Moga Father murder : ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਬੁੱਧਵਾਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਸਿਰਫ਼ ਖਾਣਾ ਠੰਢਾ ਹੋਣ ਨੂੰ ਲੈ ਕੇ ਸ਼ੁਰੂ ਹੋਏ ਘਰੇਲੂ ਝਗੜੇ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ 22 ਸਾਲਾ ਪੁੱਤ ਨੇ ਆਪਣੇ ਹੀ ਪਿਤਾ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਪਿਤਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਰੋਪੀ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਮੇਜਰਜੀਤ ਸਿੰਘ ਪਹਿਲਾਂ ਇੱਕ ਡਾਕਟਰ ਕੋਲ ਕੰਮ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਇੱਕ ਛੋਟਾ ਕਲੀਨਿਕ ਸ਼ੁਰੂ ਕਰ ਲਿਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਦਾ ਦਿਹਾਂਤ ਹੋ ਚੁੱਕਾ ਸੀ, ਜਦਕਿ ਦੂਜੀ ਪਤਨੀ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ। ਉਹ ਆਪਣੇ 22 ਸਾਲਾ ਪੁੱਤ ਲਵਪ੍ਰੀਤ ਸਿੰਘ ਨਾਲ ਘਰ ਵਿੱਚ ਇਕੱਲੇ ਰਹਿੰਦੇ ਸਨ। ਜਾਣਕਾਰੀ ਮੁਤਾਬਕ ਮੇਜਰਜੀਤ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਸੀ, ਜਿਸ ਕਾਰਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਖਾਣਾ ਠੰਢਾ ਕਿਉਂ ਹੈ?”ਇਸੇ ਗੱਲ ਤੋਂ ਸ਼ੁਰੂ ਹੋਇਆ ਝਗੜਾ
ਪੁਲਿਸ ਅਧਿਕਾਰੀਆਂ ਮੁਤਾਬਕ ਬੁੱਧਵਾਰ ਰਾਤ ਮੇਜਰਜੀਤ ਸਿੰਘ ਨੇ ਖਾਣਾ ਤਿਆਰ ਕਰਕੇ ਆਪਣੇ ਪੁੱਤ ਲਵਪ੍ਰੀਤ ਨੂੰ ਖਾਣ ਲਈ ਬੁਲਾਇਆ। ਉਸ ਵੇਲੇ ਲਵਪ੍ਰੀਤ ਆਪਣੇ ਇੱਕ ਦੋਸਤ ਨਾਲ ਗੱਲਬਾਤ ਕਰ ਰਿਹਾ ਸੀ। ਦੋਸਤ ਦੇ ਜਾਣ ਤੋਂ ਬਾਅਦ ਜਦੋਂ ਉਹ ਖਾਣਾ ਖਾਣ ਬੈਠਿਆ ਤਾਂ ਖਾਣਾ ਠੰਢਾ ਹੋ ਚੁੱਕਾ ਸੀ। ਇਸ ਗੱਲ ਨੂੰ ਲੈ ਕੇ ਪਿਤਾ-ਪੁੱਤ ਵਿਚਾਲੇ ਬਹਿਸ ਹੋ ਗਈ।
ਦੇਖਦੇ ਹੀ ਦੇਖਦੇ ਝਗੜਾ ਇੰਨਾ ਵੱਧ ਗਿਆ ਕਿ ਨਸ਼ੇ ਦੀ ਹਾਲਤ ਵਿੱਚ ਪਿਤਾ ਨੇ ਪੁੱਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਦੋਵਾਂ ਵਿੱਚ ਹੱਥਾਪਾਈ ਹੋ ਗਈ। ਗੁੱਸੇ ਵਿੱਚ ਆ ਕੇ ਲਵਪ੍ਰੀਤ ਨੇ ਘਰ ਵਿੱਚ ਪਈ ਲੋਹੇ ਦੀ ਭਾਰੀ ਰਾਡ ਚੁੱਕੀ ਅਤੇ ਆਪਣੇ ਪਿਤਾ ਦੇ ਸਿਰ ‘ਤੇ ਵਾਰ ਕਰ ਦਿੱਤਾ। ਖੂਨ ਨਾਲ ਲਥਪਥ ਹਾਲਤ ਵਿੱਚ ਮੇਜਰਜੀਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਾ ਬਚ ਸਕੀ।
ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ, ਆਰੋਪੀ ਗ੍ਰਿਫ਼ਤਾਰ
ਸੂਚਨਾ ਮਿਲਦੇ ਹੀ ਬਾਘਾਪੁਰਾਣਾ ਦੇ ਡੀਐਸਪੀ ਜਸਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਘਟਨਾ 8 ਜੁਲਾਈ ਦੀ ਰਾਤ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਵਾਪਰੀ। ਸ਼ੁਰੂਆਤੀ ਜਾਂਚ ਅਤੇ ਤਕਨੀਕੀ ਸਬੂਤਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਪੁੱਤ ਵੱਲੋਂ ਆਪਣੇ ਪਿਤਾ ਦੀ ਹੱਤਿਆ ਦੀ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਸੀ, ਸਗੋਂ ਮੌਕੇ ‘ਤੇ ਹੋਏ ਗੁੱਸੇ ਅਤੇ ਆਪਸੀ ਝਗੜੇ ਕਾਰਨ ਇਹ ਵਾਰਦਾਤ ਵਾਪਰੀ।
ਪੁਲਿਸ ਨੇ ਮ੍ਰਿਤਕ ਮੇਜਰਜੀਤ ਸਿੰਘ ਦੀ ਭੈਣ ਜਸਪ੍ਰੀਤ ਕੌਰ (ਵਾਸੀ ਦਿਆਲਪੁਰਾ, ਜ਼ਿਲ੍ਹਾ ਬਠਿੰਡਾ) ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਲਵਪ੍ਰੀਤ ਸਿੰਘ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਅਗਲੀ ਕਾਨੂੰਨੀ ਜਾਂਚ ਜਾਰੀ ਹੈ।