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