33.4 C
Patiāla
Saturday, April 27, 2024

ਯੰਗੋ ਵਰਮਾ ਨੂੰ ਯਾਦ ਕਰਦਿਆਂ

Must read


ਪ੍ਰੇਮ ਸਿੰਘ

ਯੰਗੋ ਵਰਮਾ ਮੇਰੇ ਮਿੱਤਰਾਂ ਵਿਚੋਂ ਇਕ ਸੀ। ਕੈਨੇਡਾ ਵਿਚ ਰਹਿੰਦਾ ਸੀ। 2001 ਵਿਚ ਮੈਂ ਪਹਿਲੀ ਵਾਰ ਕੈਨੇਡਾ ਗਿਆ ਤਾਂ ਇਕ ਮਿੱਤਰ ਰਾਹੀਂ ਮੇਰੀ ਉਸ ਨਾਲ ਜਾਣ-ਪਛਾਣ ਹੋਈ। ਇਸ ਮਗਰੋਂ ਅਸੀਂ ਮਿਲਦੇ ਰਹੇ।

ਪੁਰਾਣੀਆਂ ਯਾਦਾਂ ਦੇ ਪੰਨੇ ਫਰੋਲਦਿਆਂ ਮਿੱਤਰ ਤੇ ਕਲਾਕਾਰ ਯੰਗੋ ਵਰਮਾ ਦੀ ਯਾਦ ਉੱਘੜ ਕੇ ਸਾਹਮਣੇ ਆਈ ਹੈ। ਉਹ 2015 ਵਿਚ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ। ਉਸ ਦੇ ਚਲਾਣੇ ਮਗਰੋਂ ਉਸ ਦੀ ਕਲਾ ਨੂੰ ਕਿਸ ਨੇ ਸਾਂਭਿਆ ਤੇ ਕਿੱਥੇ ਰੱਖਿਆ ਹੈ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਹਾਂ, ਉਸ ਦੀ ਯਾਦ ਤੇ ਮਿਲਣੀ ਸਮੇਂ ਹੁੰਦੀਆਂ ਗੱਲਾਂ-ਬਾਤਾਂ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀਆਂ ਹਨ।

ਮਿੱਤਰ ਜੀਵਨ ਦਾ ਸਰਮਾਇਆ ਹੁੰਦੇ ਹਨ। ਮਿੱਤਰਤਾ ਜੀਵਨ ਨੂੰ ਅਮੀਰ ਹੀ ਨਹੀਂ ਬਣਾਉਂਦੀ ਸਗੋਂ ਇਸ ਨੂੰ ਖ਼ੁਸ਼ ਤੇ ਤੰਦਰੁਸਤ ਵੀ ਰੱਖਦੀ ਹੈ। ਮਿੱਤਰ ਉਤਸਵ ਵੀ ਹਨ ਤੇ ਸਹਾਰਾ ਵੀ। ਜੀਵਨ ਦੀ ਪ੍ਰੇਰਨਾ ਵੀ ਹਨ ਤੇ ਮਿੱਟੀ ਦੀ ਮਹਿਕ ਵੀ। ਅੱਜ ਦੇ ਸਮਿਆਂ ਵਿਚ ਕਈ ਵਾਰ ਕੰਮ-ਕਾਜ ਲਈ ਦੂਰ-ਦੁਰਾਡੇ ਪਰਿਵਾਰ ਬਗੈਰ ਰਹਿਣਾ ਪੈਂਦਾ ਹੈ ਤਾਂ ਮਿੱਤਰਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਸ ਤਰ੍ਹਾਂ ਦੇ ਇਕੱਲੇਪਣ ਅਤੇ ਇਕਾਂਤਵਾਸ ਵਿਚ ਮਿੱਤਰਾਂ ਦਾ ਸਾਥ ਹੀ ਜੀਵਨ ਜਿਊਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ।

