29.6 C
Patiāla
Monday, April 29, 2024

ਵਿਰੋਧੀ ਏਕਾ ਮਜ਼ਬੂਤ ਕਰਨ ਲਈ ਨਿਤੀਸ਼ ਤੇ ਪਵਾਰ ਵੱਲੋਂ ਵਿਚਾਰਾਂ

Must read


ਮੁੰਬਈ, 11 ਮਈ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਕੁਮਾਰ, ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਨਾਲ ਪਵਾਰ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਪੁੱਜੇ ਸਨ। ਇਸ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਭਾਜਪਾ ਦੇਸ਼ ਦੇ ਹਿੱਤ ਵਿੱਚ ਕੰਮ ਨਹੀਂ ਕਰ ਰਹੀ ਹੈ। ਕੁਮਾਰ ਨੇ ਕਿਹਾ,‘ਜੋ ਭਾਜਪਾ ਮੌਜੂਦਾ ਸਮੇਂ ਕਰ ਰਹੀ ਹੈ, ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਅਜਿਹੀ ਹਾਲਤ ਵਿੱਚ ਜੇ ਵੱਧ ਤੋਂ ਵੱਧ ਵਿਰੋਧੀ ਪਾਰਟੀਆਂ ਇਕੱਠੀਆਂ ਹੋਣਗੀਆਂ ਤਾਂ ਦੇਸ਼ ਲਈ ਚੰਗਾ ਹੋਵੇਗਾ।’ ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਉਨ੍ਹਾਂ ਨਾਲ ਰਾਬਤੇ ਵਿੱਚ ਹਨ। ‘ਮੈਂ ਬੱਸ ਇਹ ਕਹਿ ਸਕਦਾ ਹਾਂ ਕਿ ਜੋ ਕੁਝ ਹੁਣ ਕੀਤਾ ਜਾ ਰਿਹਾ ਹੈ, ਉਹ ਦੇਸ਼ ਦੇ ਹਿੱਤ ਲਈ ਹੈ।’ ਪਵਾਰ ਨੇ ਕਿਹਾ,‘ਇਹ ਵਿਚਾਰ ਵਟਾਂਦਰਾ ਯੂਨਾਈਟਡ ਪ੍ਰੋਗਰੈਸਿਵ ਅਲਾਇੰਸ (ਯੂਪੀਏ) ਲਈ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ ਅਤੇ ਹੋਰ ਪਾਰਟੀਆਂ ਤੇ ਗਰੁੱਪਾਂ ਨੂੰ ਆਪਣੇ ਨਾਲ ਜੋੜਨਾ ਪਵੇਗਾ।’ 

ਕੁਮਾਰ ਨੇ ਕਿਹਾ ਕਿ ਉਹ ਦੇਸ਼ ਵਿੱਚ ਵੱਡਾ ਗੱਠਜੋੜ ਬਣਾਉਣ ਲਈ ਯਤਨ ਕਰ ਰਹੇ ਹਨ। ‘ਅਸੀਂ ਇਸ ਬਾਰੇ ਸਾਰੇ ਭਾਈਵਾਲਾਂ ਨਾਲ ਵਿਚਾਰ ਕਰਾਂਗੇ ਅਤੇ ਇਸ ਨੂੰ ਨਵਾਂ ਨਾਮ ਦੇਵਾਂਗੇ।’ ਇਹ ਪੁੱਛਣ ’ਤੇ ਕੀ ਪਵਾਰ ਵਿਰੋਧੀ ਗੱਠਜੋੜ ਦਾ ਪ੍ਰਮੁੱਖ ਚਿਹਰਾ ਹੋਣਗੇ, ਦੇ ਜਵਾਬ ਵਿੱਚ ਕੁਮਾਰ ਨੇ ਕਿਹਾ,‘ਇਸ ਤੋਂ ਵਧੀਆ ਕੁਝ ਨਹੀਂ ਹੋਵੇਗਾ, ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ਼ ਆਪਣੀ ਪਾਰਟੀ ਲਈ ਹੀ ਨਹੀਂ ਸਗੋਂ ਸਾਰੇ ਦੇਸ਼ ਲਈ ਕੰਮ ਕਰਨਾ ਪਵੇਗਾ।’ ਪਵਾਰ ਨੇ ਕਿਹਾ,‘ਜਮਹੂਰੀਅਤ ਨੂੰ ਬਚਾਉਣ ਲਈ ਇਕੱਠੇ ਹੋ ਕੇ ਕੰਮ ਕਰਨਾ ਜ਼ਰੂਰੀ ਹੈ। ਕੁਮਾਰ ਨਾਲ ਮੀਟਿੰਗ ਮਗਰੋਂ ਉਨ੍ਹਾਂ ਟਵੀਟ ਕੀਤਾ,‘ ਮੇਰੀ ਮੁੰਬਈ ਰਿਹਾਇਸ਼ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਸਵਾਗਤ ਹੈ। ਅਸੀਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਬਾਰੇ ਸੰਖੇਪ ਵਿਚਾਰ ਚਰਚਾ ਕੀਤੀ।’ -ਪੀਟੀਆਈ

