30 C
Patiāla
Monday, April 29, 2024

ਚੰਗੇਰੇ ਭਵਿੱਖ ਲਈ ਨਵੇਂ ਰਾਹਾਂ ਦੀ ਤਲਾਸ਼ – Punjabi Tribune

Must read


ਅਰੁਣ ਮੈਰਾ

ਨੀਤੀ ਘਾੜਿਆਂ ਦਾ ਕਹਿਣਾ ਹੈ ਕਿ ਆਲਮੀ ਪੱਧਰ ’ਤੇ ਅਸੀਂ ਇਕੋ ਸਮੇਂ ਕਈ ਸੰਕਟਾਂ ਦਾ ਸਾਹਮਣਾ ਕਰ ਰਹੇ ਹਾਂ। ਕਈ ਚੀਜ਼ਾਂ ’ਤੇ ਉਹ ਅਸਹਿਮਤ ਹਨ। ਅਗਲੇ ਸਾਲ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਕਿਸ ਦਰ ’ਤੇ ਵਧੇਗੀ ਤੇ ਪਿਛਲੇ ਸਾਲ ਇਹ ਕਿੰਨੀ ਵਧੀ ਸੀ? ਗ਼ਰੀਬੀ ਕਿੰਨੀ ਕੁ ਘਟ ਗਈ ਹੈ ਤੇ ਆਖਿ਼ਰ ਗ਼ਰੀਬੀ ਹੈ ਕੀ? ਕੀ ਤਰੱਕੀ ਦੇ ਨਾਲ ਨਾਲ ਹੇਠਲੇ 90 ਪ੍ਰਤੀਸ਼ਤ ਵਰਗ ਦੀ ਆਮਦਨੀ ਅਤੇ ਰੁਜ਼ਗਾਰ ਵਿਚ ਵੀ ਲੋੜੀਂਦਾ ਵਾਧਾ ਹੋਇਆ ਹੈ ਜਾਂ ਇਹ ਦੋਵੇਂ ਸਿਰਫ਼ ਉੱਪਰਲੇ 10 ਪ੍ਰਤੀਸ਼ਤ ਲੋਕਾਂ ਦੇ ਹੀ ਵਧੇ ਹਨ?

