39.2 C
Patiāla
Tuesday, May 21, 2024

ਮਨੀਸ਼ ਤਿਵਾੜੀ ਵੱਲੋਂ ਸੰਜੇ ਟੰਡਨ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

Must read


ਆਤਿਸ਼ ਗੁਪਤਾ

ਚੰਡੀਗੜ੍ਹ, 30 ਅਪਰੈਲ

ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਭਾਜਪਾ ਉਮਦਵਾਰ ਸੰਜੇ ਟੰਡਨ ਨੂੰ ਗੈਰ-ਸਿਆਸੀ ਮੰਚ ’ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ ਹੈ। ਜਿੱਥੇ ਸਥਾਨਕ ਮੁੱਦਿਆਂ ਬਾਰੇ ਖੁੱਲ੍ਹੀ ਬਹਿਸ ਕੀਤੀ ਜਾ ਸਕੇ। ਮਨੀਸ਼ ਤਿਵਾੜੀ ਨੇ ਇਹ ਚੁਣੌਤੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅੱਜ ਮਨੀਸ਼ ਤਿਵਾੜੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਕੇ ਉਮੀਦਵਾਰ ਦੇਸ਼ ਦੀ ਸੰਸਦ ਵਿੱਚ ਪਹੁੰਚ ਦਾ ਹੈ, ਜਿੱਥੇ ਕੌਮੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਗੱਲਬਾਤ ਕਰਕੇ ਫੈਸਲੇ ਲਏ ਜਾਂਦੇ ਹਨ।

ਸ੍ਰੀ ਤਿਵਾੜੀ ਨੇ ਕਿਹਾ ਕਿ ਸੰਸਦ ਦਾ ਮੁੱਖ ਮਕਸਦ ਦੇਸ਼ ਲਈ ਕਾਨੂੰਨ ਤਿਆਰ ਕਰਨਾ ਹੁੰਦਾ ਹੈ। ਸੰਸਦ ਵਿੱਚ ਜ਼ਿਆਦਾਤਰ ਕੌਮੀ ਤੇ ਕੌਮਾਂਤਰੀ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਂਦੀ ਹੈ। ਲੋਕ ਸਭਾ ਮੈਂਬਰਾਂ ਨੂੰ ਕਦੇ ਹੀ ਸਥਾਨਕ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਇਸ ਲਈ ਉਹ ਚੋਣਾਂ ਤੋਂ ਪਹਿਲਾਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਗੈਰ ਸਿਆਸੀ ਮੰਚ ’ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਹਿਸ ਰਾਹੀਂ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਆਪਣੇ ਉਮੀਦਵਾਰ ਦੀ ਲੋਕ ਪੱਖੀ ਸੋਚ ਬਾਰੇ ਪਤਾ ਲੱਗ ਸਕੇਗਾ। ਉਸ ਤੋਂ ਬਾਅਦ ਲੋਕ ਆਪਣੇ ਵੋਟ ਦੀ ਸਹੀ ਵਰਤੋਂ ਕਰ ਸਕਣਗੇ। ਹਾਲਾਂਕਿ ਉਮੀਦਵਾਰ ਮਨੀਸ਼ ਤਿਵਾੜੀ ਦੀ ਚੁਣੌਤੀ ਤੋਂ ਬਾਅਦ ਭਾਜਪਾ ਉਮੀਦਵਾਰ ਸੰਜੇ ਟੰਡਨ ਜਾਂ ਭਾਜਪਾ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ।

ਇਸ ਦੌਰਾਨ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਨੂੰ ਇੱਕ ਬਿਹਤਰ, ਸਾਫ਼ ਸੁਥਰਾ ਅਤੇ ਹਰਿਆ ਭਰਿਆ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਤਿਵਾੜੀ ਨੇ ਅੱਜ ਸੁਖਨਾ ਝੀਲ ’ਤੇ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ੍ਰੀ ਤਿਵਾੜੀ ਨੇ ਝੀਲ ਦੇ ਆਸ-ਪਾਸ ਕੁੱਤਿਆਂ ਅਤੇ ਬਾਂਦਰਾਂ ਦੀ ਭਰਮਾਰ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਵਾਬ ਦਿੰਦਿਆਂ ਭਰੋਸਾ ਦਿੱਤਾ ਕਿ ਚੋਣਾਂ ਤੋਂ ਤੁਰੰਤ ਬਾਅਦ ਝੀਲ ਨੂੰ ਕੁੱਤਿਆਂ ਅਤੇ ਬਾਂਦਰਾਂ ਦੀ ਦਹਿਸ਼ਤ ਤੋਂ ਮੁਕਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮਨੀਸ਼ ਤਿਵਾੜੀ ਨੇ ਡੱਡੂ ਮਾਜਰਾ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਡੰਪਿੰਗ ਗਰਾਊਂਡ ਦੇ ਮਸਲੇ ਨੂੰ ਉਨ੍ਹਾਂ ਦੀ ਤਸੱਲੀ ਅਨੁਸਾਰ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਸੈਕਟਰ 19 ਵਿੱਚ ਪਾਲਿਕਾ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਵੀ ਰਾਬਤਾ ਕਾਇਮ ਕੀਤਾ।

ਤਿੰਨ ਕਾਂਗਰਸੀ ਕੌਂਸਲਰਾਂ ਨੇ ਤਿਵਾੜੀ ਦੀ ਚੋਣ ਮੁਹਿੰਮ ਤੋਂ ਦੂਰੀ ਬਣਾਈ

ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਕਾਂਗਰਸ ਦੇ ਤਿੰਨ ਕੌਂਸਲਰ ਤੇ ਹੋਰ ਸੀਨੀਅਰ ਆਗੂਆਂ ਨੇ ਵੀ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਚੋਣ ਮੁਹਿੰਮ ਤੋਂ ਦੂਰੀ ਬਣਾਈ ਹੋਈ ਹੈ। ਇਸ ਵਿੱਚ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਸਚਿਨ ਗਾਲਵ ਤੇ ਦਿਲਾਵਰ ਸਿੰਘ ਦੀ ਪਤਨੀ ਨਿਰਮਲਾ ਦੇਵੀ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਕੌਂਸਲਰ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਹਨ, ਜਿਨ੍ਹਾਂ ਵੱਲੋਂ 5 ਮਈ ਨੂੰ ਆਪਣੇ ਸਮਰਥਕਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਮਨੀਸ਼ ਤਿਵਾੜੀ ਦੀ ਹਿਮਾਇਤ ਵਿੱਚ ਪ੍ਰਚਾਰ ਕਰਨ ਬਾਰੇ ਜਾਂ ਨਾ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।



News Source link

- Advertisement -

More articles

- Advertisement -

Latest article