PMMVY : ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਮਹਿਲਾ ਗਰਭਵਤੀ ਹੈ ਤਾਂ ਸਰਕਾਰ ਦੀ ਇਹ ਯੋਜਨਾ ਉਸ ਲਈ ਕਾਫ਼ੀ ਲਾਭਦਾਇਕ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮਾਤ੍ਰੂ ਵੰਦਨਾ ਯੋਜਨਾ (PMMVY) ਤਹਿਤ ਯੋਗ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਮਕਸਦ ਗਰਭ ਅਵਸਥਾ ਦੌਰਾਨ ਪੋਸ਼ਣ, ਸਿਹਤ ਜਾਂਚ ਅਤੇ ਜਣੇਪੇ ਤੋਂ ਬਾਅਦ ਮਾਂ ਤੇ ਬੱਚੇ ਦੀ ਬਿਹਤਰ ਦੇਖਭਾਲ ਵਿੱਚ ਮਦਦ ਕਰਨਾ ਹੈ।
ਪਹਿਲੇ ਬੱਚੇ ’ਤੇ ₹5,000, ਦੂਜੀ ਧੀ ’ਤੇ ₹6,000
PMMVY ਤਹਿਤ ਪਹਿਲੇ ਜੀਵਤ ਬੱਚੇ ਲਈ ਯੋਗ ਮਹਿਲਾ ਨੂੰ ਕੁੱਲ 5,000 ਰੁਪਏ ਦੀ ਸਹਾਇਤਾ ਦੋ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਜਦਕਿ ਜੇਕਰ ਦੂਜਾ ਬੱਚਾ ਧੀ ਹੈ, ਤਾਂ ਯੋਗ ਮਹਿਲਾ ਨੂੰ ₹6,000 ਦੀ ਰਕਮ ਇੱਕ ਕਿਸ਼ਤ ਵਿੱਚ ਦਿੱਤੀ ਜਾਂਦੀ ਹੈ। ਇਹ ਪੈਸਾ ਸਿੱਧਾ ਬੈਂਕ ਜਾਂ ਪੋਸਟ ਆਫਿਸ ਖਾਤੇ ਵਿੱਚ DBT ਰਾਹੀਂ ਭੇਜਿਆ ਜਾਂਦਾ ਹੈ।
ਪਹਿਲੀ ਕਿਸ਼ਤ ਲਈ ਕੀ ਕਰਨਾ ਪੈਂਦਾ ਹੈ?
ਪਹਿਲੇ ਬੱਚੇ ਦੇ ਮਾਮਲੇ ਵਿੱਚ 3,000 ਰੁਪਏ ਦੀ ਪਹਿਲੀ ਕਿਸ਼ਤ ਪ੍ਰਾਪਤ ਕਰਨ ਲਈ ਗਰਭ ਅਵਸਥਾ ਦੀ ਰਜਿਸਟ੍ਰੇਸ਼ਨ ਅਤੇ ਘੱਟੋ-ਘੱਟ ਦੋ ਐਂਟੀ-ਨੇਟਲ ਚੈਕਅਪ (ANC) ਕਰਵਾਉਣੇ ਜ਼ਰੂਰੀ ਹਨ। ਦੂਜੀ ਕਿਸ਼ਤ ਲਈ ਬੱਚੇ ਦਾ ਜਨਮ ਰਜਿਸਟਰ ਹੋਣਾ ਅਤੇ ਬੱਚੇ ਦੇ 14 ਹਫ਼ਤਿਆਂ ਤੱਕ ਦਾ ਪਹਿਲਾ ਟੀਕਾਕਰਨ ਚੱਕਰ ਪੂਰਾ ਹੋਣਾ ਜ਼ਰੂਰੀ ਹੈ।
ਦੂਜੀ ਸੰਤਾਨ ਧੀ ਹੋਣ ’ਤੇ 6,000 ਰੁਪਏ
ਜੇਕਰ ਮਹਿਲਾ ਦੀ ਦੂਜੀ ਸੰਤਾਨ ਧੀ ਹੈ ਤਾਂ PMMVY ਤਹਿਤ ₹6,000 ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਲਈ ਗਰਭ ਅਵਸਥਾ ਦੀ ਰਜਿਸਟ੍ਰੇਸ਼ਨ, ਘੱਟੋ-ਘੱਟ ਦੋ ANC ਜਾਂਚਾਂ, ਬੱਚੇ ਦਾ ਜਨਮ ਰਜਿਸਟ੍ਰੇਸ਼ਨ ਅਤੇ 14 ਹਫ਼ਤਿਆਂ ਤੱਕ ਦਾ ਪਹਿਲਾ ਟੀਕਾਕਰਨ ਚੱਕਰ ਪੂਰਾ ਕਰਨਾ ਜ਼ਰੂਰੀ ਹੈ।
ਕਿਹੜੀਆਂ ਮਹਿਲਾਵਾਂ ਨੂੰ ਮਿਲ ਸਕਦਾ ਹੈ ਲਾਭ?
