36.9 C
Patiāla
Sunday, April 28, 2024

ਪਰਵਾਸੀ ਸਰਗਰਮੀਆਂ

Must read


ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਹੋਈ

ਕੈਲਗਰੀ: ਪਿਛਲੇ ਤਿੰਨ ਦਹਾਕਿਆਂ ਤੋਂ ਕੈਲਗਰੀ ਵਿੱਚ ਲੋਕ ਪੱਖੀ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਰਪਿਤ ਜਥੇਬੰਦੀ ‘ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ’ ਦੀ ਕਾਰਜਕਾਰਨੀ ਕਮੇਟੀ ਵੱਲੋਂ ਸਰਬਸੰਮਤੀ ਨਾਲ ਸ੍ਰੀਮਤੀ ਜਸਵਿੰਦਰ ਮਾਨ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਜੀਤ ਇੰਦਰ ਪਾਲ ਵੱਲੋਂ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਨਵਾਂ ਪ੍ਰਧਾਨ ਚੁਣਨ ਦੀ ਬੇਨਤੀ ਕੀਤੀ ਗਈ ਸੀ ਜਿਸ ਨੂੰ ਸਭ ਮੈਂਬਰਾਂ ਨੇ ਪ੍ਰਵਾਨ ਕੀਤਾ ਅਤੇ ਉਨ੍ਹਾਂ ਵੱਲੋਂ ਲੰਬਾ ਸਮਾਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਫ਼ੈਸਲਾ ਹੋਇਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਵਿਦਿਆ ਦੇਵੀ ਨੂੰ ਜਥੇਬੰਦੀ ਤੇ ਸਮਾਜ ਪ੍ਰਤੀ ਲੋਕ-ਪੱਖੀ ਸੇਵਾਵਾਂ ਲਈ ਜੂਨ 17, 18 ਨੂੰ 12ਵੇਂ ਸਾਲਾਨਾ ਦੋ ਰੋਜ਼ਾ ਨਾਟਕ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

ਮੀਟਿੰਗ ਵਿੱਚ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਪ੍ਰਭਲੀਨ ਕੌਰ ਗਰੇਵਾਲ ਅਤੇ ਜੈਸਲੀਨ ਕੌਰ ਸਿੱਧੂ ਨੂੰ ਉਨ੍ਹਾਂ ਦੀਆਂ ਖੇਡ ਜਗਤ ਵਿੱਚ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਯਾਦ ਰਹੇ ਪ੍ਰਭਲੀਨ ਗਰੇਵਾਲ ਕੈਨੇਡਾ ਵਿੱਚ ਪੰਜਾਬੀ ਮੂਲ ਦੀ ਪਹਿਲੀ ਲੜਕੀ ਹੈ ਜਿਸ ਨੇ ਫਰਾਂਸ ਵਿੱਚ ਕੈਨੇਡਾ ਦੀ ਨੈਸ਼ਨਲ ਜੂਨੀਅਰ ਫੀਲਡ ਹਾਕੀ ਟੀਮ ਵਿੱਚ ਭਾਗ ਲਿਆ ਸੀ। ਇਸੇ ਤਰ੍ਹਾਂ ਜੈਸਲੀਨ ਸਿੱਧੂ ਨੇ ਪਹਿਲਾਂ ਕੈਨੇਡੀਅਨ ਰੈਸਲਿੰਗ ਚੈਂਪੀਅਨਸ਼ਿਪ ਅਤੇ ਫਿਰ ਅਮਰੀਕਾ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਕੈਨੇਡਾ ਤੇ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਸੀ।

