29.1 C
Patiāla
Saturday, May 4, 2024

ਓਬੀਸੀ, ਐੱਸਸੀ ਤੇ ਐੱਸਟੀ ਨਾਲ ਨਿਆਂ ਕਰਨ ਲਈ ਜਾਤੀ ਜਨਗਣਨਾ ਜ਼ਰੂਰੀ: ਪ੍ਰਿਯੰਕਾ

Must read


ਮੰਡਲਾ, 12 ਅਕਤੂਬਰ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐੱਸਸੀ, ਐੱਸਟੀ ਅਤੇ ਓਬੀਸੀ ਭਾਈਚਾਰੇ ਦੇ ਲੋਕਾਂ ਨਾਲ ਨਿਆਂ ਯਕੀਨੀ ਬਣਾਉਣ ਲਈ ਜਾਤੀ ਜਨਗਣਨਾ ਦੀ ਮੰਗ ਕੀਤੀ। ਉਨ੍ਹਾਂ ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਦੇ 10 ਸਾਲ ਦੇ ਕਾਰਜਕਾਲ ਦੌਰਾਨ 250 ਘੁਟਾਲੇ ਹੋਏ ਹਨ।

ਪ੍ਰਿਯੰਕਾ ਨੇ ਕਿਹਾ ਕਿ ਹਾਲ ਹੀ ਵਿੱਚ ਬਿਹਾਰ ਸਰਕਾਰ ਨੇ ਜਾਤੀ ਜਨਗਣਨਾ ਕਰਵਾਈ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਉੱਥੋਂ ਦੀ ਆਬਾਦੀ ਵਿੱਚ 84 ਫ਼ੀਸਦੀ ਲੋਕ ਓਬੀਸੀ (ਹੋਰ ਪੱਛੜੇ ਵਰਗ), ਐੱਸਸੀ (ਅਨੁਸੂਚਿਤ ਜਾਤੀ) ਅਤੇ ਐੱਸਟੀ (ਅਨੁਸੂਚਿਤ ਜਨਜਾਤੀ) ਵਰਗ ਦੇ ਹਨ ਪਰ ਨੌਕਰੀਆਂ ਵਿੱਚ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ। ਉਨ੍ਹਾਂ ਦੀ ਸਹੀ ਸੰਖਿਆ ਜਾਣਨ ਅਤੇ ਉਨ੍ਹਾਂ ਨਾਲ ਇਨਸਾਫ਼ ਕਰਨ ਲਈ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਈ ਜਾਣੀ ਚਾਹੀਦੀ ਹੈ। ਕਾਂਗਰਸੀ ਨੇਤਾ ਨੇ ਅੱਜ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਡਲਾ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਣੇ ਕਈ ਗਾਰੰਟੀਆਂ ਦਾ ਐਲਾਨ ਕੀਤਾ। ਪ੍ਰਿਯੰਕਾ ਨੇ ਕਿਹਾ ਕਿ ਨਾ ਸਿਰਫ਼ ਪਹਿਲੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ, ਸਗੋਂ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ 500 ਰੁਪਏ, ਅੱਠਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਇੱਕ ਹਜ਼ਾਰ ਰੁਪਏ ਅਤੇ ਗਿਆਰ੍ਹਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ 1500 ਰੁਪਏ ਪ੍ਰਤੀ ਮਹੀਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਪਣੇ 18 ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਲੋਕਾਂ ਲਈ ਕੁੱਝ ਨਹੀਂ ਕੀਤਾ ਹੈ ਅਤੇ ਪਾਰਟੀ ਸਿਰਫ਼ ਚੋਣਾਂ ਵੇਲੇ ਹੀ ਲੋਕਾਂ ਨੂੰ ਯਾਦ ਕਰਦੀ ਹੈ।

ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਕਰੀਬ 225 ਮਹੀਨਿਆਂ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਮਿੱਡ-ਡੇਅ ਮੀਲ ਅਤੇ ਵਜ਼ੀਫ਼ੇ ਸਣੇ 250 ਘੁਟਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ 500 ਰੁਪਏ ਵਿੱਚ ਗੈਸ ਸਿਲੰਡਰ, ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ, ਕਿਸਾਨਾਂ ਦਾ ਕਰਜ਼ਾ ਮੁਆਫ਼, ਪ੍ਰਤੀ ਕੁਨੈਕਸ਼ਨ 100 ਯੂਨਿਟ ਬਿਜਲੀ ਮੁਫ਼ਤ ਸਮੇਤ ਕਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। -ਪੀਟੀਆਈ

ਲੋਕ ਮਿਲਣੀ ਦੌਰਾਨ ਇੱਕ ਮਹਿਲਾ ਨਾਲ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ। -ਫੋਟੋ: ਪੀਟੀਆਈ



News Source link

- Advertisement -

More articles

- Advertisement -

Latest article