28 C
Patiāla
Saturday, May 4, 2024

ਥਰਮਲ ਸਮਰਪਣ ਰੈਲੀ ਲਈ ‘ਆਪ’ ਵੱਲੋਂ ਤਿਆਰੀਆਂ

Must read


ਪੱਤਰ ਪ੍ਰੇਰਕ

ਤਰਨ ਤਾਰਨ, 8 ਫਰਵਰੀ

ਆਮ ਆਦਮੀ ਪਾਰਟੀ ਵੱਲੋਂ 11 ਫਰਵਰੀ ਨੂੰ ਇਲਾਕੇ ਦੇ ਪਿੰਡ ਸ਼ੇਰੋਂ ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਲਈ ਪਾਰਟੀ ਆਗੂਆਂ ਵੱਲੋਂ ਭਰਵਾਂ ਇਕੱਠ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਨੂੰ ਪ੍ਰਾਈਵੇਟ ਕੰਪਨੀ ਤੋਂ ਸਰਕਾਰੀ ਹੱਥਾਂ ਵਿੱਚ ਲੈਣ ਮਗਰੋਂ ਸੂਬੇ ਵਿੱਚ ਕੀਤੀ ਜਾ ਰਹੀ ਇਹ ਪਹਿਲੀ ਕਾਨਫਰੰਸ ਹੈ, ਜਿਸ ’ਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਆਗੂ ਸੰਬੋਧਨ ਕਰਨਗੇ। ਇਸ ਰੈਲੀ ਦੌਰਾਨ ਨਵਾਂ ਖਰੀਦਿਆ ਥਰਮਲ ਪਲਾਂਟ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ।

ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਕਾਨਫਰੰਸ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ 20 ਏਕੜ ਦੀ ਖੁੱਲ੍ਹੀ ਗਰਾਊਂਡ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪਾਰਟੀ ਲਈ ਇਹ ਇੱਕ ਇਤਿਹਾਸਿਕ ਦਿਹਾੜਾ ਹੈ, ਜਿਸ ਦੌਰਾਨ ਇਹ ਥਰਮਲ ਪਲਾਂਟ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪਹਿਲੀ ਸਰਕਾਰ ਹੈ, ਜਿਸ ਨੇ ਪ੍ਰਾਈਵੇਟ ਖੇਤਰ ਦੇ ਇੱਕ ਪ੍ਰਾਜੈਕਟ ਨੂੰ ਖਰੀਦਿਆ ਹੈ, ਜਦਕਿ ਕੇਂਦਰ ਤੇ ਹੋਰਨਾਂ ਸੂਬਾ ਸਰਕਾਰਾਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪ ਰਹੀਆਂ ਹਨ।

‘ਆਪ’ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਪਾਰਟੀ ਵਰਕਰਾਂ ਅੰਦਰ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਬੰਦੋਬਸਤ ਕੀਤੇ ਜਾ ਰਹੇ ਹਨ। ਰੈਲੀ ਵਿੱਚ ਆ ਰਹੀਆਂ ਬੱਸਾਂ ਨੂੰ ਖੜ੍ਹਾਉਣ ਲਈ ਰੈਲੀ ਵਾਲੀ ਥਾਂ ਦੇ ਸਾਹਮਣੇ ਥਾਂ ਤਿਆਰ ਕੀਤੀ ਗਈ ਹੈ। ਇਸ ਕੰਮ ਲਈ ਅੰਗਰੇਜ਼ ਸਿੰਘ, ਪੰਜਾਬ ਸਿੰਘ ਤੇ ਗੁਰਜੰਟ ਸਿੰਘ ਦੀ 10 ਏਕੜ ਕਣਕ ਦਾ 53,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕਰਕੇ ਖੇਤ ਖਾਲੀ ਕਰਵਾਏ ਗਏ ਹਨ।

ਦੂਜੇ ਪਾਸੇ ਨਰੇਗਾ ਵਰਕਰ ਯੂਨੀਅਨ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸ਼ਕਰੀ ਨੇ ਰੈਲੀ ਵਾਲੀ 20 ਏਕੜ ਥਾਂ ਨੂੰ ਸਾਫ਼ ਕਰਵਾਉਣ ਲਈ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਨਰੇਗਾ ਵਰਕਰਾਂ ਨੂੰ ਲਿਆ ਕੇ ਕੰਮ ਕਰਵਾਉਣ ਨੂੰ ਗੈਰ-ਕਾਨੂੰਨੀ ਤੇ ਗ਼ੈਰ-ਇਖਲਾਕੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਫ਼-ਸਫਾਈ ਦਾ ਕੰਮ ਨਰੇਗਾ ਦੇ ਨਿਰਧਾਰਿਤ ਕਾਰਜਾਂ ਵਿੱਚ ਨਹੀਂ ਆਉਂਦਾ।

ਇਸ ਸਬੰਧੀ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਪਹਿਲਾਂ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਦੇਣਾ ਹੁੰਦਾ ਹੈ ਤੇ ਉਹ ਕਿਤੇ ਵੀ ਦਿੱਤਾ ਜਾ ਸਕਦਾ ਹੈ ਪਰ ਮਗਰੋਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ।

ਭਗਵੰਤ ਮਾਨ ਤੇ ਕੇਜਰੀਵਾਲ ਲੋਕਾਂ ਨੂੰ ਸਮਰਪਿਤ ਕਰਨਗੇ ਥਰਮਲ ਪਲਾਂਟ: ਈਟੀਓ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 11 ਫਰਵਰੀ ਨੂੰ ਗੁਰੂ ਅਮਰਦਾਸ ਥਰਮਲ ਪਲਾਂਟ (ਜੀ.ਏ.ਟੀ.ਪੀ.ਐਲ), ਗੋਇੰਦਵਾਲ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ 7 ਫਰਵਰੀ ਨੂੰ ਪ੍ਰਕਿਰਿਆ ਪੂਰੀ ਹੋਣ ਨਾਲ ਹੁਣ ਉਕਤ ਥਰਮਲ ਪਲਾਂਟ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਜੀ.ਵੀ.ਕੇ ਪਾਵਰ (ਗੋਇੰਦਵਾਲ ਸਾਹਿਬ) ਦਾ ਇਹ ਤਾਪ ਬਿਜਲੀ ਘਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਜਾਇਦਾਦ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਵੱਲੋਂ ਕੀਤੇ ਗਏ 3000 ਕਰੋੜ ਰੁਪਏ ਦੀ ਦੇਣਦਾਰੀ ਵਾਲੇ ਕੇਸ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਖਪਤਕਾਰਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।



News Source link
#ਥਰਮਲ #ਸਮਰਪਣ #ਰਲ #ਲਈ #ਆਪ #ਵਲ #ਤਆਰਆ

- Advertisement -

More articles

- Advertisement -

Latest article