20.5 C
Patiāla
Thursday, May 2, 2024

ਨਦੀਆਂ ’ਚ ਪਾਣੀ ਘਟਣ ਦੇ ਬਾਵਜੂਦ ਪਿੰਡਾਂ ’ਚ ਤਬਾਹੀ ਦਾ ਮੰਜ਼ਰ ਜਾਰੀ

Must read


ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੁਲਾਈ
ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ, ਚਿਨਾਰ ਬਾਗ ਤੇ ਰਿਸ਼ੀ ਕਲੋਨੀ ਸਮੇਤ ਜਿਹੜੇ ਹੋਰ ਸ਼ਹਿਰੀ ਖੇਤਰਾਂ ਵਿਚਲੇ ਘਰਾਂ ਵਿੱਚ ਹੜ੍ਹਾਂ ਦਾ ਪਾਣੀ ਦਾਖਲ ਹੋਇਆ ਸੀ, ਅੱਜ ਪੂਰੀ ਤਰ੍ਹਾਂ ਉਤਰ ਗਿਆ ਹੈ ਪਰ ਕੁਝ ਕੁ ਥਾਈਂ ਸੜਕਾਂ ਤੇ ਗਲੀਆਂ ਨਾਲੀਆਂ ’ਚ ਅਜੇ ਵੀ ਪਾਣੀ ਨਜ਼ਰ ਆ ਰਿਹਾ ਹੈ। ਹੜ੍ਹ ਕਾਰਨ ਘਰ ਛੁੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ ਲੋਕ ਹੁਣ ਪਾਣੀ ਉਤਰਨ ਮਗਰੋਂ ਆਪੋ ਆਪਣੇ ਘਰਾਂ ਨੂੰ ਪਰਤ ਆਏ ਹਨ। ਉਨ੍ਹਾਂ ਵੱਲੋਂ ਅੱਜ ਸਾਰਾ ਦਿਨ ਸਾਫ਼ ਸਫ਼ਾਈ ਕੀਤੀ ਗਈ। ਭਾਵੇਂ ਕਿ, ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਸਾਫ਼ ਸਫਾਈ ਸਮੇਤ ਹੋਰ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਇਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਬਦਬੂ ਵਾਲੇ ਹਾਲਾਤ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਵਿਚਲੇ ਘਰਾਂ ਵਿੱਚ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਭਰਿਆ ਰਿਹਾ। ਹਜ਼ਾਰਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੌਜ, ਪੁਲੀਸ ਅਤੇ ਪ੍ਰਸ਼ਾਸਨ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਗੋਪਾਲ ਕਾਲੋਨੀ ਦੇ 200 ਪਰਿਵਾਰਾਂ ਨੂੰ ਮੈਰਿਜ ਪੈਲੇਸ ਵਿੱਚ ਠਹਿਰਾਇਆ ਹੋਇਆ ਹੈ। ਦੂਜੇ ਬੰਨ੍ਹੇ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਸਮੇਤ ਹੋਰ ਨਦੀਆਂ ਤੇ ਨਾਲਿਆਂ ਨੇ ਦਿਹਾਤੀ ਖੇਤਰਾਂ ਵਿੱਚ ਤਬਾਹੀ ਮਚਾਈ ਰੱਖੀ। ਸਰਾਲਾ ਹੈੱਡ ਕੋਲ ਪਿਛਲੇ ਸਮੇਂ ਵਿੱਚ 20 ਫੁੱਟ ਤੱਕ ਚੱਲਦਾ ਰਿਹਾ ਘੱਗਰ ਹੁਣ 14 ਫੁੱਟ ’ਤੇ ਚੱਲ ਰਿਹਾ ਹੈ। ਇੱਥੇ ਖਤਰੇ ਦਾ ਨਿਸ਼ਾਨ 16 ਫੱਟ ’ਤੇ ਹੈ। ਖਤਰੇ ਦੇ ਨਿਸ਼ਾਨ 12 ਫੁੱਟ ਤੋਂ ਪੰਜ ਫੁੱਟ ਉੱਪਰ ਵਹਿੰਦੀ ਰਹੀ ਪਟਿਆਲਾ ਨਦੀ ਵਿੱਚ ਵੀ ਹੁਣ ਪਾਣੀ ਅੱਠ ਫੁੱਟ ਹੈ। ਪੰਝੀਦਰਾ ਵੀ ਪੰਜ ਫੁੱਟ ’ਤੇ ਵਗ ਰਿਹਾ ਹੈ। ਇੱਥੇ ਖਤਰੇ ਦਾ ਨਿਸ਼ਾਨ 12 ਫੁੱਟ ਹੈ। 