ਜਦੋਂ ਅਰਥ ਸ਼ਾਸਤਰੀ ਇਹ ਚਰਚਾ ਕਰ ਰਹੇ ਹਨ ਕਿ ਲੋੜੀਂਦਾ ਰੁਜ਼ਗਾਰ ਪੈਦਾ ਕਰਨ ਲਈ ਕਿੰਨੀ ਜੀਡੀਪੀ ਚਾਹੀਦੀ ਹੈ, ਉਦੋਂ ਅਸੀਂ ਉਹ ਆਧਾਰ ਹੀ ਗੁਆ ਰਹੇ ਹਾਂ ਜੋ ਸਾਡੀ ਆਰਥਿਕ ਤਰੱਕੀ ਤੇ ਜਿ਼ੰਦਗੀਆਂ ਲਈ ਜ਼ਰੂਰੀ ਹੈ। ਭਾਰਤ ’ਚ ਦੁਨੀਆ ਦੀ 17 ਪ੍ਰਤੀਸ਼ਤ ਆਬਾਦੀ ਸੰਸਾਰ ’ਚ ਉਪਲਬਧ ਕੁੱਲ ਜ਼ਮੀਨ ਦੇ 2.4 ਪ੍ਰਤੀਸ਼ਤ ਹਿੱਸੇ ਉੱਤੇ ਰਹਿ ਰਹੀ ਹੈ। 2014 ਵਿਚ ਆਲਮੀ ਵਾਤਾਵਰਨ ਕਾਰਗੁਜ਼ਾਰੀ ਦੀ ਸੂਚੀ ’ਚ 178 ਮੁਲਕਾਂ ਵਿੱਚੋਂ ਭਾਰਤ 155 ਨੰਬਰ ਉੱਤੇ ਸੀ। 2022 ਵਿਚ ਭਾਰਤ 180 ਮੁਲਕਾਂ ਵਿੱਚੋਂ ਖਿਸਕ ਕੇ 180ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ’ਚ ਵਿਕਾਸ ਦੇ ਢੰਗ-ਤਰੀਕੇ ਟਿਕਾਊ ਨਹੀਂ ਹਨ। ਅਸੀਂ ਹੁਣ ਉਨ੍ਹਾਂ ਅਰਥ ਸ਼ਾਸਤਰੀਆਂ ’ਤੇ ਜਿ਼ਆਦਾ ਸਮਾਂ ਨਿਰਭਰ ਨਹੀਂ ਹੋ ਸਕਦੇ ਜੋ ਇਹ ਵਿਚਾਰ-ਚਰਚਾ ਕਰ ਰਹੇ ਹਨ ਕਿ ਕੀ ਇਸ ਹੌਲੀ-ਹੌਲੀ ਡੁੱਬ ਰਹੇ ਜਹਾਜ਼ ਲਈ ਵਰਤਮਾਨ ਸਰਕਾਰ ਜਿ਼ੰਮੇਵਾਰ ਹੈ ਜਾਂ ਪਹਿਲਾਂ ਰਹਿ ਚੁੱਕੀ? ਮਹਿਫ਼ੂਜ਼ ਭਵਿੱਖ ਵੱਲ ਜਾਣ ਲਈ ਸਾਨੂੰ ਨਵਾਂ ਜਹਾਜ਼ ਚਾਹੀਦਾ ਹੈ ਜੋ ਟਿਕਾਊ ਤੇ ਵਿਆਪਕ ਵਿਕਾਸ ਦੀ ਮਿਸਾਲ ਹੋਵੇ ਪਰ ਅਸੀਂ ਜਹਾਜ਼ ਦਾ ਡਿਜ਼ਾਈਨ ਉਦੋਂ ਕਿਵੇਂ ਬਦਲਾਂਗੇ ਜਦੋਂ ਅਸੀਂ ਸਾਰੇ ਹੀ ਇਸ ’ਚ ਸਵਾਰ ਹੋ ਕੇ ਅੱਗੇ ਵਧ ਰਹੇ ਹਾਂ? ਸਾਡੀ ਹੋਂਦ ਇਨ੍ਹਾਂ ਬੁਨਿਆਦੀ ਸਵਾਲਾਂ ਦੇ ਜਵਾਬਾਂ ਉੱਤੇ ਨਿਰਭਰ ਕਰਦੀ ਹੈ।

