41.1 C
Patiāla
Wednesday, May 8, 2024

ਵੀਵੀਪੈਟ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਰੱਦ – Punjabi Tribune

Must read


* ਚੋਣ ਨਤੀਜਿਆਂ ਦੇ ਸੱਤ ਦਿਨਾਂ ਅੰਦਰ ਦੂਜੇ ਤੇ ਤੀਜੇ ਨੰਬਰ ਵਾਲੇ ਉਮੀਦਵਾਰਾਂ ਦੀ ਅਪੀਲ ’ਤੇ ਮਾਈਕਰੋ ਕੰਟਰੋਲਰਾਂ ਦੀ ਕੀਤੀ ਜਾ ਸਕੇਗੀ ਤਸਦੀਕ

ਨਵੀਂ ਦਿੱਲੀ, 26 ਅਪਰੈਲ

ਦੇਸ਼ ਵਿਚ ਅੱਜ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦਰਮਿਆਨ ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ’ਜ਼) ਰਾਹੀਂ ਪਈਆਂ ਵੋਟਾਂ ਦੀ ਵੋਟਰ ਵੈਰੀਫਾਇਬਲ ਪੇਪਰ ਆਡਿਟ ਟਰੇਲ (ਵੀਵੀਪੈਟ) ਨਾਲ ਸੌ ਫੀਸਦ ਤਸਦੀਕ/ਮਿਲਾਨ ਕੀਤੇ ਜਾਣ ਦੀ ਮੰਗ ਕਰਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਸਰਬਉੱਚ ਅਦਾਲਤ ਨੇ ਕਿਹਾ ਕਿ ਵਿਵਸਥਾ/ਪ੍ਰਬੰਧ ਦੇ ਕਿਸੇ ਵੀ ਪਹਿਲੂ ’ਤੇ ‘ਅੱਖ ਬੰਦ ਕਰਕੇ ਬੇਭਰੋਸਗੀ’ ਜ਼ਾਹਿਰ ਕੀਤੇ ਜਾਣ ਨਾਲ ‘ਬੇਲੋੜੇ ਸ਼ੰਕੇ’ ਖੜ੍ਹੇ ਹੋ ਸਕਦੇ ਹਨ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਨੇ ਦੋ ਸਹਿਮਤੀ ਵਾਲੇ ਫੈਸਲੇ ਦਿੰਦਿਆਂ ਚੋਣਾਂ ਮੁੜ ਬੈਲੇਟ ਪੇਪਰਾਂ (ਚੋਣ ਪਰਚੀਆਂ) ਨਾਲ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਸਣੇ ਕੇਸ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱੱਤੀਆਂ। ਬੈਂਚ ਨੇ ਕਿਹਾ ਕਿ ‘ਜਮਹੂਰੀਅਤ ਦਾ ਮਤਲਬ ਸਾਰੀਆਂ ਸੰਸਥਾਵਾਂ ਦਰਮਿਆਨ ਸਦਭਾਵਨਾ ਤੇ ਵਿਸ਼ਵਾਸ ਸਥਾਪਿਤ ਕਰਨ ਲਈ ਯਤਨ ਕਰਨਾ ਹੈ।’’ ਉਂਜ ਸੁਪਰੀਮ ਕੋਰਟ ਨੇ ਇਸ ਮਸਲੇ ’ਤੇ ਦੋ ਹਦਾਇਤਾਂ ਜਾਰੀ ਕੀਤੀਆਂ ਹਨ। ਜਸਟਿਸ ਖੰਨਾ ਨੇ ਆਪਣੇ ਫੈਸਲੇ ਵਿਚ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਚੋਣ ਨਿਸ਼ਾਨ ਲੋਡ ਕਰਨ ਲਈ ਵਰਤੀਆਂ ਜਾਂਦੀਆਂ ਯੂਨਿਟਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਵਿੱਚ ਲੋਡ ਕੀਤੇ ਜਾਣ ਤੋਂ ਬਾਅਦ 45 ਦਿਨਾਂ ਲਈ ਸੀਲ ਕਰਕੇ ਸਟਰਾਂਗ ਰੂਮ ਵਿਚ ਸਟੋਰ ਕੀਤਾ ਜਾਵੇ। ਸੁਪਰੀਮ ਕੋਰਟ ਨੇ ਈਵੀਐੱਮ ਦਾ ਨਿਰਮਾਣ ਕਰਨ ਵਾਲੇ ਇੰਜਨੀਅਰਾਂ ਨੂੰ ਖੁੱਲ੍ਹ ਦਿੱਤੀ ਕਿ ਉਹ ਚੋਣ ਨਤੀਜਿਆਂ ਮਗਰੋਂ ਦੂਜੇ ਤੇ ਤੀਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰਾਂ ਦੀ ਅਪੀਲ ’ਤੇ ਈਵੀਐੱਮਜ਼ ਵਿਚਲੇ ਮਾਈਕਰੋਕੰਟਰੋਲਰਾਂ ਦੀ ਤਸਦੀਕ ਕਰ ਸਕਦੇ ਹਨ। ਕੋਰਟ ਨੇ ਕਿਹਾ ਕਿ ਚੋਣ ਨਤੀਜਾ ਐਲਾਨੇ ਜਾਣ ਦੇ ਸੱਤ ਦਿਨਾਂ ਅੰਦਰ ਫੀਸ ਦੀ ਅਦਾਇਗੀ ਮਗਰੋਂ ਮਾਈਕਰੋਕੰਟਰੋਲਰਾਂ ਦੀ ਤਸਦੀਕ ਲਈ ਅਪੀਲ ਕੀਤੀ ਜਾ ਸਕਦੀ ਹੈ। ਅਦਾਲਤ ਨੇ ਕਿਹਾ, ‘‘ਜੇਕਰ ਤਸਦੀਕ ਦੌਰਾਨ ਈਵੀਐੱਮ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਦਾ ਪਤਾ ਲੱਗਦਾ ਹੈ ਤਾਂ ਉਮੀਦਵਾਰ ਵੱਲੋਂ ਅਦਾ ਕੀਤੀ ਫੀਸ ਮੋੜ ਦਿੱਤੀ ਜਾਵੇਗੀ।’’ ਇਕ ਈਵੀਐੱਮ ਵਿਚ ਤਿੰਨ ਯੂਨਿਟ- ਬੈਲੇਟ ਯੂਨਿਟ, ਕੰਟਰੋਲ ਯੂਨਿਟ ਤੇ ਵੀਵੀਪੈਟ ਹੁੰਦੇ ਹਨ। ਇਹ ਤਿੰਨੋਂ ਮਾਈਕਰੋਕੰਟਰੋਲਰਜ਼ ਨਾਲ ਜੁੜੇ ਹੁੰਦੇ ਹਨ। ਮਾਈਕਰੋਕੰਟਰੋਲਰਜ਼ ਦੀ ਮੈਮਰੀ ਨੂੰ ਨਵੇਂ ਸਿਰੇ ਤੋਂ ਅਪਲੋਡ ਕੀਤਾ ਜਾ ਸਕਦਾ ਹੈ ਕਿਉਂਕਿ ਮੈਨੂਫੈਕਚਰਰ ਵੱਲੋਂ ਇਸ ਵਿਚ ਬਰਨਟ ਮੈਮਰੀ ਪਾ ਕੇ ਦਿੱਤੀ ਜਾਂਦੀ ਹੈ। -ਪੀਟੀਆਈ