10 ਫੁੱਟ ਦੇ ਖਤਰੇ ਵਾਲਾ ਢਕਾਨਸੂ ਨਾਲਾ ਹੁਣ ਚਾਰ ਫੁੱਟ ’ਤੇ ਹੈ। ਇੱਥੇ ਖਤਰੇ ਦੇ ਨਿਸ਼ਾਨ ਤੋਂ ਵੀ ਕਈ ਫੁੱਟ ਵੱਧ ਪਾਣੀ ਸੀ ਪਰ ਟਾਂਗਰੀ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ (12 ਫੁੱਟ) ਤੋਂ ਚਾਰ ਫੁੱਟ ਉੱਪਰ ਹੈ। ਮਾਰਕੰਡਾ ਖਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਉਪਰ 24 ਫੁੱਟ ’ਤੇ ਵਗ ਰਿਹਾ ਹੈ।
ਇਨ੍ਹਾਂ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ’ਚ ਹੜ੍ਹ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਦਰਜਨਾਂ ਹੀ ਪਿੰਡਾਂ ਦਾ ਸੰਪਰਕ ਟੁੱਟਿਆ ਹੋਇਆ ਹੈ। ਅੱਜ ਛੇਵੇਂ ਦਿਨ ਵੀ ਹਜ਼ਾਰਾਂ ਏਕੜ ਫਸਲ ਡੁੱਬੀ ਰਹੀ। ਖੇਤਾਂ ਵਿਚਲੇ ਕਈ ਘਰਾਂ ਨੂੰ ਪਾਣੀ ਨੇ ਘੇਰਾ ਪਾਇਆ ਹੋਇਆ ਹੈ। ਨੀਵੇਂ ਘਰਾਂ ’ਚ ਪਾਣੀ ਦਸਤਕ ਦੇ ਚੁੱਕਾ ਹੈ। ਕਈ ਪੇਂਡੂ ਸੜਕਾਂ ’ਤੇ ਪਾਣੀ ਭਰਿਆ ਹੋਣ ਕਾਰਨ ਲੋਕ ਪਿੰਡਾਂ ਵਿੱਚੋਂ ਬਾਹਰ ਨਹੀਂ ਜਾ ਸਕਦੇ। ਅਜੇ ਵੀ ਫੌਜ, ਪੁਲੀਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਕਿਸ਼ਤੀਆਂ ਰਾਹੀਂ ਲੋਕਾਂ ਤੱਕ ਪਹੁੰਚ ਬਣਾ ਰਹੇ ਹਨ। ਰੋਜ਼ਾਨਾ ਵਾਂਗ ਜਿੱਥੇ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੀ ਪੁਲੀਸ ਫੋਰਸ ਨੇ ਪੀੜਤਾਂ ਦੀ ਮਦਦ ਲਈ ਸਰਗਰਮੀਆਂ ਜਾਰੀ ਰੱਖੀਆਂ, ਉੱਥੇ ਹੀ ਫੌਜ ਵੀ ਮੁਸ਼ਤੈਦ ਹੈ। ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐੱਸਡੀਐੰਮ ਕਿਰਪਾਲਵੀਰ ਸਿੰਘ ਨੇ ਖੁਦ ਕਿਸ਼ਤੀ ਰਾਹੀਂ ਪਹੁੰਚ ਕਰ ਕੇ ਹੜ੍ਹ ਪੀੜਤਾਂ ਲਈ ਰਸਦ ਆਦਿ ਪਹੁੰਚਾਈ।



News Source link

- Advertisement -

More articles

- Advertisement -

Latest article