ਸਤਾਰਵੀਂ ਸਦੀ ਦੇ ਯੂਰੋਪ ’ਚ ਫਰਾਂਸਿਸ ਬੇਕਨ ਤੇ ਰੀਨੇ ਡੈੱਸਕਾਰਟੇਸ ਦੀ ਅਗਵਾਈ ਹੇਠ ਵਿਗਿਆਨਕ ਕ੍ਰਾਂਤੀ ਸ਼ੁਰੂ ਹੋਈ। ਡੈੱਸਕਾਰਟੇਸ ਨੇ ਤਰਕਸ਼ੀਲ ਬੰਦੇ ਦੇ ਵਿਚਾਰ ਨੂੰ ਹੁਲਾਰਾ ਦਿੱਤਾ। ਬੇਕਨ ਨੇ ਕਿਹਾ ਕਿ ਵਿਗਿਆਨ ਆਦਮੀ ਨੂੰ ਬੇਲਗਾਮ ਕੁਦਰਤ ਨੂੰ ਕਾਬੂ ਕਰਨ ਦੀ ਤਾਕਤ ਦਿੰਦਾ ਹੈ। ਹਰ ਘਟਨਾ ਨੂੰ ਨਿਰਪੱਖਤਾ ਨਾਲ ਦੇਖਣ ਦਾ ਆਧੁਨਿਕ ਵਿਗਿਆਨਕ ਤਰੀਕਾ ਜੋ ਰਹੱਸਮਈ ਤਾਕਤਾਂ ਦੇ ਪ੍ਰਸੰਗ ’ਚ ਭਾਵਨਾਵਾਂ ਤੇ ਨਿਸ਼ਚੇ ਨੂੰ ਪਾਸੇ ਰੱਖਣ ਅਤੇ ਹਕੀਕਤ ਨੂੰ ਤਰਜੀਹ ਦੇਣ ਦੀ ਗੱਲ ਕਰਦਾ ਹੈ, ਸਭ ਤੋਂ ਪਹਿਲਾਂ ਕੁਦਰਤੀ ਵਿਗਿਆਨ ਲਈ ਵਰਤਿਆ ਗਿਆ ਤੇ ਬਾਅਦ ਵਿਚ ਸਮਾਜ ਵਿਗਿਆਨ ਲਈ। ਅਰਥ ਸ਼ਾਸਤਰ ਸਮਾਜ ਵਿਗਿਆਨ ਦੀ ਅਜਿਹੀ ਵੰਨਗੀ ਜਿਸ ਦਾ ਸਭ ਤੋਂ ਵੱਧ ਗਣਿਤੀਕਰਨ ਕੀਤਾ ਗਿਆ ਹੈ, 20ਵੀਂ ਸਦੀ ਵਿਚ ਵੱਖ-ਵੱਖ ਸਮਾਜ ਵਿਗਿਆਨਾਂ ਦੇ ਮੋਹਰੀ ਵਜੋਂ ਉੱਭਰ ਕੇ ਸਾਹਮਣੇ ਆਇਆ। ਇਹ ਇਕੋ-ਇਕ ਸਮਾਜ ਵਿਗਿਆਨ ਹੈ ਜਿਸ ਵਿਚ ਨੋਬੇਲ ਪੁਰਸਕਾਰ ਦਿੱਤਾ ਜਾਂਦਾ ਹੈ, ਇਸ ਖੇਤਰ ’ਚ ਪਹਿਲਾ ਨੋਬੇਲ ਸਨਮਾਨ 1969 ਵਿਚ ਦਿੱਤਾ ਗਿਆ। ਇਸ ਤੋਂ ਪਹਿਲਾਂ ਭੌਤਿਕ ਤੇ ਰਸਾਇਣ ਵਿਗਿਆਨ, ਮੈਡੀਸਨ, ਸਾਹਿਤ ਤੇ ਅਮਨ ਦੇ ਖੇਤਰਾਂ ਵਿਚ ਇਹ ਪੁਰਸਕਾਰ 1895 ਤੋਂ ਦਿੱਤੇ ਜਾ ਰਹੇ ਹਨ।

