28.3 C
Patiāla
Friday, May 10, 2024

ਨੌਜਵਾਨ ਦੇ ਕਤਲ ਦੇ ਰੋਸ ਵਜੋਂ ਬਡਰੁੱਖਾਂ ਚੌਕੀ ਘੇਰੀ

Must read


ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 20 ਜੁਲਾਈ
ਬੀਤੇ ਦਿਨੀਂ ਨੇੜਲੇ ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਦੇ ਹੋਏ ਅੰਨ੍ਹੇ ਕਤਲ ਦਾ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੀਨੀਅਰ ਆਗੂ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਪੁਲੀਸ ਚੌਕੀ ਬਡਰੁੱਖਾਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਵੱਲੋਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਗੁਰੀ, ਸਤਿਗੁਰ ਸਿੰਘ ਪੰਚ, ਦਰਸ਼ਨ ਸਿੰਘ, ਬਲਦੇਵ ਸਿੰਘ ਬੱਗੂਆਣਾ, ਸਰਪੰਚ ਅਮਨਦੀਪ ਸਿੰਘ, ਜਗਤਾਰ ਸਿੰਘ ਜੱਗੀ, ਮਲਕੀਤ ਸਿੰਘ ਰਾਜਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਕਿ ਜਿੰਨੀ ਦੇਰ ਮ੍ਰਿਤਕ ਲਖਵਿੰਦਰ ਸਿੰਘ ਕਾਂਝਲਾ ਦੀ ਮੌਤ ਦੇ ਕਥਿਤ ਮੁੱਖ ਜ਼ਿੰਮੇਵਾਰ ਮਹਿਲਾ ਪੁਲੀਸ ਮੁਲਾਜ਼ਮ ਅਤੇ ਪੁਲੀਸ ਅਧਿਕਾਰੀ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਨਾ ਚਿਰ ਸੰਘਰਸ਼ ਜਾਰੀ ਰਹੇਗਾ।
ਇਸ ਤੋਂ ਇਲਾਵਾ ਉਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਨਾਲ ਦੇ ਸਾਥੀਆਂ ਨੂੰ ਫੋਨਾਂ ’ਤੇ ਸਮਝੋਤਾ ਕਰਨ ਲਈ ਦਬਾਅ ਪਾਉਣ ਅਤੇ ਡਰਾਉਣ ਧਮਕਾਉਣ ਵਾਲੇ ਥਾਣਾ ਸੁਨਾਮ, ਚੀਮਾ ਅਤੇ ਦਿੜ੍ਹਬਾ ਦੇ ਐੱਸਐੱਚਓ ਦੀਆਂ ਬਦਲੀਆਂ ਕੀਤੀਆਂ ਜਾਣ।
ਗੌਰਤਲਬ ਹੈ ਕਿ 12 ਜੁਲਾਈ ਨੂੰ ਲਖਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਮਲਕੀਤ ਸਿੰਘ ਵਾਸੀ ਕਾਂਝਲਾ ਜ਼ਖ਼ਮੀ ਹਾਲਤ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਅੱਗੇ ਗੱਡੀ ਵਿੱਚੋਂ ਮਿਲਿਆ ਸੀ, ਜਿਸ ਦੇ ਸਿਰ ਵਿੱਚ ਇੱਕ ਗੋਲੀ ਵੱਜੀ ਹੋਈ ਸੀ ਅਤੇ ਜਿਸ ਦੀ ਦੋ ਦਿਨਾਂ ਬਾਅਦ ਜ਼ੇਰੇ ਇਲਾਜ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਮੌਤ ਹੋਣ ਉਪਰੰਤ ਲਾਸ਼ ਮੋਰਚਰੀ ਵਿਚ ਪਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਫ਼ਸੋਸ ਹੈ ਕਿ ਨੌਂ-ਦਸ ਦਿਨ ਬੀਤ ਜਾਣ ਉਪਰੰਤ ਵੀ ਪੁਲੀਸ ਚੌਂਕੀ ਬਡਰੁੱਖਾਂ ਦੇ ਅਧਿਕਾਰੀਆਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਵਿਰੁੱਧ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਇਸ ਦੇ ਉਲਟ ਪੁਲੀਸ ਵੱਲੋਂ ਖੁਦਕੁਸ਼ੀ ਕਹਿ ਕੇ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਨਾਲ ਹੀ ਪੀੜਤ ਧਿਰ ਨੂੰ ਇਨਸਾਫ਼ ਦੇਣ ਦੀ ਬਜਾਏ ਮ੍ਰਿਤਕ ਨੌਜਵਾਨ ਦਾ ਸੰਸਕਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।

ਪੜਤਾਲ ਮਗਰੋਂ ਮੁਲਜ਼ਮ ਬਖਸ਼ੇ ਨਹੀਂ ਜਾਣਗੇ: ਡੀਐੱਸਪੀ
ਪੁਲੀਸ ਚੌਕੀ ਬਡਰੁੱਖਾਂ ਵਿੱਚ ਪਹੁੰਚੇ ਡੀਐੱਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਉਹ ਬਰੀਕੀ ਨਾਲ ਕੇਸ ਦੀ ਪੜਤਾਲ ਕਰ ਰਹੇ ਹਨ। ਜਿਹੜਾ ਵੀ ਮੁਲਜ਼ਮ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।



News Source link

- Advertisement -

More articles

- Advertisement -

Latest article