ਮੇਰੇ ਇਕ ਬਜ਼ੁਰਗ ਕਲਾਕਾਰ ਹਰਕ੍ਰਿਸ਼ਨ ਲਾਲ ਦੋਸਤ ਸਨ। ਉਹ ਕਹਿੰਦੇ ਸਨ ਕਿ ਸ਼ਹਿਰਾਂ ਦੇ ਨਾਂ ਇਸ ਕਰਕੇ ਯਾਦ ਰਹਿੰਦੇ ਹਨ ਕਿਉਂਕਿ ਉੱਥੇ ਤੁਹਾਡੇ ਮਿੱਤਰ ਰਹਿੰਦੇ ਹਨ। ਮੈਨੂੰ ਇਹ ਗੱਲ ਚੰਗੀ ਲੱਗਦੀ ਹੈ। ਇਸ ਵਾਰ ਕੈਨੇਡਾ ਦੇ ਬਰੈਂਪਟਨ ’ਚ ਬੈਠਾ ਤਾਂ ਕੁਝ ਮਿੱਤਰਾਂ ਦੀ ਇੱਥੇ ਗ਼ੈਰਹਾਜ਼ਰੀ ਮੈਨੂੰ ਅਜਨਬੀ ਬਣਾ ਰਹੀ ਸੀ। ਇਸੇ ਅਜਨਬੀਪਣ ਕਾਰਨ ਮੈਨੂੰ ਮਿੱਤਰਾਂ ਦੀ ਹਾਜ਼ਰੀ ਮਹਿਸੂਸ ਕਰਨ ਲਈ ਲਿਖਤ ਦਾ ਸਹਾਰਾ ਲੈਣਾ ਪਿਆ ਕਿਉਂਕਿ ਜੀਵਨ ਨੂੰ ਲੈਅਮਈ ਬਣਾਉਣ ਵਿਚ ਮਿੱਤਰਾਂ ਦੀ ਅਹਿਮ ਭੂਮਿਕਾ ਹੈ।