ਵਿਗਿਆਨ ਨੇ ਵੱਖ-ਵੱਖ ਵਿਸ਼ੇਸ਼ ਕਿਸਮਾਂ ਵਿਚ ਟੁੱਟ ਕੇ ਤਰੱਕੀ ਕੀਤੀ ਹੈ। ਜਿਵੇਂ-ਜਿਵੇਂ ਵਿਗਿਆਨ ਅੱਗੇ ਵਧਿਆ, ਬਾਰੀਕ ਤੋਂ ਬਾਰੀਕ ਚੀਜ਼ਾਂ ਬਾਰੇ ਮਾਹਿਰਾਂ ਦੇ ਗਿਆਨ ਵਿਚ ਵਾਧਾ ਹੁੰਦਾ ਗਿਆ। ਇਕੱਲੇ ਦਵਾਈਆਂ ਦੇ ਖੇਤਰ ਦੀਆਂ ਹੀ ਕਈ ਕਿਸਮਾਂ ਹਨ। ਡਾਕਟਰਾਂ ਦੀ ਘਟਦੀ ਗਿਣਤੀ ਦਾ ਅਸਰ ਸਿਹਤ ਖੇਤਰ ਉੱਤੇ ਦੇਖਿਆ ਜਾ ਸਕਦਾ ਹੈ। ਸਿਹਤ ਸੰਭਾਲ ਮਹਿੰਗੀ ਹੋ ਰਹੀ ਹੈ ਤੇ ਸਮੁੱਚੀ ਤੰਦਰੁਸਤੀ ਘੱਟ ਰਹੀ ਹੈ। ਆਧੁਨਿਕ ਵਿਗਿਆਨਕ ਤਰੀਕਿਆਂ ਨਾਲ ਭਾਵੇਂ ਸਰੀਰਾਂ ਨੂੰ ਵੱਧ ਸਮਾਂ ਜਿਊਂਦਾ ਰੱਖਿਆ ਜਾ ਸਕਦਾ ਹੈ ਪਰ ਮਾੜੀ ਸਿਹਤ ਕਾਰਨ ਬੇਚੈਨੀ ਤੇ ਮਾਨਸਿਕ ਤਣਾਅ ਜਿਹੀਆਂ ਅਲਾਮਤਾਂ ਉਨ੍ਹਾਂ ਦੇਸ਼ਾਂ ਵਿਚ ਵੀ ਰਫ਼ਤਾਰ ਨਾਲ ਵਧ ਰਹੀਆਂ ਹਨ ਜਿਨ੍ਹਾਂ ਕੋਲ ਸਭ ਤੋਂ ਬਿਹਤਰ ਮੈਡੀਕਲ ਢਾਂਚਾ ਹੈ। ਇੱਕੀਵੀਂ ਸਦੀ ਦੇ ਨੌਜਵਾਨਾਂ ਵਿਚ ਹੋਂਦ ਨਾਲ ਜੁੜੀ ਬੇਚੈਨੀ ਵਧ ਰਹੀ ਹੈ। ਉਹ ਧਰਤੀ ਦੀ ਮਾੜੀ ਹਾਲਤ ਅਤੇ ਅਰਥਚਾਰਿਆਂ ਦੀ ਹਾਲਤ ਨੂੰ ਲੈ ਕੇ ਪ੍ਰੇਸ਼ਾਨ ਹਨ ਜੋ ਉਨ੍ਹਾਂ ਲਈ ਚੰਗੀ ਕਮਾਈ ਤੇ ਇੱਜ਼ਤ ਨਾਲ ਕੰਮ ਕਰਨ ਦੇ ਲੋੜੀਂਦੇ ਮੌਕੇ ਪੈਦਾ ਨਹੀਂ ਕਰ ਰਹੇ। ਨੌਜਵਾਨਾਂ ਵਿਚ ਡਿਪ੍ਰੈਸ਼ਨ ਵਧ ਰਿਹਾ ਹੈ, ਹਤਾਸ਼ ਤੇ ਨਿਰਾਸ਼ ਹੋਏ ਉਹ ਨਸ਼ੇ ਲੈ ਰਹੇ ਹਨ ਤੇ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ। ਜੀਡੀਪੀ ’ਚ ਵਾਧਾ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗਾ। ਜਿਵੇਂ ਕਿਸੇ ਬੰਦੇ ਦੇ ਸਰੀਰ ਦੇ ਆਕਾਰ ਤੋਂ ਉਸ ਦੀ ਸਿਹਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਿਰਫ਼ ਢਿੱਡ ਨੂੰ ਮਜ਼ਬੂਤ ਬਣਾ ਕੇ ਸਿਹਤ ਬਿਹਤਰ ਨਹੀਂ ਬਣਾਈ ਜਾ ਸਕਦੀ, ਉਂਝ ਹੀ ਅਰਥਚਾਰੇ ਦਾ ਕੱਦ ਵੱਡਾ ਕਰ ਕੇ ਜਾਂ ਜੀਡੀਪੀ ਵਿਚ ਵਾਧਾ ਕਰ ਕੇ ਮਾਨਵੀ ਸਮਾਜ ਜਾਂ ਇਸ ਦੇ ਕੁਦਰਤੀ ਵਾਤਾਵਰਨ ਨੂੰ ਬਿਹਤਰ ਨਹੀਂ ਕੀਤਾ ਜਾ ਸਕਦਾ।

