20.6 C
Patiāla
Tuesday, April 30, 2024

ਪਾਠਕਾਂ ਦੇ ਖ਼ਤ

Must read


ਸਿਆਸੀ ਨਿਘਾਰ

ਚੰਡੀਗੜ੍ਹ ਮੇਅਰ ਦੀ ਚੋਣ ਬਾਰੇ 7 ਫਰਵਰੀ ਵਾਲੇ ਸੰਪਾਦਕੀ ‘ਚੋਣ ਅਮਲ ’ਤੇ ਲੱਗਿਆ ਦਾਗ’ ਵਿਚ ਠੀਕ ਕਿਹਾ ਗਿਆ ਹੈ ਕਿ ਸਮੁੱਚੇ ਚੋਣ ਪ੍ਰਬੰਧ ਵਿਚ ਨਿਘਾਰ ਆ ਗਿਆ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲੋਕਤੰਤਰ ਦੀ ਹੱਤਿਆ ਦੇ ਦੋਸ਼ਾਂ ਨੂੰ ਸੁਪਰੀਮ ਕੋਰਟ ਨੇ ਵੀ ਸਹੀ ਕਰਾਰ ਦਿੱਤਾ ਹੈ। ਬਿਨਾਂ ਸ਼ੱਕ, ਰਾਜ ਕਰ ਰਹੀ ਧਿਰ ਲਈ ਇਹ ਬੇਹੱਦ ਨਮੋਸ਼ੀ ਵਾਲੀ ਗੱਲ ਹੈ ਪਰ ਅਜਿਹਾ ਲੱਗਦਾ ਨਹੀਂ ਕਿ ਇਹ ਧਿਰ ਕੋਈ ਨਮੋਸ਼ੀ ਮੰਨ ਰਹੀ ਹੈ। ਪ੍ਰਧਾਨ

ਮੰਤਰੀ ਆਪਣੇ ਵਿਦੇਸ਼ੀ ਦੌਰਿਆਂ ਸਮੇਂ ਅਕਸਰ ਇਹ ਕਹਿੰਦੇ ਹਨ ਕਿ ਭਾਰਤ ਲੋਕਤੰਤਰ ਦੀ ਜਨਣੀ ਹੈ ਪਰ ਉਨ੍ਹਾਂ ਦੇ ਨੱਕ ਥੱਲੇ ਜੋ ਦੁਰਗ਼ਤ ਲੋਕਤੰਤਰ ਦੀ ਹੋ ਰਹੀ ਹੈ, ਉਸ ਨੂੰ ਸਾਰਾ ਦੇਸ਼ ਹੀ ਨਹੀਂ ਬਲਕਿ ਸਾਰਾ ਜਹਾਨ ਦੇਖ ਰਿਹਾ ਹੈ।

ਅਵਤਾਰ ਸਿੰਘ, ਮੋਗਾ


ਖੇਤੀ ਵਿਗਿਆਨੀ ਡਾ. ਅਠਵਾਲ

ਮੋਹਨ ਸ਼ਰਮਾ ਦੇ ਮਿਡਲ ‘ਸਾਦਗੀ’ (3 ਜਨਵਰੀ, ਨਜ਼ਰੀਆ) ਵਿਚ ਜਿਸ ਖੇਤੀ ਵਿਗਿਆਨੀ ਦਾ ਨਾਂ ਆਇਆ ਹੈ, ਉਹ ਡਾ. ਦਿਲਬਾਗ ਸਿੰਘ ਅਠਵਾਲ ਹਨ, ਡਾ. ਦਿਲਬਾਗ ਸਿੰਘ ਕਾਲਕਟ ਨਹੀਂ। ਡਾ. ਦਿਲਬਾਗ ਸਿੰਘ ਅਠਵਾਲ ਨੇ ਕਣਕ ਦੀਆਂ ਕਿਸਮਾਂ- ਕਲਿਆਣ ਤੇ ਪੀਵੀ-18, ਵਿਕਸਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਜੋ ਹਰੀ ਕ੍ਰਾਂਤੀ ਦਾ ਆਧਾਰ ਬਣੀਆਂ।

ਇਸੇ ਤਰ੍ਹਾਂ ਉਨ੍ਹਾਂ ਬਾਜਰੇ ਦੀ ਹਾਈਬ੍ਰਿਡ ਕਿਸਮ ਵਿਕਸਿਤ ਕੀਤੀ ਜੋ ਸੰਸਾਰ ਭਰ ਦੀ ਪਹਿਲੀ ਹਾਈਬ੍ਰਿਡ ਕਿਸਮ ਸੀ।

