Jalandhar Encounter News : ਜਲੰਧਰ ਦੇ ਮਹਿਤਪੁਰ ‘ਚ ਬੂਟੇ ਛੰਨਾ ਪਿੰਡ ਦੇ ਸਰਪੰਚ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਆਰੋਪੀ ਦਾ ਐਨਕਾਊਂਟਰ ਕਰ ਦਿੱਤਾ ਹੈ। ਆਰੋਪੀ ਦੇ ਪੈਰ ‘ਚ ਗੋਲੀ ਲੱਗੀ ਹੈ ਅਤੇ ਉਸਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਮਹਿਤਪੁਰ ਨੇੜੇ ਘੁੰਮਣ ਪੈਲੇਸ ਨੇੜੇ ਹੋਇਆ।
ਆਰੋਪੀ ਦੀ ਪਛਾਣ ਸੁਖਜੀਤ ਸਿੰਘ ਉਰਫ ਸ਼ੀਲੂ ਵਜੋਂ ਹੋਈ ਹੈ। ਜਲੰਧਰ ਦਿਹਾਤੀ ਪੁਲਿਸ ਨੇ ਦੱਸਿਆ ਕਿ ਸੁਖਜੀਤ ਸਿੰਘ ਉਰਫ ਸ਼ੀਲੂ ਮਹਿਤਪੁਰ ਵਿੱਚ ਸਰਪੰਚ ਮਹਿੰਦਰ ਸਿੰਘ ‘ਤੇ ਹਮਲੇ ਦਾ ਮੁੱਖ ਆਰੋਪੀ ਸੀ। ਆਰੋਪੀ ਨੂੰ ਫੜਨ ਲਈ ਪੁਲਿਸ ਨਾਕਾ ਲਗਾ ਰੱਖਿਆ ਸੀ। ਆਰੋਪੀ ਨਾਕਾ ਤੋੜ ਕੇ ਭੱਜ ਗਿਆ ਅਤੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ।
ਜਵਾਬੀ ਕਾਰਵਾਈ ‘ਚ ਆਰੋਪੀ ਦੇ ਪੈਰ ‘ਚ ਲੱਗੀ ਗੋਲੀ
ਪੁਲਿਸ ਨੇ ਦੱਸਿਆ ਕਿ ਜਦੋਂ ਆਰੋਪੀ ਸ਼ੀਲੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਸ਼ੀਲੂ ਦੇ ਪੈਰ ‘ਚ ਗੋਲੀ ਲੱਗੀ ਅਤੇ ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਦੇਰ ਰਾਤ ਵਾਪਰੀ ਜਦੋਂ ਐਸਆਈ ਕਸ਼ਮੀਰ ਸਿੰਘ ਦੀ ਟੀਮ ਮਹਿਤਪੁਰ ਇਲਾਕੇ ਵਿੱਚ ਨਾਕਾਬੰਦੀ ਕਰ ਰਹੀ ਸੀ।
ਥਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਬਾਈਕ ‘ਤੇ ਆ ਰਿਹਾ ਸੁਖਜੀਤ ਸਿੰਘ ਉਰਫ਼ ਸ਼ੀਲੂ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗ ਪਿਆ। ਪੁਲਿਸ ਨੇ ਉਸਦਾ ਪਿੱਛਾ ਕੀਤਾ। ਆਰੋਪੀ ਨੇ ਘੁੰਮਣ ਪੈਲੇਸ ਕੋਲ ਪਹੁੰਚਿਆ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਨਾਲ ਸ਼ੀਲੂ ਦੇ ਪੈਰ ‘ਚ ਗੋਲੀ ਲੱਗੀ। ਜ਼ਖਮੀ ਆਰੋਪੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਸੁਖਜੀਤ ਦੇ ਚਾਰ ਹੋਰ ਸਾਥੀਆਂ ਦੀ ਵੀ ਪਛਾਣ ਕਰ ਲਈ ਹੈ ਅਤੇ ਕਈ ਟੀਮਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਆਰੋਪੀ ਸ਼ੀਲੂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਦੱਸ ਦੇਈਏ ਕਿ ਸ਼ੀਲੂ ‘ਤੇ ਦੋ ਦਿਨ ਪਹਿਲਾਂ ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਸਰਪੰਚ ਮਹਿੰਦਰ ਸਿੰਘ ‘ਤੇ ਹਮਲਾ ਕਰਨ ਦਾ ਆਰੋਪ ਹੈ।
ਹੋਰ ਪੜ੍ਹੋ