Earthquake In Colombia : ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਸੋਮਵਾਰ ਨੂੰ 6.6 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਅਸਰ ਇੰਨਾ ਵਿਆਪਕ ਸੀ ਕਿ ਰਾਜਧਾਨੀ ਬੋਗੋਟਾ ਤੋਂ ਇਲਾਵਾ ਗੁਆਂਢੀ ਦੇਸ਼ਾਂ ਵੈਨੇਜ਼ੁਏਲਾ ਅਤੇ ਇਕਵਾਡੋਰ ਤੱਕ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ।
6.6 ਤੀਬਰਤਾ ਦੇ ਝਟਕੇ
ਕੋਲੰਬੀਆ ਦੀ ਨੈਸ਼ਨਲ ਯੂਨਿਟ ਫਾਰ ਡਿਜ਼ਾਸਟਰ ਰਿਸਕ ਮੈਨੇਜਮੈਂਟ (UNGRD) ਮੁਤਾਬਕ ਭੂਚਾਲ ਦਾ ਕੇਂਦਰ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵਿੱਚ ਸੈਨ ਜੋਸ ਡੇਲ ਪਾਲਮਾਰ ਦੇ ਨੇੜੇ ਦੱਸਿਆ ਗਿਆ ਹੈ। ਭੂਚਾਲ ਦੀ ਤੀਬਰਤਾ 6.6 ਮੈਗਨੀਟਿਊਡ ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ ਲਗਭਗ 79 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਕਈ ਇਲਾਕਿਆਂ ਵਿੱਚ ਲੋਕ ਘਬਰਾ ਕੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ।
ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਥਾਵਾਂ ’ਤੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਚੋਕੋ ਦੀ ਗਵਰਨਰ ਨੁਬੀਆ ਕੈਰੋਲੀਨਾ ਕੋਰਡੋਬਾ ਕੂਰੀ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਲੋਕ ਜ਼ਖਮੀ ਹੋਏ ਹਨ। ਸੂਬੇ ਦੀ ਰਾਜਧਾਨੀ ਕਵੀਬਦੋ ਵਿੱਚ ਵੀ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਕਈ ਇਮਾਰਤਾਂ ਨੂੰ ਨੁਕਸਾਨ
ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਹੋਰ ਝਟਕੇ ਮਹਿਸੂਸ ਹੋਣ ਦੀ ਸੰਭਾਵਨਾ ਜਤਾਈ ਹੈ। ਭੂਚਾਲ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਇਮਾਰਤਾਂ ਅਤੇ ਹੋਰ ਢਾਂਚਿਆਂ ਨੂੰ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦੀ ਪਹਿਲੀ ਤਰਜੀਹ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਸੰਭਾਵਿਤ ਆਫ਼ਟਰਸ਼ਾਕ ਦੀ ਸਥਿਤੀ ਵਿੱਚ ਤੁਰੰਤ ਰਾਹਤ ਅਤੇ ਬਚਾਅ ਕਾਰਜ ਚਲਾਉਣਾ ਹੈ। ਰਾਜਧਾਨੀ ਬੋਗੋਟਾ ਸਮੇਤ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਕੁਝ ਸਮੇਂ ਲਈ ਲੋਕਾਂ ਵਿੱਚ ਅਫਰਾ-ਤਫਰੀ ਦਾ ਮਾਹੌਲ ਰਿਹਾ। ਗੁਆਂਢੀ ਦੇਸ਼ਾਂ ਤੱਕ ਝਟਕੇ ਮਹਿਸੂਸ ਕੀਤੇ ਜਾਣ ਤੋਂ ਇਸ ਭੂਚਾਲ ਦੇ ਵਿਆਪਕ ਅਸਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਨੁਕਸਾਨ ਅਤੇ ਜ਼ਖਮੀਆਂ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।