ਡਾ. ਬਲਦੇਵ ਸਿੰਘ ਢਿੱਲੋਂ, ਸਾਬਕਾ ਵੀਸੀ, ਪੀਏਯੂ ਲੁਧਿਆਣਾ


ਲੂੰ ਕੰਡੇ ਖੜ੍ਹੇ ਹੋ ਗਏ

2 ਫਰਵਰੀ ਦੇ ਮਿਡਲ ‘ਸੰਘਰਸ਼ ਦਾ ਪਿੜ’ ਵਿਚ ਮੇਜਰ ਸਿੰਘ ਮੱਟਰਾਂ ਨੇ ਆਪਣੇ ਵਿਦਿਆਰਥੀ ਜੀਵਨ ਦੀ ਇਕ ਝਲਕ ਪਾਠਕਾਂ ਦੇ ਸਨਮੁੱਖ ਕੀਤੀ ਹੈ। ਲੂੰ ਕੰਡੇ ਖੜ੍ਹੇ ਕਰਨ ਵਾਲਾ ਲੇਖ ਹੈ। ਲੇਖਕ ਨੇ ਪੁਲੀਸ ਜਬਰ ਬਾਰੇ ਪਰਦਾ ਚੁੱਕਣ ਦਾ ਯਤਨ ਕੀਤਾ ਹੈ।

ਮਨਮੋਹਨ ਸਿੰਘ, ਨਾਭਾ


ਛਾਪ ਛੱਡਣ ਵਾਲੀਆਂ ਸ਼ਖ਼ਸੀਅਤਾਂ

‘ਪਹਿਲੀ ਅਧਿਆਪਕ’ (ਮਲਕੀਤ ਰਾਸੀ, 29 ਜਨਵਰੀ) ਰਚਨਾ ਵਿਚ ਅਜਿਹੀ ਸ਼ਖ਼ਸੀਅਤ ਦੇ ਰੂ-ਬ-ਰੂ ਕੀਤਾ ਗਿਆ ਹੈ ਜਿਸ ਨੇ ਇਹ ਬਿਲਕੁੱਲ ਸਹੀ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਮੁੰਡਾ ਪੜ੍ਹਦਾ ਤਾਂ ਇਕੱਲਾ ਪੜ੍ਹਦਾ ਹੈ ਪਰ ਜਦੋਂ ਕੁੜੀ ਪੜ੍ਹਦੀ ਹੈ ਤਾਂ ਉਸ ਨਾਲ ਪਰਿਵਾਰ, ਬੱਚੇ, ਪਿੰਡ, ਸਮਾਜ ਰੁਸ਼ਨਾਇਆ ਜਾਂਦਾ ਹੈ। ਉਂਝ ਵੀ ਸਮਾਜ ਵਿਚ ਕੁਝ ਖ਼ਾਸ ਸ਼ਖ਼ਸੀਅਤਾਂ ਅਜਿਹੇ ਕੰਮ ਕਰ ਜਾਂਦੀਆਂ ਹਨ ਕਿ ਕਈ ਪੀੜ੍ਹੀਆਂ ਤਕ ਆਪਣੇ ਨਾਮ ਦੀ ਛਾਪ ਛੱਡ ਜਾਂਦੀਆਂ ਹਨ। ਅਜਿਹੀਆਂ ਸ਼ਖ਼ਸੀਅਤਾਂ ਹੀ ਗਿਆਨ ਦੀਆਂ ਕਿਰਨਾਂ ਵਧਾਉਂਦੀਆਂ ਹਨ।

ਨਵਜੀਤ ਕੌਰ, ਮਾਲੇਰਕੋਟਲਾ


(2)

