ਨੋਇਡਾ, 22 ਮਾਰਚਗੌਤਮ ਬੁੱਧ ਨਗਰ ਦੀ ਇੱਕ ਅਦਾਲਤ ਨੇ ਵਿਵਾਦਤ ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਸ਼ੱਕੀ ਡਰੱਗ ਕੇਸ ’ਚ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਅਗਲੇ ਦਿਨਾਂ ’ਚ ਹੋਲੀ ਤੇ ਹੋਰ ਛੁੱਟੀਆਂ ਕਰ ਕੇ ਐਲਵਿਸ਼ ਯਾਦਵ ਦੀ ਜੇਲ੍ਹ ’ਚੋਂ ਰਿਹਾਈ ਨੂੰ ਸਮਾਂ ਲੱਗ ਸਕਦਾ ਹੈ। ਨੋਇਡਾ ਪੁਲੀਸ ਨੇ ਐਲਵਿਸ਼ ਨੂੰ ਉਸ ਵੱਲੋਂ ਦਿੱਤੀਆਂ ਜਾਂਦੀਆਂ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਮਾਮਲੇ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਵਕੀਲ ਪ੍ਰਸ਼ਾਂਤ ਰਾਠੀ ਨੇ ਕਿਹਾ, ‘‘ਅਦਾਲਤ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਮੇਰੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਹੈ। ਐਲਵਿਸ਼ ਨੂੰ 50-50 ਹਜ਼ਾਰ ਰੁਪਏ ਦੇ ਦੋ ਜ਼ਮਾਨਤੀ ਬਾਂਡ ਭਰਨੇ ਪੈਣਗੇ ਜੋ ਅਦਾਲਤ ’ਚ ਜਮ੍ਹਾਂ ਕਰਵਾਉਣੇ ਹੋਣਗੇ।’’ ਐਲਵਿਸ਼ 17 ਮਾਰਚ ਤੋਂ ਗਰੇਟਰ ਨੋਇਡਾ ਦੀ ਲੁਕਸਰ ਜੇਲ੍ਹ ’ਚ ਬੰਦ ਹੈ। -ਪੀਟੀਆਈ