30 C
Patiāla
Monday, April 29, 2024

ਸਰਹੱਦ ਪਾਰੋਂ ਅਤਿਵਾਦ ਸਣੇ ਹਰ ਤਰ੍ਹਾਂ ਦੀ ਦਹਿਸ਼ਤਗਰਦੀ ’ਤੇ ਰੋਕ ਲੱਗੇ: ਜੈਸ਼ੰਕਰ

Must read


ਬੇਨੌਲਿਮ (ਗੋਆ), 5 ਮਈ

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਕਾਨਕਲੇਵ ਦੌਰਾਨ ਅੱਜ ਆਪਣੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਜ਼ਰਦਾਰੀ ਦੀ ਮੌਜੂਦਗੀ ਵਿੱਚ ਸਰਹੱਦ ਪਾਰੋਂ ਅਤਿਵਾਦ ਸਣੇ ਹਰ ਤਰ੍ਹਾਂ ਦੀ ਦਹਿਸ਼ਤਗਰਦੀ ’ਤੇ ਰੋਕ ਲਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਮਦਦ ਮੁਹੱਈਆ ਕਰਵਾਉਣ ਵਾਲੇ ਚੈਨਲਾਂ ਨੂੰ ਬਲਾਕ ਕਰਨ ਦੀ ਲੋੜ ਹੈ। ਇਥੇ ਐੇੱਸਸੀਓ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਅਤਿਵਾਦ ਨੂੰ ਨਜ਼ਰਅੰਦਾਜ਼ ਕਰਨਾ ਸਮੂਹ ਦੇ ਸੁਰੱਖਿਆ ਹਿਤਾਂ ਲਈ ਹਾਨੀਕਾਰਕ ਹੋਵੇਗਾ ਅਤੇ ਜਦੋਂ ਕੁੱਲ ਆਲਮ ਨੂੰ ਕੋਵਿਡ-19 ਮਹਾਮਾਰੀ ਤੇ ਇਸ ਦੇ ਸਿੱਟਿਆਂ ਨਾਲ ਜੂਝਣਾ ਪੈ ਰਿਹੈ, ਅਤਿਵਾਦ ਦੀ ਅਲਾਮਤ ਬੇਰੋਕ ਜਾਰੀ ਹੈ।

ਜੈਸ਼ੰਕਰ ਨੇ ਕਾਨਕਲੇਵ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਾਰਤ ਇਹ ਮੰਨਦਾ ਹੈ ਕਿ ਅਤਿਵਾਦ ਲਈ ਕੋਈ ਸਫਾਈ ਨਹੀਂ ਹੋ ਸਕਦੀ ਤੇ ਇਸ ਅਲਾਮਤ ਦਾ ਟਾਕਰਾ ਹੀ ਐੱਸਸੀਓ ਦੇ ਅਸਲ ਫਰਮਾਨਾਂ ’ਚੋਂ ਇਕ ਹੈ। ਉਨ੍ਹਾਂ ਕਿਹਾ, ‘‘ਅਸੀਂ ਕਿਸੇ ਨੂੰ ਵੀ…ਵਿਅਕਤੀ ਵਿਸ਼ੇਸ਼ ਜਾਂ ਸਰਕਾਰ….ਨੂੰ ਮੁਖੌਟਿਆਂ ਪਿੱਛੇ ਲੁਕਣ ਦੀ ਇਜਾਜ਼ਤ ਨਹੀਂ ਦੇ ਸਕਦੇ।’’ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਤਰੱਕੀ ਲਈ ਕੁਨੈਕਟੀਵਿਟੀ ਅਹਿਮ ਹੈ, ਪਰ ਇਹ ਸਾਰੇ ਮੈਂਬਰ ਮੁਲਕਾਂ ਦੀ ਪ੍ਰਾਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਨਾਲ ਆਉਣੀ ਚਾਹੀਦੀ ਹੈ। ਬੀਚ ਰਿਜ਼ੌਰਟ ਦੇ ਲਗਜ਼ਰੀ ਹੋਟਲ ਵਿੱਚ ਹੋਈ ਬੈਠਕ ਵਿੱਚ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ, ਰੂਸ ਦੇ ਸਰਗੇਈ ਲੈਵਰੋਵ ਤੇ ਐੱਸਸੀਓ ਮੈਂਬਰ ਮੁਲਕਾਂ ਦੇ ਉਨ੍ਹਾਂ ਦੇ ਹੋਰ ਹਮਰੁਤਬਾ ਵੀ ਸ਼ਾਮਲ ਸਨ।