29 ਜਨਵਰੀ ਨੂੰ ਮਲਕੀਤ ਰਾਸੀ ਦਾ ਲੇਖ ‘ਪਹਿਲੀ ਅਧਿਆਪਕ’ ਪੜ੍ਹਿਆ। ਸੱਚਮੁੱਚ ਅਧਿਆਪਕ ਤੋਂ ਬੀਜੀ ਦਾ ਰੁਤਬਾ ਪਾਉਣਾ ਅਵਤਾਰ ਕੌਰ ਸੰਧੂ ਵਰਗੀ ਸ਼ਖ਼ਸੀਅਤ ਦੇ ਹੀ ਹਿੱਸੇ ਆਉਂਦਾ ਹੈ। ਇਹ ਲੇਖ ਆਪਣੀ ਅਧਿਆਪਕ ਅਤੇ ਅਜਿਹੀਆਂ ਹੋਰ ਸ਼ਖ਼ਸੀਅਤਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ। ਇਹ ਅਧਿਆਪਨ ਕਾਰਜ ਵਿਚ ਲੱਗੇ ਸਾਰੇ ਅਧਿਆਪਕ ਵਰਗ ਲਈ ਸੁਨੇਹਾ ਵੀ ਹੈ ਕਿ ਸਮਰਪਿਤ ਦੀ ਭਾਵਨਾ ਨਾਲ ਕੀਤਾ ਕੰਮ ਲੋਕ ਮਨਾਂ ਵਿਚ ਸਦੀਵੀ ਵਸ ਜਾਂਦਾ ਹੈ।

ਗੁਰਭਜਨ ਸਿੰਘ ਲਾਸਾਨੀ, ਕਪੂਰਥਲਾ


ਆਪਣੇ ਖਿਲਾਫ਼ ਜੰਗ

25 ਜਨਵਰੀ ਦੇ ਅੰਕ ਵਿਚ ਗੁਰਬਚਨ ਜਗਤ ਦਾ ਲੇਖ ‘ਆਪਣੇ ਹੀ ਖਿਲਾਫ਼…ਜੰਗ ਜਾਰੀ ਹੈ’ ਮਸ਼ਹੂਰ ਫਿਲਮੀ ਗੀਤ ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ’ ਦੀ ਯਾਦ ਦਿਵਾ ਗਿਆ। ਦੁਨੀਆ ਭਰ ਦੇ ਦੇਸ਼ਾਂ ਦੇ ਤਾਨਾਸ਼ਾਹਾਂ ਅਤੇ ਵਿਚਾਰਧਾਰਾਵਾਂ ਦੀਆਂ ਮਿਸਾਲਾਂ ਭਾਵੇਂ ਦਿੱਤੀਆਂ ਗਈਆਂ ਹਨ ਪਰ ਗੱਲ ਆਪਣੇ ਦੇਸ਼ ’ਤੇ ਲਿਆ ਕੇ ਖ਼ੂਬਸੂਰਤ ਕਵੀ ਦੀ ਬੇਮਿਸਾਲ ਕਵਿਤਾ ਨਾਲ ਮੁਕਾ ਦਿੱਤੀ ਹੈ। ਇਸ ਤੋਂ ਪਹਿਲਾਂ 22 ਜਨਵਰੀ ਦੇ ਪਰਵਾਸ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਨੇ ‘ਵੀ ਐੱਸ ਨਾਇਪਾਲ ਦਾ ਭਾਰਤੀ ਜਹਾਨ…’ ਵਿਚ ਭਾਰਤੀ ਮੂਲ ਦੇ ਪਰਵਾਸੀ ਨੋਬੇਲ ਪੁਰਸਕਾਰ ਜੇਤੂ ਵੀ ਐੱਸ ਨਾਇਪਾਲ ਦੀ ਪੂਰੀ ਸਾਹਿਤ ਰਚਨਾ ’ਤੇ ਪੰਛੀ ਝਾਤ ਪੁਆਈ ਹੈ। 19 ਜਨਵਰੀ ਦਾ ਸੰਪਾਦਕੀ ‘ਦੇਸ਼ ਦੀ ਸਕੂਲੀ ਸਿੱਖਿਆ ਦੀ ਦਸ਼ਾ’ ਵਿਚ ਸਕੂਲ ਸਿੱਖਿਆ ਦੀ ਸਾਲਾਨਾ ਰਿਪੋਰਟ ਬਾਰੇ ਜਾਣਕਾਰੀ ਦਿੰਦਾ ਹੈ। ਨਿਰਾਸ਼ਾ ਹੁੰਦੀ ਹੈ ਕਿ ਵੋਟ ਦਾ ਹੱਕਦਾਰ ਅਠਾਰਾਂ ਸਾਲਾ ਬਾਲਗ ਦਿਮਾਗੀ ਤੌਰ ’ਤੇ ਅਜੇ ਬੱਚਾ ਹੀ ਹੈ।

ਜਗਰੂਪ ਸਿੰਘ, ਲੁਧਿਆਣਾ


(2)

