41 C
Patiāla
Saturday, May 4, 2024

ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਨੋਟੀਫਿਕੇਸ਼ਨ ਜਾਰੀ

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 25 ਜਨਵਰੀ

ਚੰਡੀਗੜ੍ਹ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਇਸ ਮਹੀਨੇ 30 ਜਨਵਰੀ ਨੂੰ ਚੋਣ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਇਸ ਬਾਰੇ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਹ ਚੋਣ ਇਸੇ ਮਹੀਨੇ 18 ਜਨਵਰੀ ਨੂੰ ਹੋਣੀ ਸੀ। ਚੋਣ ਲਈ 10 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

ਇਸ ਤੋਂ ਬਾਅਦ ਭਾਜਪਾ ਸਮੇਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਨਾਮਜ਼ਦਗੀਆਂ ਭਰੀਆਂ ਸਨ। ਚੋਣ ਤੋਂ ਪਹਿਲਾ ਇੱਕ ਵੱਡੇ ਫੈਸਲੇ ਤਹਿਤ ‘ਆਪ’ ਅਤੇ ਕਾਂਗਰਸ ਨੇ ਗੱਠਜੋੜ ਕਰ ਲਿਆ। ਗੱਠਜੋੜ ਅਨੁਸਾਰ ਮੇਅਰ ਦੇ ਅਹੁਦੇ ਲਈ ‘ਆਪ’ ਅਤੇ ਬਾਕੀ ਦੇ ਦੋ ਅਹੁਦਿਆਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਉਮੀਦਵਾਰ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਕਾਂਗਰਸ ਦੇ ਮੇਅਰ ਲਈ ਉਮੀਦਵਾਰ ਜਸਬੀਰ ਸਿੰਘ ਬੰਟੀ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਵੇਲੇ ਨਗਰ ਨਿਗਮ ਵਿੱਚ ਹੰਗਾਮਾ ਹੋ ਗਿਆ ਸੀ। ਹੰਗਾਮੇ ਨੂੰ ਲੈਕੇ ਦੂਜੇ ਦਿਨ 18 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਪ੍ਰੀਜ਼ਾਈਡਿੰਗ ਅਫਸਰ ਦੇ ਬਿਮਾਰ ਹੋਣ ਅਤੇ ਨਿਗਮ ਵਿੱਚ ਸੁਰੱਖਿਆ ਕਾਰਨਾਂ ਕਰ ਕੇ ਮੁਅੱਤਲ ਕਰ ਦਿੱਤੀ ਗਈ ਸੀ। ਮੇਅਰ ਦੀ ਚੋਣ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵਲੋਂ ਮੇਅਰ ਅਹੁਦੇ ਲਈ ਉਮੀਦਵਾਰ ਕੁਲਦੀਪ ਸਿੰਘ ਟੀਟਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਉਸੀ ਦਿਨ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਇਸੀ ਦੌਰਾਨ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਮੇਅਰ ਦੀ ਚੋਣ ਲਈ 6 ਫ਼ਰਵਰੀ ਨੂੰ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਸੀ। ਡਿਪਟੀ ਕਮਿਸ਼ਨਰ ਦੇ ਇਸ ਨੋਟਿਸ ਨੂੰ ਲੈਕੇ ਵੀ ‘ਆਪ’ ਨੇ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕਰਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ। ਹਾਈਕੋਰਟ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਮੇਅਰ ਦੀ ਚੋਣ 6 ਫ਼ਰਵਰੀ ਤੋਂ ਪਹਿਲਾ ਚੋਣ ਕਰਵਾਉਣ ਲਈ ਅਸਮਰੱਥਾ ਜਤਾਈ ਸੀ। ਇਸ ਪਟੀਸ਼ਨ ‘ਤੇ ਲੰਘੇ ਦਿਨ ਵੀਰਵਾਰ ਨੂੰ ਹਾਈਕੋਰਟ ਨੇ ਸੁਣਵਾਈ ਦੌਰਾਨ ਫੈਸਲਾ ਸੁਣਾਉਂਦੇ ਹੋਏ ਮੇਅਰ ਦੀ ਚੋਣ 30 ਜਨਵਰੀ ਨੂੰ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਦੇਰ ਸ਼ਾਮ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਮੇਅਰ ਦੀ ਚੋਣ 30 ਜਨਵਰੀ ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮੇਅਰ ਸਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਇੱਕ ਸਾਲ ਲਈ ਹੁੰਦਾ ਹੈ ਅਤੇ ਹਰ ਸਾਲ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਵੋਟਿੰਗ ਦੁਆਰਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਦੇ ਹਨ। ਪਿਛਲੇ ਮੇਅਰ ਦਾ ਕਾਰਜਕਾਲ 17 ਜਨਵਰੀ ਨੂੰ ਸਮਾਪਤ ਹੋ ਗਿਆ ਸੀ। ਇਨ੍ਹਾਂ ਚੋਣਾਂ ਵਿੱਚ ਨਿਗਮ ਦੇ ਚੁਣੇ ਹੋਏ ਕੌਂਸਲਰ ਹੀ ਵੋਟ ਪਾ ਸਕਦੇ ਹਨ। ਨਗਰ ਨਿਗਮ ਵਿੱਚ ਚੁਣੇ ਹੋਏ ਕੌਂਸਲਰਾਂ ਦੀ ਗਿਣਤੀ 35 ਹੈ ਅਤੇ ਇੱਕ ਵੋਟ ਸਥਾਨਕ ਸੰਸਦ ਮੈਂਬਰ ਦੀ ਵੀ ਗਿਣੀ ਜਾਂਦੀ ਹੈ। ਮੌਜੂਦਾ ਸਥਿਤੀ ਅਨੁਸਾਰ ਭਾਜਪਾ ਕੋਲ 14 ਕੌਂਸਲਰ ਅਤੇ ਇੱਕ ਵੋਟ ਸਥਾਨਸਕ ਸੰਸਦ ਦੀ ਹੈ। ਉਸ ਤੋਂ ਬਾਅਦ ‘ਆਪ’ ਕੋਲ 13, ਕਾਂਗਰਸ ਕੋਲ 7 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਦੀ ਵੋਟ ਹੈ। ਹੁਣ ਭਾਜਪਾ ਦੇ ਮਨੋਜ ਸੋਨਕਰ ਅਤੇ ‘ਆਪ’ ਦੇ ਕੁਲਦੀਪ ਕੁਮਾਰ ਟੀਟਾ ਦਰਮਿਆਨ ਮੇਅਰ ਦੇ ਅਹੁਦੇ ਲਈ ਸਿੱਧਾ ਮੁਕਾਬਲਾ ਹੈ।



News Source link

- Advertisement -

More articles

- Advertisement -

Latest article