30.2 C
Patiāla
Monday, April 29, 2024

ਖੁੱਡੀਆਂ ਵੱਲੋਂ ਧੁੰਦ ਦੇ ਮੌਸਮ ਤੋਂ ਪਹਿਲਾਂ ਲਿੰਕ ਸੜਕਾਂ ‘ਤੇ ਰੋਡ ਸੇਫਟੀ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਆਦੇਸ਼

Must read


ਚੰਡੀਗੜ੍ਹ, 17 ਅਗਸਤ

ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਬਣਾਉਣ ਵਾਸਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸਰਦੀਆਂ ਦੌਰਾਨ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੜਕ ਸੇਫਟੀ/ ਸਾਈਨਜ਼ ਪ੍ਰੋਵੀਜਨਜ਼ ਮੁੱਹਈਆ ਕਰਨ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹ ਇੱਥੇ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰਾਂ ਅਤੇ ਜ਼ਿਲ੍ਹਾ ਮੰਡੀ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਬੋਰਡ ਦੇ ਨਾਲ ਮੰਡੀ ਬੋਰਡ ਦੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ 13,832 ਲਿੰਕ ਸੜਕਾਂ ਦੀ ਸ਼ਨਾਖਤ ਕਰਕੇ 132.65 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੜਕਾਂ ’ਤੇ ਸੁਰੱਖਿਆ ਸਾਈਨਜ਼ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਧੁੰਦ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਨਵੇਂ ਸ਼ੈੱਡਾਂ ਅਤੇ ਫੜ੍ਹਾਂ ਦੀ ਉਸਾਰੀ ਅਤੇ ਹੋਰ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਖਾਲੀ ਪਏ ਫਲੈਟਾਂ ਦੀ ਅਲਾਟਮੈਂਟ, ਮੰਡੀਆਂ ਵਿੱਚ ਏਟੀਐੱਮ ਬੂਥ ਲਗਾਉਣ, ਖਾਲੀ ਸ਼ੈੱਡਾਂ ਨੂੰ ਹੋਰ ਕੰਮਾਂ ਵਾਸਤੇ ਵਰਤਣ ਸਮੇਤ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਮੰਡੀਆਂ ਵਿੱਚ 50,000 ਬੂਟੇ ਵੀ ਲਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਹੜ੍ਹ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 47.58 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਗਿਆ ਹੈ।

ਪੰਜਾਬ ਮੰਡੀ ਬੋਰਡ ਦੀ ਸਕੱਤਰ ਅੰਮ੍ਰਿਤ ਕੌਰ ਗਿੱਲ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਾਰੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਪਿੰਡਾਂ ਦੀਆਂ ਲਿੰਕ ਸੜਕਾਂ ਸਬੰਧੀ ਸਟੇਟ ਨੋਡਲ ਅਫ਼ਸਰ-ਕਮ-ਮੁੱਖ ਇੰਜਨੀਅਰ ਜਤਿੰਦਰ ਸਿੰਘ ਭੰਗੂ ਨੇ ਦੱਸਿਆ ਕਿ 18 ਫੁੱਟ ਅਤੇ 16 ਫੁੱਟ ਚੌੜੀਆਂ ਲਿੰਕ ਸੜਕਾਂ ਉੱਤੇ ਸੈਂਟਰ ਲਾਈਨ, ਤਿੱਖੇ ਮੋੜਾਂ ‘ਅਤੇ ਕਰਵਜ ਤੇ ਸੜਕ ਦੇ ਦੋਵੇਂ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ, ਚਿਤਾਵਨੀ ਸੰਕੇਤ, ਸਾਵਧਾਨੀ ਵਾਲੇ ਸਾਈਨ ਬੋਰਡ ਅਤੇ ਸੂਚਨਾ ਬੋਰਡ ਵੀ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੰਭਾਵਿਤ ਖ਼ਤਰੇ ਵਾਲੇ ਮੋੜਾਂ ਅਤੇ ਪੁਲਾਂ ਦੇ ਦੋਵੇਂ ਪਾਸੇ ਰੋਡ ਸਟੱਡਸ (ਕੈਟ ਆਈਜ਼) ਦੇ ਨਾਲ ਨਾਲ ਲਿੰਕ ਸੜਕਾਂ ‘ਤੇ ਪੈਂਦੇ ਸਕੂਲਾਂ ਅਤੇ ਹਸਪਤਾਲਾਂ ਸਾਹਮਣੇ ਰੰਬਲ ਸਟਰਿੱਪਸ ਬਣਾਈਆਂ ਜਾ ਰਹੀਆਂ ਹਨ। ਸ੍ਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਸਟਾਫ਼ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਅਤੇ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵੀ ਕਿਹਾ। ਮੀਟਿੰਗ ਵਿੱਚ ਇੰਜੀਨੀਅਰ-ਇਨ-ਚੀਫ਼ ਗੁਰਦੀਪ ਸਿੰਘ ਅਤੇ ਬੋਰਡ ਦੇ ਹੋਰ ਅਧਿਕਾਰੀ ਹਾਜ਼ਰ ਸਨ।



News Source link

- Advertisement -

More articles

- Advertisement -

Latest article