30.2 C
Patiāla
Monday, April 29, 2024

ਜਿਹੜਾ ਤੇਰੀ ਰਾਹ ਨੂੰ ਰੋਕੇ ਉਸੇ ਕੰਧ ਨੂੰ ਢਾਹ…

Must read


ਹਰਚਰਨ ਸਿੰਘ ਪ੍ਰਹਾਰ

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕਰਵਾਏ ਗਏ 12ਵੇਂ ਸੋਹਣ ਮਾਨ ਯਾਦਗਾਰੀ ਮੇਲੇ ਨੇ ਇਸ ਵਾਰ ਹੋਰ ਬੁਲੰਦੀਆਂ ਛੋਹਣ ਦਾ ਨਿਰਾਲਾ ਯਤਨ ਕੀਤਾ ਹੈ। ਸਮੁੱਚਾ ਪ੍ਰੋਗਰਾਮ ਗੁਲਦਸਤੇ ਵਾਂਗ ਗੁੰਦਿਆ ਹੋਇਆ ਸੀ। ਹਰ ਸਾਲ ਵਾਂਗ ਇਸ ਵਾਰ ਦਾ ਮੇਲਾ ਹੱਸਣ, ਰੁਵਾਉਣ ਦੇ ਨਾਲ-ਨਾਲ ਕੁਝ ਸੁਨੇਹੇ ਸਪੱਸ਼ਟ ਰੂਪ ਵਿੱਚ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਇਸ ਵਾਰ ਦਾ ਮੇਲਾ ਦੋ ਰੋਜ਼ਾ ਸੀ, ਲਗਾਤਾਰ ਕਈ ਸਾਲਾਂ ਤੋਂ ਇਹ ਮੇਲਾ ਹੋਣ ਕਰਕੇ ਦਰਸ਼ਕਾਂ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਹੋਣ ਕਰਕੇ ਲੋਕਾਂ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਮੁੜਨਾ ਪੈਂਦਾ ਸੀ। ਇਸ ਕਾਰਨ ਮੇਲਾ ਦੋ ਦਿਨਾਂ ਦਾ ਕੀਤਾ ਗਿਆ ਸੀ। ਦਰਸ਼ਕਾਂ ਨੇ ਦੋਵੇਂ ਦਿਨ ਭਰਵਾਂ ਹੁੰਗਾਰਾ ਦੇ ਕੇ ਪ੍ਰਬੰਧਕ ਨੂੰ ਦੱਸ ਦਿੱਤਾ ਕਿ ਉਨ੍ਹਾਂ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਸੋਹਣ ਮਾਨ (ਬਾਨੀ ਪ੍ਰਧਾਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ) ਦੀ ਤਸਵੀਰ ’ਤੇ ਫੁੱਲ ਅਰਪਿਤ ਕਰਕੇ ਪ੍ਰਧਾਨ ਜਸਵਿੰਦਰ ਕੌਰ ਮਾਨ, ਜੀਤਇੰਦਰ ਪਾਲ, ਜਨਰਲ ਸਕੱਤਰ ਮਾਸਟਰ ਭਜਨ ਸਿੰਘ, ਕਮਲਪ੍ਰੀਤ ਪੰਧੇਰ, ਬੰਨਦੀਪ ਗਿੱਲ, ਪ੍ਰੋ. ਗੋਪਾਲ ਜੱਸਲ, ਨਵਕਿਰਨ ਢੁੱਡੀਕੇ, ਹਰੀਪਾਲ, ਸੁਖਵੀਰ ਗਰੇਵਾਲ, ਹਰਚਰਨ ਪਰਹਾਰ ਆਦਿ ਨੇ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਉਪਰੰਤ ਕੈਲਗਰੀ ਦੇ ਛੋਟੇ-ਛੋਟੇ 30 ਦੇ ਕਰੀਬ ਬੱਚਿਆਂ ਨੇ ਕੋਰੀਓਗ੍ਰਾਫੀ ‘ਸਖੀਏ ਸਹੇਲੀਏ’ ਪੇਸ਼ ਕੀਤੀ, ਜਿਸ ਰਾਹੀਂ ਧੀਆਂ ਨੂੰ ਲੰਮੀਆਂ ਉਸਾਰੂ ਉਡਾਰੀਆਂ ਮਾਰਨ ਤੋਂ ਰੋਕਣ ਵਾਲੀ ਪਿਛਾਂਹ ਖਿੱਚੂ ਸੋਚ ’ਤੇ ਵਿਅੰਗ ਕਸਿਆ ਗਿਆ ਸੀ। ਇਸ ਉਪਰੰਤ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ‘ਜਦੋਂ ਮੈਂ ਸਿਰਫ਼ ਇੱਕ ਔਰਤ ਹੁੰਦੀ ਹਾਂ’ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ। ਭਾਰਤ ਪਾਕ ਵੰਡ ਦੇ ਸਮੇਂ ਔਰਤਾਂ ਨੂੰ ਕਿਸ ਤਰ੍ਹਾਂ ਸੰਤਾਪ ਹੰਡਾਉਣਾ ਪਿਆ ਤੇ ਦੋਵੇਂ ਪਾਸੇ ਬੇਪੱਤ ਹੋਣਾ ਪਿਆ ਸੀ। ਉਸ ਸਮੇਂ ਦੀ ਬੇਹੱਦ ਦਰਦਭਰੀ ਦਾਸਤਾਨ ਨੂੰ ਦਰਸ਼ਕਾਂ ਨੇ ਖੁਭ ਕੇ ਦੇਖਿਆ। ਇਸ ਨਾਟਕ ਵਿੱਚ ਹਰਪ੍ਰੀਤ ਕੌਰ ਸੈਦਾਂ ਦੇ ਰੂਪ ਵਿੱਚ, ਹਰਕੇਸ਼ ਚੌਧਰੀ ਰਾਜ ਦੇ ਰੂਪ ਵਿੱਚ, ਕਮਲਪ੍ਰੀਤ ਪੰਧੇਰ ਅੰਮ੍ਰਿਤ ਦੇ ਰੂਪ ਵਿੱਚ, ਅਮਰੀਤ ਗਿੱਲ ਰਾਣੋ ਦੇ ਰੂਪ ਵਿੱਚ, ਕਮਲ ਸਿੱਧੂ, ਬਲਜਿੰਦਰ ਢਿੱਲੋਂ, ਸੁਰਜੀਤ ਸਿੰਘ ਨੇ ਯਾਦਗਾਰੀ ਭੂਮਿਕਾ ਨਿਭਾਈ। ਸੰਗੀਤ ਦੀ ਰੁਪਿੰਦਰਪਾਲ ਪੰਧੇਰ, ਲਾਈਟਿੰਗ ਦੀ ਸਾਹਿਬ ਪੰਧੇਰ ਨੇ ਜ਼ਿੰਮੇਵਾਰੀ ਨਿਭਾਈ। ਸੈੱਟ ਦੀ ਜ਼ਿੰਮੇਵਾਰੀ ਜਸ਼ਨਪ੍ਰੀਤ ਗਿੱਲ, ਹਰਮਨ ਢੁੱਡੀਕੇ, ਹਰਮਨ ਸੇਖੋਂ, ਗੁਰਪਿਆਰ ਗਿੱਲ ਨੇ ਨਿਭਾਈ।