ਕਲਾਕਾਰ ਆਪਣੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿਚ ਕਿਉਂ ਚਲੇ ਜਾਂਦੇ ਹਨ? ਵਾਸੀ ਤੇ ਪਰਵਾਸੀ ਬਣ ਕੇ ਰਹਿਣ ਵਿਚ ਬਹੁਤ ਅੰਤਰ ਹੈ। ਮੈਂ ਜਦੋਂ ਆਰਟ ਕਾਲਜ ਤੋਂ ਪੜ੍ਹਾਈ ਖ਼ਤਮ ਕੀਤੀ ਤਾਂ ਮਨ ਵਿਚ ਬਾਹਰ ਜਾਣ ਦਾ ਵਿਚਾਰ ਸੀ। ਇਕ ਬਜ਼ੁਰਗ ਕਲਾਕਾਰ ਦੋਸਤ ਨੇ ਮੈਨੂੰ ਦੱਸਿਆ ਕਿ ਵਿਦੇਸ਼ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਰਜਣਾਤਮਕ ਸੋਚ ਦ੍ਰਿਸ਼ਟੀ ਦਾ ਸਹਿਜੇ ਹੀ ਵਿਸਥਾਰ ਹੁੰਦਾ ਹੈ; ਹਾਂ ਉੱਥੇ ਜਾ ਕੇ ਰਹਿਣਾ ਤੇ ਕਲਾ ਸਿਰਜਣਾ ਕਰ ਕੇ ਆਪਣੀ ਥਾਂ ਬਣਾਉਣਾ ਨਿਸ਼ਚੇ ਹੀ ਚੁਣੌਤੀਆਂ ਭਰਪੂਰ ਹੈ। ਇਕ ਵੱਖਰੇ ਸਮਾਜਿਕ ਸਭਿਆਚਾਰਕ ਕਲਾਕਾਰ ਵਜੋਂ ਪ੍ਰਵਾਨਗੀ ਪਾਉਣਾ ਬਹੁਤ ਹੀ ਸੰਘਰਸ਼ਮਈ ਕਾਰਜ ਹੈ। ਇਸ ਨਾਲ ਮੇਰੀ ਸੋਚ ਤਾਂ ਬਦਲ ਗਈ, ਪਰ ਵੇਖਦੇ ਹੀ ਵੇਖਦੇ ਮੇਰੇ ਕਈ ਮਿੱਤਰ ਵਿਦੇਸ਼ ਚਲੇ ਗਏ। ਵਿਦੇਸ਼ ਜਾਣ ਪਿੱਛੇ ਆਰਥਿਕ, ਰਾਜਨੀਤਕ, ਸਮਾਜਿਕ ਆਦਿ ਕਈ ਕਾਰਨ ਹੋ ਸਕਦੇ ਹਨ। ਯੰਗੋ ਵਰਮਾ ਵੀ ਦਿੱਲੀ ਦੇ ਆਰਟ ਕਾਲਜ ਤੋਂ ਪੜ੍ਹਾਈ ਹਾਸਲ ਕਰ ਕੇ ਆਪਣੇ ਕਲਾਕਾਰੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੈਨੇਡਾ ਚਲਾ ਗਿਆ। ਕੈਨੇਡਾ ਇਕ ਐਸਾ ਮੁਲਕ ਹੈ ਜਿਸ ਦੇ ਆਕਾਰ ਵਿਚ ਹਰ ਕੋਈ ਸਮਾ ਸਕਦਾ ਹੈ। ਪਹਿਲੀ ਮਿਲਣੀ ’ਤੇ ਉਸ ਨਾਲ ਹੋਈਆਂ ਗੱਲਾਂ ਵਿਚ ਵੈਰਾਗ ਵਧੇਰੇ ਸੀ। ਲੇਖਕਾਂ ਤੇ ਕਲਾਕਾਰਾਂ ਨਾਲ ਉਸ ਦਾ ਚੰਗਾ ਤਾਲਮੇਲ ਸੀ। ਬੈਠਕਾਂ ਵਿਚ ਦੇਸ਼-ਵਿਦੇਸ਼ ਵਿਚ ਰਹਿਣ ਬਾਰੇ ਚਰਚਾ ਹੁੰਦੀ। ਇਸ ਸਥਿਤੀ ਨੂੰ ਹੋਰ ਵੀ ਗਹਿਰਾਈ ਅਤੇ ਗੰਭੀਰਤਾ ਨਾਲ ਸਮਝਣ ਲਈ ਮੈਂ ਇਕ ਵਾਰ ਟੋਰਾਂਟੋ ਸਥਿਤ ਓਂਟਾਰੀਓ ਕਾਲਜ ਆਫ ਆਰਟ ਐਂਡ ਡਿਜ਼ਾਈਨ ਦੇ ਪ੍ਰੈਜ਼ੀਡੈਂਟ ਅਤੇ ਪ੍ਰਸਿੱਧ ਕਲਾਕਾਰ ਰੋਨ ਸ਼ੂਬਰੁੱਕ ਨੂੰ ਵੀ ਮਿਲਿਆ ਸੀ।