ਭਾਜਪਾ ਤੇ ਨੈਤਿਕਤਾ ਇਕ ਦੂਜੇ ਦੇ ਉਲਟ: ਪਵਾਰ

ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਨੈਤਿਕਤਾ ਇਕ ਦੂਜੇ ਦੇ ਉਲਟ ਹਨ। ਪਵਾਰ ਨੇ ਜ਼ੋਰ ਦੇ ਕੇ ਆਖਿਆ ਕਿ ਮਹਾਰਾਸ਼ਟਰ ਨੂੰ ਦਰਪੇਸ਼ ਰਹੇ ਸਿਆਸੀ ਸੰਕਟ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ ਨਾਲ ਮਹਾ ਵਿਕਾਸ ਅਗਾੜੀ ਗੱਠਜੋੜ ਲਈ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਸੌਖਾ ਹੋ ਜਾਵੇਗਾ ਕਿ ਭਾਜਪਾ ਨੇ ਅਧਿਕਾਰਾਂ ਦੀ ‘ਦੁਰਵਰਤੋਂ’ ਕੀਤੀ। ਪਵਾਰ ਨੇ ਕਿਹਾ, ‘‘ਭਾਜਪਾ ਤੇ ਨੈਤਿਕਤਾ ਇਕ ਦੂਜੇ ਦੇ ਪਰਸਪਰ ਵਿਰੋਧੀ ਹਨ। ਮੈਂ ਇਸ ਤੋਂ ਵੱਧ ਹੋਰ ਕੀ ਕਹਿ ਸਕਦਾ ਹਾਂ?’’ ਬਜ਼ੁਰਗ ਸਿਆਸਤਦਾਨ ਨੇ ਕਿਹਾ, ‘‘ਭਾਜਪਾ ਦੀ ਰਣਨੀਤੀ ਰਹੀ ਹੈ ਕਿ ਜੇਕਰ ਉਹ ਆਪਣੇ ਦਮ ’ਤੇ ਚੋਣਾਂ ਨਹੀਂ ਜਿੱਤ ਸਕਦੇ ਤਾਂ ਉਹ ਛੋਟੀਆਂ ਪਾਰਟੀਆਂ ਨੂੰ ਤੋੜ ਕੇ ਸਰਕਾਰ ਬਣਾਉਂਦੇ ਹਨ। ਇਹ ਜਮਹੂਰੀਅਤ ਲਈ ਚੰਗਾ ਨਹੀਂ। ਪਰ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਮਦਦ ਮਿਲੇਗੀ ਕਿ ਕਿਵੇਂ ਭਾਜਪਾ ਅਥਾਰਿਟੀ ਦੀ ਦੁਰਵਰਤੋਂ ਕਰਦੀ ਹੈ।’’ ਐੱਨਸੀਪੀ ਆਗੂ ਨੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਵੀ ਭੰਡਿਆ।   -ਪੀਟੀਆਈ



News Source link

- Advertisement -

More articles

- Advertisement -

Latest article