38 C
Patiāla
Friday, May 3, 2024

ਕੈਨੇਡਾ: ਟਾਈਗਰ ਫੋਰਸ ਮੁਖੀ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ

Must read


ਨਵੀਂ ਦਿੱਲੀ, 19 ਜੂਨ

ਮੁੱਖ ਅੰਸ਼

  • ਸਰੀ ਦੇ ਗੁਰਦੁਆਰੇ ਦੇ ਬਾਹਰ ਕਾਰ ’ਚੋਂ ਲਾਸ਼ ਮਿਲੀ
  • ਪਿਛਲੇ ਕਈ ਮਹੀਨਿਆਂ ਤੋਂ ਮਿਲ ਰਹੀ ਸੀ ਧਮਕੀ

ਕੈਨੇਡਾ ਅਧਾਰਿਤ ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਐਤਵਾਰ ਰਾਤੀਂ ਸਰੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਨਿੱਝਰ ਭਾਰਤ ਵਿੱਚ ਅਤਿ-ਲੋੜੀਂਦੇ ਦਹਿਸ਼ਤਗਰਦਾਂ ਵਿਚੋਂ ਇਕ ਸੀ ਤੇ ਉਸ ਦੇ ਸਿਰ ’ਤੇ ਦਸ ਲੱਖ ਰੁਪਏ ਦਾ ਇਨਾਮ ਸੀ। ਨਿੱਝਰ ਪਿੱਛੋਂ ਜਲੰਧਰ ਦੇ ਪਿੰਡ ਭਾਰਸਿੰਘਪੁਰ ਦਾ ਵਸਨੀਕ ਸੀ। ਅਧਿਕਾਰੀਆਂ ਨੇ ਕਿਹਾ ਕਿ ਸਰੀ ਵਿੱਚ ਐਤਵਾਰ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ (ਸਥਾਨਕ ਸਮੇਂ ਅਨੁਸਾਰ) ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਇਕ ਕਾਰ ਵਿੱਚੋਂ ਨਿੱਝਰ ਦੀ ਲਾਸ਼ ਮਿਲੀ ਸੀ ਤੇ ਉਸ ਦੇ ਸਰੀਰ ’ਤੇ ਗੋਲੀਆਂ ਦੇ ਜ਼ਖ਼ਮ ਸਨ। ਨਿੱਝਰ ਇਸੇ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਅਧਿਕਾਰੀਆਂ ਨੇ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੋ ਅਣਪਛਾਤਿਆਂ ਨੇ ਨਿੱਝਰ ਨੂੰ ਗੋਲੀਆਂ ਮਾਰੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਕੈਨੇਡੀਅਨ ਪੁਲੀਸ ਵੱਲੋਂ ਨਿੱਝਰ ਦੀ ਮ੍ਰਿਤਕ ਦੇਹ ਨੂੰ ਮੌਕੇ ਤੋਂ ਹਟਾਏ ਜਾਣ ਮੌਕੇ ਉਥੇ ਮੌਜੂਦ ਸਿੱਖਾਂ ਨੇ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਨਾਅਰੇ ਲਾਏ। ਨਿੱਝਰ ਭਾਰਤ ਵਿਚ ਦਹਿਸ਼ਤੀ ਕਾਰਵਾਈਆਂ ’ਚ ਕਥਿਤ ਸ਼ਮੂਲੀਅਤ ਲਈ ਅਤਿ-ਲੋੜੀਂਦੇ ਦਹਿਸ਼ਤਗਰਦਾਂ ’ਚੋਂ ਇਕ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਜੁਲਾਈ ਵਿੱਚ ਨਿੱਝਰ ਬਾਰੇ ਜਾਣਕਾਰੀ ਦੇਣ ਲਈ 10 ਲੱਖ ਰੁਪੲੇ ਦਾ ਇਨਾਮ ਐਲਾਨਿਆ ਸੀ। ਐੱਨਆਈਏ ਨੂੰ 2021 ਵਿੱਚ ਜਲੰਧਰ ’ਚ ਹਿੰਦੂ ਜਥੇਬੰਦੀ ਦੇ ਆਗੂ ’ਤੇ ਕੀਤੇ ਹਮਲੇ ਵਿੱਚ ਨਿੱਝਰ ਦੀ ਭਾਲ ਸੀ। ਐੱਨਆਈ ਨੇ ਨਿੱਝਰ ਸਿਰ ਇਨਾਮ ਐਲਾਨੇ ਜਾਣ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਉਸ ਅਤੇ ਤਿੰਨ ਹੋਰਨਾਂ ਖਿਲਾਫ਼ ਉਪਰੋਕਤ ਹਮਲੇ ਲਈ ਚਾਰਜਸ਼ੀਟ ਦਾਖ਼ਲ ਕੀਤੀ ਸੀ। ਐੱਨਆਈਏ ਮੁਤਾਬਕ ਨਿੱਝਰ ਵੱਖਵਾਦੀਆਂ ਤੇ ਖਾਲਿਸਤਾਨ ਪੱਖੀ ਸਮੂਹ ‘ਸਿੱਖਸ ਫਾਰ ਜਸਟਿਸ’ ਦੇ ਹਿੰਸਕ ਜੰਡੇ ਦਾ ਭਾਰਤ ਵਿੱਚ ਪ੍ਰਚਾਰ ਪਾਸਾਰ ਕਰ ਰਿਹਾ ਸੀ। -ਪੀਟੀਆਈ