ਯੰਗੋ ਹਰਿਆਣਾ ਦੇ ਪਿੰਡ ਖੇੜੀਕਲਾਂ ਦਾ ਜੰਮਪਲ ਸੀ। ਉਸ ਨੇ 1964 ਵਿਚ ਆਰਟ ਕਾਲਜ, ਨਵੀਂ ਦਿੱਲੀ ਤੋਂ ਸਕੱਲਪਚਰ ਦੀ ਪੜ੍ਹਾਈ ਕਰ ਕੇ ਜਾਮੀਆ ਮਿਲੀਆ ਵਿਸ਼ਵ ਵਿਦਿਆਲਿਆ ਦੇ ਲਲਿਤ ਕਲਾ ਵਿਭਾਗ ਵਿਚ ਅਧਿਆਪਨ ਕੀਤਾ। 1971 ਵਿਚ ਜਰਮਨੀ ਜਾ ਕੇ ਸ਼ਿਲਪਕਲਾ ਵਿਚ ਅੱਗੋਂ ਵਿਦਿਆ ਹਾਸਲ ਕੀਤੀ। 1981 ਤੋਂ ਉਹ ਕੈਨੇਡਾ ਵਿਚ ਰਹਿ ਕੇ ਆਪਣੀ ਕਲਾ ਸਿਰਜਣਾ ਕਰਦਾ ਰਿਹਾ। ਜਨਵਰੀ 2015 ਵਿਚ ਯੰਗੋ ਵਰਮਾ ਸਦਾ ਲਈ ਅਲਵਿਦਾ ਕਹਿ ਗਿਆ। ਸ਼ਿਲਪਕਲਾ, ਚਿੱਤਰਕਲਾ ਤੇ ਰੇਖਾ ਚਿੱਤਰ ਉਸ ਦੀ ਸਿਰਜਣਾਤਮਕ ਸੋਚ ਦੇ ਪ੍ਰਗਟਾਵੇ ਦਾ ਮਾਧਿਅਮ ਸਨ। ਉਸ ਦੀ ਸੰਵੇਦਨਸ਼ੀਲਤਾ ਆਧੁਨਿਕ ਸੀ। ਉਹ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਪੂਰਬ ਅਤੇ ਪੱਛਮ ਦੇ ਸੁਮੇਲ ’ਚੋਂ ਇਕ ਵਿਸ਼ਵ ਵਿਜ਼ੁਅਲ ਆਵਾਜ਼ ਦੇਣ ਦੀ ਸੋਚ ਰੱਖਦਾ ਸੀ। ਸਰਗੁਣ ਤੇ ਨਿਰਗੁਣ ਦੇ ਇਸੇ ਅਧਿਐਨ ਤੇ ਖੋਜ ਵਿਚੋਂ ਕੀਤੇ ਹਾਸਲ ਨੂੰ ਹੀ ਉਹ ਆਪਣੀ ਸਮਰੱਥਾ ਮੁਤਾਬਿਕ ਸੁਰਾਂ ਵਿਚ ਬੁਣਦਾ ਰਿਹਾ। ਪਰਵਾਸੀ ਹੋਣ ਦਾ ਸੰਘਰਸ਼ ਇਸ ਤੋਂ ਵੱਖਰਾ ਸੀ।

ਯੰਗੋ ਵਰਮਾ 1964 ਵਿਚ ਕਲਾ ਦੇ ਖੇਤਰ ’ਚ ਦਾਖ਼ਲ ਹੋਇਆ। ਉਸ ਸਮੇਂ ਭਾਰਤ ਦੀ ਆਧੁਨਿਕ ਕਲਾ ਦੇ ਖੇਤਰ ਵਿਚ ਤਾਂਤਰਿਕ ਕਲਾ ਦੀ ਲਹਿਰ ਜ਼ੋਰ ਫੜ ਰਹੀ ਸੀ। ਬਿਰੇਨ ਡੇ, ਗੁਲਾਮ ਰਸੂਲ ਸੰਤੋਸ਼, ਮਹੀਰਵਾਨ ਮਮਤਾਨੀ, ਪੀ.ਟੀ. ਰੈੱਡੀ, ਕੇ.ਸੀ. ਐੱਸ. ਪਨੀਕਰ, ਕੇ.ਵੀ. ਹਰੀਦਾਸਨ, ਅਚਾਰਿਆ ਵਯਾਕੁਲ ਇਸ ਸ਼ੈਲੀ ਵਿਚ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਸਨ। ਯੰਗੋ ਵੀ ਇਸੇ ਦਿਸ਼ਾ ਵਿਚ ਕੰਮ ਕਰ ਰਿਹਾ ਸੀ। ਚਿੱਤ ਲਗਾ ਕੇ ਕੀਤਾ ਕੰਮ ਉਸ ਦੀ ਕਲਾ ਦੇ ਨੈਣ ਨਕਸ਼ ਉਘਾੜ ਰਿਹਾ ਸੀ। ਜਦੋਂ ਗੱਲਬਾਤ ਕਰਨੀ ਤਾਂ ਇਕ ਅਸੰਤੁਸ਼ਟ ਆਤਮਾ ਝਲਕਦੀ। ਭਾਵੁਕ ਹੋ ਕੇ ਕਈ ਵਾਰੀ ਕਲਾ ਦੀ ਯਾਤਰਾ ਵਿਚ ਕੀਤਾ ਸੰਘਰਸ਼ ਦਰਸਾਉਣ ਲਈ ਆਪਣੀ ਕਮੀਜ਼ ਦੇ ਬਟਨ ਖੋਲ੍ਹ ਕੇ ਆਪਣਾ ਸੀਨਾ ਵਿਖਾਉਂਦਾ ਜਿਹੜਾ ਕਿ ਓਪਨ ਹਾਰਟ ਸਰਜਰੀ ਵੇਲੇ ਟਾਂਕਿਆਂ ਨਾਲ ਵਿਨ੍ਹਿੰਆ ਗਿਆ ਸੀ। ਕਸ਼ਟ ਵਿਚ ਵੀ ਕਦੇ ਉਸ ਨੇ ਕਲਾ ਤੋਂ ਮੁੱਖ ਨਹੀਂ ਮੋੜਿਆ। ਉਹ ਸਦਾ ਸਿਰਜਣਾ ਦੇ ਕਾਰਜ ਵਿਚ ਰੁੱਝਿਆ ਰਿਹਾ।

