34.9 C
Patiāla
Saturday, April 27, 2024

ਦਫ਼ਤਰਾਂ ਦਾ ਸਮਾਂ ਬਦਲਿਆ ਪਰ ‘ਆਦਤਾਂ’ ਨਹੀਂ

Must read


ਆਤਿਸ਼ ਗੁਪਤਾ

ਚੰਡੀਗੜ੍ਹ, 3 ਮਈ

ਪੰਜਾਬ ਸਰਕਾਰ ਨੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਬਿਜਲੀ ਦੀ ਖ਼ਪਤ ਘਟਾਉਣ ਲਈ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7.30 ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ। ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀਆਂ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ। ਸਮਾਂ ਬਦਲਣ ਦੇ ਦੂਜੇ ਦਿਨ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਮੁਲਾਜ਼ਮ ਤਾਂ ਸਮੇਂ-ਸਿਰ ਪਹੁੰਚ ਗਏ ਪਰ ਵੱਡੀ ਗਿਣਤੀ ਅਧਿਕਾਰੀ ਦੇਰੀ ਨਾਲ ਪਹੁੰਚੇ। ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਚੇਤਨ ਸਿੰਘ ਜੌੜਾਮਾਜਰਾ ਸਮੇਂ ਸਿਰ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਦਫ਼ਤਰ ’ਚ ਪਹੁੰਚ ਗਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਠ ਵਜੇ ਦੇ ਕਰੀਬ ਪਹੁੰਚੇ। ਇਸ ਤੋਂ ਇਲਾਵਾ ਮੁੱਖ ਮੰਤਰੀ ਸਣੇ ਹੋਰ ਕੋਈ ਵੀ ਮੰਤਰੀ ਸਕੱਤਰੇਤ ਨਹੀਂ ਪਹੁੰਚੇ।

ਗ਼ੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਬਿਜਲੀ ਦੀ ਬਚਤ ਤੇ ਲੋਕਾਂ ਨੂੰ ਸਵੇਰੇ-ਸਵੇਰੇ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ। ਸੂਬਾ ਸਰਕਾਰ ਦਾ ਇਹ ਫ਼ੈਸਲਾ ਸਫ਼ਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਸਰਕਾਰ ਦੇ ਵਜ਼ੀਰ ਤੇ ਉੱਚ ਅਧਿਕਾਰੀ ਸਮੇਂ ਸਿਰ ਦਫ਼ਤਰਾਂ ’ਚ ਨਹੀਂ ਪਹੁੰਚ ਰਹੇ ਹਨ। ਅੱਜ ਪੰਜਾਬ ਸਿਵਲ ਸਕੱਤਰੇਤ ਵਿੱਚ ਮੁਲਾਜ਼ਮ ਤਾਂ 7.30 ਦੇ ਕਰੀਬ ਪਹੁੰਚ ਗਏ ਸਨ ਪਰ ਵੱਡੀ ਗਿਣਤੀ ਵਿੱਚ ਅਧਿਕਾਰੀ 8 ਤੋਂ ਸਵਾ ਅੱਠ ਵਜੇ ਤੱਕ ਪਹੁੰਚਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਲੰਘੇ ਦਿਨ ਪੰਜਾਬ ਦੇ ਨੌਂ ਵਜ਼ੀਰਾਂ ਨੇ ਸਮੇਂ ਸਿਰ ਦਫ਼ਤਰ ਪਹੁੰਚ ਕੇ ਸਮਾਂ ਬਦਲਣ ਦੀ ਸ਼ਲਾਘਾ ਕੀਤੀ ਸੀ ਪਰ ਦੂਜੇ ਹੀ ਦਿਨ ਹਾਲਾਤ ਉਲਟ ਦਿਖਾਈ ਦਿੱਤੇ।

ਮੁਲਾਜ਼ਮ ਜਥੇਬੰਦੀ ਵੱਲੋਂ ਸਮਾਂ ਬਦਲਣ ਦੀ ਨਿਖੇਧੀ

ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਸਮਾਂ ਬਦਲਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਂ ਬਦਲਣ ਨਾਲ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਘਰ ਦੇ ਕੰਮ ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ-ਨਾਲ 7.30 ਵਜੇ ਦਫ਼ਤਰ ਪਹੁੰਚਣਾ ਮੁਸ਼ਕਿਲ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਪਟਿਆਲਾ, ਰੋਪੜ, ਫ਼ਤਹਿਗੜ੍ਹ ਸਾਹਿਬ ਸਣੇ ਆਲੇ-ਦੁਆਲੇ 50 ਤੋਂ 60 ਕਿਲੋਮੀਟਰ ਤੋਂ ਦਫ਼ਤਰ ਪਹੁੰਚਦੇ ਹਨ। ਉਨ੍ਹਾਂ ਬਿਜਲੀ ਬੱਚਤ ਬਾਰੇ ਕਿਹਾ ਕਿ ਦਫ਼ਤਰਾਂ ’ਚ ਤਾਂ ਇਕ ਏਸੀ ਵਿੱਚ ਦਰਜਨਾਂ ਮੁਲਾਜ਼ਮ ਇਕੱਠੇ ਬੈਠਦੇ ਹਨ ਪਰ ਘਰ ਵਿੱਚ ਹਰ ਮੁਲਾਜ਼ਮ ਆਪੋ-ਆਪਣਾ ਏਸੀ ਚਲਾਵੇਗਾ।





News Source link

- Advertisement -

More articles

- Advertisement -

Latest article