ਜਥੇਬੰਦੀ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਦੋ ਰੋਜ਼ਾ ਨਾਟਕ ਮੇਲੇ ਦੀ ਤਿਆਰੀ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਲੇਖਕ, ਅਦਾਕਾਰ ਤੇ ਡਾਇਰੈਕਟਰ ਹਰਕੇਸ਼ ਚੌਧਰੀ ਪਹਿਲੀ ਜੂਨ ਨੂੰ ਕੈਲਗਰੀ ਪਹੁੰਚ ਰਹੇ ਹਨ। ਜੋ ਵੀ ਕਲਾਕਾਰ ਇਨ੍ਹਾਂ ਨਾਟਕਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਹੇਠ ਦਿੱਤੇ ਨੰਬਰਾਂ ਤੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ ਜੇਕਰ ਤੁਹਾਡੇ ਬੱਚੇ ਨਾਟਕ ਜਾਂ ਕੋਰੀਓਗਰਾਫੀ ਵਿੱਚ ਭਾਗ ਲੈਣਾ ਚਾਹੁੰਦੇ ਹਨ ਤਾਂ ਸੰਪਰਕ ਕਰ ਸਕਦੇ ਹੋ। ਬੱਚਿਆਂ ਨੂੰ ਲੋਕ-ਪੱਖੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਕਰਨ ਲਈ ਫ਼ੈਸਲਾ ਕੀਤਾ ਗਿਆ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਟਿਕਟ ਮੁਫ਼ਤ ਹੋਵੇਗੀ। ਹਰ ਸਾਲ ਨਾਟਕ ਮੇਲੇ ਲਈ ਫੰਡ ਇਕੱਠਾ ਕਰਨ ਵਿੱਚ ਵਿਸ਼ੇਸ਼ ਯੋਗਦਾਨ ਲਈ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪ੍ਰਹਾਰ ਦੀ ਸ਼ਲਾਘਾ ਕੀਤੀ ਗਈ। ਮਾਸਿਕ ਮੈਗਜ਼ੀਨ ਸਿੱਖ ਵਿਰਸਾ ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਇਸ ਸਾਲ ਦਾ ਦੂਜਾ ‘ਪੁਸਤਕ ਮੇਲਾ’ 11 ਜੂਨ ਨੂੰ ਡਾ. ਭੁੱਲਰ ਵਾਲੇ ਗਰੀਨ ਪਲਾਜ਼ਾ ਵਿੱਚ ਸਵੇਰੇ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਦਰਸ਼ਕ ਨਾਟਕ ਦੀਆਂ ਟਿਕਟਾਂ ਵੀ ਪ੍ਰਾਪਤ ਕਰ ਸਕਣਗੇ। ਇਸ ਮੌਕੇ ਸਾਰੇ ਮੈਂਬਰਾਂ ਨੇ ਪੰਜਾਬੀ ਮੀਡੀਏ ਦਾ ਜਥੇਬੰਦੀ ਦੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਇਸ ਮੀਟਿੰਗ ਵਿੱਚ ਜਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਮਾਸਟਰ ਭਜਨ ਸਿੰਘ, ਜਸਵਿੰਦਰ ਮਾਨ, ਕਮਲ ਸਿੱਧੂ, ਕਮਲਪ੍ਰੀਤ ਪੰਧੇਰ, ਹਰੀਪਾਲ, ਬੰਦੀਪ ਗਿੱਲ, ਕੁਸੁਮ ਸ਼ਰਮਾ, ਨਵਕਿਰਨ ਢੁੱਡੀਕੇ, ਪ੍ਰੋ. ਗੋਪਾਲ ਜੱਸਲ ਨੇ ਭਾਗ ਲਿਆ। ਪ੍ਰਧਾਨ ਜੀਤ ਇੰਦਰ ਪਾਲ ਨੇ ਸਿਹਤ ਠੀਕ ਨਾ ਹੋਣ ਕਰਕੇ ਫੋਨ ‘ਤੇ ਹਾਜ਼ਰੀ ਲਵਾਈ। ਜੂਨ ਦੇ ਨਾਟਕ ਮੇਲੇ ਸਬੰਧੀ ਕਿਸੇ ਵੀ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220, ਹਰਚਰਨ ਸਿੰਘ ਪ੍ਰਹਾਰ ਨਾਲ 403-681-8689 ਅਤੇ ਕਮਲਪ੍ਰੀਤ ਪੰਧੇਰ ਨਾਲ 403-479-4220 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