ਇਹ ਯੋਜਨਾ ਹਰ ਗਰਭਵਤੀ ਮਹਿਲਾ ਲਈ ਬਿਨਾਂ ਕਿਸੇ ਸ਼ਰਤ ਦੇ ਨਹੀਂ ਹੈ। ਸਰਕਾਰ ਨੇ ਯੋਗਤਾ ਲਈ ਕੁਝ ਸ਼੍ਰੇਣੀਆਂ ਨਿਰਧਾਰਤ ਕੀਤੀਆਂ ਹਨ। ਇਨ੍ਹਾਂ ਵਿੱਚ SC ਅਤੇ ST ਵਰਗ ਦੀਆਂ ਮਹਿਲਾਵਾਂ ,40 ਫੀਸਦੀ ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੀਆਂ ਮਹਿਲਾਵਾਂ ,BPL ਰਾਸ਼ਨ ਕਾਰਡ ਧਾਰਕ ਮਹਿਲਾਵਾਂ ,ਆਯੁਸ਼ਮਾਨ ਭਾਰਤ PM-JAY ਦੀਆਂ ਲਾਭਪਾਤਰੀ ਮਹਿਲਾਵਾਂ ,ਈ-ਸ਼੍ਰਮ ਕਾਰਡ ਧਾਰਕ ਮਹਿਲਾਵਾਂ ,
PM-KISAN ਦਾ ਲਾਭ ਲੈ ਰਹੀਆਂ ਮਹਿਲਾ ਕਿਸਾਨ ,MGNREGA ਜੌਬ ਕਾਰਡ ਧਾਰਕ ਮਹਿਲਾਵਾਂ ,NFSA ਰਾਸ਼ਨ ਕਾਰਡ ਧਾਰਕ ਮਹਿਲਾਵਾਂ। ਇਸ ਤੋਂ ਇਲਾਵਾ ਜਿਨ੍ਹਾਂ ਮਹਿਲਾਵਾਂ ਦੇ ਪਰਿਵਾਰ ਦੀ ਸਾਲਾਨਾ ਸ਼ੁੱਧ ਆਮਦਨ ₹8 ਲੱਖ ਤੋਂ ਘੱਟ ਹੈ, ਉਹ ਵੀ ਨਿਰਧਾਰਤ ਸ਼ਰਤਾਂ ਤਹਿਤ ਯੋਗ ਹੋ ਸਕਦੀਆਂ ਹਨ।
ਸਰਕਾਰੀ ਕਰਮਚਾਰੀ ਮਹਿਲਾਵਾਂ ਲਈ ਨਿਯਮ ਵੱਖਰੇ
ਯੋਜਨਾ ਦਾ ਲਾਭ ਲੈਣ ਤੋਂ ਪਹਿਲਾਂ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਮਹਿਲਾ ਪਹਿਲਾਂ ਹੀ ਕਿਸੇ ਹੋਰ ਸਮਾਨ ਮਾਤ੍ਰਿਤਵ ਲਾਭ ਦਾ ਫਾਇਦਾ ਤਾਂ ਨਹੀਂ ਲੈ ਰਹੀ। ਸਰਕਾਰੀ ਨਿਯਮਾਂ ਮੁਤਾਬਕ PMMVY ਵਿੱਚ ਯੋਗਤਾ ਨਿਰਧਾਰਤ ਸ਼੍ਰੇਣੀਆਂ ਅਤੇ ਸ਼ਰਤਾਂ ਦੇ ਆਧਾਰ ’ਤੇ ਹੁੰਦੀ ਹੈ। ਇਸ ਲਈ ਸਿਰਫ਼ ਗਰਭਵਤੀ ਹੋਣਾ ਆਪਣੇ ਆਪ ਵਿੱਚ ਇਸ ਯੋਜਨਾ ਦਾ ਲਾਭ ਮਿਲਣ ਦੀ ਗਾਰੰਟੀ ਨਹੀਂ ਹੈ।
