37.2 C
Patiāla
Sunday, May 5, 2024

ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ – punjabitribuneonline.com

Must read


ਗੁਰਭਜਨ ਗਿੱਲ

ਇਹੋ ਜਿਹਾ ਹੀ ਮੌਸਮ ਸੀ, ਅੱਜ ਵਰਗਾ, ਜਦ ਸੁਰਿੰਦਰ ਛਿੰਦਾ 49 ਸਾਲ ਪਹਿਲਾਂ ਮਿਲਿਆ; ਲੁਧਿਆਣਾ ਵਿਚ ਜਿੱਥੇ ਅੱਜ ਗੁਰੂ ਨਾਨਕ ਸਟੇਡੀਅਮ ਹੈ, ਰੜਾ ਮੈਦਾਨ ਹੁੰਦਾ ਸੀ ਜਿਸ ਨੂੰ ਰੱਖ ਬਾਗ ਕਹਿੰਦੇ ਸਨ। ਉਸਤਾਦ ਜਸਵੰਤ ਭੰਵਰਾ ਦੇ ਸੰਗੀਤ ਵਿਚ ਸੁਰਿੰਦਰ ਛਿੰਦਾ ਨੇ ਬੜੀ ਬੁਲੰਦ ਆਵਾਜ਼ ਵਿਚ ਭੁੱਲਾ ਰਾਮ ਚੰਨ ਗੁਰਾਇਆ ਵਾਲੇ ਦਾ ਗੀਤ ਗਾਇਆ: ਪੀਣ ਤੋਂ ਮੈਨੂੰ ਰੋਕ ਨਾ ਸਾਕੀ, ਯਾਦਾਂ ਉਸ ਦੀਆਂ ਕੂਕਦੀਆਂ।

ਆਵਾਜ਼ ਏਨੀ ਨਿਵੇਕਲੀ ਸੀ ਕਿ ਸਰੋਤਿਆਂ ਵਿਚ ਬੈਠੇ ਮੈਂ ਤੇ ਮੇਰਾ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਅਸ਼ ਅਸ਼ ਕਰ ਉੱਠੇ। ਸਾਡੀ ਵਾਹਵਾ ਸੁਣ ਕੇ ਅਗਲੀ ਪਾਲ ਵਿਚ ਬੈਠੇ ਸਿਰਕੱਢ ਗੀਤਕਾਰ ਬਾਬੂ ਸਿੰਘ ਮਾਨ ਨੇ ਵੀ ਸਾਡੀ ਤਾਈਦ ਕੀਤੀ।

ਲੁਧਿਆਣੇ ਘੰਟਾ ਘਰ ਚੌਕ ਸਥਿਤ ਨੈਸ਼ਨਲ ਮਿਊਜਿ਼ਕ ਕਾਲਜ ਵਿਚ ਹੀ ਉਦੋਂ ਪੰਜਾਬੀ ਸਾਹਿਤ ਸਭਾ ਲੁਧਿਆਣਾ ਦੀਆਂ ਇਕੱਤਰਤਾਵਾਂ ਹੁੰਦੀਆਂ ਸਨ, ਇਸ ਕਾਲਜ ਦੇ ਸੰਚਾਲਕ ਉਸਤਾਦ ਜਸਵੰਤ ਭੰਵਰਾ ਦੀ ਜੀਵਨ ਸਾਥਣ ਸੁਰਜੀਤ ਕੌਰ ਨੂਰ ਵੀ ਵਧੀਆ ਕਵਿੱਤਰੀ ਸੀ। ਉਨ੍ਹਾਂ ਦੀ ਮਹਿਮਾਨ ਨਵਾਜ਼ੀ ਮਾਣਦਿਆਂ ਹੀ ਸੁਰਿੰਦਰ ਛਿੰਦਾ ਨਾਲ ਮੁਲਾਕਾਤ ਹੋਈ।