‘ਨੋਟਾ’ ਨੂੰ ਲੈ ਕੇ ਚੋਣ ਕਮਿਸ਼ਨ ਦੀ ਜਵਾਬਤਲਬੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਥਾਂ ‘ਨੋਟਾ’ (ਉਪਰੋਕਤ ਵਿਚੋਂ ਕੋਈ ਵੀ ਨਹੀਂ) ਨੂੰ ਵਧੇਰੇ ਤਰਜੀਹ ਦਿੱਤੇ ਜਾਣ ਦੀ ਸੂਰਤ ਵਿਚ ਚੋਣ ਰੱਦ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਸਬੰਧੀ ਨੇਮ ਘੜੇ ਜਾਣ ਦੀ ਮੰਗ ਕਰਦੀ ਜਨਹਿਤ ਪਟੀਸ਼ਨ ’ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਵੱਲੋਂ 2013 ਵਿਚ ਸੁਣਾਏ ਇਕ ਫੈਸਲੇ ਮਗਰੋਂ ਚੋਣਾਂ ਦੌਰਾਨ ਵੋਟਰਾਂ ਨੂੰ ਈਵੀਐੱਮ’ਜ਼ ਵਿਚ ‘ਨੋਟਾ’ ਦਾ ਬਦਲ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਲੇਖਕ, ਕਾਰਕੁਨ ਤੇ ਮੋਟੀਵੇਸ਼ਨਲ ਸਪੀਕਰ ਸ਼ਿਵ ਖੇੜਾ ਦੀ ਪਟੀਸ਼ਨ ’ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ। -ਪੀਟੀਆਈ