ਇਸ ਸਮਾਗਮ ਵਿੱਚ ਕੈਲਗਰੀ ਦੀਆਂ ਪੰਜਾਬੀ ਮੂਲ ਦੀਆਂ ਦੋ ਧੀਆਂ ਨੂੰ ਵੱਖੋ-ਵੱਖਰੇ ਖੇਤਰ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜਸਲੀਨ ਸਿੱਧੂ, ਜਿਸ ਨੇ ਰੈਸਲਿੰਗ ਦੇ ਖੇਤਰ ਵਿੱਚ ਅਮਰੀਕਾ ਵਿਖੇ ਗੋਲਡ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਦੂਜੀ ਲੜਕੀ ਪ੍ਰਭਲੀਨ ਗਰੇਵਾਲ ਜੋ ਕਿ ਪਹਿਲੀ ਪੰਜਾਬਣ ਹੈ, ਜਿਸਨੇ ਕੈਨੇਡਾ ਹਾਕੀ ਦੀ ਨੈਸ਼ਨਲ ਟੀਮ ਦੀ ਮੈਂਬਰ ਬਣ ਕੇ ਪੰਜਾਬੀਆਂ ਦੇ ਮਾਣ ਨੂੰ ਵਧਾਇਆ ਹੈ। ਇਨ੍ਹਾਂ ਦੋਵਾਂ ਲੜਕੀਆਂ ਨੂੰ ਹਰੇਕ ਨੂੰ ਇੱਕ ਹਜ਼ਾਰ ਡਾਲਰ, ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਦਿੱਤਾ ਗਿਆ। ਸਨਮਾਨ ਪੱਤਰ ਨਵਕਿਰਨ ਢੁੱਡੀਕੇ ਨੇ ਪੜ੍ਹਿਆ। ਇਸ ਤੋਂ ਇਲਾਵਾ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਾਮਰਾਜੀ ਸਾਜ਼ਿਸ਼ਾਂ ਦੇ ਸਿਰ ’ਤੇ ਕਾਰਪੋਰੇਟ ਕੁਲ ਦੁਨੀਆ ਨੂੰ ਲੁੱਟ ਰਹੇ ਨੇ, ਆਓ, ਆਪਾਂ ਲੁੱਟੇ ਜਾਣ ਵਾਲੇ ਵੀ ਇੱਕ ਹੋ ਜਾਈਏ।