ਹਮਉਮਰ ਹੋਣ ਕਾਰਨ ਅਸੀਂ ਦੋ ਤਿੰਨ ਮੁਲਾਕਾਤਾਂ ਵਿਚ ਹੀ ਖੁੱਲ੍ਹ ਗਏ। ਛਿੰਦਾ ਮੈਥੋਂ ਅਠਾਰਾਂ ਦਿਨ ਨਿੱਕਾ ਸੀ ਤੇ ਸ਼ਮਸ਼ੇਰ ਸਵਾ ਸਾਲ ਸਾਥੋਂ ਵੱਡਾ। ਸੁਰਿੰਦਰ ਛਿੰਦਾ ਨੇ ਦੱਸਿਆ ਕਿ ਉਹ ਡਿਵੀਜ਼ਨ ਨੰਬਕ ਤਿੰਨ ਲਾਗੇ ਨਿੰਮ ਵਾਲਾ ਚੌਕ ਵਿਚ ਰਹਿੰਦਾ ਹੈ, ਆਪਣੇ ਪਰਿਵਾਰ ਨਾਲ। ਉਸ ਦੇ ਵੱਡੇ ਵਡੇਰੇ ਕੁਝ ਸਮਾਂ ਪਹਿਲਾਂ ਹੀ ਅਯਾਲੀ ਖ਼ੁਰਦ (ਲੁਧਿਆਣਾ) ਤੋਂ ਸ਼ਹਿਰ ਆਣ ਵੱਸੇ ਸਨ। ਉਸ ਦੇ ਪਿਤਾ ਜੀ ਮਿਸਤਰੀ ਬਚਨਾ ਰਾਮ ਭਾਵੇਂ ਪੰਡਿਤ ਗੋਵਰਧਨ ਦਾਸ ਅਪਰੇ ਵਾਲਿਆਂ ਦੇ ਸ਼ਾਸਤਰੀ ਸੰਗੀਤ ਵਿਚ ਸ਼ਾਗਿਰਦ ਸਨ ਪਰ ਉਹ ਪਿਤਾ ਪੁਰਖੀ ਲੱਕੜ ਦੇ ਕਿਰਤ ਕਾਰੋਬਾਰ ਨਾਲ ਹੀ ਜੁੜੇ ਰਹੇ। ਜਦ ਕਦੇ ਰਿਆਜ਼ ਕਰਦੇ ਤਾਂ ਛਿੰਦਾ ਕੰਨ ਖੜ੍ਹੇ ਕਰ ਲੈਂਦਾ। ਹਾਰਮੋਨੀਅਮ ਦੀਆਂ ਸੁਰਾਂ ਨਾਲ ਖੇਡਦਾ ਉਹ ਸੁਰ ਇੰਦਰ ਬਣ ਗਿਆ। ਮਾਂ ਵਿਦਿਆ ਦੇਵੀ ਆਖਦੀ, “ਵੇ ਪੁੱਤ ਛਿੰਦਿਆ! ਮੇਰੇ ਨਾਮ ਦੀ ਲਾਜ ਵੀ ਰੱਖ। ਵਿਦਿਆ ਹਾਸਲ ਕਰ ਤੇ ਘਰ ਦੀ ਕੰਗਾਲੀ ਜੜ੍ਹੋਂ ਪੱਟ ਦੇ।”

ਇਹਾਤਾ ਸ਼ੇਰ ਜੰਗ ਤੋਂ ਪ੍ਰਾਇਮਰੀ ਪਾਸ ਕਰ ਕੇ ਉਹ ਸਰਕਾਰੀ ਮਲਟੀ ਪਰਪਜ਼ ਸਕੂਲੇ ਛੇਵੀਂ ਜਮਾਤ ’ਚ ਪੜ੍ਹਨ ਲੱਗਿਆ। ਇਥੇ ਉਸ ਦੇ ਰਾਜਿੰਦਰ ਸਿੰਘ ਬਸੰਤ ਤੇ ਡਾ. ਨਰਿੰਦਰ ਸਿੰਘ ਇੱਛਪੁਨਾਨੀ ਪੱਕੇ ਮਿੱਤਰ ਬਣੇ। ਮਰਦੇ ਦਮ ਤੀਕ ਨਿਭਣ ਵਾਲੇ। ਛਿੰਦਾ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਜੱਦੀ ਪਿੰਡ ਝਾਂਡੇ ਛੱਡ ਕੇ ਅਯਾਲੀ ਖ਼ੁਰਦ ਕਿਰਤ ਕਮਾਉਣ ਆਏ ਸਨ। ਉਸ ਨੇ ਝਾਂਡੇ ਪਿੰਡ ’ਚ ਹਮੇਸ਼ਾ ਨਿਸ਼ਕਾਮ ਗਾਇਆ। ਉਸ ਨੂੰ ਮਾਣ ਸੀ ਕਿ ਪਿੰਡ ਵਾਲੇ ਮੈਨੂੰ ‘ਆਪਣਾ ਪੁੱਤਰ’ ਕਹਿੰਦੇ ਨੇ।

