Sangrur News : ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਸੱਥਾਂ ਲਗਾ ਕੇ ਆਪਣੀਆਂ ਪ੍ਰਾਪਤੀਆਂ ਗਿਣਾਉਣ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਉੱਥੇ ਪੰਜਾਬ ਅੰਦਰ ਬੇਰੁਜ਼ਗਾਰੀ ਦੇ ਅਹਿਮ ਮੁੱਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਆਪਣੀ “ਬੇਰੁਗਾਰਾਂ ਦੀ ਸੱਥ” ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਹੀ ਪਿਛਲੇ ਦਿਨੀ ਸਥਾਨਕ ਸ਼ਹਿਰ ਦੇ ਵੱਡਾ ਚੌਕ ਵਿਖੇ “ਬੇਰੁਜ਼ਗਾਰਾਂ ਦੀ ਸੱਥ” ਲਗਾਕੇ ਰੁਜ਼ਗਾਰ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਬਹਿਸ ਲਈ ਸੱਦਾ ਦਿੱਤਾ ਸੀ।
ਹੁਣ ਅਗਲੇ ਪੜਾਅ ਵਿੱਚ 15 ਜੂਨ ਨੂੰ ਬੇਰੁਜ਼ਗਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਬੇਰੁਜ਼ਗਾਰਾਂ ਦੀ ਸੱਥ ਲਾਉਣਗੇ। ਉਕਤ ਐਲਾਨ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪਿਛਲੇ ਦਿਨੀਂ ਕੀਤਾ ਗਿਆ ਸੀ। ਅੱਜ ਬੇਰੁਜ਼ਗਾਰ ਸਾਂਝੇ ਮੋਰਚਾ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿੱਚ ਭਰਾਤਰੀ ਜਥੇਬੰਦੀਆਂ ਨੂੰ ਲੈਕੇ ਪ੍ਰੋਗਰਾਮ ਦੀ ਸਫਲਤਾ ਲਈ ਵਿਚਾਰ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਭਾਵੇਂ ਪਿਛਲੇ ਸਮੇਂ 10 ਜੂਨ ਨੂੰ ਸੱਥ ਲਾਉਣ ਦਾ ਐਲਾਨ ਕੀਤਾ ਗਿਆ ਸੀ, ਪਰੰਤੂ ਕੁਝ ਕਾਰਨਾਂ ਕਰਕੇ ਇਸ ਨੂੰ ਅੱਗੇ ਪਾਇਆ ਗਿਆ ਸੀ।
ਉਹਨਾਂ ਦੱਸਿਆ ਕਿ ਪੰਜਾਬ ਅੰਦਰ ਪੰਜਾਬ ਸਰਕਾਰ ਨੇ ਪਿਛਲੇ ਸਵਾ ਚਾਰ ਸਾਲਾਂ ਵਿੱਚ ਐਨਟੀਟੀ ਤੋਂ ਲੈ ਕੇ ਸਹਾਇਕ ਪ੍ਰੋਫ਼ੈਸਰ ਤੱਕ ਸਾਰੀਆਂ ਸ਼੍ਰੇਣੀਆਂ ਦੀ ਇੱਕ ਵੀ ਨਵੀਂ ਅਸਾਮੀਆਂ ਜਾਰੀ ਨਹੀਂ ਕੀਤੀ ਜਦਕਿ ਪੰਜਾਬ ਸਰਕਾਰ 17000 ਅਧਿਆਪਕ ਭਰਤੀ ਕਰਨ ਅਤੇ 67000 ਸਰਕਾਰੀ ਨੌਕਰੀਆਂ ਦੇਣ ਦੇ ਦਮਗਜੇ ਮਾਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਚੋਣ ਵਾਅਦਿਆਂ ਨੂੰ ਲੈਕੇ ਅਤੇ ਸਿੱਖਿਆ/ ਸਿਹਤ ਕ੍ਰਾਂਤੀ ਦੇ ਮੁੱਦੇ ‘ਤੇ ਜਨਤਕ ਬਹਿਸ ਕਰਨ ਲਈ ਬੇਰੁਜ਼ਗਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਸੱਥ ਲਗਾਉਣਗੇ।
ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਲੈਕਚਰਾਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਮਾਸਟਰ ਕੇਡਰ ਦੀ ਭਰਤੀ ਉਪਰ ਥੋਪੀ 55% ਬੇਤੁਕੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ। ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ, 250 ਆਰਟ ਐਂਡ ਕਰਾਫਟ ਟੀਚਰ ਭਰਤੀ ਦਾ ਪੇਪਰ ਤੁਰੰਤ ਲਿਆ ਜਾਵੇ, ਮਲਟੀਪਰਪਜ ਹੈਲਥ ਵਰਕਰ (ਮੇਲ) ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਵਿੱਚ ਉਮਰ ਹੱਦ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਕੀਤਾ ਜਾਵੇ, ਐਨ ਟੀ ਟੀ ਦੀਆਂ 8393 ਅਸਾਮੀਆਂ ਦਾ ਮੁੜ ਤੋਂ ਇਸ਼ਤਿਹਾਰ ਜਾਰੀ ਕੀਤਾ ਜਾਵੇ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਤੋਂ ਮਨਧੀਰ ਸਿੰਘ, ਦਲਿਤ ਆਗੂ ਸਤਗੁਰ ਸਿੰਘ ਕੌਹਰੀਆਂ, ਗੁਰਵੀਰ ਸਿੰਘ, ਹਰਮੇਸ਼ ਸਿੰਘ, ਮਨਜੀਤ ਸਿੰਘ ਸਰਾਵਾਂ, ਅਧਿਆਪਕ ਆਗੂ ਜਗਦੀਪ ਸਿੰਘ ਫਲੇੜਾ ਆਦਿ ਹਾਜ਼ਰ ਸਨ।
ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