27.8 C
Patiāla
Thursday, May 2, 2024

ਘਰ-ਬਾਰ ਪਾਣੀ ’ਚ ਡੁੱਬੇ, ਰਾਹਤ ਕੈਂਪਾਂ ਵਿੱਚ ਗੋਤੇ ਖਾਂਦੀ ਜ਼ਿੰਦਗੀ

Must read


ਫਿਰੋਜ਼ਪੁਰ, 30 ਜੁਲਾਈ

ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੜ੍ਹਾਂ ਨੇ ਲੋਕਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ ਹਨ ਅਤੇ ਘਰ ਵੀ ਡਿੱਗ ਗਏ ਹਨ। ਹੜ੍ਹਾਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਵਸਨੀਕ ਚਿਮਨ ਸਿੰਘ (60) ਦਾ ਕਹਿਣਾ ਹੈ ਕਿ ਹੜ੍ਹ ਨੇ ਉਸ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ ਅਤੇ ਨਾਲੇ ਉਸ ਦਾ ਘਰ ਵੀ ਨੁਕਸਾਨਿਆ ਗਿਆ। ਚਿਮਨ ਸਿੰਘ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਹੜ੍ਹ ਨੇ ਪਿੰਡ ਵਿੱਚ ਭਾਰੀ ਤਬਾਹੀ ਮਚਾਈ, ਜਿਸ ਕਾਰਨ ਜ਼ਿਅਦਾਤਰ ਲੋਕਾਂ ਨੂੰ ਸਰਕਾਰੀ ਸਕੂਲਾਂ ’ਚ ਆਸਰਾ ਲੈਣਾ ਪਿਆ। ਉਸ ਨੇ ਆਖਿਆ ਕਿ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਦੇ ਘਰ ਡਿੱਗ ਗਏ ਹਨ ਅਤੇ ਕਾਫੀ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਚਿਮਨ ਸਿੰਘ ਨੇ ਆਖਿਆ,‘‘ਮੇਰਾ ਸਾਰਾ ਢਾਈ ਏਕੜ ਝੋਨਾ ਪਾਣੀ ਨਾਲ ਤਬਾਹ ਹੋ ਗਿਆ ਅਤੇ ਉਪਰੋਂ ਘਰ ਕਿਸੇ ਵੀ ਵੇਲੇ ਡਿੱਗ ਸਕਦਾ ਹੈ।’’ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਤੁਲਜ ਦਰਿਆ ਉਨ੍ਹਾਂ ਦੇ ਪਿੰਡ ਨੂੰ ਤਿੰਨ ਪਾਸਿਆਂ ਤੋਂ ਖਹਿਦਾ ਹੈ, ਜਿਸ ਕਾਰਨ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਆਖਿਆ ਪਿਛਲੇ ਦਿਨੀਂ ਪੰਜਾਬ ਵਿੱਚ ਮੋਹਲੇਧਾਰ ਮੀਂਹ ਪੈਣ ਕਾਰਨ ਸਲਤੁਜ ਪੂਰੇ ਜੋਬਨ ’ਤੇ ਸੀ। ਜਿਵੇਂ ਹੀ ਸਤਲੁਜ ਦਾ ਪਾਣੀ ਪਿੰਡਾਂ ਵਿੱਚ ਦਾਖ਼ਲ ਹੋਇਆ ਤਾਂ ਲੋਕ ਆਪਣੇ ਘਰ-ਬਾਰ ਛੱਡ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਥਾਪਿਤ ਕੀਤੇ ਰਾਹਤ ਕੈਂਪ ਵਿੱਚ ਆ ਗਏ। ਸਰਕਾਰੀ ਸਕੂਲ ਵਿੱਚ ਆਪਣੀ ਪਤਨੀ ਤੇ ਪੁੱਤਰ ਨਾਲ ਰਹਿ ਰਹੇ ਚਿਮਨ ਸਿੰਘ ਨੇ ਆਖਿਆ ਕਿ ਉਸ ਨੂੰ ਮੌਜੂਦਾ ਸਥਿਤੀ ਦੀ ਚਿੰਤਾ ਨਹੀਂ ਹੈ ਸਗੋਂ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਸ ਨੇ ਆਖਿਆ ਕਿ ਉਹ ਸਾਰੀ ਫ਼ਸਲ ਤਬਾਹ ਹੋਣ ਕਾਰਨ ਪਰਿਾਵਰ ਦਾ ਗੁਜ਼ਾਰਾ ਕਿਵੇਂ ਕਰੇਗਾ? ਉਸ ਨੇ ਆਖਿਆ ਕਿ ਸਤਲੁਜ ਹਰ ਵਾਰ ਨੁਕਸਾਨ ਕਰਦਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਇਹ ਮਾਰ ਸਹਿਣੀ ਪੈਂਦੀ ਹੈ। ਪਿੰਡ ਕਾਲੂ ਵਾਲਾ ਦੇ ਵਸਨੀਕ ਸਵਰਨ ਸਿੰਘ (62) ਨੇ ਵੀ ਆਪਣੇ ਪਰਿਵਾਰ ਸਣੇ ਸਰਕਾਰੀ ਸਕੂਲ ਵਿਚ ਪਨਾਹ ਲਈ ਹੋਈ ਹੈ। ਉਸ ਨੇ ਆਖਿਆ,‘‘ਸਾਨੂੰ ਆਪਣਾ ਸਾਮਾਨ ਚੁੱਕ ਕੇ ਘਰ ਛੱਡਣਾ ਪਿਆ, ਕਿਉਂਕਿ ਪਾਣੀ ਕਾਰਨ ਉਥੇ ਬਹੁਤ ਬਾਰੇ ਜ਼ਹਿਰੀਲੇ ਜਾਨਵਰ ਆ ਗਏ ਸਨ। ਹਾਲਾਂਕਿ ਉਥੇ ਸੱਪ ਵੀ ਸਨ, ਜਿਸ ਕਾਰਨ ਜਾਨ ਨੂੰ ਖ਼ਤਰਾ ਸੀ। ਸਾਨੂੰ ਉਮੀਦ ਹੈ ਕਿ ਹਾਲਾਤ ਜਲਦ ਸੁਧਰ ਜਾਣਗੇ ਅਤੇ ਅਸੀਂ ਵਾਪਸ ਆਪਣੇ ਘਰ ਪਰਤ ਸਕਾਂਗੇ।’’

ਸਰਕਾਰੀ ਸਕੂਲ ਵਿਚਲੇ ਰਾਹਤ ਕੈਂਪ ’ਚ ਪੁੱਜੇ ਲੋਕ। -ਫੋਟੋ: ਸੰਜੀਵ ਹਾਂਡਾ

ਪਿੰਡ ਦੇ ਇੱਕ ਦਰਮਿਆਨ ਕਿਸਾਨ ਕਿਸ਼ਾਨ ਸਿੰਘ ਨੇ ਆਖਿਆ ਕਿ ਉਸ ਨੇ ਆਪਣੀ ਸਾਰੀ ਪੂੰਜੀ ਝੋਨਾ ਲਾਉਣ ’ਤੇ ਖਰਚ ਦਿੱਤੀ ਸੀ ਅਤੇ ਹੁਣ ਉਸ ਕੋਲ ਕੁਝ ਨਹੀਂ ਬਚਿਆ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਲੋੜਵੰਦਾਂ ਲਈ ਭੋਜਨ ਅਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਰਹੀਆਂ ਹਨ। ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਅਸ਼ੋਕ ਬਹਿਲ ਨੇ ਆਖਿਆ ਕਿ ਖਾਣ-ਪੀਣ ਦੇ ਸਾਮਾਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਪੀੜਤਾਂ ਨੂੰ ਪਾਣੀ ਤੇ ਭੋਜਨ ਮੁਹੱਈਆ ਕਰਵਾ ਰਹੇ ਹਨ ਅਤੇ ਲਗਾਤਾਰ ਮੈਡੀਕਲ ਕੈਂਪ ਲਾਏ ਜਾ ਰਹੇ ਹਨ। -ਪੀਟੀਆਈ

ਪੰਜਾਬ ਵਿੱਚ ਹੜ੍ਹਾਂ ਕਾਰਨ ਹੁਣ ਤੱਕ 44 ਮੌਤਾਂ

ਪੰਜਾਬ ਦੇ ਕਰੀਬ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹਨ। ਇਸ ਦੌਰਾਨ ਸੂਬੇ ਵਿੱਚ 44 ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰੀ ਮੀਂਹ ਕਾਰਨ 22 ਜਣੇ ਜ਼ਖ਼ਮੀ ਹੋ ਗਏ ਹਨ। ਹੜ੍ਹ ਕਾਰਨ ਕਰੀਬ 1200 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਸੂਬੇ ਭਰ ਵਿਚ ਸਥਾਪਿਤ ਕੀਤੇ ਗਏ 159 ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ।



News Source link

- Advertisement -

More articles

- Advertisement -

Latest article