25 ਜਨਵਰੀ ਨੂੰ ਗੁਰਬਚਨ ਜਗਤ ਦਾ ਲੇਖ ‘ਆਪਣੇ ਹੀ ਖਿਲਾਫ਼…ਜੰਗ ਜਾਰੀ ਹੈ’ ਬਹੁਤ ਦੁੱਖ ਭਰਿਆ ਹੈ। ਇਨ੍ਹਾਂ ਦੇਸ਼ਾਂ ਦੀ ਆਪਸੀ ਲੜਾਈ ਵਿਚ ਨੁਕਸਾਨ ਕੇਵਲ ਆਮ ਲੋਕਾਂ ਨੂੰ ਹੀ ਸਹਿਣਾ ਪੈਂਦਾ ਹੈ। ਗ਼ਰੀਬੀ, ਬੇਰੁਜ਼ਗਾਰੀ, ਲੱਖਾਂ ਕਰੋੜਾਂ ਦੇ ਘਰ ਉੱਜੜ ਜਾਂਦੇ ਹਨ। ਮਾਨਸਿਕ ਤੇ ਸਰੀਰਕ ਤਣਾਅ ਹੋ ਜਾਂਦਾ ਹੈ। ਸਿਆਸਤਦਾਨ ਉੱਚੇ ਅਹੁਦਿਆਂ ’ਤੇ ਬੈਠ ਕੇ ਕੇਵਲ ਹੁਕਮ ਦੇਣ ਜੋਗੇ ਹੀ ਹਨ।

ਨਵਜੋਤ ਕੌਰ, ਖੰਨਾ


ਸੌਰ ਊਰਜਾ

24 ਜਨਵਰੀ ਵਾਲਾ ਸੰਪਾਦਕੀ ‘ਸੌਰ ਊਰਜਾ ਦੀ ਵਰਤੋਂ’ ਜਾਣਕਾਰੀ ਭਰਪੂਰ ਹੈ। ਇਸ ਊਰਜਾ ਦੀ ਵਰਤੋਂ ਨਾਲ ਮੁਲਕ ਊਰਜਾ ਦੇ ਖੇਤਰ ਵਿਚ ਆਤਮ-ਨਿਰਭਰ ਤਾਂ ਬਣੇਗਾ ਹੀ, ਵਾਤਾਵਰਨ ਦਾ ਪ੍ਰਦੂਸ਼ਣ ਵੀ ਘਟੇਗਾ। ਤੱਥ ਬੋਲਦੇ ਹਨ ਕਿ ਸੂਰਜੀ ਊਰਜਾ ਵਾਤਾਵਰਨ ਹਿਤੈਸ਼ੀ ਹੈ। ਇਸ ਤੋਂ ਇਲਾਵਾ ਤੀਜਾ ਲਾਭ ਇਹ ਹੋਵੇਗਾ ਕਿ ਜਿਹੜੇ ਪਿੰਡਾਂ ਤਕ ਅਜੇ ਵੀ ਬਿਜਲੀ ਨਹੀਂ ਪਹੁੰਚ ਸਕੀ ਜਾਂ ਘੱਟ ਪਹੁੰਚੀ ਹੈ, ਉੱਥੇ ਬਿਜਲੀ ਨਿਰਵਿਘਨ ਪਹੁੰਚ ਸਕੇਗੀ। ਚੌਥਾ ਲਾਭ ਆਮ ਘਰੇਲੂ ਖ਼ਪਤਕਾਰ ਦੇ ਬਿਜਲੀ ਖ਼ਰਚੇ ਘਟਣਗੇ। ਉਂਝ ਮਸਲਾ ਅਜਿਹੇ ਪ੍ਰਾਜੈਕਟਾਂ ਨੂੰ ਕਾਰਗਰ ਢੰਗ ਨਾਲ ਚਲਾਉਣ ਦਾ ਹੈ।

ਤਰਸੇਮ ਸਿੰਘ, ਪਿੰਡ ਤੇ ਡਾਕਖਾਨਾ ਡਕਾਲਾ (ਪਟਿਆਲਾ)