ਈਵੀਐੱਮਜ਼ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਵਿਰੋਧੀਆਂ ’ਤੇ ਕਰਾਰੀ ਚਪੇੜ: ਮੋਦੀ

ਅਰਰੀਆ/ਮੁੰਗੇਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ’ਤੇ ਕਰਾਰੀ ਚਪੇੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਵੀਐੱਮਜ਼ ਖ਼ਿਲਾਫ਼ ਬੇਭਰੋਸਗੀ ਪੈਦਾ ਕਰਨ ਦੇ ਪਾਪ ਲਈ ਵਿਰੋਧੀਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਬਿਹਾਰ ਦੇ ਅਰਰੀਆ ਅਤੇ ਮੁੰਗੇਰ ਲੋਕ ਸਭਾ ਹਲਕਿਆਂ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਆਪਣੇ ਪਸੰਦੀਦਾ ਮੁਸਲਮਾਨਾਂ ਦੇ ਵੋਟ ਬੈਂਕ ਲਈ ਓਬੀਸੀਜ਼, ਐੱਸਸੀਜ਼ ਅਤੇ ਐੱਸਟੀਜ਼ ਦੇ ਰਾਖਵੇਂਕਰਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ‘ਜਦੋਂ ਕਾਂਗਰਸ, ਆਰਜੇਡੀ ਅਤੇ ਇੰਡੀ ਗੱਠਜੋੜ ਦੀਆਂ ਹੋਰ ਧਿਰਾਂ ਸੱਤਾ ’ਚ ਸਨ ਤਾਂ ਬੂਥਾਂ ’ਤੇ ਕਬਜ਼ਿਆਂ ਰਾਹੀਂ ਗਰੀਬਾਂ, ਪੱਛੜਿਆਂ ਅਤੇ ਦਲਿਤਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਸੀ। ਈਵੀਐੱਮਜ਼ ਦੇ ਆਉਣ ਨਾਲ ਉਨ੍ਹਾਂ ਦੀ ਪੁਰਾਣੀ ਖੇਡ ’ਤੇ ਲਗਾਮ ਲੱਗ ਗਈ। ਇਸ ਕਾਰਨ ਉਨ੍ਹਾਂ ਈਵੀਐੱਮਜ਼ ਖ਼ਿਲਾਫ਼ ਬੇਭਰੋਸਗੀ ਪੈਦਾ ਕਰਕੇ ਪਾਪ ਕੀਤਾ ਹੈ।’ ਮੋਦੀ ਨੇ ਕਿਹਾ ਕਿ ਉਹ ਖੁਦ ਓਬੀਸੀ ਵਰਗ ਤੋਂ ਹਨ ਅਤੇ ਪੱਛੜੇ ਵਰਗਾਂ ਦੀਆਂ ਮੁਸ਼ਕਲਾਂ ਤੋਂ ਉਹ ਜਾਣੂ ਹਨ। ਭਵਿੱਖ ’ਚ ਵਿਰੋਧੀ ਧਿਰ ਵਾਲੇ ਐੱਸਸੀਜ਼ ਅਤੇ ਐੱਸਟੀਜ਼ ਦਾ ਰਾਖਵਾਂਕਰਨ ਵੀ ਲੁੱਟ ਲੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ’ਚ ਓਬੀਸੀਜ਼ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇ ਦਿੱਤਾ ਹੈ ਜਿਸ ਬਾਰੇ ਆਰਜੇਡੀ ਸਮੇਤ ਕਿਸੇ ਹੋਰ ਪਾਰਟੀ ਨੇ ਇਕ ਸ਼ਬਦ ਤੱਕ ਨਹੀਂ ਬੋਲਿਆ। ਕਾਂਗਰਸ ਦੇ ਮੈਨੀਫੈਸਟੋ ’ਚ ਮੁਸਲਿਮ ਲੀਗ ਦੀ ਝਲਕ ਹੋਣ ਦਾ ਦਾਅਵਾ ਕਰਦਿਆਂ ਮੋਦੀ ਨੇ ਕਿਹਾ ਕਿ ਪਾਰਟੀ ਦੇ ਹਿੰਦੂਆਂ ਪ੍ਰਤੀ ਅਨਿਆਂ ਦਾ ਪਰਦਾਫਾਸ਼ ਹੋ ਗਿਆ ਹੈ। -ਪੀਟੀਆਈ

