Rajpura Firing Case : ਪਟਿਆਲਾ ਪੁਲਿਸ ਨੂੰ ਰਾਜਪੁਰਾ ਦੇ ਲਕਸ਼ਮੀ ਪ੍ਰਾਪਰਟੀ ਦਫ਼ਤਰ ‘ਤੇ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਮੁਠਭੇੜ (ਐਨਕਾਊਂਟਰ) ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰਾਸ ਫਾਇਰਿੰਗ ਦੌਰਾਨ ਇੱਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ। ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿਚੋਂ ਗੈਰ-ਕਾਨੂੰਨੀ ਹਥਿਆਰ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਗੈਂਗ ਦੇ ਮੁੱਖ ਸਰਗਨਿਆਂ ਅਤੇ ਇਸ ਨੈੱਟਵਰਕ ਦੇ ਪਿੱਛੇ ਲੁਕੇ ਸਫ਼ੇਦਪੋਸ਼ ਚਿਹਰਿਆਂ ਦਾ ਵੀ ਜਲਦ ਪਰਦਾਫ਼ਾਸ਼ ਕੀਤਾ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸੁਰਿੰਦਰ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਸੁਰਜੀਤ ਸਿੰਘ, ਦੋਵੇਂ ਵਾਸੀ ਪਿੰਡ ਹਮੀਰਾ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਸੀਆਈਏ ਸਟਾਫ਼ ਪਟਿਆਲਾ ਅਤੇ ਸੀਆਈਏ ਸਟਾਫ਼ ਸਮਾਣਾ ਦੀ ਸਾਂਝੀ ਟੀਮ ਨੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਇਹ ਗੁਪਤ ਆਪਰੇਸ਼ਨ ਚਲਾਇਆ। ਪੁਲਿਸ ਨੇ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਜੰਗਲੀ ਬੀੜ ਨੇੜੇ ਦੋਵਾਂ ਮੁਲਜ਼ਮਾਂ ਨੂੰ ਘੇਰ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮੁਠਭੇੜ ਹੋਈ ਅਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ਸੋਸ਼ਲ ਮੀਡੀਆ ‘ਤੇ ‘ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਗੈਂਗ’ ਨੇ ਲਈ ਸੀ ਜ਼ਿੰਮੇਵਾਰੀ
ਕੁਝ ਦਿਨ ਪਹਿਲਾਂ ਰਾਜਪੁਰਾ ਦੇ ਲਕਸ਼ਮੀ ਪ੍ਰਾਪਰਟੀ ਦਫ਼ਤਰ ‘ਤੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ ਗਈ ਸੀ। ਇਸ ਵਾਰਦਾਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ‘ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਗੈਂਗ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਪੁਲਿਸ ਤੁਰੰਤ ਅਲਰਟ ਹੋ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਚੋਣਾਂ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼
ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਸੋਸ਼ਲ ਮੀਡੀਆ ‘ਤੇ ਕੀਤੇ ਗਏ ਦਾਵਿਆਂ ਅਤੇ ਗੈਂਗ ਨਾਲ ਜੁੜੇ ਇਨਪੁਟਾਂ ਦੀ ਵਿਗਿਆਨਕ ਤਰੀਕੇ ਨਾਲ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਜਿਹੀਆਂ ਫਾਇਰਿੰਗ ਦੀਆਂ ਘਟਨਾਵਾਂ ਅਤੇ ਧਮਕੀਆਂ ਰਾਹੀਂ ਚੋਣਾਂ ਤੋਂ ਪਹਿਲਾਂ ਇਲਾਕੇ ਵਿੱਚ ਦਹਿਸ਼ਤ ਅਤੇ ਖੌਫ਼ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ।