25.7 C
Patiāla
Saturday, April 27, 2024

ਸਰਦੂਲਗੜ੍ਹ ਦੀ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਅੱਵਲ

Must read


ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 24 ਮਈ

ਮੁੱਖ ਅੰਸ਼

  • ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 51-51 ਹਜ਼ਾਰ ਰੁਪਏ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਅਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ) ਦੀ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ 100 ਫੀਸਦੀ (500\/500) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਐੱਮਐੱਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼੍ਰੇਆ ਸਿੰਗਲਾ ਪੁੱਤਰੀ ਦੇਵਿੰਦਰ ਸਿੰਗਲਾ ਨੇ 498 ਅੰਕ ਲੈ ਕੇ ਦੂਜਾ ਅਤੇ ਬੀਸੀਐੱਮ ਸੀਨੀਅਰ ਸੈਕੰਡਰੀ ਐੱਚਐੱਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਨਵਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਨੇ 497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਤਿੰਨੋਂ ਵਿਦਿਆਰਥਣਾਂ ਹਿਊਮੈਨਟੀਜ਼ ਗਰੁੱਪ ਦੀਆਂ ਹਨ। ਪਹਿਲੀਆਂ 14 ਪੁਜ਼ੀਸ਼ਨਾਂ ’ਤੇ ਲੜਕੀਆਂ ਕਾਬਜ਼ ਹਨ। ਡਾ. ਭਾਟੀਆ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਚੁਣੌਤੀਆਂ ਦੇ ਬਾਵਜੂਦ ਸਕੂਲ ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕੀਤਾ ਹੈ। ਵੱਡੀ ਗਿਣਤੀ ਸਕੂਲਾਂ ਦੇ ਸੀਬੀਐੱਸਈ ਵੱਲ ਰੁਝਾਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਸਿੱਖਿਆ ਬੋਰਡ ਇਸ ਵੱਲ ਵਿਸ਼ੇਸ਼ ਧਿਆਨ ਦੇਵੇਗਾ ਅਤੇ ਸਬੰਧਤ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਖੇਡ ਕੋਟੇ ਦੇ ਵਿਦਿਆਰਥੀਆਂ ਬਾਰੇ ਪੁੱਛਣ ’ਤੇ ਵਾਈਸ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਕੇਵਲ ਸਟੇਟ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਖੇਡ ਕੋਟੇ ਦੇ 15 ਅੰਕਾਂ ’ਚੋਂ ਲੋੜ ਮੁਤਾਬਕ ਅੰਕ ਦਿੱਤੇ ਗਏ ਹਨ। ਪਹਿਲੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ ਗਰੇਸ ਦੇ 15 ਅੰਕ, ਦੂਜੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ 12 ਅੰਕ ਅਤੇ ਤੀਜੀ ਪੁਜ਼ੀਸ਼ਨ ਵਾਲੇ ਵਿਦਿਆਰਥੀ ਨੂੰ 9 ਅੰਕ ਦਿੱਤੇ ਗਏ ਹਨ। ਇਸ ਵਾਰ 915 ਵਿਦਿਆਰਥੀ ਸਪੋਰਟਸ ਕੋਟੇ ਦੇ ਸਨ, ਜਿਨ੍ਹਾਂ ’ਚੋਂ 16 ਵਿਦਿਆਰਥੀ ਹੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾ ਸਕੇ ਹਨ। ਉਨ੍ਹਾਂ ਦੱਸਿਆ ਕਿ ਨਤੀਜੇ ਸਬੰਧੀ ਵੇਰਵੇ ਤੇ ਪੂਰਾ ਨਤੀਜਾ ਭਲਕੇ ਵੀਰਵਾਰ 25 ਮਈ ਨੂੰ ਸਵੇਰੇ 8 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਉਪਲਬਧ ਹੋਵੇਗਾ।

ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਬੱਚਿਆਂ ਨੂੰ 51-51 ਹਜ਼ਾਰ ਰੁਪਏ ਦੇਵੇਗੀ ਸਰਕਾਰ

ਚੰਡੀਗੜ੍ਹ (ਟਨਸ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ 51-51 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਨੇ ਇੱਕ ਵਾਰ ਫਿਰ ਪ੍ਰੀਖਿਆ ਦੇ ਖੇਤਰ ’ਚ ਮਾਣ ਵਧਾਇਆ ਹੈ।

ਮੈਡੀਕਲ ਗਰੁੱਪ ’ਚੋਂ ਪਟਿਆਲਾ ਦਾ ਨਵਨੀਤ ਅੱਵਲ

ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਪੀਐੱਸਈਬੀ ਦੇ 12ਵੀਂ ਦੇ ਨਤੀਜਿਆਂ ਵਿੱਚ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਦੇ ਵਿਦਿਆਰਥੀ ਨਵਨੀਤ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਮੈਡੀਕਲ ਗਰੁੱਪ ਵਿੱਚ 500 ਵਿੱਚੋਂ 496 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਨਵਨੀਤ ਸਿੰਘ ਨੇ ਉਸ ਦਾ ਸਨਮਾਨ ਕੀਤਾ।

ਸਰਟੀਫਿਕੇਟ ਡਿਜੀਲਾਕਰ ’ਤੇ ਹੋਣਗੇ ਉਪਲਬਧ

ਵਿਦਿਆਰਥੀਆਂ ਦੇ ਡਿਜੀਟਲ ਸਰਟੀਫਿਕੇਟ ਹਫ਼ਤੇ ਬਾਅਦ ਡਿਜੀਲਾਕਰ ’ਤੇ ਉਪਲਬਧ ਹੋਣਗੇ। ਵਿਦਿਆਰਥੀ ਆਪਣੇ ਡਿਜੀਟਲ ਸਰਟੀਫਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੇ ਪ੍ਰੀਖਿਆ ਫ਼ਾਰਮ ਵਿੱਚ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਉਨ੍ਹਾਂ ਦੇ ਸਰਟੀਫ਼ਕੇਟ ਨਤੀਜਾ ਐਲਾਨੇ ਜਾਣ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਸਬੰਧਤ ਸਕੂਲ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਤੋਂ ਮਿਲਣਗੇ। ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਸਰਟੀਫਿਕੇਟ ਵੀ ਡਿਜੀਲਾਕਰ ’ਤੇ ਮੁਹੱਈਆ ਕਰਵਾਏ ਜਾਣਗੇ।





News Source link

- Advertisement -

More articles

- Advertisement -

Latest article