ਸਾਰਿਆਂ ਦੀ ਸਰੀਰਕ-ਮਾਨਸਿਕ ਤੰਦਰੁਸਤੀ ਬਿਹਤਰ ਕਰਨ ਲਈ ਸਮਾਜਿਕ, ਆਰਥਿਕ, ਸਿਆਸੀ ਅਤੇ ਵਾਤਾਵਰਨ ਨਾਲ ਸਬੰਧਿਤ ਪ੍ਰਬੰਧਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ। ਵੱਖੋ-ਵੱਖਰੇ ਵਿਗਿਆਨਾਂ ਦੇ ਮਾਹਿਰਾਂ ਨੂੰ ਸਮੁੱਚ ਨੂੰ ਸਮਝਣ ਲਈ ਵਿਵਸਥਾਵਾਂ ਦੇ ਨਵੇਂ ਵਿਗਿਆਨ ਦੀ ਲੋੜ ਹੈ ਕਿਉਂਕਿ ਅਸਲ ਵਿਚ ਇਹ ਵੱਖ-ਵੱਖ ਵਿਗਿਆਨ ਸੰਪੂਰਨ ਪ੍ਰਬੰਧ ਦਾ ਹੀ ਹਿੱਸਾ ਹਨ। ਵਿਸ਼ਾ ਮਾਹਿਰਾਂ ਨੂੰ ਚਾਹੀਦਾ ਹੈ ਕਿ ਉਹ ਇਕ-ਦੂਜੇ ਨੂੰ ਸੁਣਨ ਤੇ ਮਿਲ ਕੇ ਸਿੱਖਣ।

ਵੱਖ-ਵੱਖ ਵਿਚਾਰਧਾਰਾਵਾਂ, ਕਈ ਤਰ੍ਹਾਂ ਦੇ ਤਜਰਬਿਆਂ ਵਾਲੇ ਅਤੇ ਅਲੱਗ-ਅਲੱਗ ਵਿਸ਼ਿਆਂ ’ਚ ਸਿੱਖਿਅਤ ਲੋਕਾਂ ਨੂੰ ਕੰਧਾਂ ਖੜ੍ਹੀਆਂ ਕਰ ਕੇ, ਇਸ ਸੰਸਾਰ ਨੂੰ ਟੁਕਡਿ਼ਆਂ ’ਚ ਵੰਡ ਦਿੱਤਾ ਗਿਆ ਹੈ। ਅਮੀਰ ਲੋਕ, ਗ਼ਰੀਬਾਂ ਤੋਂ ਵੱਖ ਚਾਰਦੀਵਾਰੀ ਨਾਲ ਘਿਰੀਆਂ ਇਮਾਰਤਾਂ ਵਿਚ ਰਹਿ ਰਹੇ ਹਨ। ਉਹ ਦੁਨੀਆ ਘੁੰਮਦੇ ਹਨ ਤੇ ਆਪਣੇ ਵਰਗੇ ਹੋਰਾਂ ਲੋਕਾਂ ਨੂੰ ਮਿਲਦੇ ਹਨ। ਉਹ ‘ਆਲਮੀ ਨਾਗਰਿਕ’ ਹਨ ਜਿਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ। ਸੋਸ਼ਲ ਮੀਡੀਆ ਨੇ ਉਨ੍ਹਾਂ ਲੋਕਾਂ ਦਰਮਿਆਨ ਵੀ ਉੱਚੀਆਂ ਕੰਧਾਂ ਉਸਾਰ ਦਿੱਤੀਆਂ ਹਨ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਤੇ ਜਿਨ੍ਹਾਂ ਨੂੰ ਨਹੀਂ। ਇੱਥੇ ਲੋਕ ਇਕ-ਦੂਜੇ ਨੂੰ ਗਾਲਾਂ ਕੱਢਦੇ ਹਨ। ਉਹ ਦੂਜੀ ਧਿਰ ਨੂੰ ਸੁਣਨਾ ਨਹੀਂ ਚਾਹੁੰਦੇ ਤੇ ਨਾ ਹੀ ਇਹ ਸਮਝਣਾ ਚਾਹੁੰਦੇ ਹਨ ਕਿ ਦੂਜਾ ਇਸ ਤਰ੍ਹਾਂ ਦੀ ਸੋਚ ਕਿਉਂ ਰੱਖਦਾ ਹੈ।