* * *

ਬਲੈਕਟਾਊਨ ਸਿਡਨੀ ਵਿਖੇ ਵਿਸਾਖੀ ਮੇਲੇ ‘ਤੇ ਭੰਗੜੇ ਦੀ ਪੇਸ਼ਕਾਰੀ।

ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ

ਮਾਸਟਰ ਲਖਵਿੰਦਰ ਸਿੰਘ ਰਈਆ

ਤਕਰੀਬਨ ਦੋ ਦਹਾਕਿਆਂ ਤੋਂ ਵਿਸਾਖੀ ਮੇਲਾ ਮਨਾਉਣ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਬਲੈਕਟਾਊਨ ਸਿਡਨੀ ਵਿੱਚ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ਤੇ ਸਮੁੱਚੀ ਟੀਮ ਦੀ ਸੁਚੱਜੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਇਹ ਦਿਹਾੜਾ ਮਨਾਇਆ ਗਿਆ।

‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।।’ ਸ਼ਬਦ ਨਾਲ ਸ਼ੁਰੂਆਤ ਹੋਣ ਉਪਰੰਤ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦਾ ਗੁਲਦਸਤਾ ਪੇਸ਼ ਕਰਦਿਆਂ ਬੱਚਿਆਂ, ਗੱਭਰੂਆਂ ਅਤੇ ਮੁਟਿਆਰਾਂ ਦੇ ਟੋਲਿਆਂ ਨੇ ਖ਼ੂਬ ਰੰਗ ਬੰਨ੍ਹਿਆ। ਤਰ੍ਹਾਂ ਤਰ੍ਹਾਂ ਦੇ ਪੰਜਾਬੀ ਪਹਿਰਾਵੇ ਨਾਲ ਕੀਤੀ ਪੇਸ਼ਕਾਰੀ ਨੇ ਵਿਦੇਸ਼ਾਂ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬੀਅਤ ਦੇ ਪੂਰੇ ਝਲਕਾਰੇ ਨਾਲ ਇੱਕ ਤਰ੍ਹਾਂ ਬੱਲੇ ਬੱਲੇ ਹੀ ਕਰਵਾ ਦਿੱਤੀ।

ਇੰਦਰ ਦੇਵਤੇ ਵੱਲੋਂ ਲਾਈ ਛਹਿਬਰ ਤੋਂ ਬਾਅਦ ਨਿਕਲੀ ਨਿਖੜਵੀਂ ਧੁੱਪ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨੇ ਮੇਲੇ ਲਾਉਣੇ ਅਤੇ ਮਾਣਨ ਦੇ ਆਪਣੇ ਅਵੱਲੇ ਸ਼ੌਕ ਨੂੰ ਦਰਸਾ ਦਿੱਤਾ ਕਿ ਪੰਜਾਬੀ ਬੜੀ ਰੀਝ ਨਾਲ ਮੁਸ਼ੱਕਤ ਘਾਲ ਕਰ ਕੇ ਕਮਾਉਂਦੇ ਵੀ ਹਨ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੀਵਨ ਦਾ ਲੁਤਫ਼ ਵੀ ਉਠਾਉਂਦੇ ਹਨ। ਹੱਥਾਂ ਵਿੱਚ ਫੜੇ ਖੂੰਡਿਆਂ, ਲੜ ਛੱਡਵੇਂ ਬੰਨ੍ਹੇ ਧੂਹਵੇਂ ਚਾਦਰਿਆਂ ਤੇ ਓੜੀਆਂ ਫੁਲਕਾਰੀਆਂ ਦੀ ਆਪਣੀ ਟੌਹਰ ਸੀ। ਸ਼ਿੰਗਾਰੇ ਟਰੈਕਟਰ ਦੀ ਆਮਦ ਨੇ ਮਨ ਵਿੱਚ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੀ ਮਿੱਠੀ ਸੁਰ ਛੇੜ ਦਿੱਤੀ।