ਕਿਵੇਂ ਕਰਨਾ ਹੈ ਅਪਲਾਈ?
ਯੋਗ ਮਹਿਲਾ ਆਪਣੇ ਨੇੜਲੇ ਆਂਗਣਵਾੜੀ ਵਰਕਰ ਜਾਂ ASHA ਵਰਕਰ ਦੀ ਮਦਦ ਨਾਲ ਆਨਲਾਈਨ ਅਰਜ਼ੀ ਦੇ ਸਕਦੀ ਹੈ। ਸਰਕਾਰ ਦੇ PMMVY ਪੋਰਟਲ ਰਾਹੀਂ ਯੋਗ ਮਹਿਲਾ ਖੁਦ ਵੀ ਅਰਜ਼ੀ ਕਰ ਸਕਦੀ ਹੈ। ਅਰਜ਼ੀ ਅਤੇ ਭੁਗਤਾਨ ਲਈ ਬੈਂਕ ਜਾਂ ਪੋਸਟ ਆਫਿਸ ਖਾਤੇ ਦਾ ਆਧਾਰ ਨਾਲ ਲਿੰਕ ਹੋਣਾ ਮਹੱਤਵਪੂਰਨ ਹੈ, ਕਿਉਂਕਿ ਰਕਮ DBT ਰਾਹੀਂ ਭੇਜੀ ਜਾਂਦੀ ਹੈ।
ਹੁਣ ਤੱਕ ਕਰੋੜਾਂ ਮਹਿਲਾਵਾਂ ਨੂੰ ਮਿਲਿਆ ਲਾਭ
ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ 31 ਜੁਲਾਈ 2026 ਤੱਕ PMMVY ਵਿੱਚ 5.13 ਕਰੋੜ ਲਾਭਪਾਤਰੀ ਰਜਿਸਟਰਡ ਹੋ ਚੁੱਕੇ ਹਨ ਅਤੇ 4.37 ਕਰੋੜ ਲਾਭਪਾਤਰੀਆਂ ਨੂੰ ਭੁਗਤਾਨ ਕੀਤਾ ਜਾ ਚੁੱਕਾ ਹੈ। ਹੁਣ ਤੱਕ ਕੁੱਲ ₹20,571 ਕਰੋੜ ਦੀ ਰਕਮ ਦਿੱਤੀ ਜਾ ਚੁੱਕੀ ਹੈ।
ਗਰਭਪਾਤ ਜਾਂ ਮ੍ਰਿਤ ਜਨਮ ਦੀ ਸਥਿਤੀ ਵਿੱਚ ਵੀ ਨਿਯਮ
ਸਰਕਾਰ ਨੇ ਅਜਿਹੀ ਸਥਿਤੀ ਲਈ ਵੀ ਪ੍ਰਬੰਧ ਕੀਤਾ ਹੈ। PMMVY ਦੇ ਨਿਯਮਾਂ ਅਨੁਸਾਰ ਗਰਭਪਾਤ ਜਾਂ ਮ੍ਰਿਤ ਜਨਮ ਹੋਣ ਦੀ ਸਥਿਤੀ ਵਿੱਚ ਮਹਿਲਾ ਨੂੰ ਭਵਿੱਖ ਦੀ ਗਰਭ ਅਵਸਥਾ ਦੌਰਾਨ ਨਵੇਂ ਲਾਭਪਾਤਰੀ ਵਜੋਂ ਯੋਗ ਮੰਨਿਆ ਜਾ ਸਕਦਾ ਹੈ, ਜੇਕਰ ਉਸ ਸਮੇਂ ਉਹ ਯੋਜਨਾ ਦੀਆਂ ਨਿਰਧਾਰਤ ਸ਼ਰਤਾਂ ਪੂਰੀ ਕਰਦੀ ਹੋਵੇ।