ਉਸਤਾਦ ਜਸਵੰਤ ਭੰਵਰਾ ਦੇ ਲੜ ਉਹ 1972 ’ਚ ਲੱਗਿਆ। ਉਸ ਦੇ ਸਕੂਲ ’ਚ ਪੜ੍ਹਾਉਂਦੇ ਪੀ ਟੀ ਮਾਸਟਰ ਹਰਦੇਵ ਸਿੰਘ ਗਰੇਵਾਲ ਤੇ ਉਨ੍ਹਾਂ ਦੇ ਮਿੱਤਰ ਹਰਦੇਵ ਦਿਲਗੀਰ ਥਰੀਕਿਆਂ ਵਾਲੇ ਉਸ ਨੂੰ ਭੰਵਰਾ ਦੇ ਚੁਬਾਰਿਆਂ ਵਿਚ ਦਾਖ਼ਲ ਕਰਵਾ ਗਏ ਸਨ। ਇਹ ਕਹਿ ਕੇ ਪਰਤੇ ਕਿ ਭੰਵਰੇ ਤੋਂ ਵੱਡਾ ਉਸਤਾਦ ਨਹੀਂ ਕੋਈ, ਚੰਗੀ ਤਰ੍ਹਾਂ ਸਿੱਖੀਂ। ਸਭ ਕਲਾਕਾਰ ਭਵੇਂ ਹਰਚਰਨ ਗਰੇਵਾਲ ਹੋਵੇ ਜਾਂ ਕਰਨੈਲ ਗਿੱਲ, ਸਾਜਨ ਰਾਏ ਕੋਟੀ ਹੋਵੇ ਜਾਂ ਰਮੇਸ਼ ਰੰਗੀਲਾ, ਸੁਰਜੀਤ ਮਾਧੋਪੁਰੀ ਹੋਵੇ ਜਾਂ ਸਵਰਨ ਲਤਾ, ਸੁਦੇਸ਼ ਕਪੂਰ ਹੋਵੇ ਜਾਂ ਕਰਮਜੀਤ ਗਰੇਵਾਲ ਸਭ ਇਸ ਤੋਂ ਹੀ ਸਿੱਖੇ ਨੇ। ਕੱਬਾ ਜ਼ਰੂਰ ਹੈ ਪਰ ਮਿੱਟੀਉਂ ਸੋਨਾ ਇਹੀ ਬਣਾਉਂਦੈ। ਟਿਕਿਆ ਰਹੇਂਗਾ ਤਾਂ ਲੋਹਿਉਂ ਪਾਰਸ ਬਣ ਜਾਵੇਂਗਾ।

ਸੁਰਿੰਦਰ ਛਿੰਦਾ ਨੇ ਤਪੱਸਵੀ ਵਾਂਗ ਆਪਣੇ ਮੁਰਸ਼ਦ ਦੀ ਆਰਾਧਨਾ ਕੀਤੀ। ਭੰਵਰਾ ਸਾਹਿਬ ਨੇ ਜਲਦੀ ਹੀ ਹਿਜ਼ ਮਾਸਟਰਜ਼ ਵਾਇਸ ਕੰਪਨੀ ਵਿਚ ਸੁਰਿੰਦਰ ਛਿੰਦਾ ਦੀ ਸੁਦੇਸ਼ ਕਪੂਰ ਨਾਲ ਰਿਕਾਰਡਿੰਗ ਕਰਵਾ ਦਿੱਤੀ।