zwnj;ਢੁੱਕਵੇਂ ਟੋਟਕਿਆਂ ਨਾਲ ਦਵਿੰਦਰ ਸਿੰਘ ਧਾਰੀਆ, ਰਣਜੀਤ ਖੈੜਾ ਅਤੇ ਹਰਕੀਰਤ ਸਿੰਘ ਸੰਧਰ ਵੱਲੋਂ ਮੰਚ ਸੰਚਾਲਨ ਤੇ ਖੇਡ ਪਿੜ ਵਿੱਚ ਕੀਤੀ ਵੱਖਰੇ ਅੰਦਾਜ਼ ਦੀ ਕੁਮੈਂਟਰੀ ਮੇਲੇ ਵਿੱਚ ਪੂਰਾ ਜੋਸ਼ ਤੇ ਖਰੋਸ਼ ਭਰ ਰਹੀ ਸੀ। ਮੇਲੇ ਵਿੱਚ ਹਰ ਪ੍ਰਬੰਧ ਦੀ ਇਸ ਤਰ੍ਹਾਂ ਵਿਉਂਤਬੰਦੀ ਕੀਤੀ ਗਈ ਸੀ ਜਿਸ ਨਾਲ ਮੇਲੇ ਦੇ ਹਰ ਪਹਿਲੂ ਦੀ ਖ਼ੂਬਸੂਰਤੀ ਹਰ ਮਨ ਨੂੰ ਭਾ ਜਾਵੇ। ਚਾਟੀ ਦੌੜ, ਕੁਰਸੀ ਦੌੜ ਤੇ ਰੱਸਾਕਸ਼ੀ ਦੇ ਮੁਕਾਬਲਿਆਂ ਨੇ ਤਾਂ ਇੱਕ ਵੱਖਰਾ ਜੋਸ਼ ਭਰ ਕੇ ਇਸ ਮੇਲੇ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।

ਗਰਮਾਂ ਗਰਮ ਜਲੇਬੀਆਂ, ਪਕੌੜਿਆਂ ਸਮੇਤ ਬਹੁਤ ਸਾਰੇ ਖਾਣ ਪੀਣ ਦੇ ਪਕਵਾਨਾਂ, ਸਾਰਥਿਕ ਸ਼ੌਕ ਪੁਗਾਉਣ ਦੀਆਂ ਵੰਨ ਸੁਵੰਨੀਆਂ ਵਸਤਾਂ ਦੀ ਖ੍ਰੀਦੋ ਫਰੋਖਤ ਦੀਆਂ ਦੁਕਾਨਾਂ, ਬੱਚਿਆਂ ਦੇ ਮੰਨੋਰੰਜਨ ਲਈ ਖਿਡੌਣੇ ਘਰ, ਅਤੇ ਕਈ ਤਰ੍ਹਾਂ ਦੇ ਪੰਘੂੜਿਆਂ ਦੇ ਝੂਟੇ ਲੈਂਦਿਆਂ ਦੀਆਂ ਵਜਦੀਆਂ ਉੱਚੀ ਉੱਚੀ ਕੂਕਾਂ/ ਕਿਲਕਾਰੀਆਂ ਨਾਲ ਪੰਜਾਬ ਵਿੱਚ ਲੱਗਦੇ ਮੇਲਿਆਂ ਦੇ ਹੀ ਰੂਪ ਦਾ ਝਾਓਲਾ ਪੈ ਰਿਹਾ ਸੀ ਕਿ ‘ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ।’ ਮੇਲੇ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਚਾਅ, ਉਤਸ਼ਾਹ ਸਪਸ਼ਟ ਰੂਪ ਵਿੱਚ ਝਲਕ ਰਿਹਾ ਸੀ।

ਮੇਲੇ ਦੇ ਪ੍ਰਬੰਧਕਾਂ ਵੱਲੋਂ ਹਰ ਕਿਸਮ ਦੀ ਪੇਸ਼ਕਾਰੀ ਕਰਨ ਵਾਲਿਆਂ, ਸਹਿਯੋਗੀ ਸੱਜਣਾਂ ਅਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਸੰਪਰਕ: 61423191173,

ਵੱਟਸਐਪ ਨੰਬਰ: 98764-74858



News Source link
#ਪਰਵਸ #ਸਰਗਰਮਆ

- Advertisement -

More articles

- Advertisement -

Latest article