ਧਿਆਨ ਰੱਖੋ, ਹਰ ਮਹਿਲਾ ਨੂੰ ਸਿੱਧੇ ₹6,000 ਨਹੀਂ ਮਿਲਦੇ
ਇਸ ਯੋਜਨਾ ਬਾਰੇ ਇੱਕ ਗੱਲ ਸਪੱਸ਼ਟ ਸਮਝਣੀ ਜ਼ਰੂਰੀ ਹੈ। PMMVY ਤਹਿਤ ਹਰ ਮਹਿਲਾ ਨੂੰ ਹਰ ਮਹੀਨੇ ₹5,000 ਜਾਂ ₹6,000 ਨਹੀਂ ਮਿਲਦੇ। ਇਹ ਇੱਕ ਮਾਤ੍ਰਿਤਵ ਲਾਭ ਯੋਜਨਾ ਹੈ, ਜਿਸ ਵਿੱਚ ਯੋਗਤਾ ਅਤੇ ਸਿਹਤ ਸਬੰਧੀ ਸ਼ਰਤਾਂ ਪੂਰੀਆਂ ਕਰਨ ’ਤੇ ਪਹਿਲੇ ਬੱਚੇ ਲਈ ₹5,000 ਅਤੇ ਦੂਜੀ ਸੰਤਾਨ ਧੀ ਹੋਣ ’ਤੇ ₹6,000 ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਲਈ ਅਰਜ਼ੀ ਕਰਨ ਤੋਂ ਪਹਿਲਾਂ ਆਪਣੀ ਯੋਗਤਾ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਣਕਾਰੀ ਜ਼ਰੂਰ ਜਾਂਚ ਲਓ।
ਸਰਕਾਰ ਦੀ ਯੋਜਨਾ ਦਾ ਮਕਸਦ ਕੀ ਹੈ?
PMMVY ਦਾ ਉਦੇਸ਼ ਸਿਰਫ਼ ਆਰਥਿਕ ਸਹਾਇਤਾ ਦੇਣਾ ਨਹੀਂ ਹੈ। ਸਰਕਾਰ ਮੁਤਾਬਕ ਇਸ ਯੋਜਨਾ ਰਾਹੀਂ ਗਰਭਵਤੀ ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਲੋੜੀਂਦਾ ਆਰਾਮ ਅਤੇ ਪੋਸ਼ਣ ਮੁਹੱਈਆ ਕਰਵਾਉਣ, ਸਿਹਤ ਸੇਵਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਮਾਂ ਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਇਹ ਯੋਜਨਾ ਮਿਸ਼ਨ ਸ਼ਕਤੀ ਦੇ ‘ਸਮਰੱਥਿਆ’ ਹਿੱਸੇ ਤਹਿਤ ਲਾਗੂ ਕੀਤੀ ਜਾ ਰਹੀ ਹੈ।