ਇਸ ਮੌਕੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਹਰਕੇਸ਼ ਚੌਧਰੀ ਨੂੰ ਕਿਤਾਬਾਂ ਦਾ ਇੱਕ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਸ਼ਰਨ ਕਲਾ ਭਵਨ ਵਿਖੇ ਕੁਰਸੀਆਂ ਲਗਵਾਉਣ ਲਈ 1000 ਡਾਲਰ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ’ਤੇ ਮਾਸਟਰ ਭਜਨ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ‘ਸੁਪਨਿਆਂ ਦੀ ਧਰਤੀ ਹੋਈ ਅਲੂਣੀ’ ਨਾਟਕ ਨੂੰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ। ਨਾਟਕ ਕੈਨੇਡਾ ਦੀ ਧਰਤੀ ਦੀਆਂ ਦੁਸ਼ਵਾਰੀਆਂ, ਦਿੱਕਤਾਂ ਅਤੇ ਪਰਵਾਸ ਲਈ ਬੇਜੋੜ ਵਿਆਹਾਂ ਤੇ ਸੌਦੇਬਾਜ਼ੀਆਂ ਦੀਆਂ ਗੱਲਾਂ ਕਰਦਾ ਹਸਾ ਵੀ ਗਿਆ ਤੇ ਰੁਆ ਵੀ ਗਿਆ। ਸੰਦੀਪ ਗਿੱਲ, ਅਮਰੀਤ, ਕਮਲਪ੍ਰੀਤ, ਹਰਪ੍ਰੀਤ ਕੌਰ, ਕੁਲਦੀਪ ਸਿੰਘ, ਪਰਮਜੀਤ ਕੌਰ ਸਫਲ ਮਾਲਵਾ, ਬਲਜਿੰਦਰ ਢਿੱਲੋਂ ਆਦਿ ਦੀ ਸੁਭਾਵਿਕ ਅਦਾਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪਿਛੋਕੜ ਤੋਂ ਕੁਲਦੀਪ ਸਿੰਘ ਦੀ ਆਵਾਜ਼ ਨੇ ਨਾਟਕਾਂ ਦੇ ਵੇਗ ਨੂੰ ਹੋਰ ਤਿੱਖਾ ਕੀਤਾ। ਇਹ ਨਾਟਕ ਸਮੁੱਚੇ ਸਮਾਗਮ ਦਾ ਸਿਖਰ ਹੋ ਨਿੱਬੜਿਆ। ਇਸ ਮੌਕੇ ’ਤੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਪਰਹਾਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਧਰਮਾਂ ਦੇ ਨਾਂ ਸਟੇਟ ਉਸਾਰਨ ਦਾ ਸੁਪਨਾ ਇੱਕ ਖਾਮ ਖਿਆਲੀ ਹੈ, ਆਓ, ਬਾਬੇ ਨਾਨਕ ਦੀ ਸੋਚ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਇੱਕਠੇ ਹੋਈਏ।