ਦੋਗਾਣਾ ਗਾਇਕੀ ਵਿਚ ਉਦੋਂ ਮੁਹੰਮਦ ਸਦੀਕ-ਰਣਜੀਤ ਕੌਰ, ਦੀਦਾਰ ਸੰਧੂ-ਸਨੇਹ ਲਤਾ, ਕੇ ਦੀਪ-ਜਗਮੋਹਨ ਕੌਰ, ਸਵਰਨ ਲਤਾ-ਕਰਮਜੀਤ ਧੂਰੀ, ਨਰਿੰਦਰ ਬੀਬਾ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤੂਤੀ ਬੋਲਦੀ ਸੀ। ਸੁਰਿੰਦਰ ਛਿੰਦਾ ਨਾਲ ਪਹਿਲਾਂ ਸੁਰਿੰਦਰ ਸੋਨੀਆ ਤੇ ਮਗਰੋਂ ਗੁਲਸ਼ਨ ਕੋਮਲ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਸੁਰਿੰਦਰ ਛਿੰਦਾ ਨੇ ਕਲੀਆਂ ਤੇ ਲੋਕ ਗਾਥਾਵਾਂ ਦੇ ਗਾਇਨ ਵਿਚ ਪਹਿਲੇ ਈ ਪੀ ਰਿਕਾਰਡ ‘ਉੱਚਾ ਬੁਰਜ ਲਾਹੌਰ ਦਾ’ ਰਾਹੀਂ ਪੈਰ ਪਾਇਆ। ਪਹਿਲੀ ਪੇਸ਼ਕਾਰੀ ਹੀ ਲੰਮੀ ਲਕੀਰ ਵਾਹ ਗਈ। ਦੂਜੀ ਪੇਸ਼ਕਾਰੀ ‘ਨੈਣਾਂ ਦੇ ਵਣਜਾਰੇ’ ਨੇ ਤਾਂ ਪੁਰਾ ਗਲੋਬ ਹਿਲਾ ਕੇ ਰੱਖ ਦਿੱਤਾ: ਦੋ ਊਠਾਂ ਵਾਲੇ ਨੀ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਹਰਦੇਵ ਦਿਲਗੀਰ ਨੇ ਇਹ ਗੱਲ ਮੈਨੂੰ ਕਈ ਵਾਰ ਆਪ ਦੱਸੀ ਸੀ ਕਿ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਜੇਕਰ ਉਹਦੀਆਂ ਲਿਖੀਆਂ ਲੋਕ ਗਾਥਾਵਾਂ ਨੂੰ ਨਾ ਮਿਲਦੇ ਤਾਂ ਪੰਜਾਬ ਲੋਕ ਸੰਗੀਤ ਦਾ ਮੁਹਾਂਦਰਾ ਹੀ ਹੋਰ ਹੋਣਾ ਸੀ। ਦੋਵੇਂ ਮੇਰੇ ਸੱਜੇ ਖੱਬੇ ਨੇਤਰ ਸਨ ਪਰ ਇੱਕ ਗੱਲ ਦਾ ਜ਼ਰੂਰ ਪਛਤਾਵਾ ਹੈ ਕਿ ਦੋਹਾਂ ਨੇ ਇੱਕ ਵੀ ਰਿਕਾਰਡਿੰਗ ਇਕੱਠਿਆਂ ਨਹੀਂ ਕੀਤੀ। ‘ਜਿਊਣਾ ਮੌੜ’ ਓਪੇਰੇ ਵੇਲੇ ਸੰਗੀਤਕਾਰ ਚਰਨਜੀਤ ਆਹੂਜਾ ਦੀ ਵੀ ਦਿਲੀ ਇੱਛਾ ਸੀ ਕਿ ਜਿਊਣੇ ਵਾਲਾ ਹਿੱਸਾ ਸੁਰਿੰਦਰ ਛਿੰਦਾ ਗਾਵੇ ਤੇ ਡੋਗਰ ਵਾਲਾ ਭਾਗ ਕੁਲਦੀਪ ਮਾਣਕ ਪਰ ਰਿਹਰਸਲ ਕਰਨ ਦੇ ਬਾਵਜੂਦ ਆਖ਼ਰੀ ਵਕਤ ਕੁਲਦੀਪ ਮਾਣਕ ਇਸ ਪ੍ਰਾਜੈਕਟ ਵਿਚੋਂ ਅਰਲੀ ਤੁੜਾ ਗਿਆ। ਦੋਵੇਂ ਭਾਗ ਸੁਰਿੰਦਰ ਛਿੰਦਾ ਨੂੰ ਹੀ ਗਾਉਣੇ ਪਏ। ਉਸ ਨੇ ਬੇਹੱਦ ਵਧੀਆ ਤੇ ਬੁਲੰਦ ਆਵਾਜ਼ ਵਿਚ ਬੋਲ ਨਿਭਾਏ। ਇਸ ਨਾਲ ਪੰਜਾਬੀ ਲੋਕ ਸੰਗੀਤ ਦਾ ਮੁਹਾਂਦਰਾ ਹੀ ਤਬਦੀਲ ਹੋ ਗਿਆ।