ਮਾਹਿਰਾਂ ਮੁਤਾਬਕ ਭਾਰਤ ਕੋਲ ਹੱਲ ਕਰਨ ਵਾਲੀਆਂ ਕਈ ਮੁਸ਼ਕਲਾਂ ਹਨ। ਇਹ ਵਾਤਾਵਰਨ, ਸਮਾਜ, ਰੁਜ਼ਗਾਰ, ਨਾ-ਬਰਾਬਰੀ, ਖੇਤੀਬਾੜੀ, ਉਦਯੋਗ, ਸੁਰੱਖਿਆ ਆਦਿ ਨਾਲ ਸਬੰਧਿਤ ਹਨ। ਵੱਖੋ-ਵੱਖਰੇ ਵਿਸ਼ਿਆਂ ਦੇ ਮਾਹਿਰਾਂ ਕੋਲ ਹਰ ਮੁਸ਼ਕਲ ਦਾ ਸੀਮਤ ਜਿਹਾ ਹੱਲ ਹੈ; ਜ਼ਮੀਨੀ ਪੱਧਰ ਉੱਤੇ ਲੋਕ ਕਈ ਸਮੱਸਿਆਵਾਂ ਦੇ ਮਿਸ਼ਰਨ ਨਾਲ ਦੋ-ਚਾਰ ਹੋ ਰਹੇ ਹਨ। ਮਾਹਿਰਾਂ ਨੂੰ ਆਪਣੇ ਆਸਨ ਤੋਂ ਉੱਠ ਅਸਲੀਅਤ ਨੂੰ ਸਮਝਣ ਲਈ ਲੋਕਾਂ ਨੂੰ ਨਿਮਰਤਾ ਨਾਲ ਸੁਣਨਾ ਚਾਹੀਦਾ ਹੈ। ਸਾਰੇ ਇਕੋ ਧਰਤੀ ’ਤੇ ਰਹਿੰਦੇ ਹਨ ਤੇ ਪੰਛੀਆਂ, ਜਾਨਵਰਾਂ ਅਤੇ ਦਰੱਖਤਾਂ ਵਾਂਗ ਆਪਣੀਆਂ ਜਿ਼ੰਦਗੀਆਂ ਲਈ ਉਸ ’ਤੇ ਨਿਰਭਰ ਵੀ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਆਲੇ-ਦੁਆਲੇ ਦਾ ਢਾਂਚਾ ਕਿਵੇਂ ਕੰਮ ਕਰਦਾ ਹੈ। ਢਾਂਚਾਗਤ ਆਲਮੀ ਮੁਸ਼ਕਲਾਂ ਦਾ ਹੱਲ ਸਥਾਨਕ ਪੱਧਰ ’ਤੇ ਹੀ ਹੋਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਕੱਢਿਆ ਗਿਆ ਹੱਲ ਢੁੱਕਵਾਂ ਹੈ।