ਵੈਨਕੂਵਰ: ਇਸ ਦੌਰਾਨ ਵੈਨਕੂਵਰ ਤੋਂ ਗੁਰਮਲਕੀਅਤ ਸਿੰਘ ਕਾਹਲੋਂ ਦੀ ਰਿਪੋਰਟ ਮੁਤਾਬਕ ਆਰਸੀਐੱਮਪੀ (ਪੁਲੀਸ) ਸਾਰਜੈਂਟ ਟਾਈਨਰ ਗਿੱਲੀ ਨੇ ਦੱਸਿਆ ਕਿ ਗੁਰਦੁਆਰੇ ਦੀ ਪਾਰਕਿੰਗ ਵਿਚ ਗੋਲੀਆਂ ਚਲਣ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਉੱਤੇ ਪਹੁੰਚੇ ਤਾਂ ਹਰਦੀਪ ਸਿੰਘ ਨਿੱਝਰ ਆਪਣੀ ਗੱਡੀ ’ਚ ਜ਼ਖ਼ਮੀ ਹਾਲਤ ਵਿੱਚ ਸੀ। ਮੈਡੀਕਲ ਮਦਦ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਮੁੱਢਲੀ ਸਟੇਜ ’ਤੇ ਹੋਣ ਕਾਰਨ ਉਹ ਕਤਲ ਦੇ ਮੰਤਵ ਬਾਰੇ ਕੁਝ ਨਹੀਂ ਕਹਿ ਸਕਦੇ। ਸੱਤ ਸਾਲ ਪਹਿਲਾਂ ਨਿੱਝਰ ਦਾ ਨਾਂ ਪੰਜਾਬ ਵਿੱਚ 2007 ’ਚ ਹੋਏ ਬੰਬ ਧਮਾਕੇ ਨਾਲ ਜੋੜਿਆ ਗਿਆ ਸੀ। ਹਰਦੀਪ ਸਿੰਘ ਨਿੱਝਰ ਨੂੰ ਦੋ ਵਾਰ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਦੇ ਨੇੜਲਿਆਂ ਅਨੁਸਾਰ ਨਿੱਝਰ ਨੂੰ ਕਈ ਮਹੀਨਿਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਤਿੰਨ ਸਾਲ ਪਹਿਲਾਂ ਕੈਨੇਡਾ ਆਏ ਕੁਝ ਭਾਰਤੀ ਵਿਦਿਆਰਥੀਆਂ ਨੂੰ ਖਾਣੇ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਲੰਗਰ ’ਚੋਂ ਪੈਕ ਖਾਣਾ ਘਰ ਲਿਜਾਣ ਦੀ ਸ਼ੁਰੂਆਤ ਨਿੱਝਰ ਨੇ ਹੀ ਕਰਵਾਈ ਸੀ। ਨਿੱਝਰ ਪੇਸ਼ੇ ਵਜੋਂ ਪਲੰਬਰ ਤੇ ਦੋ ਲੜਕਿਆਂ ਦਾ ਪਿਤਾ ਸੀ। ਜਾਣਕਾਰੀ ਅਨੁਸਾਰ 1997 ਵਿੱਚ ਕੈਨੇਡਾ ਆਉਣ ਤੋਂ ਬਾਅਦ ਉਹ ਕਦੇ ਭਾਰਤ ਵਾਪਸ ਨਹੀਂ ਗਿਆ ਸੀ। ਗਰਮਖਿਆਲੀ ਸਮਝੇ ਜਾਂਦੇ ਨਿੱਝਰ ਨੂੰ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦਾ ਨੇੜਲਾ ਸਮਝਿਆ ਜਾਂਦਾ ਸੀ। ਉਸ ਦਾ ਨਾਮ ਭਾਰਤ ਦੀ ਕਾਲੀ ਸੂਚੀ ਵਿੱਚ ਵੀ ਸ਼ਾਮਲ ਸੀ। ਕੈਨੇਡਾ ਵਿੱਚ ਉਹ ਸ਼ਾਂਤਮਈ ਜ਼ਿੰਦਗੀ ਜੀਅ ਰਿਹਾ ਸੀ। ਏਅਰ ਇੰਡੀਆ ਕਨਿਸ਼ਕ ਬੰਬ ਕਾਂਡ (1985) ਨਾਲ ਜੋੜ ਕੇ ਵੇਖੇ ਜਾਂਦੇ ਰਹੇ ਸਰੀ ਦੇ ਖਾਲਸਾ ਸਕੂਲਾਂ ਦੇ ਮਾਲਕ ਪ੍ਰਦੁਮਣ ਸਿੰਘ ਮਲਿਕ ਦੇ ਪਿਛਲੇ ਸਾਲ ਹੋਏ ਕਤਲ ਵਿਚ ਨਿੱਝਰ ਦਾ ਨਾਮ ਭਾਰਤੀ ਮੀਡੀਆ ਵਲੋਂ ਜੋੜਿਆ ਜਾਂਦਾ ਰਿਹਾ ਹੈ, ਪਰ ਸਥਾਨਕ ਪੁਲੀਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ।



News Source link
#ਕਨਡ #ਟਈਗਰ #ਫਰਸ #ਮਖ #ਨਝਰ #ਦ #ਗਲਆ #ਮਰ #ਕ #ਹਤਆ

- Advertisement -

More articles

- Advertisement -

Latest article