ਸੁਰਿੰਦਰ ਛਿੰਦਾ ਨਵੀਂ ਤੋਂ ਨਵੀਂ ਪ੍ਰਤਿਭਾ ਨੂੰ ਲੱਭਦਾ ਰਹਿੰਦਾ ਸੀ। ਸ਼ਮਸ਼ੇਰ ਸਿੰਘ ਸੰਧੂ ਨਾਲ ਉਹ ਕਈ ਕਈ ਦਿਨ ਚੰਗੇ ਗੀਤਾਂ ਦੀ ਨਿਰਖ ਪਰਖ ਕਰਦਾ। ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਤੇ ਸ਼ਮਸ਼ੇਰ ਨਾਲ ਤਾਂ ਉਹ ਲੋਕ ਤਰਜ਼ਾਂ ਬਾਰੇ ਵੀ ਘੰਟਿਆਂ ਬੱਧੀ ਵਿਚਾਰ ਕਰਦਾ ਰਹਿੰਦਾ। ਸ਼ਮਸ਼ੇਰ ਦਾ ਪਹਿਲਾ ਗੀਤ ‘ਜਾਨੀ ਚੋਰ’ ਵੀ ਸੁਰਿੰਦਰ ਛਿੰਦਾ ਨੇ ਹੀ ਰਿਕਾਰਡ ਕਰਵਾਇਆ ਸੀ। ਪਾਲੀ ਦੇਤਵਾਲੀਆ, ਬਚਨ ਬੇਦਿਲ, ਜਸਵੰਤ ਸੰਦੀਲਾ, ਮੋਹਨ ਬੰਸੀਆਂ ਵਾਲਾ, ਬੰਤ ਰਾਮਪੁਰੇ ਵਾਲਾ, ਅਮਰੀਕ ਸਿੰਘ ਤਲਵੰਡੀ ਤੇ ਕਿੰਨੇ ਹੋਰ ਗੀਤਕਾਰ ਉਸ ਨੇ ਪਹਿਲੀ ਵਾਰ ਰਿਕਾਰਡ ਕੀਤੇ। ਮੇਰੇ ਕੋਲੋਂ ਵੀ ਉਸ ਕੁਝ ਗੀਤ ਲਏ ਤੇ ਰਿਕਾਰਡ ਕਰਵਾਏ। ਦੂਰਦਰਸ਼ਨ ਜਲੰਧਰ ਵਾਸਤੇ ‘ਮਾਹੀਆ’ ਤਾਂ ਉਸ ਉਥੇ ਬੈਠਿਆਂ ਹੀ ਮੈਥੋਂ ਲਿਖਵਾਇਆ। ਕੁਝ ਗੀਤ ਉਸ ਮੇਰੀਆਂ ਕਿਤਾਬਾਂ ’ਚੋਂ ਲੈ ਕੇ ਵੀ ਗਾਏ। ਜਾਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਮੇਰਾ ਗੀਤ ਸੀ: ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਸੁਰਿੰਦਰ ਛਿੰਦਾ ਆਪ ਵਧੀਆ ਗਾਇਕ ਹੈ ਹੀ ਸੀ, ਉਸ ਦੇ ਸ਼ਾਗਿਰਦ ਵੀ ਖ਼ੂਬ ਚਮਕੇ। ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੁੱਖ ਚਮਕੀਲਾ, ਸੋਹਣ ਸਿਕੰਦਰ, ਨਰਿੰਦਰ ਸਿੰਘ ਜੱਸਲ, ਪ੍ਰੇਮ ਸਿੰਘਪੁਰੀਆ, ਗੋਲਡੀ ਚੌਹਾਨ, ਜੋਗਿੰਦਰ ਸਿੰਘਪੁਰੀਆ ਸਮੇਤ ਕਈ ਹੋਰ।