ਲੀਹ ਤੋਂ ਹਟ ਕੇ

19 ਜਨਵਰੀ ਦੇ ਸਾਹਿਤ ਸੰਸਾਰ ਪੰਨੇ ’ਤੇ ਬਲਦੇਵ ਸਿੰਘ ਦੇ ਨਾਵਲ ‘ਯਸ਼ੋਧਰਾ’ ਬਾਰੇ ਵਿਸ਼ਲੇਸ਼ਣ ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿ ਇਸ ਮਰਦ-ਪ੍ਰਧਾਨ ਸਮਾਜ ਵਿਚ ਔਰਤ ਦੇ ਦਰਦ, ਉਸ ਦੀ ਵੇਦਨਾ ਨੂੰ ਸਮਝਣ ਲਈ ਵੱਖਰੀ ਸੋਚ ਪੁਰਾਣੀਆਂ ਲੀਹਾਂ ਤੋਂ ਹਟ ਕੇ ਸ਼ੁਰੂ ਹੋਈ ਹੈ; ਨਹੀਂ ਤਾਂ ਹੁਣ ਤਕ ਮਿਰਜ਼ਾ-ਸਾਹਿਬਾ ਵਿਚ ਸਾਹਿਬਾ, ਪੂਰਨ-ਲੂਣਾ ਵਿਚ ਲੂਣਾ, ਸੱਸੀ-ਪੁਨੂੰ ਵਿਚ ਸੱਸੀ ਅਤੇ ਹੀਰ-ਰਾਂਝਾ ਵਿਚ ਹੀਰ ਦੀ ਪੀੜ ਸਮਝਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਬਲਕਿ ਸਭ ਕਾਸੇ ਲਈ ਸਿਰਫ਼ ਔਰਤ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਪਹਿਲੀ ਵਾਰ ਸ਼ਿਵ ਕੁਮਾਰ ਬਟਾਲਵੀ ਨੇ ਜਦੋਂ ਲੂਣਾ ਦੇ ਦੁੱਖਾਂ ਅਤੇ ਦਰਦਾਂ ਦੀਆਂ ਪਰਤਾਂ ਉਧੇੜੀਆਂ ਤਾਂ ਮਰਦ-ਪ੍ਰਧਾਨ ਸਮਾਜ ਦੀਆਂ ਅੱਖਾਂ ਖੁੱਲ੍ਹੀਆਂ। ਜੇ ਮਹਾਤਮਾ ਬੁੱਧ ਤੇ ਯਸ਼ੋਧਰਾ ਦੀ ਕਹਾਣੀ ਵਿਚ ਲੇਖਕ ਨੇ ਯਸ਼ੋਧਰਾ ਦੇ ਤਪ ਤੇ ਤਿਆਗ ਨੂੰ ਮਹਾਤਮਾ ਬੁੱਧ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੈ ਤਾਂ ਉਹ ਮੁਬਾਰਕ ਦਾ ਹੱਕਦਾਰ ਹੈ। ਸ਼ਾਇਦ ਸਾਡੇ ਲੇਖਕਾਂ ਦੀ ਇਹ ਸੋਚ ਔਰਤ ਅਤੇ ਮਰਦ ਨੂੰ ਬਰਾਬਰ ਦੇ ਪਲੈਟਫਾਰਮ ’ਤੇ ਲਿਆਉਣ ਵਿਚ ਕਾਮਯਾਬ ਹੋ ਸਕੇ। ਇਸੇ ਦਿਨ ਦੇ ਸੰਪਾਦਕੀ ‘ਦੇਸ਼ ਦੀ ਸਕੂਲ ਸਿੱਖਿਆ ਦੀ ਦਸ਼ਾ’ ਵਿਚ ਸਕੂਲੀ ਸਿੱਖਿਆ ਦੀ ਜੋ ਤਸਵੀਰ ਪੇਸ਼ ਕੀਤੀ ਗਈ ਹੈ, ਉਹ ਸਚਮੁੱਚ ਚਿੰਤਾਜਨਕ ਹੈ। ਉਸ ਲਈ ਸਰਕਾਰ, ਸਕੂਲ, ਸਮਾਜ ਅਤੇ ਅਧਿਆਪਕ ਸਾਰੇ ਹੀ ਜ਼ਿੰਮੇਵਾਰ ਹਨ। ਸਰਕਾਰਾਂ ਦੀ ਅਣਗਹਿਲੀ ਕਾਰਨ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੈ, ਜਿਹੜੇ ਹਨ, ਉਨ੍ਹਾਂ ਨੂੰ ਬਾਹਰੀ ਡਿਊਟੀਆਂ ਵਿਚ ਉਲਝਾ ਦਿੱਤਾ ਜਾਂਦਾ ਹੈ। ਸਕੂਲਾਂ ਵਿਚ ਉਨ੍ਹਾਂ ਨੂੰ ਪੜ੍ਹਾਉਣ ਦਾ ਸਹੀ ਮਾਹੌਲ ਤੇ ਪੂਰਾ ਸਮਾਂ ਨਹੀਂ ਦਿੱਤਾ ਜਾਂਦਾ। ਫਿਰ ਅਸੀਂ ਕਿਵੇਂ ਆਸ ਕਰ ਸਕਦੇ ਹਾਂ ਕਿ ਸਾਡੇ ਬੱਚੇ ਪੂਰੀ ਤਰ੍ਹਾਂ ਪੜ੍ਹ-ਲਿਖ ਜਾਣਗੇ?