‘ਕੁੜੀਏ ਚੀਕ ਚਿਹਾੜਾ ਪਾ’ ਕੋਰੀਓਗ੍ਰਾਫੀ ਨੇ ਦਰਸ਼ਕਾਂ ਨੂੰ ਜੋਸ਼ ਖਰੋਸ਼ ਨਾਲ ਭਰ ਦਿੱਤਾ। ਇਹ ਕੋਰੀਓਗ੍ਰਾਫੀ ਖਾਸ ਕਰਕੇ ਭਾਰਤ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੀ ਗੱਲ ਕਰਦੀ ਸੀ, ਉਂਜ ਸਮਾਜਿਕ ਕੁਰੀਤੀਆਂ ਦੀਆਂ ਚੱਕੀਆਂ ਵਿੱਚ ਪਿਸ ਰਹੀਆਂ ਸਮੁੱਚੀਆਂ ਔਰਤਾਂ ਦੀ ਗੱਲ ਕਰਦੀ ਸੀ। ਕੁੜੀਆਂ ਨੂੰ ਸੱਦਾਂ ਦਿੰਦੀ ਕਿ ਆਓ ਆਪਣੇ ਹਿੱਸੇ ਦੀ ਧਰਤੀ ਤੇ ਅੰਬਰ ਲੈਣ ਲਈ ਚੀਕ ਚਿਹਾੜਾ ਪਾਈਏ: ਜਿਹੜਾ ਤੇਰੀ ਰਾਹ ਨੂੰ ਰੋਕੇ ਉਸੇ ਕੰਧ ਨੂੰ ਢਾਹ…ਕੁੜੀਏ ਚੀਕ ਚਿਹਾੜਾ ਪਾ। ਇਸ ਕੋਰੀਓਗ੍ਰਾਫੀ ਦੀ ਡਿਜ਼ਾਇਨਿੰਗ ਹਰਕੇਸ਼ ਚੌਧਰੀ ਨੇ ਕੀਤੀ। ਪ੍ਰੋਗਰਾਮ ਦੇ ਅੰਤ ਤੇ ਮਾਸਟਰ ਭਜਨ ਸਿੰਘ ਨੇ ਰਿਸ਼ੀ ਨਾਗਰ, ਹਰਚਰਨ ਪਰਹਾਰ, ਹਰਬੰਸ ਬੁੱਟਰ, ਅਵਨੀਤ ਤੇਜਾ, ਗੁਰਬਚਨ ਬਰਾੜ, ਸ਼ਵੀ ਸਿੰਘ, ਬਲਜਿੰਦਰ ਸੰਘਾ, ਗੁਰਚਰਨ ਕੌਰ ਥਿੰਦ, ਪਰਮਜੀਤ ਭੰਗੂ, ਸੁਖਵੀਰ ਗਰੇਵਾਲ ਤੇ ਸਪਾਂਸਰਾਂ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ।



News Source link
#ਜਹੜ #ਤਰ #ਰਹ #ਨ #ਰਕ #ਉਸ #ਕਧ #ਨ #ਢਹ

- Advertisement -

More articles

- Advertisement -

Latest article