ਸੁਰਿੰਦਰ ਛਿੰਦਾ ਤੇ ਸ਼ੌਕਤ ਅਲੀ ਨੇ ਇੰਗਲੈਂਡ ਵਿਚ ਪੱਗ ਹੀ ਨਹੀਂ ਦਿਲ ਵੀ ਵਟਾ ਲਏ ਸਨ। ਸੁਰਿੰਦਰ ਬਹੁਤ ਵਧੀਆ ਮੇਜ਼ਬਾਨ ਸੀ। ਗ਼ਜ਼ਲ ਸਮਰਾਟ ਗੁਲਾਮ ਅਲੀ ਦਾ ਲੁਧਿਆਣੇ ਬੁਲਾ ਕੇ ਆਪਣੇ ਸ਼ਾਗਿਰਦ ਨਰਿੰਦਰ ਜੱਸਲ ਤੋਂ ਸਨਮਾਨ ਕਰਵਾਇਆ। ਪਰਵੇਜ਼ ਮਹਿੰਦੀ ਤੇ ਉਸ ਦੇ ਪੁੱਤਰ ਅਲੀ ਪਰਵੇਜ਼ ਦੀ ਸੰਗੀਤਕ ਸ਼ਾਮ 1999 ’ਚ ਮੈਨੂੰ ਤੇ ਡਾ. ਸਤੀਸ਼ ਸ਼ਰਮਾ ਨੂੰ ਨਾਲ ਲੈ ਕੇ ਪੰਜਾਬ ਯੂਨੀਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਹਾਲ ’ਚ ਕਰਵਾਈ।

ਸੁਰਿੰਦਰ ਛਿੰਦਾ ਦੇ ਜਾਣ ’ਤੇ ਕਿਹੜੀ ਅੱਖ ਨਹੀਂ ਰੋਈ। ਉਹ ਮਾਂ ਲਈ ਦਰਦ ਸਮੁੰਦਰ ਹੋਰ ਭਰ ਗਿਆ। ਜੀਵਨ ਸਾਥਣ ਜੋਗਿੰਦਰ ਕੌਰ ਤੇ ਬੱਚਿਆਂ ਲਈ ਸੁਫ਼ਨਾ ਹੋ ਗਿਆ। ਚਰਨਜੀਤ ਆਹੂਜਾ ਉਸ ਨੂੰ ਲੋਕ ਗਾਥਾਵਾਂ ਦਾ ਸ਼ਹਿਨਸ਼ਾਹ ਆਖ ਰਿਹੈ ਤੇ ਹੰਸ ਰਾਜ ਹੰਸ ਬੱਬਰ ਸ਼ੇਰ ਗਵੱਈਆ। ਪ੍ਰੋ. ਮੋਹਨ ਸਿੰਘ ਦਾ ਸਿ਼ਅਰ ਚੇਤੇ ਆ ਰਿਹੈ: ਫੁੱਲ ਹਿੱਕ ਵਿਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ, ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

ਸੁਰਿੰਦਰ ਛਿੰਦਾ ਨਮਿਤ ਅੰਤਿਮ ਅਰਦਾਸ 4 ਅਗਸਤ ਦੁਪਹਿਰ 12 ਵਜੇ ਤੋਂ 2 ਵਜੇ ਤੀਕ ਗੁਰਦੁਆਰਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਹੋਵੇਗੀ।

ਸੰਪਰਕ: 98726-31199



News Source link

- Advertisement -

More articles

- Advertisement -

Latest article