ਯੋਗ ਸਾਨੂੰ ਸਿਖਾਉਂਦਾ ਹੈ ਕਿ ਗਹਿਰਾ ਸਾਹ ਭਰਨ ਦਾ ਅਭਿਆਸ ਮਨੁੱਖੀ ਮਨ ਅਤੇ ਸਰੀਰ ਨੂੰ ਤੰਦਰੁਸਤੀ ਰੱਖਦਾ ਹੈ ਜੋ ਗੁੰਝਲਦਾਰ ਪ੍ਰਣਾਲੀ ਹੈ। ਇਸੇ ਤਰ੍ਹਾਂ ਦੂਜਿਆਂ ਨੂੰ ਗਹਿਰਾਈ ਨਾਲ ਸੁਣਨ ਦਾ ਅਭਿਆਸ, ਖਾਸ ਤੌਰ ’ਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ‘ਆਪਣੇ ਵਰਗਾ ਨਹੀਂ ਮੰਨਦੇ’, ਸਾਂਝੇ ਸਮਾਜ ਤੇ ਧਰਤੀ ਦੀ ਸਿਹਤਯਾਬੀ ਲਈ ਬੇਹੱਦ ਅਹਿਮ ਹੈ। ਕਿਸੇ ਨੂੰ ਸੁਣਨ ਦੀ ‘ਤਕਨੀਕ’, ‘ਜੀਨੋਮ ਐਡੀਟਿੰਗ’ ਦੇ ਗੂੜ੍ਹ ਗਿਆਨ ਨਾਲੋਂ ਕਿਤੇ ਸਾਧਾਰਨ ਹੈ। ਸਕੂਲਾਂ ਵਿਚ ਬੱਚਿਆਂ ਨੂੰ ਸੁਣਨਾ ਨਹੀਂ ਸਿਖਾਇਆ ਜਾਂਦਾ; ਉਨ੍ਹਾਂ ਨੂੰ ਸਪੱਸ਼ਟ ਬੋਲਣਾ, ਲਿਖਣਾ ਤੇ ਬਹਿਸ ਕਰਨਾ ਸਿਖਾਇਆ ਜਾਂਦਾ ਹੈ। ਉਹ ਮੁਕਾਬਲਾ ਕਰਨਾ ਸਿੱਖਦੇ ਹਨ, ਇਹ ਨਹੀਂ ਕਿ ਕਿਸੇ ਦੇ ਭਾਈਵਾਲ ਕਿਵੇਂ ਬਣੀਏ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਸੋਸ਼ਲ ਮੀਡੀਆ ’ਤੇ ਸੁਣਿਆ ਤੇ ਦੇਖਿਆ ਜਾਵੇ। ਸਿਰਫ਼ ਗਿਣਤੀ ਦੇ ਲੋਕ ਹੀ ਸਾਡੀ ਇਸ ਦੁਨੀਆ ਨੂੰ ਦੂਜਿਆਂ ਦੇ ਦ੍ਰਿਸ਼ਟੀਕੋਣ ਤੋਂ ਜਾਣਨ ਦੇ ਇਛੁੱਕ ਹੁੰਦੇ ਹਨ। ਨੌਜਵਾਨ ‘ਸਟੈੱਮ’ (ਵਿਗਿਆਨ, ਤਕਨੀਕ, ਇੰਜਨੀਅਰਿੰਗ ਤੇ ਗਣਿਤ ਜਾਂ ਅਰਥ ਸ਼ਾਸਤਰ ਅਤੇ ਮੈਨੇਜਮੈਂਟ) ਵਿਚ ਰੁਚੀ ਲੈ ਰਹੇ ਹਨ। ਉਹ ਮਨੁੱਖ ਹੋਣ ਦਾ ਮਤਲਬ ਨਹੀਂ ਸਿੱਖ ਸਕਦੇ।

ਸੰਵਾਦ ਦੀ ਸਾਇੰਸ ਨਾਲੋਂ ਜਿ਼ਆਦਾ ‘ਡੇਟਾ ਸਾਇੰਸਿਜ਼’ ਦੇ ਮਗਰ ਲੱਗ ਕੇ ਸੰਸਾਰ ਹੋਰ ਹਨੇਰੇ ਵਿਚ ਡੁੱਬ ਰਿਹਾ ਹੈ; ਤੇ ਆਪਣੇ ਲਈ ਹੋਰ ਚੀਜ਼ਾਂ ਇਕੱਠੀਆਂ ਕਰਨ ਦੇ ਇਸ ਪਾਗਲਪਨ ਵਿੱਚ ਅਸੀਂ ਸਾਂਝੀ ਜ਼ਮੀਨ ਤੇ ਖ਼ੁਦ ਨੂੰ ਖ਼ਤਮ ਕਰ ਰਹੇ ਹਾਂ। ਸਾਨੂੰ ਲਾਜ਼ਮੀ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਡੂੰਘਾਈ ਨਾਲ ਸੁਣਨਾ ਸਿੱਖਣਾ ਚਾਹੀਦਾ ਹੈ ਜੋ ਸਾਡੇ ਵਰਗੇ ਨਹੀਂ ਹਨ ਤਾਂ ਕਿ ਅਸੀਂ ਉਸ ਦੁਨੀਆ ਨੂੰ ਸਮਝ ਸਕੀਏ ਜਿਸ ਦੇ ਅਸੀਂ ਛੋਟੇ-ਛੋਟੇ ਹਿੱਸੇ ਹਾਂ ਅਤੇ ਰਲ-ਮਿਲ ਕੇ ਅਜਿਹਾ ਭਵਿੱਖ ਸਿਰਜ ਸਕੀਏ ਜੋ ਸਭ ਲਈ ਚੰਗਾ ਹੋਵੇ।

*ਲੇਖਕ ਯੋਜਨਾ ਕਮਿਸ਼ਨ ਦਾ ਸਾਬਕਾ ਮੈਂਬਰ ਹੈ।



News Source link

- Advertisement -

More articles

- Advertisement -

Latest article