25 C
Patiāla
Monday, April 29, 2024

ਸਫ਼ਾਈ ਸੇਵਕਾਂ ਦੀ ਕੰਮ ਛੱਡੋ ਹੜਤਾਲ ਦਾ 7ਵਾਂ: ਸਰਕਾਰੀ ਦਫ਼ਤਰਾਂ ’ਚ ਕੂੜਾ ਸੁੱਟਣ ਦੀ ਚਿਤਾਵਨੀ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 11 ਸਤੰਬਰ

ਸਫ਼ਾਈ ਸੇਵਕ ਯੂਨੀਅਨ ਨੇ ਕੰਮ ਛੱਡੋ ਹੜਤਾਲ ਦੇ 7ਵੇਂ ਦਿਨ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ। ਬੀਤੀ ਰਾਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲੀਸ ਫੋਰਸ ਤਾਇਨਾਤ ਕਰਕੇ ਸ਼ਹਿਰ ਵਿਚ ਕਈ ਥਾਵਾਂ ਉਪਰ ਲੱਗੇ ਕੂੜੇ ਦੇ ਢੇਰ ਚੁਕਵਾ ਦਿੱਤੇ ਸਨ, ਜਿਸ ਤੋਂ ਖਫ਼ਾ ਹੋਏ ਸਫ਼ਾਈ ਸੇਵਕਾਂ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮੁੜ ਕੂੜਾ ਚੁੱਕਵਾਇਆ ਗਿਆ ਤਾਂ ਜਿਥੇ ਸਫ਼ਾਈ ਸੇਵਕ ਖੁਦ ਕੂੜਾ ਚੁੱਕ ਕੇ ਸਰਕਾਰੀ ਦਫ਼ਤਰਾਂ ਵਿਚ ਸੁੱਟਣਗੇ ਉਥੇ 15 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਦਿਆਂ ਖੇਤਰੀ ਰੋਸ ਰੈਲੀ ਕੀਤੀ ਜਾਵੇਗੀ। ਸਫ਼ਾਈ ਸੇਵਕਾਂ ਦੇ ਸੰਘਰਸ਼ ਦੇ 15ਵੇਂ ਦਿਨ ਅਤੇ ਕੰਮ ਛੱਡੋ ਹੜਤਾਲ ਦੇ 7ਵੇਂ ਦਿਨ ਸਫ਼ਾਈ ਸੇਵਕ ਡੀਸੀ ਦਫ਼ਤਰ ਅੱਗੇ ਚੱਲ ਰਹੇ ਰੋਸ ਧਰਨੇ ’ਚ ਸ਼ਾਮਲ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਲਾਲ ਬੱਤੀ ਚੌਕ ਪੁੱਜੇ ਅਤੇ ਆਵਾਜਾਈ ਠੱਪ ਕਰਕੇ ਮੁੱਖ ਮੰਤਰੀ ਅਤੇ ਵਿਭਾਗ ਦੇ ਮੰਤਰੀ ਦੇ ਪੁਤਲੇ ਫ਼ੂਕੇ ਗਏ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਸ਼ੋਕ ਸਾਰਵਾਨ ਅਤੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਫ਼ਾਈ ਸੇਵਕਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੀਤੀ ਦੇਰ ਰਾਤ ਪੁਲੀਸ ਫੋਰਸ ਤਾਇਨਾਤ ਕਰਕੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸ਼ਹਿਰ ਵਿਚੋਂ ਕੂੜਾ ਚੁਕਵਾਇਆ ਗਿਆ ਹੈ, ਜਿਸ ਤੋਂ ਹੜਤਾਲੀ ਸਫ਼ਾਈ ਸੇਵਕਾਂ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨੇ 28 ਅਗਸਤ ਨੂੰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਕੋਈ ਸੁਣਵਾਈ ਨਾ ਹੋਣ ’ਤੇ ਸੰਘਰਸ਼ ਨੂੰ ਤਿੱਖਾ ਕਰਨ ਲਈ 5 ਸਤੰਬਰ ਤੋਂ ਕੰਮ ਛੱਡੋ ਹੜਤਾਲ ’ਤੇ ਹਨ ਅਤੇ ਡੀਸੀ ਦਫ਼ਤਰ ਅੱਗੇ ਧਰਨਾ ਜਾਰੀ ਹੈ ਪਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹੜਤਾਲ ਨੂੰ ਕਮਜ਼ੋਰ ਕਰਨ ਲਈ ਰਾਤ ਨੂੰ ਕੂੜਾ ਚੁਕਵਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਮੁੜ ਅਜਿਹੀ ਗਲਤੀ ਕੀਤੀ ਤਾਂ ਸਫ਼ਾਈ ਸੇਵਕ ਖੁਦ ਕੂੜਾ ਚੁੱਕ ਕੇ ਸਰਕਾਰੀ ਦਫਤਰਾਂ ਵਿਚ ਸੁੱਟਣ ਲਈ ਮਜ਼ਬੂਰ ਹੋਣਗੇ ਅਤੇ 15 ਸਤੰਬਰ ਨੂੰ ਮੁੱਖ ਮੰਤਰੀ ਦਾ ਕੋਠੀ ਦਾ ਘਿਰਾਓ ਕਰਕੇ ਖੇਤਰੀ ਪੱਧਰ ਦੀ ਰੋਸ ਰੈਲੀ ਕੀਤੀ ਜਾਵੇਗੀ। ਰੈਲੀ ਦੌਰਾਨ ਖੇਤਰ ਦੇ ਸਾਰੇ ਸਫ਼ਾਈ ਸੇਵਕ ਕੂੜੇ ਦੀਆਂ ਟਰਾਲੀਆਂ ਸਮੇਤ ਸ਼ਮੂਲੀਅਤ ਕਰਨਗੇ। ਇਸ ਮੌਕੇ ਕੁਲਦੀਪ ਸ਼ਰਮਾ ਮੁੱਖ ਸਲਾਹਕਾਰ ਪੰਜਾਬ, ਸੁਨੀਲ ਬਿਡਲਾਨ ਪ੍ਰਧਾਨ ਪਟਿਆਲਾ, ਮਨੋਜ ਰਾਣੀ ਪ੍ਰਧਾਨ ਧੂਰੀ, ਅਜੇ ਕੁਮਾਰ ਪ੍ਰਧਾਨ ਸੰਗਰੂਰ, ਸੰਜੇ ਧੂਰੀ, ਹਰਦੀਪ ਸਿੰਘ ਲੌਂਗੋਵਾਲ, ਸਮਾ ਰਾਣੀ ਭਵਾਨੀਗੜ੍ਹ, ਰਮੇਸ਼ ਕੁਮਾਰ ਸਕੱਤਰ, ਸੰਜੇ ਕੁਮਾਰ, ਓਮੀ ਦੇਵੀ, ਸੁਰੇਸ਼ ਕੁਮਾਰ ਤੇ ਊਸ਼ਾ ਦੇਵੀ ਆਗੂ ਸ਼ਾਮਲ ਸਨ।



News Source link

- Advertisement -

More articles

- Advertisement -

Latest article