27.2 C
Patiāla
Sunday, May 5, 2024

ਪੰਜਾਬ: ਹੜ੍ਹ ਮਾਰੇ ਖੇਤਰਾਂ ’ਚ ਮੱਕੀ, ਬਾਜਰਾ ਤੇ ਮੂੰਗੀ ਬੀਜਣ ਦੀ ਸਲਾਹ

Must read


ਚੰਡੀਗੜ੍ਹ, 30 ਜੁਲਾਈ

ਪੰਜਾਬ ਵਿੱਚ ਹੜ੍ਹਾਂ ਨੇ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਝੋਨੇ ਦੀ ਲੁਆਈ ਨਹੀਂ ਹੁੰਦੀ ਉਥੇ ਕਿਸਾਨਾਂ ਨੂੰ ਮੱਕੀ, ਬਾਜਰਾ, ਸਬਜ਼ੀਆਂ ਤੇ ਮੂੰਗੀ ਬੀਜਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 9 ਤੋਂ 11 ਜੁਲਾਈ ਤੱਕ ਪਏ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਖੇਤਰ ਪ੍ਰਭਾਵਿਤ ਹੋਏ ਹਨ। ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਛੇ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਪਾਣੀ ਭਰ ਗਿਆ ਹੈ ਅਤੇ ਇਸ ਵਿੱਚੋਂ ਦੋ ਲੱਖ ਏਕੜ ਤੋਂ ਵੱਧ ਜ਼ਮੀਨ ’ਤੇ ਮੁੜ ਝੋਨਾ ਲਾਉਣ ਦੀ ਲੋੜ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹਨ ਅਤੇ ਪਟਿਆਲਾ, ਸੰਗਰੂਰ, ਮੁਹਾਲੀ, ਰੂਪਨਗਰ, ਜਲੰਧਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਦੀ ਮੁੜ ਬਿਜਾਈ ਕਰਨ ਲਈ ਕਿਹਾ ਗਿਆ ਹੈ। ਮਾਹਿਰਾਂ ਅਨੁਸਾਰ ਜੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਮੁੜ ਨਾ ਬੀਜੀ ਗਈ ਤਾਂ ਵਾਢੀ ’ਚ ਦੇਰੀ ਹੋ ਜਾਵੇਗੀ, ਜਿਸ ਨਾਲ ਨਵੰਬਰ ਵਿੱਚ ਕਣਕ ਦੀ ਬਿਜਾਈ ’ਤੇ ਵੀ ਅਸਰ ਪਵੇਗਾ। ਪੰਜਾਬ ਵਿੱਚ ਹਾਲੇ ਵੀ ਕੁੱਝ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ। ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮੁੜ ਫ਼ਸਲ ਬੀਜਣ ’ਚ ਹਾਲੇ ਕੁੱਝ ਸਮਾਂ ਲੱਗੇਗਾ। ਇਸ ਤੋਂ ਇਲਾਵਾ ਝੋਨੇ ਦੇ ਬੀਜ ਤਿਆਰ ਹੋਣ ਲਈ ਵੀ ਕਈ ਦਿਨ ਲੱਗ ਜਾਂਦੇ ਹਨ। ਉਧਰ ਖੇਤਾਂ ਵਿੱਚ ਹੜ੍ਹ ਕੇ ਆਏ ਪੱਥਰ ਅਤੇ ਹੋਰ ਚੀਜ਼ਾਂ ਵੀ ਝੋਨੇ ਦੀ ਮੁੜ ਲੁਆਈ ਲਈ ਕਿਸਾਨਾਂ ਵਾਸਤੇ ਚੁਣੌਤੀ ਬਣ ਰਹੀਆਂ ਹਨ।

ਸੂਬੇ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ, ‘‘ਜੇ ਕਿਸੇ ਕਾਰਨ ਝੋਨੇ ਦੀ ਮੁੜ ਬਿਜਾਈ 7-8 ਅਗਸਤ ਤੱਕ ਨਾ ਹੋ ਸਕੀ ਤਾਂ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਵਰਗੀਆਂ ਬਦਲਵੀਆਂ ਫ਼ਸਲਾਂ ਲਾਉਣ ਲਈ ਕਿਹਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਮੱਕੀ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫਸਲ ਨਾਲ ਮਿੱਟੀ ਮੁੜ ਉਪਜਾਊ ਹੋ ਜਾਵੇਗੀ ਅਤੇ ਇਸ ਦਾ ਚੰਗਾ ਭਾਅ ਵੀ ਪ੍ਰਾਪਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਸਲ 60-65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਜੇ ਝੋਨਾ ਲਾਉਣ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਿਸਾਨ ਅਗਸਤ ਵਿੱਚ ਸਬਜ਼ੀਆਂ ਅਤੇ ਬਾਜਰਾ ਆਦਿ ਬੀਜ ਸਕਦੇ ਹਨ। ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੀਆਰ 126 ਅਤੇ ਪੂਸਾ ਬਾਸਮਤੀ 1509 ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ। ਇਹ ਕਿਸਮਾਂ ਥੋੜ੍ਹੇ ਸਮੇਂ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ। ਝੋਨੇ ਦੀਆਂ ਬਾਕੀ ਕਿਸਮਾਂ 110 ਤੋਂ 130 ਦਿਨਾਂ ਵਿੱਚ ਤਿਆਰ ਹੁੰਦੀਆਂ ਹਨ ਜਦਕਿ ਪੀਆਰ 126 ਕਿਸਮ 93 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਕਣਕ ਦੀ ਬਿਜਾਈ ਲਈ ਕਾਫੀ ਸਮਾਂ ਮਿਲ ਸਕਦਾ ਹੈ।

ਬੁੱਟਰ ਨੇ ਕਿਹਾ, ‘‘ਪੀਆਰ 126 ਕਿਸਮ ਲੁਆਈ ਤੋਂ ਬਾਅਦ 93 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ 10-12 ਨਵੰਬਰ ਤੱਕ ਤਿਆਰ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਕਣਕ ਬੀਜੀ ਜਾ ਸਕਦੀ ਹੈ।’’ ਅਧਿਕਾਰੀਆਂ ਅਨੁਸਾਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੀੜਤ ਕਿਸਾਨਾਂ ਨੂੰ ਪੀਆਰ 126 ਅਤੇ ਬਾਸਮਤੀ 1509 ਕਿਸਮ ਦੇ ਬੀਜ ਮੁਹੱਈਆ ਕਰਵਾਏ ਜਾਣਗੇ। -ਪੀਟੀਆਈ



News Source link

- Advertisement -

More articles

- Advertisement -

Latest article