ਕਲਾਕਾਰ ’ਤੇ ਇਹ ਰਹਿਮਤ ਹੈ ਕਿ ਉਹ ਕਿਸੇ ਵੀ ਸਥਿਤੀ ਵਿਚ ਜੀਅ ਸਕਦਾ ਹੈ। ਯੰਗੋ ਵਿਚ ਵੀ ਇਹ ਸ਼ਕਤੀ ਸੀ। ਉਹ ਜੀਅ ਹੀ ਨਹੀਂ ਸੀ ਰਿਹਾ ਸਗੋਂ ਉਸ ਨੇ ਆਪਣੀਆਂ ਅੰਤਰੀਵ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟਾਇਆ। ਸਮੇਂ ਦੀ ਆਪਣੀ ਹੀ ਚਾਲ ਹੁੰਦੀ ਹੈ। ਕਈ ਵਾਰੀ ਵੇਖਣ ਵਿਚ ਆਇਆ ਹੈ ਕਿ ਕਲਾਕਾਰ ਜੀਵਨ ਨੂੰ ਆਪਣੇ ਚਿੱਤ ਵਿਚ ਵੱਸਦੇ ਸਿਰਜਣਾਤਮਕ ਪਲਾਂ ਨੂੰ ਪ੍ਰਗਟਾਅ ਕੇ ਹੋਰ ਵੀ ਸੂਖ਼ਮ ਅਤੇ ਸੁਹਜਾਤਮਕ ਬਣਾਉਣ ਲਈ ਤਾਉਮਰ ਸੰਘਰਸ਼ ਕਰਦਾ ਹੈ, ਪਰ ਸਮਾਜ ਉਸ ਨੂੰ ਪ੍ਰਵਾਨ ਨਹੀਂ ਕਰਦਾ। ਯੰਗੋ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ। ਕਲਾ ਨਾਲ ਸਬੰਧਿਤ ਅਜਾਇਬਘਰਾਂ, ਆਰਟ ਗੈਲਰੀਆਂ ਅਤੇ ਸੰਸਥਾਵਾਂ ਵੱਲੋਂ ਵਧੇਰੇ ਹੁੰਗਾਰਾ ਨਹੀਂ ਮਿਲਿਆ। ਕਈ ਵਾਰੀ ਆਪਣਾ ਦੇਸ਼ ਛੱਡ ਕੇ ਆਉਣਾ ਤੇ ਦੂਸਰੇ ਦੇਸ਼ ਵਿਚ ਆਪਣੇ ਸੁਪਨਿਆਂ ਦੀ ਬੁਨਿਆਦ ਨਾ ਉਸਾਰ ਸਕਣਾ ਇਕ ਗ਼ਲਤ ਫ਼ੈਸਲਾ ਜਾਪਦਾ ਹੈ। ਇਸ ਬਾਰੇ ਲੰਬੀ ਵਿਚਾਰ-ਚਰਚਾ ਹੋ ਸਕਦੀ ਹੈ। ਕਲਾ ਤਾਂ ਮਨੁੱਖ ਨਾਲ ਸਾਂਝ ਰੱਖਦੀ ਹੈ। ਮਨੁੱਖਤਾ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਸਮਾਂ ਬਲਵਾਨ ਹੈ। ਮਨੁੱਖਤਾ ਦੀ ਸੋਚ, ਸਮਝ ਤੇ ਸੰਵੇਦਨਸ਼ੀਲਤਾ ਸਮੇਂ ਨਾਲ ਬਦਲਦੀ ਰਹਿੰਦੀ ਹੈ।