ਡਾ. ਤਰਲੋਚਨ ਕੌਰ, ਪਟਿਆਲਾ


ਵਾਤਾਵਰਨ ’ਚ ਵਿਗਾੜ

ਪਹਿਲੀ ਫਰਵਰੀ ਦੇ ਸੰਪਾਦਕੀ ‘ਸਿਲਕਿਆਰਾ ਹਾਦਸੇ ਦੀ ਜਾਂਚ’, 2 ਫਰਵਰੀ ਦੇ ਸੰਪਾਦਕੀ ‘ਆਫ਼ਤਾਂ ਤੋਂ ਬਚਾਅ’ ਅਤੇ ਇਸੇ ਸਬੰਧ ਵਿਚ 30 ਜਨਵਰੀ ਨੂੰ ਡਾ. ਗੁਰਿੰਦਰ ਕੌਰ ਦੇ ਲੇਖ ‘ਸ਼ਿਮਲਾ ਦੇ ਸੰਤੁਲਿਤ ਵਿਕਾਸ ਦੀ ਜ਼ਰੂਰਤ’ ਵਿਚ ਪਹਾੜੀ ਖੇਤਰਾਂ ਵਿਚ ਹੋ ਰਹੀਆਂ ਬੇਰੋਕ ਉਸਾਰੀਆਂ, ਸੜਕ ਨਿਰਮਾਣ ਆਦਿ ਕਾਰਨ ਪੈਦਾ ਹੋ ਰਹੇ ਵਾਤਾਵਰਨ ਵਿਗਾੜ ਤੇ ਈਕੋ ਸਿਸਟਮ ਵਿਚ ਆ ਰਹੇ ਅਸੰਤੁਲਨ ਨੂੰ ਛੋਹਿਆ ਗਿਆ ਹੈ। ਬਿਨਾਂ ਸ਼ੱਕ, ਪਹਾੜ ਤੋੜਨ ਤੇ ਜੰਗਲਾਂ ਦੀ ਕਟਾਈ ਕਾਰਨ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਇਨਸਾਨਾਂ ਅਤੇ ਜੀਵ ਜੰਤੂਆਂ ਦੀ ਜ਼ਿੰਦਗੀ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਸਾਲ ਮੀਂਹਾਂ ਨਾਲ ਹੋਈ ਭਾਰੀ ਤਬਾਹੀ, ਉਤਰਾਖੰਡ ਵਿਚ ਸੁਰੰਗ ਦਾ ਢਹਿਣਾ ਅਤੇ ਜੋਸ਼ੀਮੱਠ ਵਰਗੇ ਸ਼ਹਿਰਾਂ ਵਿਚ ਜ਼ਮੀਨ ਦਾ ਧਸਣਾ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਇਨ੍ਹਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ ਵੱਖ ਸਮਰੱਥ ਸੰਸਥਾਵਾਂ ਦੀ ਜਾਂਚ ਵਿਚ ਬਹੁਤ ਸਾਰੀਆਂ ਖਾਮੀਆਂ ਕਮੀਆਂ ਸਾਹਮਣੇ ਆਈਆਂ ਹਨ। ਜੇ ਇਨ੍ਹਾਂ ’ਤੇ ਸਮੇਂ ਸਿਰ ਗੌਰ ਕੀਤੀ ਹੁੰਦੀ ਤਾਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ।

ਅਮਰਜੀਤ ਸਿੰਘ ਜੰਜੂਆ, ਮਾਜਰਾ ਮੰਨਾ ਸਿੰਘ ਵਾਲਾ (ਫਤਹਿਗੜ੍ਹ ਸਾਹਿਬ)



News Source link

- Advertisement -

More articles

- Advertisement -

Latest article