ਸਕੂਲ ਭਰਤੀ ਘੁਟਾਲੇ ਲਈ ਟੀਐੱਮਸੀ ਨੂੰ ਘੇਰਿਆ

ਮਾਲਦਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਕਰੀਬ 25 ਹਜ਼ਾਰ ਅਧਿਆਪਕਾਂ ਦੀਆਂ ਨੌਕਰੀਆਂ ਰੱਦ ਹੋਣ ਲਈ ਟੀਐੱਮਸੀ ਨੂੰ ਘੇਰਦਿਆਂ ਕਿਹਾ ਕਿ ਪਾਰਟੀ ਦੇ ‘ਕੱਟ ਅਤੇ ਕਮਿਸ਼ਨ’ ਕਾਰਨ ਪੱਛਮੀ ਬੰਗਾਲ ਦੇ ਨੌਜਵਾਨਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਮਾਲਦਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਨੌਜਵਾਨਾਂ ਨੇ ਟੀਐੱਮਸੀ ਆਗੂਆਂ ਨੂੰ ਰਿਸ਼ਵਤ ਦੇਣ ਲਈ ਕਰਜ਼ੇ ਲਏ ਸਨ। ਉਨ੍ਹਾਂ ਕਿਹਾ ਕਿ ਟੀਐੱਮਸੀ ਦੀ ਘੁਟਾਲਿਆਂ ’ਚ ਸ਼ਮੂਲੀਅਤ ਨਾਲ ਨਾ ਸਿਰਫ਼ ਬੰਗਾਲ ਦੇ ਨੌਜਵਾਨਾਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ ਸਗੋਂ ਹਜ਼ਾਰਾਂ ਪਰਿਵਾਰਾਂ ’ਤੇ ਵੀ ਮਾੜਾ ਅਸਰ ਪਿਆ ਹੈ। -ਪੀਟੀਆਈ

ਚੋਣ ਅਮਲ ’ਚ ਲੋਕਾਂ ਦਾ ਭਰੋਸਾ ਵਧਾਉਣ ਲਈ ਮੁਹਿੰਮ ਜਾਰੀ ਰੱਖਾਂਗੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਵੀਵੀਪੈਟ ਨਾਲ ਸਬੰਧਤ ਪਟੀਸ਼ਨਾਂ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਜਾਣ ਮਗਰੋਂ ਅੱਜ ਕਿਹਾ ਕਿ ਚੋਣ ਅਮਲ ’ਤੇ ਲੋਕਾਂ ਦੇ ਭਰੋਸੇ ਨੂੰ ਵਧਾਉਣ ਲਈ ਉਹ ਵੀਵੀਪੈਟ ਦੀ ਵਡੇਰੀ ਵਰਤੋਂ ਬਾਰੇ ਆਪਣੀ ਸਿਆਸੀ ਮੁਹਿੰਮ ਜਾਰੀ ਰੱਖੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਵੀਵੀਪੈਟ ਨਾਲ ਜੁੜੀਆਂ ਪਟੀਸ਼ਨਾਂ ਨੂੰ ਲੈ ਕੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਧਿਰ ਨਹੀਂ ਸੀ। ਰਮੇਸ਼ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਦੋ ਮੈਂਬਰੀ ਬੈਂਚ ਦੇ ਫੈਸਲੇ ਦਾ ਨੋਟਿਸ ਲਿਆ ਹੈ ਅਤੇ ਚੋਣ ਅਮਲ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਵੀਵੀਪੈਟ ਦੀ ਵਡੇਰੀ ਵਰਤੋਂ ਨੂੰ ਲੈ ਕੇ ਸਾਡੀ ਸਿਆਸੀ ਮੁਹਿੰਮ ਜਾਰੀ ਰਹੇਗੀ।’’ -ਪੀਟੀਆਈ



News Source link

- Advertisement -

More articles

- Advertisement -

Latest article