ਜੈਸ਼ੰਕਰ ਨੇ ਅਫ਼ਗ਼ਾਨਿਸਤਾਨ ਦੇ ਹਾਲਾਤ ਅਤੇ ਕੋਵਿਡ-19 ਮਹਾਮਾਰੀ ਦੇ ਅਸਰ ਦੇ ਨਾਲ ਭੂ-ਸਿਆਸੀ ਉਥਲ ਪੁਥਲ ਦੇ ਸਿੱਟਿਆਂ, ਜਿਸ ਨੇ ਖੁਰਾਕ, ਊਰਜ ਤੇ ਫਰਟੀਲਾਈਜ਼ਰਜ਼ ਦੀ ਸਪਲਾਈ ਨੂੰ ਅਸਰਅੰਦਾਜ਼ ਕੀਤਾ, ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਅਤਿਵਾਦ ਦੀ ਅਲਾਮਤ ਨੂੰ ਨਜ਼ਰਅੰਦਾਜ਼ ਕਰਨਾ ਸਾਡੇ ਸੁਰੱਖਿਆ ਹਿੱਤਾਂ ਲਈ ਨੁਕਸਾਨਦਾਇਕ ਹੋਵੇਗਾ। ਅਸੀਂ ਇਹ ਮੰਨਦੇ ਹਾਂ ਕਿ ਅਤਿਵਾਦ ਲਈ ਕੋਈ ਬਹਾਨਾ ਨਹੀਂ ਹੋ ਸਕਦਾ ਤੇ ਸਰਹੱਦ ਪਾਰੋਂ ਅਤਿਵਾਦ ਸਣੇ ਹਰ ਤਰ੍ਹਾਂ ਦੇ ਅਤਿਵਾਦ ਨੂੰ ਰੋਕਣ ਦੀ ਲੋੜ ਹੈ। ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਮਦਦ ਦੇ ਚੈਨਲਾਂ ਨੂੰ ਬਿਨਾਂ ਕਿਸੇ ਨਿਖੇੜੇ ਦੇ ਬਲਾਕ ਕੀਤਾ ਜਾਵੇ। ਮੈਂਬਰਾਂ ਨੂੰ ਇਹ ਚੇਤਾ ਕਰਵਾਉਣ ਦੀ ਲੋੜ ਨਹੀਂ ਕਿ ਅਤਿਵਾਦ ਦਾ ਟਾਕਰਾ ਐੱਸਸੀਓ ਦੇ ਅਸਲ ਫਰਮਾਨਾਂ ਵਿੱਚੋਂ ਇਕ ਹੈ।’’ ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਸਾਡੀ ਨੇੜਿਓਂ ਨਜ਼ਰ ਹੈ। ਜੈਸ਼ੰਕਰ ਨੇ ਕਿਹਾ, ‘‘ਸਾਡੀਆਂ ਕੋਸ਼ਿਸ਼ਾਂ ਅਫ਼ਗਾਨ ਲੋਕਾਂ ਦੇ ਭਲੇ ਵੱਲ ਸੇਧਿਤ ਹੋਣੀਆਂ ਚਾਹੀਦੀਆਂ ਹਨ। ਸਾਡੀਆਂ ਫੌਰੀ ਤਰਜੀਹਾਂ ਵਿੱਚ ਮਾਨਵੀ ਮਦਦ ਮੁਹੱਈਆ ਕਰਵਾਉਣਾ, ਸਹੀ ਅਰਥਾਂ ਵਿੱਚ ਸੰਮਲਿਤ ਤੇ ਪ੍ਰਤੀਨਿਧ ਸਰਕਾਰ ਯਕੀਨੀ ਬਣਾਉਣੀ, ਅਤਿਵਾਦ ਤੇ ਨਸ਼ਾ ਤਸਕਰੀ ਦਾ ਟਾਕਰਾ ਅਤੇ ਔਰਤਾਂ, ਬੱਚਿਆਂ ਤੇ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਸ਼ਾਮਲ ਹਨ।’’