ਕੈਨੇਡਾ ਵਿਚਲੇ ਮਿੱਤਰਾਂ ਨੂੰ ਮਿਲਣ ਲਈ ਸੂਚੀ ਬਣਾਈ ਤਾਂ ਉਸ ਵਿਚ ਯੰਗੋ ਦਾ ਨਾਮ ਨਾ ਵੇਖ ਕੇ ਮਨ ਉਦਾਸ ਹੋਇਆ। ਉਹ ਜਿਸ ਤਰ੍ਹਾਂ ਦੇ ਖੁੱਲ੍ਹੇ ਸੁਭਾਅ ਦਾ ਕਲਾਕਾਰ ਸੀ, ਉਸੇ ਤਰ੍ਹਾਂ ਹੀ ਉਸ ਦੇ ਘਰ ਦੇ ਬੂਹੇ ਖੁੱਲ੍ਹੇ ਰਹਿੰਦੇ ਸਨ। ਉਸ ਦੀ ਸੰਗਤ ’ਚ ਬੈਠ ਕੇ ਇੰਜ ਨਹੀਂ ਲੱਗਦਾ ਸੀ ਕਿ ਤੁਸੀਂ ਕਿਸੇ ਦੇ ਘਰ ਆਏ ਹੋ। ਉਸ ਦੀ ਦੋਸਤੀ ਦਾ ਨਿੱਘ, ਦਿਲ ਦੀ ਸਾਂਝ ਤੇ ਕੀਤੀ ਗੱਲਬਾਤ ਅੱਜ ਵੀ ਸੁਣਾਈ ਪੈਂਦੀ ਹੈ। ਇਹ ਇਕ ਚੰਗੇ ਮਿੱਤਰ ਦੀ ਪਛਾਣ ਹੁੰਦੀ ਹੈ। ਉਸ ਦੀ ਸਿਰਜਣਾ ਦੀ ਥਾਂ, ਈਜ਼ਲ, ਰੰਗ, ਬੁਰਸ਼, ਪੈੱਨ, ਕਾਗ਼ਜ਼, ਕੈਨਵਸ ਤੇ ਸਿਆਹੀ ਕਲਾਕਾਰ ਯੰਗੋ ਨੂੰ ਹਮੇਸ਼ਾ ਉਡੀਕਦੇ ਰਹਿਣਗੇ, ਪਰ ਉਸ ਦੀਆਂ ਡਰਾਇੰਗਜ਼, ਪੇਂਟਿੰਗਜ਼ ਅਤੇ ਸਕਲਪਚਰਜ਼ ’ਚੋਂ ਉਸ ਦੇ ਬੋਲ ਹਮੇਸ਼ਾ ਸੁਣਦੇ ਰਹਿਣਗੇ।

ਸੰਪਰਕ: 98110-52271



News Source link

- Advertisement -

More articles

- Advertisement -

Latest article