ਸ਼ੰਘਾਈ ਸਹਿਯੋਗ ਸੰਗਠਨ ਦੀ ਸਥਾਪਨਾ ਸ਼ੰਘਾਈ ਵਿੱਚ ਸਾਲ 2001 ਵਿੱਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਖਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਵੱਲੋਂ ਕੀਤੀ ਗਈ ਸੀ। ਭਾਰਤ ਤੇ ਪਾਕਿਸਤਾਨ ਸਾਲ 2017 ਵਿੱਚ ਇਸ ਦੇ ਸਥਾਈ ਮੈਂਬਰ ਬਣੇ। 2005 ਵਿੱਚ ਭਾਰਤ ਨੂੰ ਐੱਸਸੀਓ ਵਿਖੇ ਨਿਗਰਾਨ ਬਣਾਇਆ ਗਿਆ ਸੀ ਤੇ ਭਾਰਤ ਆਮ ਕਰਕੇ ਸਮੂਹ ਦੀਆਂ ਮੰਤਰਾਲਾ-ਪੱਧਰ ਦੀਆਂ ਬੈਠਕਾਂ ਵਿਚ ਹੀ ਸ਼ਾਮਲ ਹੁੰਦਾ ਸੀ। ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਐੱਸਸੀਓ ਤੇ ਇਸ ਦੀ ਖੇਤਰੀ ਅਤਿਵਾਦ ਵਿਰੋਧੀ ਢਾਂਚੇ (ਰੈਟਸ), ਜੋ ਮੁੱਖ ਤੌਰ ’ਤੇ ਰੱਖਿਆ ਤੇ ਸੁਰੱਖਿਆ ਜਿਹੇ ਮਸਲਿਆਂ ਨਾਲ ਨਜਿੱਠਦਾ ਹੈ, ਨਾਲ ਸੁਰੱਖਿਆ ਸਹਿਯੋਗ ਵਧਾਉਣ ’ਚ ਦਿਲਚਸਪੀ ਵਿਖਾਈ ਹੈ। -ਪੀਟੀਆਈ

‘ਆਲਮੀ ਸੰਸਥਾਵਾਂ ਦੀ ਯੋਗਤਾ ਵਿੱਚ ਭਰੋਸੇਯੋਗਤਾ ਦੀ ਘਾਟ ਉਜਾਗਰ’

ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁੱਲ ਆਲਮ ਨੂੰ ਦਰਪੇਸ਼ ਮੌਜੂਦਾ ਸੰਕਟਾਂ ਨੇ ਸਮੇਂ ਸਿਰ ਅਤੇ ਪ੍ਰਭਾਵੀ ਢੰਗ ਨਾਲ ਚੁਣੌਤੀਆਂ ਦਾ ਪ੍ਰਬੰਧਨ ਕਰਨ ਵਿੱਚ ਆਲਮੀ ਸੰਸਥਾਵਾਂ ਦੀ ਯੋਗਤਾ ਵਿੱਚ ਭਰੋਸੇਯੋਗਤਾ ਅਤੇ ਭਰੋਸੇ ਦੀ ਘਾਟ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਸੀਓ ਵਿੱਚ ਸੁਧਾਰ ਅਤੇ ਆਧੁਨਿਕੀਕਰਨ ਇੱਕ ਹੋਰ ਸਮਕਾਲੀ ਦ੍ਰਿਸ਼ਟੀਕੋਣ ਵਿੱਚ ਸਹਾਇਤਾ ਕਰੇਗਾ ਜਿਸ ਦਾ ਭਾਰਤ ਵੱੱਲੋਂ ਸਰਗਰਮੀ ਨਾਲ ਸਮਰਥਨ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਰਾਨ ਤੇ ਬੇਲਾਰੂਸ ਨੂੰ ਐਸਸੀਓ ਦੇ ਪੂਰਨ ਮੈਂਬਰ ਰਾਜਾਂ ਵਜੋਂ ਦਾਖਲਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਨੂੰ ਐੱਸਸੀਓ ਦੀ ਤੀਜੀ ਸਰਕਾਰੀ ਭਾਸ਼ਾ ਬਣਾਉਣ ਲਈ ਉਸਾਰੂ ਕਦਮ ਚੁੱਕੇ ਜਾ ਰਹੇ ਹਨ। ਮੌਜੂਦਾ ਸਮੇਂ ਐੱਸਸੀਓ ਦੀਆਂ ਚੀਨੀ ਅਤੇ ਰੂਸੀ ਦੋ ਅਧਿਕਾਰਤ ਭਾਸ਼ਾਵਾਂ ਹਨ। ਜੈਸ਼ੰਕਰ ਨੇ ਸਟਾਰਟਅੱਪਸ ਤੇ ਨਵੀਆਂ ਕਾਢਾਂ ਤੇ ਰਵਾਇਤੀ ਮੈਡੀਸਨ ਬਾਰੇ ਦੋ ਨਵੇਂ ਵਰਕਿੰਗ ਸਮੂਹਾਂ ਦੀ ਸਥਾਪਨਾ ਬਾਰੇ ਭਾਰਤ ਦੀ ਤਜਵੀਜ਼ ਨੂੰ ਦਿੱਤੀ ਹਮਾਇਤ ਲਈ ਮੈਂਬਰ ਮੁਲਕਾਂ ਦੀ ਸ਼ਲਾਘਾ ਕੀਤੀ।



News Source link

- Advertisement -

More articles

- Advertisement -

Latest article